ਰਾਜਸਥਾਨ ਤੋਂ ਲਿਆਂਦੀ ਪੰਜ ਕਿਲੋ ਅਫ਼ੀਮ ਸਣੇ 4 ਸਮੱਗਲਰ ਗ੍ਰਿਫ਼ਤਾਰ

05/15/2022 5:13:57 PM

ਫਗਵਾੜਾ (ਮੁਨੀਸ਼ ਬਾਵਾ)-ਜ਼ਿਲ੍ਹਾ ਪੁਲਸ ਨੇ 4 ਨਸ਼ਾ ਸਮੱਗਲਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਪੰਜ ਕਿਲੋ ਅਫ਼ੀਮ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜੋ ਰਾਜਸਥਾਨ ਤੋਂ ਅਫ਼ੀਮ ਲਿਆ ਕੇ ਫਗਵਾੜਾ ’ਚ ਮਹਿੰਗੇ ਭਾਅ ਵੇਚਦੇ ਸਨ | ਬੀਤੇ ਤਿੰਨ ਹਫ਼ਤਿਆਂ ਦੌਰਾਨ ਜ਼ਿਲ੍ਹਾ ਪੁਲਸ ਨੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਵੱਖ-ਵੱਖ 18 ਕੇਸ ਦਰਜ ਕੀਤੇ ਹਨ, ਜਿਨ੍ਹਾਂ ’ਚ 23 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਇਨ੍ਹਾਂ ਪਾਸੋਂ ਕਰੀਬ ਪੌਣੇ ਦੋ ਕਿਲੋ ਹੈਰੋਇਨ ਬਰਾਮਦ ਹੋਈ ਹੈ ਅਤੇ ਹੁਣ 4 ਨਸ਼ਾ ਸਮੱਗਲਰਾਂ ਨੂੰ ਕਾਬੂ ’ਚ ਸਫ਼ਲਤਾ ਹਾਸਲ ਕੀਤੀ ਗਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਐੱਸ. ਐੱਸ. ਪੀ. ਸੰਧੂ ਨੇ ਦੱਸਿਆ ਕਿ ਵੱਖ-ਵੱਖ ਪੁਲਸ ਅਧਿਕਾਰੀਆਂ ਦੀ ਅਗਵਾਈ ਹੇਠ ਪੁਲਸ, ਜਿਨ੍ਹਾਂ ’ਚ ਸੀ.ਆਈ.ਏ. ਸਟਾਫ ਫਗਵਾੜਾ ਦੇ ਇੰਚਾਰਜ ਸਿਕੰਦਰ ਸਿੰਘ ਅਤੇ ਹੋਰ ਮੁਲਾਜ਼ਮਾਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ |

ਉਨ੍ਹਾਂ ਦੱਸਿਆ ਕਿ ਏ. ਐੱਸ. ਆਈ. ਸੁਖਵਿੰਦਰ ਕੁਮਾਰ ਦੀ ਟੀਮ ਨੂੰ ਮੁਖ਼ਬਰ ਖਾਸ ਨੇ ਨਸ਼ਾ ਸਮੱਗਲਰਾਂ ਸਬੰਧੀ ਇਤਲਾਹ ਦਿੱਤੀ, ਜਿਸ ਉਪਰੰਤ ਡੀ. ਐੱਸ. ਪੀ. ਫਗਵਾੜਾ ਅੱਛਰੂ ਰਾਮ ਸ਼ਰਮਾ ਦੀ ਅਗਵਾਈ ਹੇਠ ਹਰਪ੍ਰੀਤ ਸਿੰਘ ਉਰਫ ਸੰਨੀ ਵਾਸੀ ਚਾਹਲ ਨਗਰ ਫਗਵਾੜਾ, ਬਲਵੰਤ ਰਾਏ ਉਰਫ ਕਾਕੂ ਵਾਸੀ ਖੈੜਾ ਕਾਲੋਨੀ, ਧਰਮਵੀਰ ਵਾਸੀ ਡੱਡਲ ਮੁਹੱਲਾ ਤੇ ਸਤਪਾਲ ਸੰਧੂ ਵਾਸੀ ਡੱਡਲ ਮੁਹੱਲਾ ਫਗਵਾੜਾ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ 5 ਕਿਲੋ ਅਫ਼ੀਮ ਬਰਾਮਦ ਕੀਤੀ ਗਈ। ਇਨ੍ਹਾਂ ਵਿਰੁੱਧ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਕੇਸ ਦਰਜ ਕਰਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਹਰਪ੍ਰੀਤ ਸਿੰਘ ਨੇ ਮੰਨਿਆ ਕਿ ਉਹ ਕਾਫੀ ਸਮੇਂ ਤੋਂ ਅਫ਼ੀਮ ਦਾ ਧੰਦਾ ਕਰਦਾ ਆ ਰਿਹਾ ਹੈ ਤੇ ਉਸ ਨੇ ਅਫ਼ੀਮ ਵੇਚਣ ਲਈ ਸਤਪਾਲ ਸੰਧੂ, ਧਰਮਵੀਰ ਤੇ ਬਲਵੰਤ ਰਾਏ ਨੂੰ ਆਪਣੇ ਨਾਲ ਸ਼ਾਮਲ ਕੀਤਾ, ਜੋ ਇਹ ਮਹਿੰਗੇ ਭਾਅ ’ਤੇ ਲੋਕਾਂ ਨੂੰ ਅਫ਼ੀਮ ਸਪਲਾਈ ਕਰਦੇ ਸਨ ਤੇ ਹਰਪ੍ਰੀਤ ਉਰਫ ਸੰਨੀ ਇਨ੍ਹਾਂ ਨੂੰ ਬਣਦਾ ਹਿੱਸਾ ਦੇ ਦਿੰਦਾ ਸੀ |

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਬਹੁਤੇ ਗਾਹਕ ਫਗਵਾੜਾ ਦੇ ਨੇੜਲੇ ਇਲਾਕਿਆਂ ਨਾਲ ਸਬੰਧਿਤ ਹਨ, ਜਿਨ੍ਹਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ | ਐੱਸ. ਐੱਸ. ਪੀ. ਸੰਧੂ ਨੇ ਦੱਸਿਆ ਕਿ ਹਰਪ੍ਰੀਤ ਉਰਫ ਸੰਨੀ ਰਾਜਸਥਾਨ ਤੋਂ ਸਸਤੇ ਭਾਅ ’ਤੇ ਅਫ਼ੀਮ ਮੰਗਵਾ ਕੇ ਇਥੇ ਵੇਚਦਾ ਸੀ ਤੇ ਮੁਨਾਫਾ ਕਮਾਉਂਦਾ ਸੀ | ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ | 


Manoj

Content Editor

Related News