ਵੱਡਾ ਸਾਹਿਬੁ ਵੱਡੀ ਨਾਈ ਕੀਤਾ ਜਾ ਕਾ ਹੋਵੈ।।

8/28/2019 10:22:10 AM

ਨਿਰਗੁਣ ਸ਼ਬਦ ਵਿਚਾਰ
21ਵੀਂ ਪਉੜੀ

ਵੱਡਾ ਸਾਹਿਬੁ ਵੱਡੀ ਨਾਈ ਕੀਤਾ ਜਾ ਕਾ ਹੋਵੈ।।

ਤੀਰਥੁ ਤਪੁ ਦਇਆ ਦਤੁ ਦਾਨ।। ਜੇ ਕੋ ਪਾਵੈ ਤਿਲ ਕਾ ਮਾਨੁ।। ਸੁਣਿਆ ਮੰਨਿਆ ਮਨਿ ਕੀਤਾ ਭਾਉ।। ਅੰਤਰਗਤਿ ਤੀਰਥਿ ਮਲਿ ਨਾਉ।। ਸਭਿ ਗੁਣ ਤੇਰੇ ਮੈਂ ਨਾਹੀ ਕੋਇ।। ਵਿਣੁ ਗੁਣ ਕੀਤੇ ਭਗਤਿ ਨ ਹੋਇ।। ਸੁਅਸਤਿ ਆਥਿ ਬਾਣੀ ਬਰਮਾਉ।। ਸਤਿ ਸੁਹਾਣ ਸਦਾ ਮਨਿ ਚਾਉ।। ਕਵਣੁ ਸੁ ਵੇਲਾ ਵਖਤੁ ਕਵਣ।। ਕਵਣ ਥਿਤਿ ਕਵਣੁ ਵਾਰ।। ਕਵਣਿ ਸਿ ਰੁਤੀ ਮਾਹੁ ਕਵਣ।। ਜਿਤੁ ਹੋਆ ਆਕਾਰ।। ਵੇਲ ਨ ਪਾਈਆ ਪੰਡਤੀ।। ਜਿ ਹੋਵੈ ਲੇਖੁ ਪੁਰਾਣ।। ਵਖਤੁ ਨ ਪਾਇਓ ਕਾਦੀਆ।। ਜਿ ਲਿਖਨਿ ਲੇਖ ਕੁਰਾਣ।। ਥਿਤਿ ਵਾਰੁ ਨ ਜੋਗੀ ਜਾਣੈ।। ਰੁਤਿ ਮਾਹੁ ਨ ਕੋਈ।। ਜਾ ਕਰਤਾ ਸਿਰਠੀ ਕਉ ਸਾਜੇ।। ਆਪੇ ਜਾਣੈ ਸੋਈ।। ਕਿਵ ਕਰਿ ਆਖਾ ਕਿਵ ਸਾਲਾਹੀ।। ਕਿਉ ਵਰਨੀ ਕਿਵ ਜਾਣਾ।। ਨਾਨਕ ਆਖਣਿ ਸਭੁ ਕੋ ਆਖੈ।। ਇਕ ਦੂ ਇਕੁ ਸਿਆਣਾ।। ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ।। ਨਾਨਕ ਜੇ ਕੋ ਆਪੌ ਜਾਣੈ ਅਗੈ ਗਿਆਨ ਸੋਹੈ।।21।।

ਗੁਰੂ ਨਾਨਕ ਦੇਵ ਜੀ ਦੀ ਬਾਣੀ ਭਰਮ/ਭੁਲੇਖੇ/ਅਕਾਂਖਿਆਵਾਂ/ਵਾਸ਼ਨਾਵਾਂ/ਵਰਜਨਾਵਾਂ/ਪੇਸ਼ੀਨਗੋਈਆਂ/ਪਾਬੰਦੀਆਂ/ਪੁੰਨ/ਪਾਪ ਸਭ ਹਰਨ ਕਰ ਦਿੰਦੀ ਹੈ। ਉਹ ਬਹੁਤ ਹੀ ਰਮਜ਼ ਨਾਲ ਇਸ ਸਾਰੇ ਤੋਂ ਛੁਟਕਾਰੇ ਵੱਲ ਵਿਚਾਰ ਤੋਰ ਲੈਂਦੇ ਹਨ। ਬਹੁਤ ਹੀ ਰਮਜ਼ ਨਾਲ। ਇਹ ਰਮਜ਼ ਬਹੁਤ ਗਹਿਰੀ ਹੈ। ਇੱਕਵੀਂ ਪਉੜੀ ਇਸ ਰਮਜ਼ ਨੂੰ ਉਸ ਅਕਾਲ ਪੁਰਖ ਦੀ ਸਮਝ ਵੱਲ ਲੈ ਕੇ ਜਾਂਦੀ ਹੈ। ਪਹਿਲਾਂ ਬੰਦੇ ਨੂੰ ਸੰਬੋਧਿਤ ਹੈ ਪਰ ਇਸ਼ਾਰਾ ਉਸ ਵੱਡੇ ਦੀ ਵਡਿਆਈ ਵੱਲ ਹੈ। ਬਹੁ ਆਯਾਮੀ ਨੇ ਸਾਰੇ ਖ਼ਿਆਲ। ਕੋਈ ਇਕਹਿਰੀ ਪਰਤ ਨਹੀਂ ਹੈ। ਬਹੁ-ਪਰਤੀ ਹੈ ਸਾਰਾ ਵਿਚਾਰ। ਇਕ ਸਤਰ ’ਚ ਮਨੁੱਖ ਨੂੰ ਵੀ ਸੰਬੋਧਨ ਹੈ ਤੇ ਉਸ ਅਕਾਲ ਪੁਰਖ ਦੀ ਮਹਿਮਾ ਨੂੰ ਵੀ। ਤੀਰਥੁ ਤਪੁ ਦਇਆ ਦਤੁ ਦਾਨ।। ਜੇ ਕੋ ਪਾਵੈ ਤਿਲ ਕਾ ਮਾਨੁ।। ਤੀਰਥ ਕਰ ਲਿਆ। ਤਪ ਕਰ ਲਿਆ। ਦਇਆ ਕਰ ਲਈ। ਦਾਨ ਵੀ ਕਰ ਲਿਆ। ਪਰ ਜੋ ਮਾਣ ਮਿਲਿਆ ਹੈ ਇਸ ਸਭ ਬਾਰੇ, ਉਹ ਤਾਂ ਤਿਲ ਮਾਤਰ ਹੀ ਹੈ। ਉਸਦੇ ਘਰ ਦਾਤਾਂ ਏਨੀਆਂ ਨੇ ਕਿ ਜੋ ਮਿਲਿਆ ਮਹਿਸੂਸ ਹੋਇਆ ਹੈ ਉਹ ਤਿਲ ਮਾਤਰ ਹੈ। ਕੁੱਝ ਨਹੀਂ ਮਿਲਿਆ। ਔਰ ਇੱਥੇ ਕਿਤੇ ਵੀ ਤੀਰਥ ਜਾਂ ਦਾਨੁ ਜਾਂ ਜਪ/ਤਪ ਦੀ ਵਡਿਆਈ ਨਹੀਂ ਹੈ। ਇਹ ਇਸ਼ਾਰੇ ਲਈ ਕਿਹਾ ਗਿਆ ਹੈ। ਗੱਲ ਸਮਝ ਆ ਜਾਵੇ। ਫੇਰ ਕਰਨਾ ਕੀ ਹੈ? ਤੀਰਥ ਕੀ ਹੈ? ਸੁਣਿਆ ਮੰਨਿਆ ਮਨਿ ਕੀਤਾ ਭਾਉ।। ਅੰਤਰਗਤਿ ਤੀਰਥਿ ਮਲਿ ਨਾਉ।। ਸੁਣਿਆ। ਜੋ ਅਣਸੁਣਿਆ ਹੈ ਉਸ ਨੂੰ ਸੁਣਨਾ ਹੈ। ਸੁਣਿਆ ਹੈ ਤਾਂ ਫਿਰ ਮੰਨ ਲਿਆ ਹੈ। ਔਰ ਮੰਨਿਆ ਵੀ ਭਾਉ ਭਗਤੀ ਨਾਲ। ਭਾਵਨਾ ਨਾਲ। ਭਾਵ ਨਾਲ। ਅੰਤਰ ਕਿਤੇ। ਫਿਰ ਅੰਤਰ ’ਚ ਕੁੱਝ ਘਟਿਤ ਹੋਇਆ ਹੈ। ਇਸ ਤਰੰਗ ਨੂੰ ਸੁਣੋ ਜੋ ਅੰਦਰ ਕਿਤੇ ਵੱਜ ਉੱਠੀ ਹੈ। ਉਸ ਫੁੱਲ ਨੂੰ ਮਹਿਸੂਸ ਕਰੋ ਜੋ ਅੰਦਰ ਕਿਤੇ ਖਿੜਿਆ ਹੈ। ਹਜਰਤ ਸੁਲਤਾਨ ਬਾਹੂ, ਜਿਸ ਨੂੰ ਬੂਟੀ ਕਹਿ ਰਹੇ ਨੇ। ਅੰਦਰ ਬੂਟੀ ਮੁਸ਼ਕ ਮਚਾਇਆ, ਜਦ ਫੁੱਲਣ ’ਤੇ ਆਈ। ਬੂਟੀ ਦੀ ਮਹਿਕ ਜੋ ਹੈ, ਉਹਨੂੰ ਮਹਿਸੂਸ ਕਰੋ। ਇਸੇ ਘਟਿਤ ਹੋ ਗਏ ਵਰਤਾਰੇ ਨੇ ਅੰਦਰਲੀ ਮੈਲ ਸਾਫ ਕਰਨੀ ਹੈ। ਇਹੀ ਤੀਰਥ ਇਸ਼ਨਾਨ ਹੈ। ਇਹ ਸੱਚਾ ਇਸ਼ਨਾਨ ਹੈ। ਬਾਕੀ ਸਭ ਬਾਹਰੀ ਵਿਖਾਵੇ ਨੇ।

ਹੁਣ ਵਿਚਾਰ ਨੇ ਆਸਣ ਬਦਲਿਆ ਹੈ। ਅੰਤਰ ’ਚ ਉਤਰ ਗਏ ਨੇ ਗੁਰੂ ਸਾਹਿਬ। ਆਪਣੇ ਹੀ ਮਨ ’ਚ ਕੋਈ ਸ਼ਬਦ ਤੁਰ ਪਿਆ ਹੈ ਉਨ੍ਹਾਂ ਦੇ। ਮਹਿਸੂਸ ਕਰੋ ਕਿ ਗੁਰੂ ਨਾਨਕ ਦੇਵ ਜੀ ਦੇ ਮਨ ’ਚ ਜਦੋਂ ਸ਼ਬਦ ਤੁਰਿਆ ਹੈ ਤਾਂ ਉਹ ਕਿਵੇਂ ਤਰੰਗਿਤ ਹੋ ਰਹੇ ਨੇ। ਸਭਿ ਗੁਣ ਤੇਰੇ ਮੈਂ ਨਾਹੀ ਕੋਇ।। ਵਿਣੁ ਗੁਣ ਕੀਤੇ ਭਗਤਿ ਨ ਹੋਇ।। ਸਭ ਜੋ ਹੋ ਰਿਹਾ ਹੈ, ਅੰਤਰ ’ਚ ਜੋ ਘਟ ਰਿਹਾ ਹੈ, ਉਹ ਤੇਰੇ ਪੈਦਾ ਕੀਤੇ ਗੁਣਾਂ ਕਾਰਣ ਹੀ ਹੈ। ਤੇਰਾ ਹੀ ਕੀਤਾ ਹੈ ਸਭ। ਤੂੰ ਨਾ ਕਰੇਂ ਤਾਂ ਭਗਤੀ ਸੰਭਵ ਹੀ ਨਹੀਂ। ਸਮਰਪਣ ਹੈ। ਆਤਮ ਸਮਰਪਣ ਹੈ। ਉਸੇ ਨੂੰ ਡੰਡੌਤ ਹੈ। ਬਹੁਤ ਸੂਖਮ ਭਾਵ ਨੇ। ਇਹ ਭਾਵ ਗੁਰੂ ਨਾਨਕ ਦੇਵ ਜੀ ਦੇ ਅੰਤਰ ’ਚ ਚੱਲ ਰਹੇ ਨੇ। ਤੇਰਾ ਹੀ ਹੈ ਸਭ। ਤੇਰੇ ਬਿਨਾਂ ਸੰਭਵ ਨਹੀਂ। ਇਹ ਦੁਨੀਆਦਾਰ ਨਹੀਂ ਸੋਚ ਸਕਦਾ। ਗੁਰੂ ਸਾਹਿਬ ਦੇ ਮਨ ਦੀ ਗੱਲ ਹੈ। ਉਨ੍ਹਾਂ ਦੇ ਅੰਤਰ ’ਚ ਜੋ ਵੀ ਹੈ। ਉਹ ਕਹਿ ਰਹੇ ਨੇ-ਸੁਅਸਤਿ ਆਥਿ ਬਾਣੀ ਬਰਮਾਉ।। ਸਤਿ ਸੁਹਾਣ ਸਦਾ ਮਨਿ ਚਾਉ।। ਤੂੰ ਅਟਲ ਹੈਂ। ਨਿਰੰਜਨ ਦਾ ਫੈਲਓ ਹੈ ਹੁਣ। ਸਮਝਣ ਵਾਲੀ ਗੱਲ ਹੈ। ਫੈਲ ਗਿਆ ਹੈ ਨਿਰੰਜਨ। ਸੁਅਸਤਿ। ਅਟਲ। ਅਜੂਨੀ। ਕਿਸੇ ਜਨਮ/ਮਰਨ ’ਚ ਨਹੀਂ। ਤੇਰੇ ਚਾਲਕ ਜੋ ਨੇ। ਬ੍ਰਮਾ। ਬਾਣੀ ਜੋ ਹੈ। ਜੋ ਕੁੱਝ ਵੀ ਘਟਿਤ ਹੋ ਰਿਹਾ ਹੈ। ਜੋ ਸਤਿ ਹੈ। ਟਰੁੱਥ ਹੈ। ਸੱਚਾਈ ਜੋ ਹੈ। ਜੋ ਸਦਾ ਸਲਾਮਤ ਹੈ। ਜੋ ਸੋਹਣਾ ਹੈ। ਸੁਹਾਵਣਾ ਹੈ। ਉਸ ਨੂੰ ਮਹਿਸੂਸ ਕਰਦੇ ਹਾਂ ਤਾਂ ਮਨ ਚਾਓ ਨਾਲ ਖਿੜ ਉੱਠਦਾ ਹੈ। ਇਹ ਗੁਰੂ ਨਾਨਕ ਦੇਵ ਜੀ ਦੇ ਮਨ ਦੀ ਅਵਸਥਾ ਹੈ। ਇਸ ਨੂੰ ਸਮਝੋ। ਜਦੋਂ ਅਸੀਂ ਇਸ ਅਵਸਥਾ ਰਾਹÄ ਬਾਣੀ ਵਿਚ ਉਤਰਦੇ ਹਾਂ ਤਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਵੀ ਕਰ ਸਕਦੇ ਹਾਂ। ਇਸ ਅਵਸਥਾ ਵਾਲੇ ਬਾਬੇ ਨਾਨਕ ਦੇ ਦਰਸ਼ਨ ਸੱਚ ’ਚ ਹੀ ਸੁੱਖ ਦੇਣ ਵਾਲੇ ਨੇ।

ਹੁਣ ਮਾਮਲਾ ਹੋਰ ਗਹਿਰਾ ਹੋ ਗਿਆ ਹੈ। ਗੁਰੂ ਸਾਹਿਬ ਬਹੁਤ ਅਗਾਂਹ ਨਿਕਲ ਗਏ ਨੇ। ਗੁਰੂ ਨਾਨਕ ਜਦੋਂ ਵਿਚਾਰ ਦੀ ਪੱਧਰ ਉੱਪਰ ਨਿਕਲਣਗੇ ਤਾਂ ਗਹਿਰਾਈ ਸਮੁੰਦਰ ਦੀ ਮਾਂਦ ਪੈ ਜਾਂਦੀ ਹੈ। ਹੋਰ ਅਗਾਂਹ- ਕਵਣੁ ਸੁ ਵੇਲਾ ਵਖਤੁ ਕਵਣ ਕਵਣ ਥਿਤਿ ਕਵਣੁ ਵਾਰ।। ਕਵਣਿ ਸਿ ਰੁਤੀ ਮਾਹੁ ਕਵਣ ਜਿਤੁ ਹੋਆ ਆਕਾਰ।। ਕਿਹੜਾ ਵੇਲਾ ਸੀ? ਕਿਹੜਾ ਵਕਤ ਸੀ? ਕਿਹੜੀ ਤਰੀਕ ਸੀ? ਕਿਹੜਾ ਦਿਨ ਸੀ? ਕਿਹੜੀ ਰੁੱਤ ਸੀ? ਕਿਹੜਾ ਮਹੀਨਾ ਸੀ? ਜਦੋਂ ਆਕਾਰ ਪੈਦਾ ਹੋਇਆ। ਜਦੋਂ ਸ੍ਰਿਸ਼ਟੀ ਦੀ ਸਿਰਜਣਾ ਹੋਈ। ਜਦੋਂ ਇਹ ਸਾਰਾ ਬ੍ਰਹਿਮੰਡ ਮੌਲਿਆ। ਸਵਾਲ ਹੈ। ਬਹੁਤ ਗਹਿਰਾ ਸਵਾਲ ਹੈ। ਇਹ ਅਧਿਆਤਮ ਤੇ ਵਿਗਿਆਨ ਨਾਲ ਖਹਿਸਰਵਾਂ ਸਵਾਲ ਹੈ। ਹਜ਼ਾਰਾਂ ਸਾਲਾਂ ਤੋਂ ਇਸ ਬਾਰੇ ਵਿਚਾਰ ਤੁਰ ਰਹੀ ਹੈ। ਪਰ ਗੁਰੂ ਨਾਨਕ ਦੇਵ ਕਹਿੰਦੇ ਨੇ ਕਿ ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣ।। ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖ ਕੁਰਾਣ।। ਪੌਰਾਣ ਲਿਖੇ ਗਏ। ਕੁਰਾਨ ਲਿਖੇ ਗਏ। ਪਰ ਕਿਸੇ ਨੇ ਵੀ ਇਨ੍ਹਾਂ ਸਵਾਲਾਂ ਦੀ ਥਾਹ ਨਹੀਂ ਪਾਈ। ਇਨ੍ਹਾਂ ਸਵਾਲਾਂ ਸਾਹਵੇਂ ਸਭ ਲਾਜਵਾਬ ਰਹੇ। ਸਭ ਲਾਚਾਰ ਰਹੇ। ਹੋਰ ਅਗਾਂਹ। ਉਹ ਸਭ ਵਿਚਾਰਧਰਾਵਾਂ ਨੂੰ ਨਿੱਕੇ ਜਿਹੇ ਨੁਕਤੇ ’ਤੇ ਲਪੇਟ ’ਚ ਲੈ ਲੈਂਦੇ ਨੇ। ਮਸਲਾ ਹੀ ਇੱਥੇ ਖੜ੍ਹਾ ਹੈ। ਭਰਮ ਹੀ ਇੱਥੋਂ ਪੈਦਾ ਹੁੰਦਾ ਹੈ। ਉਹ ਜਦੋਂ ਥਾਹ ਪਾ ਕੇ ਵਿਚਾਰ ਕਰਦੇ ਨੇ ਤਾਂ ਭਰਮ ਸ਼ੁਰੂ ਹੋ ਜਾਂਦਾ ਹੈ। ਭਰਮ ਨੇ ਹੀ ਅਗਾਂਹ ਕੁਸਿੱਧੇ ਰਾਹ ਲੈ ਕੇ ਜਾਣਾ ਹੈ। ਫਿਰ ਗੁਰੂ ਸਾਹਿਬ ਬਹੁਤ ਹੀ ਭਾਓ ਨਾਲ ਕਹਿੰਦੇ ਨੇ- ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ।। ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।। ਜੋ ਸਾਜਨਹਾਰ ਹੈ/ਸ੍ਰਿਸ਼ਟੀ ਕਰਤਾ ਹੈ। ਕਰਤਾ ਪੁਰਖ ਹੈ। ਵਿਧਾਤਾ ਹੈ। ਇਹ ਸਭ ਉਹੀ ਜਾਣਦਾ ਹੈ। ਉਸ ’ਚ ਵਿਲੀਨਤਾ ਹੀ ਸਭ ਵਿਚਾਰਾਂ/ਭਰਮਾਂ ਤੋਂ ਨਵਿਰਤੀ ਹੈ। ਛੁਟਕਾਰਾ ਹੈ। ਮੁਕਤੀ ਹੈ। ਤੂੰ ਹੀ ਹੈਂ ਬੱਸ।

ਹੁਣ ਵਿਨਿਮਰਤਾ ਹੈ। ਗੁਰੂ ਨਾਨਕ ਦੇਵ ਜਦੋਂ ਚਿੰਤਨ ’ਚ ਉਤਰਨਗੇ ਤਾਂ ਵਿਨਿਮਰਤਾ ਜੋ ਹੈ ਖ਼ੁਦ-ਬ-ਖ਼ੁਦ ਪੈਦਾ ਹੋਣ ਲੱਗੇਗੀ। ਤੁਸੀਂ ਆਤਮ ਚਿੰਤਨ ਨਾਲ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹੋ, ਤੁਹਾਡੇ ਮਨ ਉੱਤੇ ਵਿਨਿਮਰਤਾ ਦਾ ਭਾਵ ਭਾਰੂ ਹੋ ਜਾਵੇਗਾ। ਤੁਸੀਂ ਦਵ੍ਰਿਤ ਹੋਣ ਲੱਗਦੇ ਹੋ। ਉਵੇਂ ਹੀ ਸੋਚਣ ਲੱਗਦੇ ਹੋ। ਗੁਰੂ ਨਾਨਕ ਦੇਵ ਮਨ ’ਚ ਉਤਰ ਰਹੇ ਨੇ- ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ।। ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ।। ਮੈਂ ਕਿਵੇਂ ਦੱਸ ਸਕਦਾ ਹਾਂ। ਮੈਂ ਕਿਵੇਂ ਤੇਰੀ ਸਿਫਤ/ਸਲਾਹ ਕਰ ਸਕਦਾ ਹਾਂ। ਮੈਂ ਕੁੱਝ ਵੀ ਨਹੀਂ ਹਾਂ। ਹਾਂ ਇੱਥੇ ਬਹੁਤ ਸਿਆਣੇ ਫਿਰਦੇ ਨੇ, ਜੋ ਦੱਸਦੇ ਨੇ। ਉਹ ਦੱਸਦੇ ਨੇ ਤੇਰੇ ਬਾਰੇ। ਮੈਂ ਨਹੀਂ ਦੱਸ ਸਕਦਾ। ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ।। ਨਾਨਕ ਜੇ ਕੋ ਆਪੋ ਜਾਣੈ ਅਗੈ ਗਿਆ ਨ ਸੋਹੈ।।21।। ਉਹ ਬਹੁਤ ਵੱਡਾ ਹੈ। ਉਸ ਦੀਆਂ ਵਡਿਆਈਆਂ ਵੱਡੀਆਂ ਨੇ। ਉਹਦੇ ਬਾਰੇ ਨਹੀਂ ਕਿਹਾ ਜਾ ਸਕਦਾ। ਔਰ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਅਗਾਂਹ ਦਰਗਾਹ ’ਚ ਢੋਈ ਨਹੀਂ ਹੈ। ਨਿਬੇੜਾ ਹੀ ਕਰ ਦਿੱਤਾ। ਮੁਕਤ ਨਹੀਂ ਹੋ ਸਕਦਾ। ਅੱਗੇ ਨਾ ਸੋਹੇ। ਉੱਪਰ ਮੁਕਤੀ ਨਹੀਂ। ਉਹ ਸੋਹ ਹੀ ਨਹੀਂ ਸਕਦਾ। ਇਸ ਵਾਸਤੇ ਉਸ ਅੱਗੇ ਨੀਵੇਂ ਹੋ ਜਾਣਾ ਹੀ ਬਿਹਤਰ ਹੈ। ਉਸ ਨੂੰ ਧਿਆਉਣਾ ਹੀ ਬਿਹਤਰ ਹੈ। ਉਸ ’ਚ ਵਿਲੀਨਤਾ ਹੀ ਬਿਹਤਰ ਹੈ।

-ਦੇਸ ਰਾਜ ਕਾਲੀ