ਕਲਯੁੱਗ ਦੇ ਅਵਤਾਰ ਗੁਰੂ ਨਾਨਕ

7/3/2019 12:33:56 PM

ਭਾਰਤ ਵਿਚ ਸਮੇਂ ਨੂੰ ਚਾਰ ਯੁੱਗਾਂ ਸਤਿਯੁੱਗ, ਦੁਆਪਰ, ਤ੍ਰੇਤਾ ਅਤੇ ਕਲਯੁੱਗ ਵਿਚ ਵੰਡਿਆ ਹੋਇਆ ਹੈ। ਸਿੱਖ ਧਰਮ ਵਿਚ ਇਹੋ ਜਿਹੀ ਵੰਡ ਨੂੰ ਬੇਸ਼ੱਕ ਪਰਵਾਨ ਨਹੀਂ ਕੀਤਾ ਹੋਇਆ ਪਰ ਯੁੱਗਾਂ ਦੇ ਹਵਾਲੇ ਵਰਤੇ ਹੋਏ ਬਾਣੀ ਵਿਚ ਮਿਲ ਜਾਂਦੇ ਹਨ। ਇਸ ਬਾਰੇ ਭਾਈ ਗੁਰਦਾਸ ਨੇ ਸਪੱਸ਼ਟ ਕੀਤਾ ਹੋਇਆ ਹੈ ਕਿ ਹਰ ਯੁੱਗ ਵਿਚ ਵੱਕਾਰਾਂ ਕਰਕੇ ਸਰੀਰ ਨੂੰ ਭਟਕਣਾ ਪੈਂਦਾ ਰਿਹਾ ਹੈ। ਸਤਿਯੁੱਗ ਵਿਚ ਭਰਮ ਦੇ ਸ਼ਿਕਾਰ ਲੋਕ ਤ੍ਰੇਤੇ ਵਿਚ ਜਨਮ ਲੈਂਦੇ ਹਨ। ਤ੍ਰੇਤੇ ਵਿਚ ਕੀਤੀਆਂ ਦਾ ਫਲ ਭੁਗਤਣ ਲਈ ਦੁਆਪਰ ਵਿਚ ਜਨਮ ਲੈਣਾ ਪੈਂਦਾ ਹੈ। ਦੁਆਪਰ ਵਿਚ ਜਿਹੜੇ ਲੋਕ ਮਮਤਾ ਅਤੇ ਹੰਕਾਰ ਵਿਚ ਫਸੇ ਰਹਿੰਦੇ ਹਨ, ਨੂੰ ਕਲਯੁੱਗ ਵਿਚ ਜਨਮ ਲੈਣਾ ਪੈਂਦਾ ਹੈ। ਇਸੇ ਨੂੰ ਚੁਰਾਸੀ ਦਾ ਚੱਕਰ ਕਿਹਾ ਜਾਂਦਾ ਹੈ। ਇਹ ਸਾਰੇ ਯੁੱਗ ਬੰਦੇ ਨੂੰ ਮੁਕਤ ਹੋਣ ਵਾਸਤੇ ਮਿਲੇ ਹੋਏ ਸਮੇਂ ਦੇ ਪ੍ਰਤੀਨਿਧ ਹਨ। ਇਸ ਨਾਲ ਨਤੀਜਾ ਇਹ ਨਿਕਲਦਾ ਹੈ ਕਿ ਜੀਵ ਦਾ ਕਰਮ ਵਸ ਹੋ ਕੇ ਭਟਕਣਾ ਹੀ ਆਵਾਗੌਣ ਵਜੋਂ ਜਾਣਿਆ ਜਾਂਦਾ ਹੈ। ਸਮੇਂ ਦੀ ਠੀਕ ਵਰਤੋਂ ਨਾ ਕਰੀਏ ਤਾਂ ਹੱਥੋਂ ਨਿਕਲਿਆ ਸਮਾਂ ਮੁੜ ਕੇ ਹੱਥ ਨਹੀਂ ਆਉਂਦਾ। ਸਮੇਂ ਦੀ ਸੰਭਾਲ ਦੀ ਜੋ ਵਿਧੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸੀ ਹੋਈ ਹੈ, ਨੂੰ ਭਾਈ ਗੁਰਦਾਸ ਨੇ ਇਸ ਤਰ੍ਹਾਂ ਸੰਭਾਲਿਆ ਹੋਇਆ ਹੈ ਕਿ ਬਾਬਾ ਨਾਨਕ ਦਾ ਜਨਮ ਹੀ ਕਲਯੁੱਗ ਦਾ ਭਲਾ ਕਰਣ ਵਾਸਤੇ ਹੋਇਆ ਸੀ। ਅਜਿਹਾ ਅਕਾਲ ਪੁਰਖ ਨੇ ਆਪ ਕੀਤਾ ਸੀ, ਜਿਹੜੀ ਨਿਮਰਤਾ ਅਤੇ ਭਗਤੀ ਦੀ ਦਾਤ ਬਾਬਾ ਨਾਨਕ ਨੇ ਲੋਕਾਂ ਨੂੰ ਵੰਡੀ, ਉਹ ਅਕਾਲ ਪੁਰਖ ਦੀ ਬਖਸ਼ਿਸ਼ ਕੀਤੀ ਹੋਈ ਸੀ। ਭਾਂਤ-ਭਾਂਤ ਦੀਆਂ ਪੂਜਾ ਵਿਧੀਆਂ ਵਿਚ ਉਲਝੇ ਹੋਏ ਲੋਕਾਂ ਵਾਸਤੇ ਸ਼ਬਦ-ਗੁਰੂ ਦੀ ਦਾਤ ਸਾਹਮਣੇ ਲਿਆਂਦੀ ਗਈ ਸੀ। ਇਸ ਨੂੰ ਗਰੀਬ, ਅਮੀਰ, ਉੱਚੇ ਤੇ ਨੀਵੇਂ ਸਾਰੇ ਵਰਤ ਸਕਦੇ ਸਨ। ਪੈਰਾਂ ਉਤੇ ਸਿਰ ਝੁਕਾਉਣ ਦੇ ਬਿੰਬ ਰਾਹੀਂ ਵੱਡੇ ਤੇ ਛੋਟੇ ਇਕੋ ਜਿਹੇ ਕਰ ਦਿੱਤੇ ਸਨ। ਇਸ ਤਰ੍ਹਾਂ ਰੱਬ ਦੇ ਬੰਦਿਆਂ ਵਿਚਕਾਰ ਪਈਆਂ ਵੰਡੀਆਂ ਖਤਮ ਕਰ ਕੇ ਦੁੱਖਾਂ ਨੂੰ ਸੁੱਖਾਂ ਵਿਚ ਬਦਲਣ ਦੀ ਵਿਧੀ ਤਿਆਰ ਕਰ ਦਿੱਤੀ ਸੀ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਕਲਯੁੱਗ ਦੇ ਅਵਤਾਰ ਹੋ ਗਏ ਸਨ :
ਕਲਯੁੱਗ ਬਾਬੇ ਤਾਰਿਆ ਸਤਿਨਾਮੁ ਪੜਿ ਮੰਤ੍ਰ ਸੁਣਾਇਆ।
ਕਲਿ ਤਾਰਣਿ ਗੁਰੁ ਨਾਨਕ ਆਇਆ।।੧/੨੩।।


ਗੁਰਮਤਿ ਵਿਚ ਕਲਯੁੱਗ ਨੂੰ ਜੀਵਨ-ਮੁਕਤ ਹੋ ਸਕਣ ਦਾ ਅਵਸਰ ਮੰਨਿਆ ਹੋਇਆ ਹੈ। ਇਸ ਵਾਸਤੇ ਸਿੱਖ-ਵਿਧੀ ਨੂੰ ਸਿਮਰਨ-ਵਿਧੀ ਕਿਹਾ ਹੋਇਆ ਹੈ। ਇਸ ਮਿਲੇ ਹੋਏ ਅਵਸਰ ਨੂੰ ਗੁਆ ਦੇਣ ਨੂੰ ਚੁਰਾਸੀ ਦਾ ਗੇੜ ਕਿਹਾ ਜਾ ਸਕਦਾ ਹੈ। ਪ੍ਰੇਮਾ ਭਗਤੀ ਦੁਆਰਾ ਇਸ ਵਿਚੋਂ ਨਿਕਲਿਆ ਜਾ ਸਕਦਾ ਹੈ। ਇਹ ਗੁਰਮਤਿ ਦਾ ਸਿਧਾਂਤ ਹੈ-“ਭਾਉ ਭਗਤਿ ਕਰਿ ਨੀਚੁ ਸਦਾਏ।।ਤਉ ਨਾਨਕ ਮੋਖੰਤਰ ਪਾਏ “।।ਇਸ ਦਾ ਕਰਮ ਕਾਂਡ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਲਯੁੱਗ ਵਾਸਤੇ ਲੋੜੀਂਦੀ ਵਿਧੀ ਨਾਮ ਦੀ ਵਡਿਆਈ ਹੀ ਹੈ :

ਕਲਯੁਗਿ ਨਾਵੈ ਕੀ ਵਡਿਆਈ।।੧/੧੬।।
 

ਇਸ ਸਦਾ ਸੱਚੀ ਭਾਵਨਾ ਨੂੰ ਆਮ ਬੰਦੇ ਦੀ ਮਾਨਸਿਕਤਾ ਵਿਚ ਉਤਾਰਨ ਲਈ ਨਾਨਕ-ਜੋਤਿ ਦਸ ਜਾਮਿਆਂ ਵਿਚ ਜੋਤਿ ਅਤੇ ਜੁਗਤਿ ਉਤੇ ਪਹਿਰਾ ਦਿੰਦੀ ਰਹੀ ਸੀ। ਇਹੀ ਸਿੱਖ ਦੇ ਲਹੂ ਵਿਚ ਰਚ ਹੋਈ ਹੈ। ਇਸੇ ਦੀ ਗਵਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਭੱਟ ਬਾਣੀਕਾਰਾਂ ਦੇ ਹਵਾਲੇ ਨਾਲ ਮਿਲ ਜਾਂਦੀ ਹੈ :

ਕਲਿਯੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰ ਕਹਾਇਓ।।੧੩੯੦।।

ਕਲਯੁਗ ਤੱਕ ਪਹੁੰਚਦਿਆਂ ਵੈਰ, ਪਾਪ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਗਿਆ ਹੈ। ਲੋਕ ਬਾਂਸਾਂ ਦੀ ਅੱਗ ਵਾਂਗ ਖਹਿ ਖਹਿ ਕੇ ਮਰਨ ਲੱਗ ਪਏ ਹਨ। ਗਿਆਨ ਦੀ ਨਿੰਦਾ ਅਤੇ ਅਗਿਆਨ ਦੀ ਚੜ੍ਹਤ ਹੋ ਗਈ ਹੈ। ਇਸ ਸਥਿਤੀ ਵਿਚ ਗੁਰ ਪਰਮੇਸ਼ਰ ਦੇ ਰੂਪ ਵਿਚ ਗੁਰੂ ਨਾਨਕ ਸੱਚ ਦੇ ਵਣਜਾਰੇ ਦੀ ਭੂਮਿਕਾ ਇਸ ਤਰ੍ਹਾਂ ਨਿਭਾ ਰਿਹਾ ਸੀ :

ਗੁਰ ਪਰਮੇਸਰੁ ਇਕੁ ਹੈ ਸਚਾ ਸਾਹੁ ਜਗਤੁ ਵਣਜਾਰਾ।
ਚੜੇ ਸੂਰ ਮਿਟਿ ਜਏ ਅੰਧਾਰਾ।।।੧/੧੭।।


ਯੁੱਗ ਬੇਸ਼ੱਕ ਅਕਾਲ ਪੁਰਖ ਦਾ ਵਰਤਾਰਾ ਹਨ ਅਤੇ ਇਸ ਵਿਚ ਪਾਪ ਉਸ ਵੇਲੇ ਵਰਤਦਾ ਹੈ, ਜਦੋਂ ਪਾਪਾਂ ਨੂੰ ਠੱਲ੍ਹਣ ਵਾਲਾ ਸਾਹਮਣੇ ਹੁੰਦਾ। ਇਹ ਸਥਿਤੀ ਧਰਮ ਦੇ ਨਿਰਬਲ ਹੋ ਜਾਣ ਦੀ ਹੈ :

ਥੰਮੇ ਕੋਇ ਨ ਸਾਧੁ ਬਿਨੁ ਸਾਧ ਨ ਦਿਸੈ ਜਗਿ ਵਿਚਿ ਕੋਆ।।੧/੨੨।।
ਇਸੇ ਹਾਲਤ ਵਿਚੋਂ ਕੱਢਣ ਦੀ ਸੌਂਪੀ ਹੋਈ ਜ਼ਿੰਮੇਵਾਰੀ ਗੁਰੂ ਨਾਨਕ ਦੇਵ ਜੀ ਨੇ ਨਿਭਾਈ ਸੀ :
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਹਿ ਪਠਾਇਆ।।੧/੨੩।।


ਗੁਰੂ ਜੀ ਨੇ “ਕਲੂ ਆਇਓ ਰੇ ਨਾਮ ਬੋਵਹੁ'' ਦੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਇਸ ਨੂੰ ਲੋੜਵੰਦਾਂ ਤੱਕ ਲੈ ਕੇ ਜਾਣ ਵਾਸਤੇ ਚਾਰ ਉਦਾਸੀਆਂ ਕੀਤੀਆ ਸਨ। ਜਿਹੜੀ ਵਿਧੀ ਵਿਚ ਗੁਰੂ ਨਾਨਕ ਦੇਵ ਜੀ ਨੇ ਆਪ ਦਰਗਾਹੀ ਬਖਸ਼ਿਸ਼ ਪ੍ਰਾਪਤ ਕੀਤੀ ਸੀ, ਉਹੀ ਵਿਧੀ ਉਨ੍ਹਾਂ ਨੇ ਹਰ ਕਿਸਮ ਦੀ ਆਪ ਸਹੇੜੀ ਤਪਸ਼ ਤੋਂ ਮੁਕਤ ਹੋ ਸਕਣ ਵਾਸਤੇ ਆਮ ਬੰਦੇ ਦੇ ਸਾਹਮਣੇ ਪਰੋਸ ਦਿੱਤੀ ਸੀ :

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜਿਆ ਸੋਧਣਿ ਧਰਤਿ ਲੁਕਾਈ।।੧/੨੪।।


ਬਾਬਾ ਨਾਨਕ ਨੇ ਧਰਮ ਨਾਲ ਜੁੜੇ ਲੋਕਾਂ ਨੂੰ ਮਿਲਦਿਆਂ ਗਿਲਦਿਆਂ ਇਹ ਮਹਿਸੂਸ ਕੀਤਾ ਕਿ ਹਉਮੈ ਦੇ ਵਰਤਾਰੇ ਵਿਚ ਗੁਰੂ ਵੀ ਚੇਲਿਆਂ ਸਮੇਤ ਡੁੱਬੇ ਹੋਏ ਹਨ। ਗੁਰਮੁਖ ਕਿਧਰੇ ਨਜ਼ਰ ਨਹੀਂ ਆਉਂਦਾ। ਧਾਰਮਿਕ ਆਗੂਆਂ ਅਤੇ ਧਾਰਮਿਕ ਪੈਰੋਕਾਰਾਂ ਨੂੰ ਵੇਖ ਕੇ ਇਉਂ ਲੱਗਦਾ ਸੀ ਕਿ ਅੰਨ੍ਹਿਆਂ ਨੇ ਅੰਨ੍ਹਿਆਂ ਨੂੰ ਖੂਹ ਵਿਚ ਧੱਕ ਦਿੱਤਾ ਹੈ :

ਡਿਠੇ ਹਿੰਦੂ ਤੁਰਕਿ ਸਭਿ ਪੀਰ ਪੈਕੰਬਰਿ ਕਉਮਿ ਕਤੇਲੇ।
ਅੰਧੀ ਅੰਧੇ ਖੂਹੇ ਠੇਲੇ।।੧/੨੬।।
ਇਸ ਸਥਿਤੀ ਦਾ ਬਿਆਨ ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ ਕੀਤਾ ਹੋਇਆ ਹੈ :
ਤੀਰਥ ਜਾਉ ਤ ਹਉ ਹਉ ਕਰਤੇ£ ਪੰਡਿਤ ਪੂਛਉ ਤ ਮਾਇਆ ਰਾਤੇ£
ਸੋ ਅਸਥਾਨੁ ਬਤਾਵਹੁ ਮੀਤਾ£ਜਾ ਕੈ ਹਰਿ ਹਰਿ ਕੀਰਤਨ ਨੀਤਾ£


ਵਧੇਰੇ ਵਿਸਥਾਰ ਵਾਸਤੇ ਆਸਾ ਦੀ ਵਾਰ ਦਾ ਪਾਠ ਕੀਤਾ ਜਾ ਸਕਦਾ ਹੈ। ਇਥੇ ਤਾਂ ਕਲਯੁਗ ਦੇ ਅਵਤਾਰ ਦੇ ਹਵਾਲੇ ਨਾਲ ਇੰਨਾ ਹੀ ਕਹਿਣਾ ਹੈ ਕਿ ਬਾਬੇ ਨਾਨਕ ਦਾ ਏਜੰਡਾ ਅਗਿਆਨ ਵਿਰੁੱਧ ਚੇਤਨਾ ਨੂੰ ਪ੍ਰਚੰਡ ਕਰਣਾ ਸੀ। ਇਹ ਇਸ ਤਰ੍ਹਾਂ ਹੋ ਗਿਆ ਸੀ ਜਿਵੇਂ ਸੂਰਜ ਦੇ ਚੜ੍ਹਨ ਨਾਲ ਹਨੇਰਾ ਮੁੱਕ ਜਾਂਦਾ ਹੈ। ਗੁਰਮਤਿ ਦੀ ਰੌਸ਼ਨੀ ਵਿਚ ਧਰਮ ਅੱਗੇ ਅਧਰਮ ਇਸ ਤਰ੍ਹਾਂ ਹਾਰਦਾ ਗਿਆ ਸੀ ਜਿਵੇਂ ਸ਼ੇਰ ਦੀ ਭਬਕ ਅੱਗੇ ਹਿਰਨਾਂ ਦੀਆਂ ਡਾਰਾਂ ਹਾਰ ਜਾਂਦੀਆਂ ਹਨ। ਬਾਬਾ ਨਾਨਕ ਜਿਥੇ ਪੈਰ ਰੱਖਦਾ ਸੀ, ਉਹੀ ਥਾਂ ਪਵਿੱਤਰ ਮੰਨੀ ਜਾਣ ਲੱਗ ਪਈ ਸੀ। ਧਰਮ, ਧਾਰਮਿਕ ਸਥਾਨਾਂ ਦੀ ਮਲਕੀਅਤ ਹੋਣ ਦੀ ਥਾਂ ਆਮ ਬੰਦੇ ਦੀ ਵਿਰਾਸਤ ਹੋਣ ਲੱਗ ਪਿਆ ਸੀ। ਬਾਬੇ ਨਾਨਕ ਦੀ ਸੋਭਾ ਸਾਰੀਆਂ ਦਿਸ਼ਾਵਾਂ ਵਿਚ ਫੈਲ ਰਹੀ ਸੀ ਅਤੇ ਸਾਰੇ ਪਾਸੇ ਸੱਚ ਦੀ ਜੈ ਜੈ ਕਾਰ ਹੋਣ ਲੱਗ ਪਈ ਸੀ। ਇਸੇ ਨੇ ਗੁਰੂ ਨਾਨਕ ਦੇਵ ਜੀ ਨੂੰ ਕਲਯੁੱਗ ਦੇ ਅਵਤਾਰ ਵਜੋਂ ਪ੍ਰਗਟ ਕਰ ਦਿੱਤਾ ਸੀ :

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੂੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇਛਪੇ ਅੰਧੇਰੁ ਪਲੋਆ।
ਬਾਬੇ ਤਾਰੇ ਚਾਰਿ ਚਕਿ ਨਉਖੰਡਿ ਪ੍ਰਿਥਮੀ ਸਚਾ ਢੋਆ।
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ।।੧/੨੭।।


-ਡਾ. ਬਲਕਾਰ ਸਿੰਘ
9316301328


Baljeet Kaur

Edited By Baljeet Kaur