ਕਰਵਾ ਚੌਥ ਦੇ ਦਿਨ ਵੱਖ-ਵੱਖ ਸ਼ਹਿਰਾਂ 'ਚ ਇਸ ਸਮੇਂ 'ਤੇ ਨਿਕਲੇਗਾ ਚੰਦਰਮਾ

10/16/2019 9:01:22 AM

ਜੈਤੋ (ਪਰਾਸ਼ਰ) — ਸੁਹਾਗਣਾਂ ਦੇ ਮਹੱਤਵਪੂਰਨ ਤਿਉਹਾਰ ਕਰਵਾ ਚੌਥ ਮੌਕੇ 17 ਅਕਤੂਬਰ ਨੂੰ ਚੰਦਰਮਾ ਰਾਤੀਂ ਕਰੀਬ 8.18 ਤੋਂ 9. 09 ਵਜੇ ਵਿਚਕਾਰ ਦੇਖਿਆ ਜਾ ਸਕੇਗਾ। ਚੰਦਰਮਾ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਸਮੇਂ 'ਤੇ ਨਜ਼ਰ ਆਵੇਗਾ।
ਇਹ ਜਾਣਕਾਰੀ ਮੰਨੇ ਪ੍ਰਮੰਨੇ ਜੋਤਿਸ਼ੀ ਸਵ. ਪੰਡਿਤ ਕਲਿਆਣ ਸਰੂਪ ਸ਼ਾਸਤਰੀ ਵਿਦਿਆਲੰਕਾਰ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਜੈਤੋ ਵਾਲਿਆਂ ਨੇ ਇਕ ਪ੍ਰੈੱਸ ਬਿਆਨ 'ਚ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ 'ਚ ਸਨਾਤਨ ਧਰਮੀ ਔਰਤਾਂ ਇਸ ਵਰਤ ਨੂੰ ਦਿਨ ਭਰ ਨਿਰਜਲ ਰਹਿ ਕੇ ਰੱਖਦੀਆਂ ਹਨ ਅਤੇ ਚੰਦਰਮਾ ਨਿਕਲਣ 'ਤੇ ਉਸ ਨੂੰ ਅਰਘ ਦੇ ਕੇ ਆਪਣਾ ਵਰਤ ਪੂਰਾ ਕਰਦੀਆਂ ਹਨ। ਭਾਰਤੀ ਹਿੰਦੂ ਔਰਤਾਂ ਲਈ ਇਹ ਵਰਤ ਅਖੰਡ ਸੁਹਾਗ ਨੂੰ ਕਾਇਮ ਰੱਖਣ ਵਾਲਾ ਮੰਨਿਆ ਜਾਂਦਾ ਹੈ।
ਦੱਸਣਯੋਗ ਹੈ ਕਿ ਕਰਵਾ ਚੌਥ ਇਕ ਦਿਨ ਦਾ ਤਿਉਹਾਰ ਹੁੰਦਾ ਹੈ, ਜੋ ਕਿ ਉੱਤਰੀ ਭਾਰਤ ਦੀਆਂ ਹਿੰਦੂ ਔਰਤਾਂ ਵੱਲੋਂ ਮਨਾਇਆ ਜਾਂਦਾ ਹੈ। ਇਸ ਵਰਤ 'ਚ ਵਿਆਹੀਆਂ ਔਰਤਾਂ ਆਪਣੇ ਘਰਵਾਲਿਆਂ ਦੀ ਲੰਬੀ ਉਮਰ ਅਤੇ ਖੁਸ਼ਾਮਦੀ ਲਈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੋਂ ਲੈ ਕੇ ਚੰਨ ਚੜ੍ਹਨ ਤੱਕ ਵਰਤ ਰੱਖਦੀਆਂ ਹਨ। ਔਰਤਾਂ ਦੁਪਿਹਰ ਵੇਲੇ ਵਰਤ ਦੀ ਕਥਾ ਸੁਣ ਕੇ ਪਾਣੀ, ਚਾਹ ਜਾਂ ਦੁੱਧ ਪੀ ਸਕਦੀਆਂ ਹਨ। ਇਹ ਵਰਤ ਸੁਹਾਗਣਾਂ ਆਪਣੇ ਪਤੀ ਦੇਵ ਦੀ ਚੰਗੀ ਸਿਹਤ ਲਈ ਅਤੇ ਚਿਰ ਜਿਊਣ ਦੀ ਕਾਮਨਾ ਕਰਨ ਲਈ ਰੱਖਦੀਆਂ ਹਨ।