ਬਾਬੇ ਨਾਨਕ ਦਾ ਘਰ ਕਿਹੜਾ?

8/24/2019 10:02:06 AM

 

ਬਾਬੇ ਨਾਨਕ ਦਾ ਘਰ ਕਿਹੜਾ?

ਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਸੰਦਰਭ ’ਚ ਇਸ ਦੌਰ ਦਾ ਜ਼ਰੂਰੀ ਚਿੰਤਨ!

ਪੰਜਾਬ ਵਿੱਚ ਵਾਤਾਵਰਣ ਦੀ ਤਬਾਹੀ ਸਿਖਰਾਂ ਛੂਹ ਰਹੀ ਹੈ| ਹਵਾ, ਪਾਣੀ, ਮਿੱਟੀ ਅਤੇ ਭੋਜਨ ਖ਼ਤਰਨਾਕ ਜ਼ਹਿਰਾਂ ਨਾਲ ਭਰ ਗਏ ਹਨ| ਪੰਜਾਬ ਦੇ ਜੀਵਨ ਦਾ ਹਰ ਪੱਖ ਇਸ ਤਬਾਹੀ ਦੀ ਮਾਰ ਵਿੱਚ ਆ ਰਿਹਾ ਹੈ| ਦਿਨੋਂ-ਦਿਨ ਗਹਿਰਾ ਹੋ ਰਿਹਾ ਜਲ ਸੰਕਟ ਵੀ ਇਸੇ ਤਬਾਹੀ ਦਾ ਇੱਕ ਹਿੱਸਾ ਹੈ|

ਆਧੁਨਿਕ ਜੀਵਨ ਸ਼ੈਲੀ, ਵਿਕਾਸ ਮਾਡਲ ਅਤੇ ਖੇਤੀ ਮਾਡਲ; ਜਲਦੀ ਨਾ ਗਲਣ ਵਾਲੇ ਜ਼ਹਿਰੀਲੇ ਪਦਾਰਥਾਂ ਦੀ ਅੱਤ ਦੀ ਵਰਤੋਂ ਉਪਰ ਨਿਰਭਰ ਹੈ ਜੋ ਵਾਤਾਵਰਣ ਅਤੇ ਪਾਣੀ ਦੀ ਤਬਾਹੀ ਲਈ ਮੁੱਖ ਤੌਰ ਤੇ ਜਿੰਮੇਵਾਰ ਹਨ| ਪੰਜਾਬ ਵਿੱਚ ਅਜੇਹੇ ਪਦਾਰਥ ਖੇਤੀ ਵਿੱਚ ਅੱਤ ਦੀ ਮਾਤਰਾ ਵਿੱਚ ਵਰਤੇ ਜਾ ਰਹੇ ਹਨ| ਰਸਾਇਣਕ ਖਾਦਾਂ, ਕੀਟ-ਨਾਸ਼ਕ ਅਤੇ ਨਦੀਨ-ਨਾਸ਼ਕ ਤਿੰਨੇਂ ਹੀ ਅੱਤ ਦਰਜੇ ਦੇ ਜ਼ਹਿਰੀਲੇ ਹਨ| ਇਨ੍ਹਾਂ ਜ਼ਹਿਰੀਲੇ ਖੇਤੀ-ਰਸਾਇਣਾ ਕਾਰਨ ਹਵਾ-ਪਾਣੀ-ਮਿੱਟੀ ਅਤੇ ਭੋਜਨ ਬੁਰੀ ਤਰਾਂ ਪ੍ਰਦੂਸ਼ਤ ਹੋ ਰਹੇ ਹਨ| ਸਨਅਤੀ ਅਤੇ ਵਪਾਰਕ ਅਦਾਰੇ ਆਪਣਾ ਦੂਸ਼ਤ ਪਾਣੀ ਬਹੁਤ ਹੀ ਬੇਸ਼ਰਮੀ ਨਾਲ ਅਤੇ ਸਮੇਂ ਦੀਆਂ ਸਰਕਾਰਾਂ ਦੀ ਮਿਲੀ ਭੁਗਤ ਨਾਲ ਜਲ-ਸਰੋਤਾਂ ਵਿੱਚ ਸਿੱਟੀ ਜਾ ਰਹੇ ਹਨ| ਅੱਜ ਹਾਲਾਤ ਇਹ ਹੋ ਗਏ ਹਨ ਕਿ ਜਿਥੋਂ-ਜਿਥੋਂ ਸਨਅਤੀ ਜ਼ਹਿਰਾਂ ਨਾਲ ਭਰੇ ਨਦੀਆਂ-ਨਾਲੇ ਲੰਘਦੇ ਹਨ ਉਥੋਂ-ਉਥੋਂ ਦਾ ਧਰਤੀ ਹੇਠਲਾ ਪਾਣੀ ਵੀ ਜ਼ਹਿਰਾਂ ਨਾਲ ਭਰ ਗਿਆ ਹੈ| ਇਹੀ ਪਾਣੀ ਉਥੋਂ ਦੇ ਜੀਵ-ਜੰਤੂ ਅਤੇ ਮਨੁੱਖ ਪੀਂਦੇ ਹਨ ਅਤੇ ਇਹੀ ਪਾਣੀ ਖੇਤਾਂ ਨੂੰ ਲਗਦਾ ਹੈ ਜਿਸ ਨਾਲ ਮਨੁੱਖ, ਡੰਗਰ ਅਤੇ ਹੋਰ ਜੀਵ-ਜੰਤੂ, ਭਾਂਤ-ਭਾਂਤ ਦੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ| ਪਾਣੀ ਵਿੱਚ ਮੌਜੂਦ ਇਹ ਜ਼ਹਿਰ, ਡੰਗਰਾਂ (ਦੁਧ-ਅੰਡੇ-ਮੀਟ) ਰਾਹੀਂ ਅਤੇ ਫਸਲਾਂ (ਭੋਜਨ) ਰਾਹੀਂ ਕਈ ਗੁਣਾ ਵਧ ਕੇ ਮਨੁੱਖਾਂ ਦੇ ਸਰੀਰ ਤੱਕ ਪਹੁੰਚ ਜਾਂਦੇ ਹਨ|

ਕੋਲੇ ਤੇ ਅਧਾਰਤ ਤਾਪ ਬਿਜਲੀ ਘਰ ਵੀ, ਵਾਤਾਵਰਣ ਵਿੱਚ ਅੱਤ ਦੇ ਗੰਦੇ ਜ਼ਹਿਰਾਂ ਦਾ ਸਰੋਤ ਹਨ| ਕੋਲਾ ਸਭ ਤੋਂ ਗੰਦਾ ਈਂਧਣ ਮੰਨਿਆਂ ਗਿਆ ਹੈ| ਜਦ ਅਸੀਂ ਬਿਜਲੀ ਪੈਦਾ ਕਰਨ ਲਈ ਕੋਲਾ ਥੋਕ ਵਿੱਚ ਬਾਲਦੇ ਹਾਂ ਤਾਂ ਸੜਦੀ ਸਿਰਫ ਕਾਰਬਨ ਹੈ| ਬਾਕੀ ਰਹਿੰਦ-ਖੂੰਦ ਜਿਸ ਵਿੱਚ ਪਾਰਾ, ਕੈਡਮੀਅਮ ਅਤੇ ਯੂਰੇਨੀਅਮ ਵਰਗੀਆਂ ਖ਼ਤਰਨਾਕ ਅਤੇ ਜ਼ਹਿਰੀਲੀਆਂ ਭਾਰੀ ਧਾਤਾਂ ਮੌਜੂਦ ਹਨ ਉਹ ਤਾਂ ਸਵਾਹ ਵਿੱਚ ਹੀ ਰਹਿ ਜਾਂਦੀਆਂ ਹਨ| ਸਮਾਂ ਪਾ ਕੇ ਇਹ ਵਾਤਾਵਰਣ ਵਿੱਚ ਪਹੁੰਚ ਜਾਂਦੀਆਂ ਹਨ| ਇਸੇ ਕਾਰਨ ਕਰਕੇ, ਪੂਰੀ ਦੁਨੀਆਂ ਵਿੱਚ ਕੋਲੇ ਤੇ ਆਧਾਰਤ ਨਵੇਂ ਤਾਪ ਬਿਜਲੀ ਘਰ ਲਾਉਣੇ ਬੰਦ ਕਰ ਦਿੱਤੇ ਗਏ ਹਨ| ਇੱਕ ਤੋਂ ਬਾਅਦ ਇੱਕ ਦੇਸ਼ ਇਨ੍ਹਾਂ ਨੂੰ ਬੰਦ ਕਰਨ ਦੇ ਫੈਸਲੇ ਲੈ ਰਹੇ ਹਨ| ਬਦਕਿਸਮਤੀ ਨਾਲ ਪੰਜਾਬ ਵਿੱਚ ਇਹ ਧੜਾ-ਧੜ ਇਹ ਬਿਜਲੀ ਘਰ ਲਗਾ ਦਿੱਤੇ ਗਏ ਹਨ|

           ਪੈਟਰੋਲੀਅਮ ਪਦਾਰਥਾਂ ਦੀ ਅੱਤ ਦੀ ਵਰਤੋਂ ਵੀ ਅਨੇਕਾਂ ਖ਼ਤਰਨਾਕ ਜ਼ਹਿਰਾਂ ਦੇ ਵਾਤਾਵਰਣ ਵਿੱਚ ਵਾਧੇ ਲਈ ਜ਼ਿੰਮੇਵਾਰ ਹੈ| ਵਾਹਨਾਂ, ਸਨਅਤਾਂ ਅਤੇ ਹੋਰ ਵਪਾਰਕ ਅਦਾਰਿਆਂ ਦਾ ਧੂੰਆਂ ਅੱਤ ਤੇ ਪਹੁੰਚ ਗਿਆ ਹੈ ਅਤੇ ਲੱਖਾਂ ਲੋਕਾਂ ਦੇ ਬੀਮਾਰ ਹੋਣ ਅਤੇ ਸਮੇਂ ਤੋਂ ਪਹਿਲਾਂ ਮੌਤ ਦਾ ਕਾਰਨ ਬਣ ਰਿਹਾ ਹੈ| ਵਿਗਿਆਨ ਨੇ ਪ੍ਰਦੂਸ਼ਣ ਰਹਿਤ ਵਾਹਨ ਕਦ ਦੇ ਵਿਕਸਤ ਕਰ ਦਿੱਤੇ ਹਨ ਪਰ ਕੁਝ ਸਵਾਰਥੀ ਹਿੱਤਾਂ ਕਾਰਨ ਇਨ੍ਹਾਂ ਨੂੰ ਹਰਮਨ ਪਿਆਰਾ ਹੋਣ ਦੇ ਰਾਹ ਵਿੱਚ ਰੋੜੇ ਅਟਕਾਏ ਜਾ ਰਹੇ ਹਨ| ‘ਵਰਤੋ ਅਤੇ ਸਿਟੋ’ ਵਾਲੀ ਪਲਾਸਟਿਕ ਦੀ ਵਰਤੋਂ ਨੇ ਪਲਾਸਟਿਕ ਪ੍ਰਦੂਸ਼ਣ ਨੂੰ ਅੱਤ ਤੇ ਪਹੁੰਚਾ ਦਿੱਤਾ ਹੈ| ਵਾਤਾਵਰਣ ਵਿੱਚ ਪਹੁੰਚਿਆ ਪਲਾਸਟਿਕ ਬਹੁਤ ਔਖਾ ਗਲਦਾ ਹੈ| ਇਹ ਅੱਤ ਤਾਂ ਹੁਣ ਇੰਨੀ ਵਧ ਗਈ ਹੈ ਕਿ ਸਿਰਫ ਧਰਤੀ ਹੀ ਨਹੀਂ ਸਮੁੰਦਰ ਨੂੰ ਵੀ ਬੁਰੀ ਤਰਾਂ ਪ੍ਰਭਾਵਤ ਕਰ ਰਹੀ ਹੈ|   

                 ਭਾਂਤ-ਭਾਂਤ ਦੇ ਅੱਤ ਦੇ ਪ੍ਰਦੂਸ਼ਣ ਕਾਰਨ, ਮਨੁੱਖੀ ਸਿਹਤ ਬੁਰੀ ਤਰਾਂ ਇਸ ਦੀ ਮਾਰ ਵਿੱਚ ਆ ਰਹੀ ਹੈ| ਮਨੁੱਖੀ ਸਿਹਤ ਦੇ ਤਿੰਨੇ ਪੱਖ-ਸਰੀਰਕ, ਮਾਨਸਿਕ, ਅਤੇ ਪ੍ਰਜਨਣ ਸਿਹਤ ਖਤਰਨਾਕ ਪਧਰ ਤੱਕ ਮਾਰ ਵਿੱਚ ਆ ਚੁੱਕੇ ਹਨ| ਮਨੁੱਖੀ ਸਿਹਤ ਵਾਂਗ, ਡੰਗਰਾਂ ਅਤੇ ਜੰਗਲੀ ਜੀਵਾਂ ਦੀ ਸਿਹਤ ਵੀ ਗੰਭੀਰ ਰੂਪ ਵਿੱਚ ਪ੍ਰਭਾਵਤ ਹੋ ਰਹੀ ਹੈ| ਸਮਸਿਆ ਇੰਨੀ ਦਿਓ-ਕੱਦ ਹੋ ਚੁੱਕੀ ਹੈ ਕਿ ਇਸ ਦੇ ਹੱਲ ਲਈ ਪੂਰੇ ਸਮਾਜ ਨੂੰ ਚੇਤੰਨ ਅਤੇ ਜਥੇਬੰਦ ਕਰੇ ਬਿਨਾਂ ਇਸ ਦਾ ਹੱਲ ਸੰਭਵ ਨਹੀਂ| ਅਜੇ ਤੱਕ ਸਾਡੇ ਸਮਾਜ ਦੇ ਵੱਡੇ ਹਿੱਸੇ ਦੀ ਵਾਤਾਵਰਣ ਦੀ ਸਮਝ ਬਹੁਤ ਸਤਹੀ ਹੈ| ਇਸੇ ਕਾਰਨ ਵਾਤਾਵਰਣ ਅਤੇ ਕੁਦਰਤੀ ਸਰੋਤਾਂ ਦੀ ਏਨੀਂ ਅੱਤ ਦੀ ਤਬਾਹੀ ਹੋਣ ਦੇ ਬਾਵਜੂਦ ਸਮਾਜ ਵਿੱਚ ਇਸ ਦੇ ਖਿਲਾਫ਼ ਲੋੜੀਂਦਾ ਰੋਸ ਜਾਂ ਗੁੱਸਾ ਨਹੀਂ ਦਿਖ ਰਿਹਾ| ਰਾਜਸੀ ਲੀਡਰ ਅਤੇ ਸਰਕਾਰੀ ਅਫਸਰ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਪ੍ਰਦੂਸ਼ਣ ਕਰਨ ਵਾਲਿਆਂ ਨਾਲ ਰਲ ਗਏ ਹਨ| ਚੋਰ ਤੇ ਕੁੱਤੀ ਦਾ ਮਿਲੇ ਹੋਣਾ ਅਤੇ ਲੋਕਾਂ ਵੱਲੋਂ ਕੋਈ ਆਵਾਜ਼ ਨਾਂ ਉਠਾਉਣਾ-ਪਿਛਲੇ 50 ਸਾਲ ਤੋਂ ਹੋ ਰਹੀ ਇਸ ਤਬਾਹੀ ਦੇ ਮੂਲ ਕਾਰਨ ਹਨ| ਇਸ ਕੰਮ ਨੂੰ ਅੱਗੇ ਵਧਾਉਣ ਲਈ ਸਭ ਤੋਂ ਪਹਿਲਾਂ ਤਾਂ ਕੁਦਰਤ, ਵਾਤਾਵਰਣ ਅਤੇ ਜਲ-ਸਰੋਤਾਂ ਦੀ ਗਹਿਰੀ ਸਮਝ ਬਣਾਉਣੀ ਬਹੁਤ ਜ਼ਰੂਰੀ ਹੈ|

          ਕੁਦਰਤ ਦੇ ਸੰਤੁਲਣ ਅਤੇ ਵਾਤਾਵਰਣ ਬਾਰੇ ਚੇਤਨਾਂ ਸਦੀਆਂ ਤੋਂ ਸਾਡੀ ਸਭਿਅਤਾ ਅਤੇ ਸਭਿਆਚਾਰ ਦਾ ਹਿੱਸਾ ਰਹੀ ਹੈ| ਰਿਸ਼ੀਆਂ, ਮੁਨੀਆਂ ਅਤੇ ਗੁਰੂਆਂ ਦੀ ਲੰਮੀ ਪਰੰਪਰਾ ਰਹੀ ਹੈ ਜਿਸ ਵਿੱਚ ਉਹ ਸਮਾਜ ਨੂੰ ਕੁਦਰਤ ਪ੍ਰੇਮ ਅਤੇ ਵਾਤਾਵਰਣ ਦੀ ਸ਼ੁਧਤਾ ਬਾਰੇ ਚੇਤੰਨ ਕਰਦੇ ਰਹੇ ਹਨ|

ਗੁਰੂ ਨਾਨਕ ਦੇਵ ਜੀ ਨੇ ਬ੍ਰਿਹਮੰਡ, ਕੁਦਰਤ ਦੀ ਰਚਨਾ ਬਾਰੇ ਅਤੇ ਮਨੁਖ ਦੇ ਬ੍ਰਿਹਮੰਡੀ ਚੇਤਨਾਂ ਅਤੇ ਕੁਦਰਤ ਨਾਲ ਰਿਸ਼ਤੇ ਬਾਰੇ ਬਹੁਤ ਹੀ ਸਰਲ ਅਤੇ ਸੁੰਦਰ ਢੰਗ ਨਾਲ ਪੂਰੀ ਮਨੁਖਤਾ ਨੂੰ ਇੱਕ ਸਮਝ ਦਿੱਤੀ ਹੈ| ਗੁਰੂ ਸਾਹਿਬ ਨੇ ਸਿਰਫ ਸਮਝ ਹੀ ਨਹੀਂ ਦਿੱਤੀ ਸਗੋਂ ਉਸ ਸਮਝ ਅਨੁਸਾਰ ਆਪਣਾ ਜੀਵਨ ਢੰਗ ਢਾਲਣ ਦੀ ਜਾਂਚ ਵੀ ਦੱਸੀ ਹੈ| ਇਹ ਸਾਰੀ ਸਮਝ ਬਹੁਤ ਹੀ ਸੁੰਦਰ ਅਧਿਆਤਮਿਕ ਸ਼ਬਦਾਵਲੀ ਵਿੱਚ ਦਿੱਤੀ ਗਈ ਹੈ| ਏਨੇ ਸਰਲ ਅਤੇ ਸੁੰਦਰ ਢੰਗ ਨਾਲ ਦਿੱਤੀ ਸਮਝ ਅਤੇ ਜੀਵਨ-ਜਾਂਚ ਦੇ ਬਾਵਜੂਦ ਪੂਰੀ ਮਨੁਖਤਾ ਅੱਜ ਅਨੇਕਾਂ ਸੰਕਟਾਂ, ਦੁਖਾਂ ਅਤੇ ਸਮਸਿਆਵਾਂ ਵਿੱਚ ਘਿਰਣ ਕਾਰਨ ਕਰਾਹ ਰਹੀ ਹੈ|

                ਸਤਹੀ ਤੌਰ ਤੇ ਬਹੁਤੇ ਲੋਕ ਇਹ ਸਮਝਦੇ ਹਨ ਕਿ ਗੁਰੂ ਸਾਹਿਬ ਨੇ ਇਹ ਸੁਨੇਹਾ ਪ੍ਰਮਾਤਮਾਂ ਪ੍ਰਤੀ ਵਿਸ਼ਵਾਸ ਵਿੱਚੋਂ ਦਿੱਤਾ ਹੈ ਨਾਂ ਕਿ ਇੱਕ ਗਹਿਰੀ ਸਮਝ ਦੇ ਅਧਾਰ ਤੇ| ਜਾਪਦਾ ਹੈ ਕਿ ਗੁਰੂ ਸਾਹਿਬ ਦੀਆਂ ਸਿਖਿਆਵਾਂ ਵੀ ਬਹੁਤੇ ਲੋਕਾਂ ਵਿੱਚ ਵਿਸ਼ਵਾਸ ਦੇ ਪਧਰ ਤੱਕ ਹੀ ਰਹਿ ਗਈਆਂ ਹਨ ਅਤੇ ਉਨ੍ਹਾਂ ਦੀ ਗਹਿਰੀ ਸਮਝ ਦਾ ਹਿੱਸਾ ਨਹੀਂ ਬਣ ਸਕੀਆਂ| ਅੱਜ ਵਿਗਿਆਨ ਏਨਾਂ ਵਿਕਸਤ ਹੋ ਗਿਆ ਹੈ ਕਿ ਗੁਰੂ ਸਾਹਿਬ ਦੀ ਸਮਝ ਨੂੰ ਵਿਗਿਆਨਿਕ ਕਸੌਟੀ ਤੇ ਪਰਖਿਆ ਜਾ ਸਕਦਾ ਹੈ| ਜਦੋਂ ਅਸੀਂ ਗੁਰੂ ਸਾਹਿਬ ਦੀਆਂ ਸਿਖਿਆਵਾਂ ਨੂੰ ਵਿਗਿਆਨਿਕ ਕਸੌਟੀ ਤੇ ਪਰਖਦੇ ਹਾਂ ਤਾਂ ਦੰਗ ਰਹਿ ਜਾਂਦੇ ਹਾਂ-ਹੈਰਾਨੀ ਨਾਲ ਭਰ ਜਾਂਦੇ ਹਾਂ ਕਿ ਗੁਰੂ ਸਾਹਿਬ ਨੇ 550 ਸਾਲ ਪਹਿਲਾਂ ਉਹ ਸਮਝ ਮਨੁਖਤਾ ਨੂੰ ਦਿੱਤੀ ਜੋ ਵਿਗਿਆਨਿਕ ਢੰਗ ਨਾਲ ਕੋਸ਼ਿਸ਼ ਕੀਤਿਆਂ ਹੁਣ ਸਮਝ ਆ ਰਹੀ ਹੈ| ਗੁਰੂ ਸਾਹਿਬ ਦੀ ਸਮਝ ਬਹੁ-ਗਿਣਤੀ ਮਨੁੱਖਾਂ ਦੀ ਸਮਝ ਬਣ ਜਾਵੇ ਤਾਂ ਅੱਜ ਦੇ ਮਨੁੱਖ ਦੀਆਂ ਸਮਸਿਆਵਾਂ ਹੱਲ ਕਰਨੀਆਂ ਬਹੁਤ ਹੀ ਆਸਾਨ ਹੋ ਜਾਣਗੀਆਂ| ਆਓ! ਗੁਰੂ ਸਾਹਿਬ ਦੀ ਸਮਝ ਨੂੰ ਵਿਗਿਆਨਿਕ ਸ਼ਬਦਾਵਲੀ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ|

 

(ਚਲਦਾ...)

-ਡਾ. ਅਮਰ ਸਿੰਘ ਆਜ਼ਾਦ

98728-61321