ਅੱਜ ਦੇ ਦਿਨ 'ਤੇ ਵਿਸ਼ੇਸ਼ : ਪਿੱਤਰਾਂ ਦੇ ਨਮਿਤ ਕੀਤਾ ਜਾਣ ਵਾਲਾ ਸੰਸਕਾਰ ਹੈ ‘ਸ਼ਰਾਧ’
9/29/2023 8:17:23 AM
ਸਾਡੇ ਪਿੱਤਰ ਖੁਸ਼ ਹੋਣਗੇ, ਤਾਂ ਹੀ ਅਸੀਂ ਖੁਸ਼ਹਾਲ ਹੋਵਾਂਗੇ, ਸਾਡੀ ਹੋਂਦ ਵੱਡੇ-ਵਡੇਰਿਆਂ ਦੇ ਕਾਰਨ ਹੀ ਹੈ। ਹਰ ਸਾਲ ਆਸ਼ਵਿਨ ਕ੍ਰਿਸ਼ਨ ਪੱਖ ਦੀ ਪ੍ਰਤਿਪਦਾ ਤੋਂ ਮੱਸਿਆ ਤੱਕ ਪਿੱਤਰਪੱਖ ਦੇ ਸ਼ਰਾਧ ਨਿਸ਼ਚਿਤ ਰਹਿੰਦੇ ਹਨ। ਪ੍ਰੋਸ਼ਠਪਦੀ ਪੁੰਨਿਆ ਤੋਂ ਹੀ ਸ਼ਰਾਧ ਸ਼ੁਰੂ ਹੋ ਜਾਂਦੇ ਹਨ। ਗੀਤਾ ’ਚ 84 ਲੱਖ ਯੂਨੀਆਂ ਦਾ ਜ਼ਿਕਰ ਮਿਲਦਾ ਹੈ, ਜਦਕਿ ਪਿੱਤਰਾਂ ਦੀ ਉਮਰ 1000 ਸਾਲ ਮੰਨੀ ਗਈ ਹੈ। ਸਾਡੇ ਵੇਦਾਂ ਅਤੇ ਸ਼ਾਸਤਰਾਂ ’ਚ ਸਪੱਸ਼ਟ ਵਰਣਨ ਮਿਲਦਾ ਹੈ, ਜੋ ਪ੍ਰਾਣੀ ਆਪਣੇ ਪਿੱਤਰਾਂ ਨੂੰ ਖੁਸ਼ ਰੱਖਣ ਲਈ ਅਤੇ ਸ਼ਾਂਤੀ ਲਈ ਕਰਮ ਨਹੀਂ ਕਰਦਾ, ਉਹ ਕਈ ਤਰ੍ਹਾਂ ਦੇ ਕਸ਼ਟਾਂ, ਕਰਜ਼, ਰੋਗ, ਸ਼ੌਕ, ਸੰਤਾਨ ਦੁੱਖ, ਰਾਜ ਦੁੱਖ ਅਤੇ ਭੂਮੀ ਦੁੱਖ ਤੋਂ ਪੀੜਤ ਹੁੰਦਾ ਹੈ।
ਜੇਕਰ ਸਾਡੇ ਪੂਰਵਜ ਨਾ ਹੁੰਦੇ ਤਾਂ ਸਾਡੀ ਕੋਈ ਹੋਂਦ ਨਾ ਹੁੰਦੀ। ਜਦ ਸਾਡੇ ਪਿੱਤਰ ਹੀ ਗੁੱਸੇ ਹੋਣਗੇ ਤਾਂ ਸਾਡੇ ਦੇਵਤਾ ਵੀ ਸਾਡੇ ਕੋਲ ਨਹੀਂ ਆ ਸਕਦੇ। ਮ੍ਰਿਤਕ ਦਾ ਸ਼ਰਾਧ ਕਰਨ ਵਾਲੇ ਪਰਿਵਾਰ ਨੂੰ ਸਵਰਗ ਲੋਕ, ਵਿਸ਼ਨੂੰ ਲੋਕ ਅਤੇ ਬ੍ਰਹਮ ਲੋਕ ਦੀ ਪ੍ਰਾਪਤੀ ਹੁੰਦੀ ਹੈ। ਪਿੱਤਰ ਪੱਖ ਦੇ ਇਨ੍ਹਾਂ 16 ਦਿਨਾਂ ’ਚ ਜੇਕਰ ਤੁਸੀਂ ਆਪਣੇ ਘਰ ਤੋਂ ਬਾਹਰ ਹੋ ਤਾਂ ਫਲ, ਕੁੱਝ ਮਿੱਠਾ ਦਾਨ ਕਰ ਸਕਦੇ ਹੋ। ਜੇਕਰ ਤੁਸੀਂ ਦੱਖਣ ਵੱਲ ਮੂੰਹ ਕਰਕੇ ਆਪਣੇ ਪਿੱਤਰਾਂ ਨੂੰ ਯਾਦ ਕਰਕੇ ਹੰਝੂ ਵਹਾ ਦੇਵੋਗੇ ਤਾਂ ਵੀ ਪਿੱਤਰ ਤ੍ਰਿਪਤ ਹੋ ਜਾਣਗੇ।
ਮਹਾਭਾਰਤ ਦੀ ਕਥਾ
ਮਹਾਭਾਰਤ ’ਚ ਪ੍ਰਸੰਗ ਆਉਂਦਾ ਹੈ ਕਿ ਮੌਤ ਦੇ ਬਾਅਦ ਦਾਨਵੀਰ ਕਰਣ ਨੂੰ ਚਿਤਰਗੁਪਤ ਨੇ ਮੋਕਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਉਦੋਂ ਕਰਣ ਨੇ ਚਿਤਰਗੁਪਤ ਨੂੰ ਕਿਹਾ ਕਿ ਮੈਂ ਆਪਣੀ ਸਾਰੀ ਸੰਪਤੀ ਹਮੇਸ਼ਾ ਦਾਨ-ਪੁੰਨ ’ਚ ਸਮਰਪਿਤ ਕੀਤੀ ਹੈ, ਫਿਰ ਮੇਰੇ ’ਤੇ ਇਹ ਕਿਸ ਤਰ੍ਹਾਂ ਦਾ ਕਰਜ਼ ਰਹਿ ਗਿਆ ਹੈ। ਉਦੋਂ ਚਿਤਰਗੁਪਤ ਨੇ ਕਿਹਾ ਕਿ ਰਾਜਨ, ਤੁਸੀ ਦੇਵ ਕਰਜ਼ ਅਤੇ ਰਿਸ਼ੀ ਕਰਜ਼ ਤਾਂ ਚੁੱਕਾ ਦਿੱਤਾ ਪਰ ਪਿੱਤਰ ਕਰਜ਼ ਬਾਕੀ ਹੈ। ਤੁਸੀਂ ਆਪਣੇ ਕਾਲ ’ਚ ਸੰਪਤੀ ਅਤੇ ਸੋਨੇ ਦਾ ਦਾਨ ਕੀਤਾ, ਅਤਰ ਦਾਨ ਨਹੀਂ ਕੀਤਾ। ਜਦ ਤੱਕ ਇਸ ਕਰਜ਼ ਨੂੰ ਨਹੀਂ ਉਤਾਰਦੇ, ਤੁਹਾਨੂੰ ਮੋਕਸ਼ ਮਿਲਣਾ ਅਸੰਭਵ ਹੈ।
ਇਸ ਦੇ ਉਪਰੰਤ ਧਰਮਰਾਜ ਨੇ ਦਾਨਵੀਰ ਕਰਣ ਨੂੰ ਵਿਵਸਥਾ ਦਿੱਤੀ ਕਿ ਤੁਸੀਂ 16 ਦਿਨਾਂ ਲਈ ਧਰਤੀ ਲੋਕ ’ਤੇ ਜਾਓ। ਆਪਣੇ ਗਿਆਤ ਅਤੇ ਅਗਿਆਤ ਪਿੱਤਰਾਂ ਨੂੰ ਖੁਸ਼ ਕਰਨ ਲਈ ਸ਼ਰਾਧ ਤਪਰਣ ਕਰੋ ਅਤੇ ਪਿੱਤਰ ਦਾਨ ਵਿਧੀਪੂਰਵਕ ਕਰ ਕੇ ਆਓ। ਇਸ ਨਾਲ ਤੁਹਾਨੂੰ ਮੋਕਸ਼ ਦੀ ਪ੍ਰਾਪਤੀ ਹੋਵੇਗੀ। ਦਾਨਵੀਰ ਕਰਣ ਨੇ ਇਸੇ ਤਰ੍ਹਾਂ ਕੀਤਾ, ਫਿਰ ਉਨ੍ਹਾਂ ਨੂੰ ਮੋਕਸ਼ ਮਿਲਿਆ। ਮਾਨਤਾ ਹੈ ਕਿ ਉਦੋਂ ਤੋਂ ਹੀ ਸ਼ਰਾਧ ਪ੍ਰਥਾ ਸ਼ੁਰੂ ਹੋਈ ।
ਸ਼ਰਾਧ ਕਰਦੇ ਸਮੇਂ ਇਕ ਥਾਲੀ ਪਿੱਤਰਾਂ ਲਈ, ਇਕ ਗਾਂ ਲਈ, ਇਕ ਕੁੱਤੇ ਲਈ ਅਤੇ ਕਾਂ ਲਈ ਕੱਢਣੀ ਚਾਹੀਦੀ ਹੈ, ਤਾਂਕਿ ਸਾਡੇ ਪੂਰਵਜ ਕਿਸੇ ਵੀ ਰੂਪ ’ਚ ਆ ਕੇ ਪ੍ਰਸੰਨ ਹੋਣ ਅਤੇ ਆਸ਼ੀਰਵਾਦ ਦੇਣ, ਜਿਸ ਨਾਲ ਕੰਮ ਸਫਲ ਹੋਵੇ। ਧਰਮ ਸ਼ਾਸਤਰਾਂ ’ਚ ਲਿਖਿਆ ਹੈ ਕਿ ਪਿੰਡ ਰੂਪ ’ਚ ਕਾਵਾਂ ਨੂੰ ਭੋਜਨ ਕਰਾਉਣਾ ਚਾਹੀਦਾ ਹੈ। ਬ੍ਰਹਮ ਜੀ ਨੇ ‘ਸਤਯ, ਰਜੋ,ਤਮੋ ਗੁਣ’ ਦੇ ਮਿਸ਼ਰਣ ਨਾਲ ਸਿ੍ਰਸ਼ਟੀ ਦਾ ਨਿਰਮਾਣ ਕੀਤਾ ਹੈ। ਪੰਛੀਆਂ ’ਚ ਕਾਂ ਤਮੋ ਗੁਣ ਨਾਲ ਯੁਕਤ ਹੈ। ਪੁਰਾਣਾਂ ’ਚ ਕਾਂ ਨੂੰ ਯਮ ਦਾ ਪੰਛੀ ਮੰਨਿਆ ਜਾਂਦਾ ਹੈ। ਇਸ ਦੀ ਸੁਭਾਵਿਕ ਮੌਤ ਨਹੀਂ ਹੁੰਦੀ ਇਹ ਜੀਵ ਲੰਮੀ ਉਮਰ ਭੋਗਦਾ ਹੈ। ਅਸੀਂ ਖੁਸ਼ਹਾਲ ਤਾਂ ਹੀ ਹੋਵਾਂਗੇ, ਜਦੋਂ ਪਿੱਤਰ ਖੁਸ਼ ਹੋਣਗੇ। ਸ਼ਰਾਧ ’ਚ ਸ਼ੁੱਭ ਕਰਮ ਜਿਵੇਂ ਨਵਾਂ ਕਾਰੋਬਾਰ, ਮੁੰਡਨ, ਨਵੇਂ ਘਰ ’ਚ ਪ੍ਰਵੇਸ਼ ਕਰਨਾ, ਨਵੀਂ ਗੱਡੀ ਖਰੀਦਣਾ, ਮਸ਼ੀਨਰੀ ਖਰੀਦਣਾ ਆਦਿ ਮਾੜਾ ਮੰਨਿਆ ਗਿਆ ਹੈ।
ਕ੍ਰਿਸ਼ਨ ਪਾਲ ਛਾਬੜਾ, ਗੋਰਾਇਆ