ਅੰਮ੍ਰਿਤਸਰ ਤੋਂ ਜਲੰਧਰ ਅਫੀਮ ਦੀ ਸਪਲਾਈ ਲੈ ਕੇ ਆ ਰਹੇ 2 ਸਮੱਗਲਰ ਕਾਬੂ
Wednesday, Sep 11, 2019 - 11:52 PM (IST)

ਜਲੰਧਰ/ਗੁਰਾਇਆ (ਮ੍ਰਿਦੁਲ, ਹੇਮੰਤ)- ਦਿਹਾਤੀ ਪੁਲਸ ਨੇ ਅੰਮ੍ਰਿਤਸਰ ਤੋਂ ਜਲੰਧਰ ਅਫੀਮ ਲਿਆ ਰਹੇ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਪੀ. ਇਨਵੈਸਟੀਗੇਸ਼ਨ ਸਰਬਜੀਤ ਸਿੰਘ ਨੇ ਦੱਸਿਆ ਕਿ ਥਾਣਾ ਗੋਰਾਇਆ ਦੇ ਐੱਸ. ਐੱਚ. ਓ. ਕੇਵਲ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕੁਝ ਸਮੱਗਲਰ ਫਿਲੌਰ ਵਲੋਂ ਸਫੈਦ ਰੰਗ ਦੀ ਗੱਡੀ 'ਚ ਆ ਰਹੇ ਹਨ। ਹਾਈਵੇ 'ਤੇ ਸਥਿਤ ਡੀ. ਕੇ. ਮੋਰਿਆ ਢਾਬਾ ਨੇੜੇ ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ, ਜਿਸ ਨੂੰ ਪੁਲਸ ਨੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ, ਉਕਤ ਗੱਡੀ ਦਾ ਡਰਾਈਵਰ ਗੱਡੀ ਨੂੰ ਤੇਜ਼ ਰਫਤਾਰ ਨਾਲ ਭਜਾਉਣ ਲੱਗਾ। ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ਨੂੰ ਰੰਗੇ ਹੱਥੀਂ ਫੜ ਲਿਆ, ਗੱਡੀ ਦੀ ਤਲਾਸ਼ੀ ਲੈਣ 'ਤੇ ਗੱਡੀ 'ਚੋਂ 3 ਕਿਲੋ 600 ਗ੍ਰਾਮ ਅਫੀਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਕਰਮਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਲਵਲੀ ਵਜੋਂ ਹੋਈ ਹੈ, ਜੋ ਗੋਰਾਇਆ 'ਚ ਇਕ ਸਮੱਗਲਰ ਨੂੰ ਅਫੀਮ ਦੀ ਸਪਲਾਈ ਦੇਣ ਲਈ ਆਏ ਸੀ। ਪੁਲਸ ਸਾਹਮਣੇ ਦੋਵਾਂ ਨੇ ਕਬੂਲਿਆ ਕਿ ਉਹ ਅਫੀਮ ਲੁਧਿਆਣਾ, ਜਲੰਧਰ, ਬਰਨਾਲਾ ਅਤੇ ਅੰਮ੍ਰਿਤਸਰ ਆਦਿ ਇਲਾਕਿਆਂ 'ਚ ਸਪਲਾਈ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਬੂਲਿਆ ਕਿ ਉਹ ਕਰੀਬ 1 ਸਾਲ ਤੋਂ ਨਸ਼ਾ ਸਮੱਗਲਿੰਗ ਕਰ ਰਹੇ ਹਨ। ਪੁਲਸ ਵਲੋਂ ਦੋਵਾਂ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।