Sawan 2023: 19 ਸਾਲਾਂ ਬਾਅਦ ਬਣ ਰਿਹਾ ਅਜਿਹਾ ਸ਼ੁੱਭ ਸੰਜੋਗ, ਇਸ ਸਾਲ 59 ਦਿਨਾਂ ਦਾ ਹੋਵੇਗਾ ਸਾਵਣ ਦਾ ਮਹੀਨਾ
6/24/2023 5:04:27 PM
ਜਲੰਧਰ - ਭਗਵਾਨ ਸ਼ਿਵ ਜੀ ਦੇ ਭਗਤ ਸਾਰਾ ਸਾਲ ਸਾਵਣ ਦੇ ਪਵਿੱਤਰ ਮਹੀਨੇ ਦੀ ਉਡੀਕ ਕਰਦੇ ਹਨ। ਇਸ ਪੂਰੇ ਮਹੀਨੇ 'ਚ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਲਈ ਸ਼ਰਧਾਲੂ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ। ਭਗਤ ਸਾਵਣ ਦੇ ਮਹੀਨੇ ਹਰੇਕ ਸੋਮਵਾਰ ਦਾ ਵਰਤ ਰੱਖਦੇ ਹਨ ਅਤੇ ਸ਼ਿਵਲਿੰਗ 'ਤੇ ਜਲ ਅਭਿਸ਼ੇਕ ਕਰਕੇ ਮਹਾਦੇਵ ਦਾ ਆਸ਼ੀਰਵਾਦ ਲੈਂਦੇ ਹਨ। ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਭਗਤ ਭਗਵਾਨ ਸ਼ਿਵ ਜੀ ਦੇ 16 ਸੋਮਵਾਰ ਦਾ ਵਰਤ ਨਹੀਂ ਰੱਖ ਸਕਦਾ ਹੈ ਤਾਂ ਉਹ ਸਾਵਣ ਮਹੀਨੇ ਦੇ ਸੋਮਵਾਰ ਵਾਲੇ ਵਰਤ ਰੱਖ ਸਕਦਾ ਹੈ, ਜਿਸ ਨਾਲ ਮਨਚਾਹਾ ਵਰਦਾਨ ਪ੍ਰਾਪਤ ਹੁੰਦਾ ਹੈ।
ਜਾਣੋ ਕਦੋਂ ਸ਼ੁਰੂ ਹੋਵੇਗਾ ਸਾਵਣ ਦਾ ਮਹੀਨਾ
ਸਾਵਣ ਮਹੀਨੇ ਦੇ ਹਰੇਕ ਸੋਮਵਾਰ ਵਰਤ ਰੱਖਣੇ ਸ਼ੁਭ ਮੰਨੇ ਜਾਂਦੇ ਹਨ, ਜਿਸ ਨਾਲ ਸ਼ਿਵ ਜੀ ਦੀ ਖ਼ੁਸ਼ ਹੋ ਜਾਂਦੇ ਹਨ। ਇਸ ਸਾਲ 2023 'ਚ ਸਾਵਣ ਦਾ ਮਹੀਨਾ 4 ਜੁਲਾਈ, 2023 ਦਿਨ ਮੰਗਲਵਾਰ ਤੋਂ ਸ਼ੁਰੂ ਹੋ ਰਿਹਾ ਹੈ, ਜੋ 31 ਅਗਸਤ ਨੂੰ ਸਮਾਪਤ ਹੋਵੇਗਾ। ਇਸ ਸਾਲ ਸਾਵਣ ਦਾ ਮਹੀਨਾ 2 ਮਹੀਨਿਆਂ ਯਾਨੀ 59 ਦਿਨਾਂ ਦਾ ਹੈ। ਇਸ ਵਾਰ ਸਾਵਣ ਦੇ ਮਹੀਨੇ 4 ਨਹੀਂ ਸਗੋਂ 8 ਵਰਤ ਆ ਰਹੇ ਹਨ। ਭਗਵਾਨ ਸ਼ਿਵ ਨੂੰ ਜਲ ਦੇ ਨਾਲ ਬੇਲਪੱਤਰ, ਧਤੂਰਾ, ਸ਼ਮੀ ਦੇ ਪੱਤੇ ਆਦਿ ਚੜ੍ਹਾਉਣਾ ਸ਼ੁਭ ਮੰਨਿਆ ਜਾਂਦਾ ਹੈ।
19 ਸਾਲਾਂ ਬਾਅਦ ਬਣ ਰਿਹਾ ਅਜਿਹਾ ਸ਼ੁੱਭ ਸੰਜੋਗ
ਇਸ ਸਾਲ ਸਾਵਣ ਦਾ ਮਹੀਨਾ ਬਹੁਤ ਖ਼ਾਸ ਹੋਵੇਗਾ, ਕਿਉਂਕਿ ਇਸ ਵਾਰ ਇਹ ਮਹੀਨਾ 59 ਦਿਨ ਚੱਲਣ ਵਾਲਾ ਹੈ। ਇਸ ਵਾਰ ਸ਼ਰਧਾਲੂ 4 ਸੋਮਵਾਰ ਨਹੀਂ ਸਗੋਂ 8 ਸੋਮਵਾਰ ਤੱਕ ਸ਼ਿਵ ਜੀ ਦੇ ਵਰਤ ਰੱਖਣਗੇ। ਜੋਤਿਸ਼ ਸ਼ਾਸਤਰ ਅਨੁਸਾਰ ਹਿੰਦੂ ਕੈਲੰਡਰ ਵਿੱਚ ਅਜਿਹਾ ਸ਼ੁੱਭ ਸੰਜੋਗ 19 ਸਾਲ ਬਾਅਦ ਬਣ ਰਿਹਾ ਹੈ। ਸਾਵਣ ਦੇ ਪਹਿਲੇ ਸੋਮਵਾਰ ਦਾ ਵਰਤ 10 ਜੁਲਾਈ ਨੂੰ ਹੈ ਅਤੇ ਸਾਵਣ ਦਾ ਆਖਰੀ ਸੋਮਵਾਰ ਦਾ ਵਰਤ 28 ਅਗਸਤ ਨੂੰ ਹੈ।
ਜਾਣੋ ਸਾਵਣ 2023 ਦੇ ਵਰਤ, ਦਿਨ ਅਤੇ ਤਾਰੀਖ਼
. ਸਾਵਣ ਦੇ ਪਹਿਲੇ ਸੋਮਵਾਰ ਦਾ ਵਰਤ : 10 ਜੁਲਾਈ, 2023
. ਸਾਵਣ ਦੇ ਦੂਜੇ ਸੋਮਵਾਰ ਦਾ ਵਰਤ : 17 ਜੁਲਾਈ, 2023
. ਸਾਵਣ ਦੇ ਤੀਜੇ ਸੋਮਵਾਰ ਦਾ ਵਰਤ : 24 ਜੁਲਾਈ, 2023
. ਸਾਵਣ ਦੇ ਚੌਥੇ ਸੋਮਵਾਰ ਦਾ ਵਰਤ : 31 ਜੁਲਾਈ, 2023
. ਸਾਵਣ ਦੇ ਪੰਜਵੇਂ ਸੋਮਵਾਰ ਦਾ ਵਰਤ : 7 ਅਗਸਤ, 2023
. ਸਾਵਣ ਦੇ ਛੇਵੇਂ ਸੋਮਵਾਰ ਦਾ ਵਰਤ : 14 ਅਗਸਤ, 2023
. ਸਾਵਣ ਦੇ ਸੱਤਵੇਂ ਸੋਮਵਾਰ ਦਾ ਵਰਤ : 21 ਅਗਸਤ, 2023
. ਸਾਵਣ ਦੇ ਅੱਠਵੇਂ ਸੋਮਵਾਰ ਦਾ ਵਰਤ : 28 ਅਗਸਤ, 2023