ਮੰਨੈ ਧਰਮ ਸੇਤੀ ਸਨਬੰਧੁ

7/3/2019 11:32:34 AM

ਨਿਰਗੁਣ ਸ਼ਬਦ ਵਿਚਾਰ- 10
ਦੇਸ ਰਾਜ ਕਾਲੀ
7986702493

ਚੌਧਵੀਂ  ਪਾਉੜੀ
ਮੰਨੈ, ਧਰਮ ਸੇਤੀ ਸਨਬੰਧ।।   
।।

ਮੰਨੈ, ਮਾਰਗਿ ਠਾਕ ਨ ਪਾਇ।। ਮੰਨੈ, ਪਤਿ ਸਿਉ ਪਰਗਟੁ ਜਾਇ।। ਮੰਨੈ, ਮਗੁ ਨ ਚਲੈ ਪੰਥੁ।। ਮੰਨੈ, ਧਰਮ ਸੇਤੀ ਸਨਬੰਧੁ£ ਐਸਾ ਨਾਮ ਨਿਰੰਜਨੁ ਹੋਇ।। ਜੇ ਕੋ ਮੰਨਿ ਜਾਣੈ ਮਨਿ ਕੋਇ।। 14 ।।
ਜੀਵਨ ਪੰਧ। ਧਰਮ ਕੇ ਮਾਰਗ। ਇਹ ਜੋ ਜੀਵਨ ਦਾ ਪੰਧ ਹੈ, ਜੋ ਧਰਮ ਦਾ ਮਾਰਗ ਹੈ, ਇਹ ਮਾਰਗ ਕੀ ਹੈ? ਇਹ ਪਾਉੜੀ ਉਸ ਮਾਰਗ ਦੀ ਨਿਸ਼ਾਨਦੇਹੀ ਤੋਂ ਸ਼ੁਰੂਆਤ ਕਰਦੀ ਹੈ। ਮਾਰਗ ਕੀ ਹੈ? ਕੌਣ ਰੋਕਦਾ ਹੈ ਉਸ 'ਤੇ ਚੱਲਣੋ। ਰੁਕਾਵਟ ਹੈ। ਕੋਈ ਰੋਕ ਰਿਹਾ ਹੈ। ਤੁਸੀਂ ਰੁਕੇ ਹੋਏ ਹੋ। ਨਹੀਂ ਚੱਲਿਆ ਜਾ ਰਿਹਾ। ਕਿਤੇ ਨਾ ਕਿਤੇ ਕੁਝ ਨਕਾਰਾਤਮਕ ਹੈ, ਜੋ ਰਾਹ ਰੋਕੀ ਖੜਾ ਹੈ। ਮਨ 'ਚ ਹੈ ਕਿ ਤੁਰਨਾ ਹੈ ਇਸ ਰਾਹ। ਪਰ ਕੋਈ ਹੈ ਜੋ ਰਾਹ ਰੋਕੀ ਖੜਾ ਹੈ। ਕੌਣ ਹੈ? ਕੀ ਹੈ ਕਿ ਤੁਸੀਂ ਰੁਕ ਗਏ? ਕਿਸੇ ਹੋਰ ਪਾਸੇ ਨਿਕਲ ਗਏ। ਜਦੋਂ ਸੁਰਤ ਆਈ, ਕੋਹਾਂ ਦਾ ਪੈਂਡਾ ਤੁਰ ਲਿਆ ਸੀ। ਕਈ ਵਾਰ ਤਾਂ ਪਿੱਛੇ ਮੁੜਨਾ ਮੁਹਾਲ ਹੋ ਜਾਂਦਾ ਹੈ। ਪਤਾ ਹੀ ਨਹੀਂ ਚੱਲਦਾ ਕਿ ਕਿਸ ਪਾਸੇ ਤੁਰੇ ਸੀ, ਕਿਸ ਪਾਸੇ ਨਿਕਲ ਆਏ। ਖਬਰ ਹੀ ਨਹੀਂ ਹੁੰਦੀ। ਜੇ ਕਿਸੇ ਨੂੰ ਖਬਰ ਵੀ ਹੋ ਜਾਵੇ, ਤਾਂ ਗਨੀਮਤ। ਖਬਰ ਹੀ ਨਹੀਂ ਹੁੰਦੀ। ਪਰ ਨਹੀਂ, ਗੁਰੂ ਸਾਹਿਬ ਕਹਿੰਦੇ ਨੇ ਜਦੋਂ ਮੰਨ ਲਿਆ, ਵਹਿ ਤੁਰੇ, ਰਿਦਮ 'ਚ ਹੋ ਗਏ, ਭਾਣੇ 'ਚ ਹੋ ਗਏ, ਫਿਰ ' ਮਾਰਗਿ ਠਾਕ ਨ ਪਾਇ।।' ਫਿਰ ਕੋਈ ਵੀ ਰਾਹ ਦਾ ਰੋੜਾ ਨਹੀਂ ਬਣ ਸਕਦਾ। ਫਿਰ ਕਿਸੇ ਨੇ ਰਾਹ ਨਹੀਂ ਰੋਕ ਪਾਉਣਾ। ਅਡਿੱਗ ਹੈ ਫਿਰ ਮੰਜ਼ਿਲ। ਰਾਹ 'ਚ ਕੋਈ ਰੁਕਾਵਟ ਨਹੀਂ। ਕ੍ਰਿਸ਼ਮਾ ਹੈ। ਜੀਵਨ 'ਚ ਬਹੁਤ ਵਾਰ ਕ੍ਰਿਸ਼ਮਈ ਕੁਝ ਘਟਦਾ ਹੈ। ਅਸੀਂ ਸੁੱਤੇ ਪਏ ਹੀ ਜੀਵੀ ਜਾਂਦੇ ਹਾਂ। ਹਰ ਪਲ ਕੁਝ ਨਾ ਕੁਝ ਕ੍ਰਿਸ਼ਮਈ ਘਟ ਰਿਹਾ ਹੈ। ਸੂਰਜ ਦਾ ਉਦੈ ਹੋਣਾ ਕ੍ਰਿਸ਼ਮਈ ਨਹੀਂ? ਕੁਦਰਤ ਦਾ ਹਰ ਪਲ ਕ੍ਰਿਸ਼ਮਈ ਹੈ। ਜੋ ਕੁਝ ਵੀ ਕ੍ਰਿਸ਼ਮੇਂ ਹਨ, ਇਨ੍ਹਾਂ ਨਾਲ ਇਕਮਿੱਕਤਾ ਤਾਂ ਜਾਹਰ ਕਰੋ, ਤੁਸੀਂ ਅਨੰਦ ਨਾਲ ਭਰ ਜਾਵੋਗੇ। ਧਿਆਨ ਲਾਉਣ ਲਈ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਬੈਠਣਾ ਕੋਈ ਜ਼ਰੂਰੀ ਨਹੀਂ। ਤੁਸੀਂ ਫੁੱਲ ਖਿੜਦੇ ਨੂੰ ਦੇਖੋ, ਮਹਿਸੂਸ ਕਰੋ, ਧਿਆਨ ਹੀ ਹੈ। ਉਹ ਦੇ ਨਾਲ ਇਕਮਿਕਤਾ ਮਹਿਸੂਸ ਕਰੋ, ਕੁਦਰਤ ਨਾਲ ਇਕਮਿਕਤਾ। ਤੁਸੀਂ ਧਿਆਨ 'ਚ ਹੁੰਦੇ ਹੋ। ਉਸ ਨੂੰ ਜਾਣ ਲਿਆ, ਉਹ ਗਾਉਣ ਲੱਗੇ ਜਿਸ 'ਚ ਕੋਈ ਸ਼ਬਦ ਨਹੀਂ, ਧੁਨ ਨਹੀਂ, ਤਾਂ ਸਮਝੋ ਉਸ ਨੂੰ ਮੰਨ ਲਿਆ। ਉਸੇ 'ਚ ਪਤੀਜ ਗਏ। ਜੇਕਰ ਪਤੀਜ ਗਏ ਤਾਂ ਫਿਰ ਜੋ ਮਾਰਗ ਹੈ, ਉਹ ਆਪੇ ਸਪਸ਼ਟ ਹੋ ਜਾਵੇਗਾ। ਉਸ ਮਾਰਗ 'ਚ ਫਿਰ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ। ਮੰਨੈ, ਮਾਰਗਿ ਠਾਕ ਨ ਪਾਇ।।

ਇਨ੍ਹਾਂ ਪਾਉੜੀਆਂ 'ਚ ਬਹੁਤ ਖੇਡਾਂ ਨੇ, ਕਾਵਿ-ਜੁਗਤ ਦੀਆਂ ਖੇਡਾਂ। ਇਸ ਪਾਉੜੀ 'ਚ ਵੀ ਖੇਡਾਂ ਨੇ। ਪਹਿਲੀ ਸਤਰ ਕੁਦਰਤ ਨਾਲ ਬੰਦੇ ਦੀ ਸਾਂਝ, ਬੰਦੇ ਦੀ ਬੰਦਗੀ ਦੇ ਅਹਿਸਾਸ ਵਾਲੀ ਹੈ। ਦੂਸਰੀ ਸਤਰ ਕੁਦਰਤ ਤੋਂ ਇਕਦਮ ਦੂਸਰੇ ਮੋੜ ਵਾਲੀ, ਬੰਦੇ ਨੂੰ ਸੰਬੋਧਨ ਹੈ। ਬੰਦੇ ਨੂੰ ਹੰਕਾਰ ਤੋਂ ਮੁਕਤ ਕਰ ਦੇਣ ਵਾਲੀ, ਉਹ ਬਿਲਕੁੱਲ ਉਲਟੇ ਰੁਖ਼ ਗੱਲ ਕਰਕੇ। ਪਹਿਲਾਂ ਇਹ ਵੀ ਲੱਗ ਸਕਦਾ ਹੈ ਕਿ ਬੰਦੇ ਦੇ ਹੰਕਾਰ ਨੂੰ ਸਹਿਲਾਇਆ ਗਿਆ ਹੈ। ਪਰ ਨਹੀਂ, ਇਸ ਸਤਰ ਦੇ ਬਹੁਤ ਡੂੰਘੇ ਮਾਇਨੇ ਨੇ। ਮੰਨੈ, ਪਤਿ ਸਿਉ ਪਰਗਟੁ ਜਾਇ।। ਮਨੁੱਖ ਦੇ ਵਿਗਾਸ ਦੀ ਗੱਲ ਹੈ। ਮਨੁੱਖ ਦੇ ਵੱਡਮਨੁੱਖ ਹੋਣ ਦੀ ਨਿਸ਼ਾਨੀ ਹੈ। ਪਰਗਟ ਹੁੰਦਾ ਹੈ। ਮਨੁੱਖ ਪਰਗਟ ਹੁੰਦਾ ਹੈ। ਪਹਿਲਾਂ ਜੋ ਹੈ, ਉਹ ਦੇਹ ਹੈ। ਹੁਣ ਅੰਤਰੀਵ 'ਚ ਕੁਝ ਘਟਿਤ ਹੋਇਆ ਹੈ। ਅੰਦਰ ਕੋਈ ਕਸਤੂਰੀ ਮਹਿਕੀ ਹੈ। ਹਜਰਤ ਸੁਲਤਾਨ ਬਾਹੂ ਜਿਸ ਨੂੰ 'ਅੰਦਰ ਬੂਟੀ ਮੁਸ਼ਕ ਮਚਾਇਆ, ਜਾ ਫੁੱਲਾਂ 'ਤੇ ਆਈ ਹੂ!' ਕਹਿੰਦੇ ਨੇ। ਅੰਤਰ 'ਚ ਕੁਝ ਘਟਿਆ ਹੈ। ਬੂਟੀ ਫੁੱਲਾਂ 'ਤੇ ਆ ਗਈ ਹੈ। ਮਨੁੱਖ ਜੋ ਹੈ, ਉਹ ਕੁਰਤ ਦੇ ਚਿਹਨ ਚੱਕਰ 'ਚ ਆ ਗਿਆ ਹੈ। ਕੁਦਰਤ ਹੀ ਹੋ ਗਿਆ। ਅੰਦਰ ਮਹਿਕ ਮੱਚ ਉੱਠੀ ਹੈ। ਪਹਿਲਾਂ ਅਗਨ ਮੱਚ ਰਹੀ ਸੀ। ਕੋਈ ਗੁੱਝੀ ਅਗਨ। ਹੁਣ ਮਹਿਕ ਹੈ ਉਸ ਬੂਟੀ ਦੀ, ਜਿਸ ਨੂੰ ਹਜਰਤ ਸੁਲਤਾਨ ਬਾਹੂ ਨੇ ਇਕ ਮੈਟਾਫਰ ਵਜੋਂ ਇਸਤੇਮਾਲ ਕੀਤਾ ਹੈ। ਇਹ ਸਾਰੇ ਗੁਣੀ ਲੋਕ ਇਕੋ ਅਨੁਭਵ 'ਚੋਂ ਗੁਜਰਦੇ ਨੇ। ਕਹਿਣ ਦਾ ਅੰਦਾਜ਼ ਅਲੱਗ-ਅਲੱਗ ਅਤੇ ਅਨੁਭਵ ਇਕੋ ਹੈ। ਕਬੀਰ ਸਾਹਿਬ ਨੂੰ ਉਹ ਲੋਅ ਦਿਖਾਈ ਦਿੰਦੀ ਹੈ। ਬਾਹੂ ਨੂੰ ਮਹਿਕ ਮਹਿਸੂਸ ਹੁੰਦੀ ਹੈ। ਦੋਵੇਂ ਇਕੋ ਅਨੁਭਵ 'ਚੋਂ ਗੁਜਰ ਰਹੇ ਨੇ। ਗੁਰੂ ਨਾਨਕ ਦੇਵ ਜੀ ਇਸ ਨੂੰ ਪਰਗਟ ਹੋਣਾ ਕਹਿ ਰਹੇ ਨੇ। ਪਰਗਟ ਹੋਣ 'ਚ ਲੋਅ ਹੈ, ਮਹਿਕ ਵੀ ਹੈ। ਪਰ ਜੇਕਰ ਪਰਗਟ ਵੀ ਹੋ ਰਿਹਾ ਹੈ, ਤਾਂ ਪਤਿ ਸਿਉ, ਸ਼ੋਭਾ ਖੱਟ ਕੇ। ਲੋਕ ਸ਼ੋਭਾ ਕਰ ਰਹੇ ਨੇ। ਲੋਕ ਉਸ ਦੇ ਨਾਮ ਨੂੰ ਯਾਦ ਰੱਖ ਰਹੇ ਨੇ। ਉਹਦੇ ਦਰਸਾਏ ਮਾਰਗ 'ਤੇ ਚੱਲ ਕੇ ਖੁਸ਼ੀ ਪਾ ਰਹੇ ਨੇ। ਉਹਦਾ ਪੰਧ ਹੀ ਕੁਦਰਤ ਦਾ ਪੰਧ ਹੈ। ਉਹੀ ਸੱਚ ਹੈ। ਉਸੇ ਨੇ ਪਰਗਟ ਹੋਣਾ ਹੈ। ਜੇ ਮੰਨ ਲਿਆ, ਪਰਗਟ ਹੋਣਾ ਤਹਿ ਹੈ। ਮਹਿਕ ਤਹਿ ਹੈ। ਲੋਅ ਤਹਿ ਹੈ। ਇਹ ਅਨੁਭਵ ਗੁਰਮੁਖਿ ਦਾ ਅਨੁਭਵ ਹੈ। ਗੁਰੂ ਨਾਨਕ ਦੇਵ ਜੀ ਇਸੇ ਅਨੁਭਵ ਦੀ ਸੈਲੀਬ੍ਰੇਸ਼ਨ 'ਚ ਨੇ। ਮੌਜ 'ਚ ਨੇ, ਮਸਤੀ 'ਚ ਨੇ। ਉਹ ਆਪਣੇ ਗੁਰਮੁਖਿ ਦੀ ਇਸ ਅਵਸਥਾ 'ਚ ਅਨੰਦ ਵਿਭੋਰ ਨੇ। ਮੰਨੈ, ਪਤਿ ਸਿਉ ਪਰਗਟੁ ਜਾਇ।।

ਮੰਨੈ, ਮਗੁ ਨ ਚਲੈ ਪੰਥੁ।। ਫਿਰ ਇਕ ਖੇਡ ਹੈ। ਸ਼ਬਦ ਖੇਡ। ਗੁਰੂ ਗ੍ਰੰਥ ਸਾਹਿਬ 'ਚ ਮਾਰਗੁ ਦੀ ਗੱਲ ਹੈ, ਕਿਤੇ ਪਹੁੰਚਣਾ ਹੈ, ਕੋਈ ਨਿਸ਼ਾਨਾ ਹੈ। ਗੁਰੂ ਸਾਹਿਬ ਇੱਥੇ ਖੇਡਦੇ ਨੇ, ਕਿ ਕੋਈ ਮਾਰਗੁ ਨਹੀਂ, ਪੰਧੁ ਨਹੀਂ। ਹੈ ਹੀ ਨਹੀਂ। ਕਿਸੇ ਪਾਸੇ ਨਹੀਂ ਜਾਣਾ। ਕੋਈ ਮਾਰਗ ਨਹੀਂ ਹੈ। ਪੰਥੁ ਨਹੀਂ ਹੈ। ਜੇ ਮੰਨ ਲਿਆ ਤਾਂ ਮਾਰਗ ਮੁਕਤ ਹੋ ਗਏ। ਇਹ ਸਾਰਾ ਅਨੁਭਵ ਮੁਕਤੀ ਦਾ ਅਨੁਭਵ ਹੈ। ਪਰਗਟ ਹੋ ਗਏ, ਉਹ ਵੀ ਸ਼ੋਭਾ ਪਾ ਕੇ। ਸ਼ੋਭਾ ਇੱਥੇ ਮੁਕਤੀ ਹੈ। ਸ਼ੋਭਾ 'ਚ ਫਸ ਕੇ ਨਹੀਂ ਰਹਿ ਜਾਣਾ। ਸ਼ੋਭਾ ਕੁਝ ਵੀ ਨਹੀਂ ਹੈ। ਸ਼ੋਭਾ ਹੀ ਤਾਂ ਨਹੀਂ ਹੈ। ਸ਼ੋਭਾ ਹੈ ਤਾਂ ਹੰਕਾਰ ਆ ਗਿਆ। ਹੰਕਾਰ ਹੈ ਤਾਂ ਵਿਕਾਰ ਪੈਦਾ ਹੋ ਗਿਆ। ਇਹ ਤਾਂ ਭਟਕਣ ਹੈ। ਸ਼ੋਭਾ ਤਾਂ ਭਟਕਣ ਹੈ। ਇਸ ਲਈ ਸ਼ੋਭਾ ਨੂੰ ਸਮਝੋ। ਇਹਦੇ ਤੋਂ ਹੀ ਮੁਕਤੀ ਪਾਉਣੀ ਹੈ। ਮਾਰਗ ਤੋਂ ਹੀ ਮੁਕਤੀ ਹੈ। ਜੇ ਮੰਨ ਲਿਆ ਤਾਂ ਮੁਕਤ ਹੋ ਗਏ। ਵੀਲੀਨ ਹੀ ਹੋ ਗਏ। ਵੀਲੀਨ ਹੋਣਾ ਬਹੁਤ ਔਖਾ ਹੈ। ਨਾ ਹੋਣ ਦੇ ਨਤੀਜੇ ਅਸੀਂ ਭੁਗਤੇ ਨੇ। ਦੁਨੀਆਵੀ ਮੌਕਿਆਂ ਨੂੰ ਘੋਖੀਏ ਤਾਂ ਪਤਾ ਨਹੀਂ ਕਿੰਨੇ ਦੁੱਖ ਜੋ ਨੇ, ਜਾਂ ਕਹੋ ਸਾਰੇ ਦੁੱਖ ਜੋ ਨੇ, ਬਾਬੇ ਫਰੀਦ ਦੀ ਜੋ ਗੁੱਝੀ ਅਗਨ ਹੈ, ਵੀਲੀਨਤਾ ਤੋਂ ਭੱਜਣਾ ਹੈ। ਹਉਂ ਦੀ ਲੜਾਈ ਦੇ ਨਾਂਅ 'ਤੇ ਹਊਮੈ ਦਾ ਪ੍ਰਗਟਾਵਾ ਹੈ। ਪਤਾ ਹੀ ਨਹੀਂ ਲੱਗਦਾ ਬੰਦੇ ਨੂੰ। ਪਤਾ ਤਾਂ ਲੱਗੇ, ਜੇ ਮੰਨ ਲਿਆ। ਜੇ ਮੰਨਿ ਲਿਆ ਤਾਂ ਫੇਰ ਪੰਧ ਖਤਮ, ਮੁਕਤ ਹੋ ਗਏ। ਮੁਕਤੀ ਹੀ ਮਾਰਗ ਹੈ। ਮਾਰਗ ਹੀ ਮੁਕਤੀ ਹੈ। ਦੋਵੇਂ ਇਕ ਦੂਸਰੇ 'ਚ ਵੀਲੀਨ ਨੇ। ਇਹ ਨੁਕਤਾ ਬਹੁਤ ਗਹਿਰਾ ਹੈ। 

ਮੰਨੈ, ਧਰਮ ਸੇਤੀ ਸਨਬੰਧੁ।। ਸਾਡੇ ਫਲਸਫੇ ਕੋਲ 9 ਖੰਡ ਨੇ। ਸੱਚਖੰਡ, ਧਰਮ ਖੰਡ, ਗਿਆਨ ਕੰਡ, ਕਰਮ ਖੰਡ, ਬ੍ਰਹਮ ਖੰਡ, ਰੂਪ ਖੰਡ, ਅੰਬਰ ਸਰ, ਪ੍ਰਿਥਵੀ ਤੇ ਨਰਕ। ਜਪੁਜੀ ਸਾਹਬ 'ਚ ਹੀ ਅੱਗੇ ਕਈ ਖੰਡਾਂ ਦਾ ਜ਼ਿਕਰ ਆਵੇਗਾ। ਆਪਣੇ ਨਿਵੇਕਲੇ ਅੰਦਾਜ਼ 'ਚ। ਗੁਰੂ ਨਾਨਕ ਪਾਤਸ਼ਾਹ ਜਦੋਂ ਵੀ ਭਾਰਤੀ ਫਲਸਫੇ 'ਚੋਂ ਕੁਝ ਸਿਧਾਂਤਾ ਨਾਲ ਸੰਵਾਦ ਰਚਾਉਂਦੇ ਨੇ ਤਾਂ ਨਵੀਆਂ ਲੋਆਂ ਪੈਦਾ ਕਰਦੇ ਨੇ, ਉਨ੍ਹਾਂ ਦੇ ਅਰਥਾਂ ਨੂੰ ਹੋਰ ਵਸੀਹ ਬਣਾ ਦਿੰਦੇ ਨੇ। ਉਨ੍ਹਾਂ ਦੇ ਭਾਵ ਨਵੀਂ ਭਾਅ ਮਾਰਨ ਲੱਗਦੇ ਨੇ। ਇੱਥੇ ਧਰਮ ਖੰਡ ਦੇ ਸਿਧਾਂਤ 'ਚ ਪੈਣ ਤੋਂ ਪਹਿਲਾਂ ਹੀ ਧਰਮ ਵੱਲ ਇਸ਼ਾਰਾ ਹੈ। ਧਰਮ ਹੈ ਕੀ? ਇਹ ਵੀ ਸਮਝਣ ਵਾਲਾ ਸਵਾਲ ਹੈ। ਇਕ ਸਤਰ 'ਚ ਹੀ ਬਹੁਤ ਕੁਝ ਬੰਨ੍ਹ ਦਿੱਤਾ ਗਿਆ ਹੈ। ਮੰਨ ਲਿਆ ਤਾਂ ਧਰਮ ਨਾਲ ਸੰਬੰਧ ਪੈਦਾ ਹੋ ਗਿਆ। ਸੰਬੰਧ ਆਟੋਮੈਟੀਕਲੀ। ਆਪਣੇ ਆਪ ਹੀ। ਜਿਵੇਂ ਘਟਿਤ ਹੋ ਗਿਆ। ਜਿਵੇਂ ਬਹੁਤ ਕੁਝ ਕ੍ਰਿਸ਼ਮਈ ਤਰੀਕੇ ਨਾਲ ਘਟਿਤ ਹੋ ਗਿਆ। ਮੰਨ ਲਿਆ। ਧਰਮ ਨਾਲ ਸੰਬੰਧ ਜੁੜ ਗਿਆ। ਮੰਨੈ, ਧਰਮ ਸੇਤੀ ਸਨਬੰਧੁ।। ਸੰਬੰਧ ਪੈਦਾ ਹੋ ਗਿਆ। ਉਹ ਕਿਸੇ ਵੀ ਤਰ੍ਹਾਂ ਦੇ ਅਨੁਭਵ ਦੀ ਗੱਲ ਨਹੀਂ ਕਰ ਰਹੇ। ਉਹ ਬੱਸ ਧਰਮ ਹੋ ਗਏ ਦੀ ਗੱਲ ਕਰ ਰਹੇ ਨੇ। ਫਿਰ ਇੱਕਦਮ ਵੀਲੀਨਤਾ ਵਾਲੀ ਸਥਿਤੀ ਹੈ। ਧਰਮ ਹੀ ਹੋ ਗਏ। ਤੁਹਾਨੂੰ ਖਬਰ ਵੀ ਨਹੀਂ ਹੈ। ਪਰੰਤੂ ਧਰਮ ਹੀ ਹੋ ਗਏ। ਤੁਸੀਂ ਰਹੇ ਹੀ ਨਹੀਂ। ਧਰਮ ਹੈ ਬੱਸ। ਧਰਮ ਦੀ ਵਿਆਖਿਆ ਅੱਗੇ ਆਵੇਗਾ। ਇੱਥੇ ਤਾਂ ਸਿਰਫ ਇਹ ਇਸ਼ਾਰਾ ਹੈ ਕਿ ਧਰਮ 'ਚ ਤੁਸੀਂ ਕੁਝ ਨਹੀਂ ਹੋ । ਤੁਸੀਂ ਸਿਰਫ ਮੰਨੇ ਵਾਲੀ ਪੁਜ਼ੀਸ਼ਨ ਲਈ ਵਿਵੇਕ ਤੋਂ ਵੈਰਾਗ ਤੱਕ ਪਹੁੰਚਣਾ ਹੈ। ਵੈਰਾਗ ਹੈ ਤਾਂ ਮੰਨ ਲਿਆ। ਮੰਨਿ ਲਿਆ ਤਾਂ ਧਰਮ ਹੋ ਗਏ। 

ਫਿਰ ਉਸ ਨਿਰੰਜਨੁ, ਉਸ ਸਪੌਟਲੈੱਸ, ਉਸ ਨਿਰਾਕਾਰ, ਨਿਰਭਉ, ਨਿਰਵੈਰ 'ਚ ਦੇ ਨਾਮ ਦੀ ਉਸਤਤ ਹੈ, ਐਸਾ ਨਾਮ ਨਿਰੰਜਨੁ ਹੋਇ।। ਜੇ ਕੋ ਮੰਨਿ ਜਾਣੈ ਮਨਿ ਕੋਇ£ ਉਹੀ ਐਸਾ ਨਾਮ ਹੈ, ਉਹੀ ਸੱਚ ਹੈ, ਜਿਹਨੇ ਮੰਨ ਲਿਆ, ਮੁਕਤ ਹੋ ਗਿਆ। ਉਹ ਮਾਰਗ ਰਹਿਤ ਹੋ ਗਿਆ, ਧਰਮ ਹੋ ਗਿਆ। ਵੀਲੀਨ ਹੋ ਗਿਆ। ਕੁਦਰਤ ਨਾਲ ਇਕਮਿੱਕ ਹੋ ਗਿਆ। ਕੁਦਰਤ ਹੀ ਹੋ ਗਿਆ।


rajwinder kaur

Edited By rajwinder kaur