ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

8/14/2020 5:57:38 PM

(ਕਿਸ਼ਤ ਇੱਕਤਾਲੀਵੀਂ)

“ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ”

ਰਾਇ ਬੁਲਾਰ ਖ਼ਾਨ ਸਾਹਿਬ ਦੇ ਐਸੇ ਰੂਹ ਨੂੰ ਹੁਲਾਰਾ ਦੇਣ ਵਾਲੇ ਡੂੰਘੇ ਭਾਵਪੂਰਤ ਬਚਨ ਸੁਣ, ਸੁਣ ਰਹੇ ਹੋਰ ਸਭਨਾਂ ਦੀ ਤਾਂ ਭਾਵੇਂ ਨਿਸ਼ਾ ਹੋ ਗਈ ਪਰ ਮਹਿਤਾ ਕਾਲੂ ਜੀ ਦੇ ਕੁੱਝ ਪਿੜ-ਪੱਲੇ ਨਾ ਪਿਆ। ਵੀਹ ਰੁਪਏ ਹੱਥ ਵਿੱਚ ਫੜੀ, ਉਹ ਹੱਕੇ-ਬੱਕੇ ਜਿਹੇ ਵਾਪਸ ਆਪਣੇ ਘਰ ਪਰਤ ਆਏ। ਉਨ੍ਹਾਂ ਦਾ ਇਵੇਂ ਹੱਕੇ-ਬੱਕੇ ਰਹਿ ਜਾਣਾ ਇਸ ਗੱਲ ਦਾ ਸੰਕੇਤਕ ਸੀ ਕਿ ਉਨ੍ਹਾਂ ਦੇ ਨਿਪਟ ਕਾਰੋਬਾਰੀ ਅਤੇ ਦੁਨਿਆਵੀ ਮਨ ਨੂੰ, ਨਾਨਕ ਸਾਹਿਬ ਜੀ ਦੀ ਪੈਗ਼ੰਬਰੀ ਹਸਤੀ ਅਤੇ ਅਜ਼ਮਤ ਦੀ, ਰਾਇ ਸਾਹਿਬ ਜੀ ਵਾਂਗ ਅਜੇ ਪ੍ਰਤੀਤੀ ਨਹੀਂ ਸੀ ਹੋਈ। ਸੱਚ ਨੂੰ ਵੇਖ ਅਤੇ ਪਛਾਣ ਸਕਣ ਵਾਲੀ ਸਿਦਕ ਭਰੀ ਭਰੋਸੇਯੋਗਤਾ, ਰੂਹਾਨੀ ਸਮਰੱਥਾ ਅਤੇ ਨਿਰਮਲ ਦ੍ਰਿਸ਼ਟੀ ਅਜੇ ਉਨ੍ਹਾਂ ਦੇ ਅੰਤਰ-ਆਤਮੇ ਉਜਾਗਰ ਨਹੀਂ ਸੀ ਹੋ ਸਕੀ। ਨਿਰਸੰਦੇਹ ਸੰਸਾਰ ਅਤੇ ਸੰਸਾਰੀ ਮਨ ਦੀ ਪਰਵਾਜ਼ ਦੀ, ਆਪਣੀ ਇੱਕ ਸੀਮਾ ਹੁੰਦੀ ਹੈ।

ਬੱਦਲਾਂ ਦੇ ਛਟ ਜਾਣ ’ਤੇ, ਸੂਰਜ ਦੇ ਬਾਹਰ ਨਿਕਲ ਆਉਣ ਵਾਂਗ ਸੱਚੇ ਸੌਦੇ ਵਾਲੇ ਸਮੁੱਚੇ ਘਟਨਾਕ੍ਰਮ ਤੋਂ ਇਹ ਤੱਥ ਬਿਲਕੁਲ ਨਿੱਤਰ ਕੇ ਸਾਹਮਣੇ ਆਉਂਦਾ ਹੈ ਕਿ ਰਾਇ ਭੋਇ ਦੀ ਤਲਵੰਡੀ ਵਿੱਚ, ਬੇਬੇ ਨਾਨਕੀ ਜੀ ਤੋਂ ਇਲਾਵਾ ਰਾਇ ਬੁਲਾਰ ਸਾਹਿਬ ਜੀ ਇੱਕ ਹੋਰ ਅਜਿਹੇ ਵੱਡੇ ਸ਼ਖ਼ਸ ਸਨ ਜੋ ਨਾਨਕ ਸਾਹਿਬ ਜੀ ਦੀ ਮਹਾਨ ਪੈਗ਼ੰਬਰੀ ਅਜ਼ਮਤ (ਅਕਾਲ ਹਸਤੀ) ਨੂੰ ਨਾ ਕੇਵਲ ਪੂਰੀ ਤਰ੍ਹਾਂ ਪਛਾਣ ਹੀ ਚੁੱਕੇ ਸਨ, ਸਗੋਂ ਧੁਰ ਅੰਦਰੋਂ ਉਨ੍ਹਾਂ ਦੇ ਪੱਕੇ ਮੁਰੀਦ ਅਤੇ ਸ਼ਰਧਾਲੂ ਵੀ ਹੋ ਚੁੱਕੇ ਸਨ। 

ਇਸ ਘਟਨਾਕ੍ਰਮ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਇਸ ਵੱਡੇ ਸੱਚ ਤੋਂ ਭਲੀਭਾਂਤ ਵਾਕਿਫ਼ ਕਰਵਾ ਦਿੱਤਾ ਸੀ ਕਿ ਉਨ੍ਹਾਂ ਜਿਹੇ ਸੱਚ, ਪਿਆਰ ਅਤੇ ਨੇਕੀ ਦੇ ਰਾਹ ’ਤੇ ਚੱਲਣ ਵਾਲੇ ਨਿਰੰਕਾਰੀਆਂ (ਰੱਬ ਦੇ ਭਗਤਾਂ) ਦਾ ਸੰਸਾਰ ਅਤੇ ਸੰਸਾਰੀਆਂ ਨਾਲ ਜੋੜ ਸੰਭਵ ਨਹੀਂ। ਇਹੀ ਤੇਜੱਸਵੀ ਅੰਤਰ-ਸੂਝ ਬਾਅਦ ਵਿੱਚ ਉਨ੍ਹਾਂ ਦੀ ਵਿਚਾਰਧਾਰਾ (ਗੁਰਮਤਿ) ਦੇ ਇੱਕ ਅਹਿਮ ਪੱਖ ਦਾ ਮੂਲ ਆਧਾਰ ਅਤੇ ਪ੍ਰੇਰਨਾ-ਸੋਮਾ ਬਣ ਕੇ ਉਦੋਂ ਸ਼ਾਖ਼ਸ਼ਾਤ ਸਾਹਮਣੇ ਆਉਂਦੀ ਹੈ ਜਦੋਂ ਉਹ ਰਾਗ ਮਾਝ ਦੇ ਆਪਣੇ ਇੱਕ ਸ਼ਬਦ ਵਿੱਚ ਸਪਸ਼ਟ ਨਿਰਣਾ ਦਿੰਦਿਆਂ ਫ਼ਰਮਾਉਂਦੇ ਹਨ:

“ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ॥
ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ॥
ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ॥
ਸੈਸਾਰੀ ਆਪ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ॥

ਰਾਇ ਬੁਲਾਰ ਭੱਟੀ ਸਾਹਿਬ ਜੀ ਦੇ ਪਰਿਵਾਰ ਅਤੇ ਮਹਿਤਾ ਕਾਲੂ ਜੀ ਦੇ ਪਰਿਵਾਰ ਦਰਮਿਆਨ ਸਮਾਜਿਕ ਅਤੇ ਆਰਥਿਕ ਕਾਰਣਾਂ ਕਰਕੇ ਬੜੀ ਪੁਰਾਣੀ ਖ਼ਾਨਦਾਨੀ ਸਾਂਝ ਅਤੇ ਨੇੜ੍ਹਤਾ ਸੀ। ਪਹਿਲਾਂ ਮਹਿਤਾ ਕਾਲੂ ਜੀ ਦੇ ਪਿਤਾ ਬਾਬਾ ਸ਼ਿਵ ਰਾਮ ਜੀ ਬੇਦੀ, ਰਾਇ ਬੁਲਾਰ ਸਾਹਿਬ ਦੇ ਪਿਤਾ, ਜਨਾਬ ਰਾਇ ਭੋਇ ਸਾਹਿਬ ਦੀ ਜਾਗੀਰ ਦੇ ਮਾਲ ਮਹਿਕਮੇ ਦੇ ਪਟਵਾਰੀ ਸਨ। ਹੁਣ ਕਾਲੂ ਜੀ, ਰਾਇ ਬੁਲਾਰ ਸਾਹਿਬ ਦੇ ਮਾਲ ਵਿਭਾਗ ਵਿੱਚ ਪਟਵਾਰੀ ਦੇ ਅਹੁਦੇ ’ਤੇ ਤਾਇਨਾਤ ਸਨ।

ਮਹਿਤਾ ਕਾਲੂ ਜੀ ਦਾ ਜੱਦੀ ਅਰਥਾਤ ਪੁਸ਼ਤੈਨੀ ਪਿੰਡ ਰਾਇ ਭੋਇ ਦੀ ਤਲਵੰਡੀ ਨਹੀਂ ਸਗੋਂ ਪੱਠੇਵਿੰਡ ਸੀ। ਪਹਿਲਾਂ ਇਹ ਪਿੰਡ ਪੱਠੇਵਿੰਡਪੁਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ। ਅੱਜਕੱਲ ਇਸ ਪਿੰਡ ਦਾ ਨਾਂ ਡੇਹਰਾ ਸਾਹਿਬ, ਲੋਹਾਰ ਪ੍ਰਚਲਿਤ ਹੈ। ਇਹ ਪਿੰਡ ਤਰਨਤਾਰਨ ਜ਼ਿਲ੍ਹੇ ਅੰਦਰ ਤਰਨਤਾਰਨ ਤੋਂ 10 ਮੀਲ ਪੂਰਬ-ਦੱਖਣ ਦਿਸ਼ਾ ਵੱਲ, ਥਾਣਾ ਸਰਹਾਲੀ ਅਧੀਨ ਪੈਂਦਾ ਹੈ। ਕਿਉਂਕਿ ਇਹ ਪਿੰਡ (ਪੱਠੇਵਿੰਡ) ਥਾਣਾ ਸਰਹਾਲੀ ਦੇ ਪਿੰਡ ਲੋਹਾਰ ਦੇ ਰਕਬੇ ਵਿੱਚ ਹੈ, ਸ਼ਾਇਦ ਇਸੇ ਕਾਰਣ ਹੁਣ ਇਸਦਾ ਨਾਂ ਪੱਠੇਵਿੰਡ ਤੋਂ ਡੇਹਰਾ ਸਾਹਿਬ ਲੋਹਾਰ ਪ੍ਰਚਲਿਤ ਹੋ ਗਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਪਹਿਲਾਂ ਇਸ ਪਿੰਡ ਦਾ ਨਾਂ ‘ਪੱਠੇਵਿੰਡ’ ਸੀ। ਰਾਜਪੂਤ ਭੱਟੀਆਂ ਦਾ ਇੱਕ ਹੋਰ ਇਤਿਹਾਸਕ ਪਿੰਡ ‘ਜਾਮਾਰਾਇ’ ਇਸ ਪਿੰਡ ਤੋਂ ਤਕਰੀਬਨ ਡੇਢ ਮੀਲ ਦੀ ਦੂਰੀ ’ਤੇ ਹੈ।

ਰਾਇ ਬੁਲਾਰ ਸਾਹਿਬ ਜੀ ਦੇ ਵੱਡ-ਵਡੇਰਿਆਂ ਵੱਲੋਂ ਪੰਜਾਬ ਦੇ ਮਾਝੇ ਦੇ ਇਲਾਕੇ ਵਿੱਚ ਵਸਾਏ ਇਨ੍ਹਾਂ ਦੋ ਪਿੰਡਾਂ ‘ਜਾਮਾਰਾਇ’ ਅਤੇ ‘ਪੱਠੇਵਿੰਡ’ ਦੇ ਪਿਛੋਕੜ/ਇਤਿਹਾਸ ਨੂੰ ਹੋਰ ਵਿਸਥਾਰ ਵਿੱਚ ਜਾਣਨ ਅਤੇ ਸਮਝਣ ਲਈ ਭੱਟੀ ਗੋਤ ਦੇ ਰਾਜਪੂਤ ਜੱਟਾਂ ਦਾ ਇਤਿਹਾਸ (ਤਾਰੀਖ਼-ਏ-ਭੱਟੀਆਂ) ਬੜਾ ਢੁੱਕਵਾਂ ਅਤੇ ਪ੍ਰਮਾਣਿਕ ਦਸਤਾਵੇਜ਼ ਹੈ। ਇਸ ਅਨੁਸਾਰ ਰਾਇ ਬੁਲਾਰ ਸਾਹਿਬ ਦਾ ਵੱਡ-ਵਡੇਰਾ ਰਾਜਪੂਤ ਜਦੋਮਾਨ ਭੱਟੀ ਸੀ, ਜੋ ਕਿ ਰਾਜਸਥਾਨ ਦੇ ਜੈਸਲਮੇਰ ਇਲਾਕੇ ਦੇ ਰਾਜਪੂਤਾਨਾ ਰਿਆਸਤ/ਸਲਤਨਤ ਦਾ ਰਾਜਾ ਸੀ। 

ਜਦੋਮਾਨ ਭੱਟੀ ਦੀ ਵੰਸ਼ ਦਾ ਇਤਿਹਾਸ (ਬੰਸਾਵਲੀਨਾਮਾ) ਦੱਸਦਾ ਹੈ ਕਿ 1295 ਤੋਂ ਲੈ ਕੇ 1315 ਈਸਵੀ ਤੱਕ ਦੇ ਸਮੇਂ ਦੌਰਾਨ ਜਦੋਂ ਅਲਾਊਦੀਨ ਖਿਲਜੀ ਜੈਸਲਮੇਰ ਦੀ ਰਾਜਪੂਤਾਨਾ ਰਿਆਸਤ ’ਤੇ ਹਮਲਾ ਕਰਦਾ ਹੈ ਤਾਂ ਉਸ ਸਮੇਂ ਇਸ ਇਲਾਕੇ ’ਤੇ ਕਾਬਜ਼ ਵੱਖ-ਵੱਖ ਭੱਟੀ ਪਰਿਵਾਰਾਂ ਵਿੱਚੋਂ, ਕੁੱਝ ਭੱਟੀ ਸਰਦਾਰ ਉਸਦਾ ਡੱਟ ਕੇ ਮੁਕਾਬਲਾ ਕਰਦੇ ਹਨ; ਲੜਨਾ ਅਤੇ ਮਰਨਾ ਕਬੂਲ ਕਰਦੇ ਹਨ, ਹਾਰ ਜਾਂ ਈਨ ਨਹੀਂ ਸਵੀਕਾਰਦੇ। ਕੁੱਝ ਦੀਨ-ਏ-ਇਸਲਾਮ ਕਬੂਲ ਕਰਕੇ, ਉਸਦੀ ਈਨ ਮੰਨਣ ਵਿੱਚ ਹੀ ਆਪਣੀ ਭਲਾਈ ਮੰਨਦੇ ਹਨ ਜਦੋਂਕਿ ਕੁੱਝ ਇੱਕ ਜੈਸਲਮੇਰ ਦਾ ਇਲਾਕਾ ਛੱਡ ਕੇ ਪੰਜਾਬ ਵੱਲ ਆ ਜਾਂਦੇ ਹਨ। ਭਾਵ ਜੈਸਲਮੇਰ ਤੋਂ ਪੰਜਾਬ ਦੇ ਇਲਾਕੇ ਵਿੱਚ ਪਰਵਾਸ ਕਰ ਜਾਂਦੇ ਹਨ। ਇਵੇਂ ਅਲਾਊਦੀਨ ਖਿਲਜੀ ਦੇ ਹਮਲਿਆਂ ਸਮੇਂ ਭੱਟੀ ਖ਼ਾਨਦਾਨ ਉਪਰੋਕਤ ਭਾਂਤ ਦੇ ਤਿੰਨ ਵਰਗਾਂ ਵਿੱਚ ਵੰਡਿਆ ਜਾਂਦਾ ਹੈ।

ਉਸ ਸੰਕਟ ਦੇ ਸਮੇਂ ਜਿਨਾਂ ਰਾਜਪੂਤ ਸਰਦਾਰਾਂ ਨੇ ਅਲਾਊਦੀਨ ਖਿਲਜੀ ਨੂੰ ਤਕੜੀ ਟੱਕਰ ਦਿੱਤੀ, ਉਨ੍ਹਾਂ ਦਾ ਪ੍ਰਮੁੱਖ ਇੱਕ ਛੋਟੀ ਉਮਰ ਦਾ ਦਲੇਰ ਨੌਜਵਾਨ ਰਾਣਾ ਰਾਓ ਸੀ. ਭੱਟੀ ਵੰਸ਼ ਦਾ ਇਤਿਹਾਸ ਦੱਸਦਾ ਹੈ ਕਿ ਰਾਣਾ ਰਾਇ ਨਾਂ ਦਾ ਇਹ ਬਹਾਦਰ ਨੌਜਵਾਨ ਜੈਸਲ ਰਾਵਲ ਨਾਮਕ ਰਾਜਪੂਤ ਦੇ ਪਰਿਵਾਰ ਵਿੱਚੋਂ ਸੀ। ਰਾਜਾ ਜੈਸਲ ਰਾਵਲ, ਰਾਜਪੂਤਾਨਾ ਦੇ ਰਾਜਾ ਦੇਵਚੰਦ ਦੀ ਅੱਠਵੀਂ ਪੀੜ੍ਹੀ ਵਿੱਚੋਂ ਸੀ।

ਅਲਾਊਦੀਨ ਖਿਲਜੀ ਨੂੰ ਇਤਿਹਾਸ ਅੰਦਰ ਜਦੋਂ ਅਸੀਂ ਇੱਕ ਹਮਲਾਵਰ ਰਜਵਾੜੇ ਦੇ ਰੂਪ ਵਿੱਚ, ਸੰਤੁਲਿਤ ਨਜ਼ਰੀਏ ਨਾਲ ਜਾਣਨ ਅਤੇ ਸਮਝਣ ਦਾ ਯਤਨ ਕਰਦੇ ਹਾਂ ਤਾਂ ਇਸ ਸਿੱਟੇ ’ਤੇ ਪੁੱਜਦੇ ਹਾਂ ਕਿ ਕਈ ਸਾਰੇ ਔਗੁਣਾਂ/ਦੋਸ਼ਾਂ ਦੇ ਬਾਵਜੂਦ ਉਸ ਵਿੱਚ ਕੁੱਝ ਜ਼ਿਕਰਯੋਗ ਗੁਣ ਵੀ ਸਨ। ਉਸਦਾ ਇੱਕ ਬੜਾ ਵੱਡਾ ਅਤੇ ਵਿਲੱਖਣ ਗੁਣ ਇਹ ਸੀ ਕਿ ਉਹ ਯੋਧਿਆਂ ਦੀ ਸੂਰਬੀਰਤਾ ਦਾ ਬੜਾ ਕਦਰਦਾਨ ਸੀ। ਬਹਾਦਰੀ ਦਾ ਸਤਿਕਾਰ ਕਰਨ ਲੱਗਾ ਉਹ ਇਹ ਨਹੀਂ ਸੀ ਵੇਖਦਾ ਕਿ ਯੋਧਾ ਉਸਦਾ ਸਾਥੀ ਹੈ ਜਾਂ ਦੁਸ਼ਮਣ।

                                                                                                                         ਚਲਦਾ...........
                                                                                                                                           
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com


rajwinder kaur

Content Editor rajwinder kaur