Basant Panchami 2020: ਇਸ ਵਿਧੀ ਨਾਲ ਕਰੋ ਮਾਤਾ ਸਰਸਵਤੀ ਦੀ ਪੂਜਾ

1/29/2020 12:48:10 PM

ਜਲੰਧਰ(ਬਿਊਰੋ)- ਹਿੰਦੂ ਧਰਮ ਵਿਚ ਬਸੰਤ ਪੰਚਮੀ ਦਾ ਦਿਨ ਬਹੁਤ ਹੀ ਖਾਸ ਹੁੰਦਾ ਹੈ। ਕਹਿੰਦੇ ਹਨ ਕਿ ਇਸ ਦਿਨ ਮਾਤਾ ਸਰਸਵਤੀ ਦੀ ਪੂਜਾ ਹੁੰਦੀ ਹੈ ਅਤੇ ਨਾਲ ਹੀ ਇਸ ਖਾਸ ਮੌਕੇ ’ਤੇ ਪੀਲੀਆਂ ਚੀਜ਼ਾਂ ਦਾ ਭੋਗ ਅਤੇ ਪੀਲੇ ਹੀ ਕੱਪੜੇ ਪਾਏ ਜਾਂਦੇ ਹਨ। ਇਸ ਦਿਨ ਨੂੰ ਲੈ ਕੇ ਅਜਿਹੀ ਮਾਨਤਾ ਹੈ ਕਿ ਛੋਟੇ ਬੱਚੇ ਜੋ ਪੜ੍ਹਨ ਵਿਚ ਕਮਜ਼ੋਰ ਹੁੰਦੇ ਹਨ, ਉਨ੍ਹਾਂ ਨੂੰ ਅੱਜ ਦੇ ਦਿਨ ਸਰਸਵਤੀ ਮਾਤਾ ਦੀ ਅਰਾਧਨਾ ਕਰਨੀ ਚਾਹੀਦੀ ਹੈ।ਇਸ ਨਾਲ ਉਨ੍ਹਾਂ ਨੂੰ ਕਾਫੀ ਲਾਭ ਮਿਲਦਾ ਹੈ।

ਮਹੱਤਵ

ਬਸੰਤ ਪੰਚਮੀ ਦੇ ਦਿਨ ਨੂੰ ਮਾਤਾ-ਪਿਤਾ ਆਪਣੇ ਬੱਚਿਆਂ ਦੀ ਸਿੱਖਿਆ ਦੀ ਸ਼ੁਰੂਆਤ ਲਈ ਸ਼ੁੱਭ ਮੰਨਦੇ ਹਨ। ਹਾਲਾਂਕਿ ਬਸੰਤ ਪ੍ਰੇਮ ਦੀ ਰੁੱਤ ਮੰਨੀ ਜਾਂਦੀ ਹੈ ਅਤੇ ਕਾਮਦੇਵ ਆਪਣੇ ਤੀਰ ਇਸ ਰੁੱਤ ਵਿਚ ਚਲਾਉਂਦੇ ਹਨ। ਇਸ ਲਿਹਾਜ਼ ਨਾਲ ਆਪਣੇ ਪਰਿਵਾਰ ਦੇ ਵਿਸਥਾਰ ਲਈ ਵੀ ਇਹ ਬਹੁਤ ਮਹੱਤਵਪੂਰਣ ਮੰਨੀ ਜਾਂਦੀ ਹੈ।

ਪੈਨ, ਕਾਪੀ, ਕਿਤਾਬਾਂ ਦੀ ਪੂਜਾ

ਬਸੰਤ ਪੰਚਮੀ ਦੇ ਦਿਨ ਪੈਨ, ਕਾਪੀਆਂ, ਕਿਤਾਬਾਂ ਦੀ ਵੀ ਪੂਜਾ ਕੀਤੀ ਜਾਂਦੀ ਹੈ। ਅਜਿਹਾ ਕਰਨ ਨਾਲ ਦੇਵੀ ਸਰਸਵਤੀ ਦੀ ਕਿਰਪਾ ਹੁੰਦੀ ਹੈ। ਸਰਸਵਤੀ, ਵਿਸ਼ਣੂ ਅਤੇ ਸ਼ਿਵ ਮੰਦਰਾਂ ਵਿਚ ਇਸ ਤਿਉਹਾਰ ਦਾ ਉਤਸ਼ਾਹ ਸਭ ਤੋਂ ਜ਼ਿਆਦਾ ਹੁੰਦਾ ਹੈ।

ਪੂਜਾ

ਬਸੰਤ ਪੰਚਮੀ ਦੇ ਸ਼ੁੱਭ ਮੌਕੇ 'ਤੇ ਮਾਂ ਸਰਸਵਤੀ ਦੀ ਪੂਜਾ ਕਰਨਾ ਬਹੁਤ ਹੀ ਫਲਦਾਇਕ ਹੁੰਦੀ ਹੈ। ਦੇਵੀ ਭਗਵਤ ਅਨੁਸਾਰ ਦੇਵੀ ਸਰਸਵਤੀ ਦੀ ਪੂਜਾ ਸਭ ਤੋਂ ਪਹਿਲਾਂ ਭਗਵਾਨ ਸ਼੍ਰੀ ਕ੍ਰਿਸ਼ਣ ਨੇ ਕੀਤੀ ਸੀ। ਸਵੇਰੇ-ਸਵੇਰੇ ਇਸ਼ਨਾਨ ਕਰਕੇ ਮਾਂ ਸਰਸਵਤੀ ਦੀ ਤਸਵੀਰ ਸਥਾਪਿਤ ਕਰੋ। ਇਸ ਤੋਂ ਬਾਅਦ ਕਲਸ਼ ਸਥਾਪਿਤ ਕਰ ਕੇ ਗਣੇਸ਼ ਜੀ ਅਤੇ ਨੌਗ੍ਰਹਿਆਂ ਦੇ ਦੇਵਤਾ ਦੀ ਪੂਜਾ ਕਰੋ। ਸਰਸਵਤੀ ਜੀ ਦੀ ਪੂਜਾ ਕਰਦੇ ਸਮੇਂ ਮਾਤਾ ਨੂੰ ਸਿੰਧੂਰ ਅਤੇ ਹੋਰ ਸ਼ਿੰਗਾਰ ਦੀਆਂ ਵਸਤੂਆਂ ਚੜ੍ਹਾਓ। ਫਿਰ ਫੁੱਲਾਂ ਦੀ ਮਾਲਾ ਵੀ ਚੜ੍ਹਾਓ। ਮਿੱਠੇ ਦਾ ਭੋਗ ਲਗਾ ਕੇ ਸਰਸਵਤੀ ਕਵਚ ਦਾ ਪਾਠ ਕਰੋ। ਮਾਤਾ ਜੀ ਚਿੱਟੇ ਕੱਪੜੇ ਪਾਉਂਦੀ ਹੈ। ਇਸ ਲਈ ਉਨ੍ਹਾਂ ਨੂੰ ਕੱਪੜੇ ਪਹਿਨਾਓ। ਪ੍ਰਸ਼ਾਦ ਦੇ ਰੂਪ 'ਚ ਖੀਰ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਚੜ੍ਹਾਓ। ਚਿੱਟੇ ਫੁੱਲ ਮਾਤਾ ਜੀ ਨੂੰ ਚੜ੍ਹਾਓ। ਦੇਵੀ ਸਰਸਵਤੀ ਜੀ ਦੇ ਮੰਤਰ ਦਾ ਜਾਪ ਕਰਨ ਨਾਲ ਉਨ੍ਹਾਂ ਦੀ ਕਿਰਪਾ ਪ੍ਰਾਪਤ ਹੁੰਦੀ ਹੈ।

ਇੰਝ ਹੋਇਆ ਸੀ ਮਾਂ ਸਰਵਸਤੀ ਦਾ ਜਨਮ

ਹਿੰਦੂ ਮਾਨਤਾਵਾਂ ਅਨੁਸਾਰ, ਭਗਵਾਨ ਵਿਸ਼ਣੂ ਦੀ ਆਗਿਆ ਨਾਲ ਇਸੇ ਦਿਨ ਬ੍ਰਹਮਾ ਜੀ ਨੇ ਮਨੁੱਖੀ ਜੂਨ ਦੀ ਰਚਨਾ ਕੀਤੀ ਸੀ ਪਰ ਸ਼ੁਰੂ 'ਚ ਇਨਸਾਨ ਬੋਲਿਆ ਨਹੀਂ ਸੀ। ਧਰਤੀ 'ਤੇ ਸਭ ਕੁਝ ਸ਼ਾਂਤ ਤੇ ਨੀਰਸ ਸੀ। ਬ੍ਰਹਮਾ ਜੀ ਨੇ ਜਦੋਂ ਧਰਤੀ ਨੂੰ ਇਸ ਹਾਲਤ 'ਚ ਦੇਖਿਆ ਤਾਂ ਆਪਣੇ ਕਮੰਡਲ 'ਚੋਂ ਜਲ ਛਿੜਕ ਕੇ ਇਕ ਅਦਭੁੱਤ ਸ਼ਕਤੀ ਦੇ ਰੂਪ 'ਚ ਚਤੁਰਭੁੱਜੀ ਸੁੰਦਰ ਇਸਤਰੀ ਨੂੰ ਪ੍ਰਕਟ ਕੀਤਾ। ਇਸ ਦੇ ਹੱਥਾਂ 'ਚ ਵੀਣਾ ਸੀ। ਇਸ ਸ਼ਕਤੀ ਨੂੰ ਗਿਆਨ ਦੀ ਦੇਵੀ ਮਾਂ ਸਰਸਵਤੀ ਕਿਹਾ ਗਿਆ। ਮਾਂ ਸਰਸਵਤੀ ਨੇ ਜਦੋਂ ਆਪਣੀ ਵੀਣਾ ਦੀ ਤਾਰ ਛੇੜੀ ਤਾਂ ਤਿੰਨਾਂ ਲੋਕਾਂ 'ਚ ਕੰਪਨ ਪੈਦਾ ਹੋ ਗਈ ਤੇ ਸਾਰਿਆਂ ਨੂੰ ਸ਼ਬਦ ਤੇ ਵਾਣੀ ਮਿਲ ਗਈ। ਇਹੀ ਕਾਰਨ ਹੈ ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕਰਨ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ।


manju bala

Edited By manju bala