ਨਾਨਕ ਸਚੇ ਕੀ ਸਾਚੀ ਕਾਰ ।।

10/16/2019 10:16:58 AM

ਨਿਰਗੁਣ ਸ਼ਬਦ ਵਿਚਾਰ
ਉਨੱਤੀਵੀਂ, ਤੀਹਵੀਂ, ਇਕੱਤੀਵੀਂ ਪਉੜੀ


ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ।। ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ।। ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ।। ਆਦੇਸੁ ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ।।੨੯।। ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ।। ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ।। ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ।। ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ।। ਆਦੇਸੁ ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ।।੩੦।। ਆਸਣੁ ਲੋਇ ਲੋਇ ਭੰਡਾਰ ਜੋ ਕਿਛੁ ਪਾਇਆ ਸੁ ਏਕਾ ਵਾਰ।। ਕਰਿ ਕਰਿ ਵੇਖੈ ਸਿਰਜਣਹਾਰੁ ਨਾਨਕ ਸਚੇ ਕੀ ਸਾਚੀ ਕਾਰ।। ਆਦੇਸੁ ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ।।੩੧।।

ਪਉੜੀ ਦੀ ਸ਼ੁਰੂਆਤ ਹੀ ਗਜ਼ਬ। ਸਿਧਾਂਤ ਅਨੂਠਾ। ਦੋ ਨੁਕਤੇ ਨੇ ਉਨੱਤੀਵੀਂ ਪਉੜੀ 'ਚ। ਪਹਿਲਾ ਹੈ ਗਿਆਨ ਤੇ ਦਇਆ। ਗੁਰੂ ਸਾਹਿਬ ਗਿਆਨ ਬਾਰੇ ਵੀ ਵਿਸਥਾਰ 'ਚ ਦੱਸ ਆਏ ਨੇ ਤੇ ਦਇਆ ਬਾਰੇ ਵੀ। ਦਇਆ ਕਪਾਹ ਹੈ। ਸੰਤੋਖ ਸੂਤ ਹੈ। ਜਤ/ਸਤ ਗੰਢਾਂ ਨੇ। ਇਹ ਜਨੇਊ ਚਾਹੀਦੈ। ਨਾ ਮੈਲ ਲੱਗਦੀ ਹੈ, ਨਾ ਟੁੱਟਦਾ ਹੈ। ਕਿਤੇ ਅੰਤਰ 'ਚ ਘਟਿਤ ਹੋਣ ਵਾਲੇ ਪ੍ਰਕਾਸ਼ ਵੱਲ ਇਸ਼ਾਰਾ ਹੈ, ਬੂਟੀ ਵੱਲ ਇਸ਼ਾਰਾ ਹੈ, ਜਿਸ ਨੇ ਅੰਤਰ ਕਿਤੇ ਮਹਿਕਣਾ ਹੈ। ਇੱਥੇ ਕੀ ਹੈ ਕਿ ਭੁਗਤਿ ਹੈ। ਪਦਾਰਥ ਨਹੀਂ ਸੂਕਸ਼ਮ ਹੈ। ਸਿਰਫ ਚੂਰਮਾ ਨਹੀਂ ਹੈ, ਜਿਸ ਨੂੰ ਜੋਗੀ ਵੰਡਦੇ ਨੇ। ਇਹ ਚੂਰਮਾ ਗਿਆਨ ਹੈ। ਔਰ ਵੰਡਣ ਵਾਲਾ ਦਇਆਵਾਨ ਹੈ। ਦਇਆਵਾਨ ਕੌਣ ਹੋ ਸਕਦਾ ਹੈ? ਸਿਰਫ ਤੇ ਸਿਰਫ ਉਹੀ। ਕੁਦਰਤ। ਕਾਦਰ। ਉਹਨੇ ਦਇਆ ਕਰ ਦਿੱਤੀ, ਸਮਝੋ ਗਿਆਨ ਕੀ ਆਈ ਆਂਧੀ। ਸਭ ਭਰਮ ਉੱਡ ਜਾਣੇ ਨੇ। ਪਰ ਜੇ ਦਇਆ ਹੋ ਜਾਵੇ। ਔਰ ਦਇਆ ਦੇ ਨਾਲ ਕੀ ਹੈ, ਨਾਦ ਹੈ। ਕੋਈ ਨਾਦ ਸੁਣਾਈ ਦੇ ਰਿਹਾ ਹੈ। ਨਾਦ ਬਹੁਤ ਮਹੱਤਵਪੂਰਨ ਹੈ। ਗੁਰੂ ਨਾਨਕ ਬਾਣੀ ਨੂੰ ਮਰਦਾਨੇ ਦੇ ਨਾਦ ਦੇ ਧਰਾਤਲ ਤੋਂ ਸਮਝਾਂਗੇ ਤਾਂ ਕਾਫੀ ਸਾਫ ਹੋ ਜਾਵਾਂਗੇ। ਇਹ ਨਾਦ ਅਨਾਹਤ ਹੈ। ਅੰਤਰ 'ਚ ਕਿਤੇ ਵਹਿੰਦਾ ਹੈ। ਕੰਨਾਂ ਨਾਲ ਨਹੀਂ ਸੁਣਿਆ ਜਾ ਸਕਦਾ। ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਮੂੰਹੋਂ ਨਹੀਂ ਬੋਲਿਆ ਜਾ ਸਕਦਾ। ਇਹ ਅਵਸਥਾ ਜੋ ਹੈ, ਅਜਬ ਹੈ। ਗਜ਼ਬ ਹੈ। ਅਗਮ/ਅਗੋਚਰ ਹੈ। 'ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ' ਉਹ ਆਪ ਨਾਥ ਹੈ। ਉਸ ਨੇ ਬ੍ਰਹਿਮੰਡ ਨੱਥਿਆ ਹੋਇਆ ਹੈ। ਦੁਨੀਆਦਾਰੀ ਫਿਕਰਾ ਹੈ, ਇਹ ਜੋਗੀ ਨਾਗ ਨੱਥ ਲੈਂਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿ ਉਸ ਨਾਥ ਨੇ ਨੱਥਿਆ ਹੈ, ਬ੍ਰਹਿਮੰਡ। ਔਰ ਜੋ ਰਿਧੀਆਂ/ਸਿਧੀਆਂ ਨੇ, ਸਭ ਉਸੇ ਦੇ ਇਸ਼ਾਰੇ ਨੇ।

ਇਸੇ ਪਉੜੀ ਦਾ ਅਗਲਾ ਨੁਕਤਾ ਹੈ ਸੰਜੋਗ/ਵਿਯੋਗ। ਇਹ ਵੀ ਬਹੁਤ ਅਹਿਮ ਪੜਾਅ ਹੈ ਜੀਵਨ ਦਾ। ਬਹੁਤ ਉੱਚ ਅਵਸਥਾ ਹੈ। 'ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ' ਅਸੀਂ ਪਹਿਲਾਂ ਬਿਬੇਕ ਤੇ ਬੈਰਾਗ ਬਾਰੇ ਚਰਚਾ ਕਰ ਚੁੱਕੇ ਹਾਂ। ਉਸੇ ਦੀ ਵਿਸ਼ੇਸ਼ ਉਚਾਰਣ ਵਾਲੀ ਅਵਸਥਾ ਹੈ ਇਹ। ਬਿਬੇਕ ਤੇ ਬੈਰਾਗ ਰਤਾ ਕੁ ਹੋਰ ਤਰ੍ਹਾਂ ਗੱਲ ਕਰ ਰਹੇ ਨੇ। ਸੰਜੋਗ/ਵਿਯੋਗ ਤਾਂ ਫਿਰ ਧੁਰ ਦੀ ਗੱਲ ਹੀ ਹੋ ਗਈ। ਔਰ ਭਾਗ ਲੇਖੇ ਕਿਵੇਂ ਆਉਣਾ ਹੈ। ਇਸ ਸੰਜੋਗ/ਵਿਯੋਗ ਦੇ ਸੁਮੇਲ ਤੋਂ ਪੈਦਾ ਹੋਈ ਅਵਸਥਾ ਨੇ ਭਾਗ ਦਾ ਨਿਰਣਾ ਕਰਨਾ ਹੈ। ਇਹ ਕੁਦਰਤ ਦਾ ਦਵੰਦਾਤਮਕ ਰਿਸ਼ਤਾ ਹੈ। ਦੁਵੱਲੀ ਖਿੱਚ ਹੈ। ਕਿਸੇ ਵੀ ਵਸਤ ਨੂੰ/ਵਰਤਾਰੇ ਨੂੰ ਇਕਹਿਰਾ ਨਹੀਂ ਦੇਖਿਆ ਜਾ ਸਕਦਾ। ਉਸ ਦੇ ਹਮੇਸ਼ਾ ਦੋ ਪਹਿਲੂ ਹੁੰਦੇ ਨੇ। ਜੇਕਰ ਨੂਰ ਅਰਸ਼ ਤੋਂ ਕੁਰਸ ਵੱਲ ਬਰਸਦਾ ਹੈ ਤਾਂ ਕੁਰਸ ਤੋਂ ਅਰਸ਼ ਵੱਲ ਵੀ ਝੱਟਿਆ ਜਾਂਦਾ ਹੈ, ਪਰ ਦਿਖਦਾ ਉਸੇ ਨੂੰ ਹੈ ਜਿਹਦੇ ਉੱਤੇ ਉਹ ਕਿਰਪਾ ਕਰ ਦੇਵੇ। ਸਤਿਗੁਰੂ ਕਬੀਰ ਇਸੇ ਨੂੰ ਕਹਿੰਦੇ ਨੇ ਅੰਬਰ ਬਰਸਦਾ ਹੈ ਤਾਂ ਧਰਤੀ ਭਿੱਜਦੀ ਹੈ। ਪਰ ਕਿਸੇ ਵਕਤ ਧਰਤ ਬਰਸਦੀ ਹੈ ਤਾਂ ਅੰਬਰ ਭਿੱਜਦਾ ਹੈ। ਪਰ ਇਹ ਦਿਖਾਈ ਉਸ ਸਤਿਗੁਰ ਦੀ ਕਿਰਪਾ ਨਾਲ ਹੀ ਦਿੰਦਾ ਹੈ। ਇਹ ਸਮਝਣ ਵਾਲਾ ਨੁਕਤਾ ਹੈ।

ਫਿਰ ਅਗਲੀ ਪਉੜੀ ਜੋ ਹੈ, ਉਹ ਅਲੱਗ ਤਰੀਕੇ ਨਾਲ ਬ੍ਰਹਿਮੰਡ ਨੂੰ ਸਮਝ ਰਹੀ ਹੈ। ਸਾਡੇ ਭਾਰਤੀ ਫਲਸਫੇ ਦੀਆਂ ਕੁੱਝ ਧਾਰਾਵਾਂ ਨੇ/ਕੁੱਝ ਪ੍ਰੰਪਰਾਵਾਂ ਨੇ ਇਸ ਸੰਸਾਰ ਨੂੰ ਤਿੰਨ ਭਾਗਾਂ 'ਚ ਤਕਸੀਮ ਕਰਕੇ ਦੇਖਿਆ। ਇਕ ਉਤਪਤੀ ਕਰਨ ਵਾਲਾ। ਦੂਸਰਾ ਪਰਵਰਿਸ਼ ਕਰਨ ਵਾਲਾ। ਤੀਸਰਾ ਸੰਹਾਰ ਕਰਨ ਵਾਲਾ। ਪਰ ਸਤਿਗੁਰ ਨਾਨਕ ਇਸ ਨੂੰ ਕਿਸੇ ਹੋਰ ਅੰਦਾਜ਼ 'ਚ ਦੇਖ ਰਹੇ ਨੇ। ਉਹ ਕਹਿ ਰਹੇ ਨੇ ਕਿ ਅਜਿਹਾ ਨਹੀਂ ਹੈ। ਬਲਕਿ 'ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ' ਉਹਨੂੰ ਜਿਵੇਂ ਭਾਉਂਦਾ ਹੈ, ਉਹਦੀ ਜੋ ਰਜ਼ਾ ਹੁੰਦੀ ਹੈ। ਉਹ ਜੋ ਚਾਹੁੰਦਾ ਹੈ। ਉਹ ਜੋ ਕਰਦਾ ਹੈ। ਉਹਦਾ ਹੀ ਫੁਰਮਾਨ ਚੱਲਦਾ ਹੈ। ਉਹੀ ਕਰੇ ਤਾਂ ਹੁੰਦਾ ਹੈ। ਹੁਣ ਫਰਕ ਇਹ ਹੈ ਕਿ ਉਹ ਤਾਂ ਦੇਖ ਸਕਦਾ ਹੈ, ਸਾਨੂੰ ਨਜ਼ਰ ਨਹੀਂ ਆ ਸਕਦਾ। ਇਹ ਜੋ ਉਸ ਦੀ ਵਡਿਆਈ ਹੈ, ਅਸੀਂ ਨਹੀਂ ਦੇਖ ਸਕਦੇ ਇਸ ਨੂੰ। ਇਸ ਨੂੰ ਸਿਰਫ ਗੁਰੂ ਨਾਨਕ ਦੇਖ ਸਕਦੇ ਨੇ। ਉਹ ਦੇਖ ਰਹੇ ਨੇ। ਵਿਚਾਰ ਕਰ ਰਹੇ ਨੇ। ਉਹਦੇ ਸਦਕੇ ਜਾ ਰਹੇ ਨੇ। ਉਹਦੇ ਕਾਰਜ ਦੀ ਸੈਲੀਬ੍ਰੇਸ਼ਨ ਹੈ। ਵਡਿਆਈ ਵਿਚਾਰੀ ਜਾ ਰਹੀ ਹੈ। ਉਸੇ ਨੂੰ ਨਮਨ ਕੀਤਾ ਜਾ ਰਿਹਾ ਹੈ। ਉਹਨੂੰ ਹੀ ਯੁੱਗਾਂ ਯੁੱਗਾਂ ਤੋਂ ਧਿਆਉਂਦੇ ਨਜ਼ਰ ਆ ਰਹੇ ਨੇ। ਉਹ ਅਟੱਲ ਹੈ।

ਇਕੱਤਵੀਂ ਪਉੜੀ ਦੀ ਸ਼ੁਰੂਆਤ ਹੀ ਦੇਖੋ : 'ਆਸਣੁ ਲੋਇ ਲੋਇ ਭੰਡਾਰ' ਉਹਦਾ ਜੋ ਆਸਣ ਹੈ, ਜੋ ਟਿਕਾਣਾ ਹੈ, ਉਹ ਦੁਨੀਆ ਹੈ। ਔਰ ਦੁਨੀਆ ਹੀ ਉਸ ਦਾ ਭੰਡਾਰ ਹੈ। ਕਾਵਿ-ਸ਼ਕਤੀ ਹੈ/ਕਾਵਿ-ਜੁਗਤ ਹੈ। ਸ਼ਬਦ ਨਾਲ ਖੇਡਦਿਆਂ ਵੀ ਵਿਚਾਰ ਦਾ ਪੱਲਾ ਨਹੀਂ ਛੱਡਣਾ, ਸਗੋਂ ਉਸ ਦੀ ਪਕਿਆਈ ਦਾ ਰਾਹ ਮੋਕਲਾ ਕਰਨਾ ਹੈ। ਆਸਣ ਦੁਨੀਆ ਹੈ ਤੇ ਦੁਨੀਆ ਭੰਡਾਰ ਹੈ। ਔਰ ਜੋ ਉਹਨੇ ਦੇਣਾ ਸੀ, ਇੱਕੋ ਵਾਰੀ 'ਚ ਦੇ ਦਿੱਤਾ। ਪਰਾਰਬਧ ਕਹਿੰਦੇ ਨੇ ਸਾਧੂ ਲੋਕ ਇਸ ਨੂੰ। ਪਰਾਰਬਧ ਸਮਝ ਲਈ। ਉਹਦਾ ਇਕੋ ਵਾਰੀ ਦੇਣਾ ਸਮਝ ਲਿਆ। ਕਈ ਭਰਮ ਦੂਰ ਹੋ ਜਾਂਦੇ ਨੇ। 'ਜੋ ਕਿਛੁ ਪਾਇਆ ਸੁ ਏਕਾ ਵਾਰ' ਉਹ ਸਿਰਜਣਹਾਰ ਇਵੇਂ ਕਰ ਕਰ ਦੇਖਦਾ ਰਹਿੰਦਾ ਹੈ। ਉਹਦਾ ਕਾਰਜ ਇਕੋ ਵਾਰ ਖਤਮ। ਬੱਸ ਹੋ ਗਿਆ। ਸਿਰਜਣਹਾਰ ਦੀ ਗਹਿਰਾਈ ਨੂੰ ਸਮਝੋ। ਇਸੇ ਗਹਿਰਾਈ 'ਚੋਂ ਸਿਰਜਣ/ਵਿਗਸਣ/ਬਿਨਸਣ ਨੂੰ ਸਮਝਿਆ ਜਾ ਸਕਦਾ ਹੈ। 'ਕਰਿ ਕਰਿ ਵੇਖੈ ਸਿਰਜਣਹਾਰੁ£ ਨਾਨਕ ਸਚੇ ਕੀ ਸਾਚੀ ਕਾਰ£' ਔਰ ਇਹ ਜੋ ਕਾਰਜ ਹੈ, ਇਹ ਉਸ ਸੱਚੇ ਦੀ ਸੱਚੀ ਕਾਰਜ ਸ਼ਕਤੀ ਹੈ। ਹੈ ਭੀ ਸੱਚ। ਇਹੀ ਸੱਚ ਹੈ। ਇਹੀ ਸੱਚ ਹੋ ਸਕਦਾ ਹੈ। ਇਹੀ ਸੱਚ ਰਹੇਗਾ। ਇਹ ਸੱਚ ਅਟੱਲ ਹੈ। ਇਸੇ ਸੱਚ ਨੂੰ ਨਮਨ ਕਰਨਾ ਹੈ। ਇਸੇ ਸੱਚ ਦੀ ਵਡਿਆਈ ਵਿਚਾਰਨੀ ਹੈ। ਇਸੇ ਸੱਚ ਨੂੰ ਆਦੇਸੁ ਹੈ। ਇਹ ਆਦਿ ਹੈ। ਇਹ ਅਨਾਦਿ ਹੈ। ਇਹ ਅਨੀਲ ਹੈ। ਇਹ ਅਨਾਹਤ ਹੈ। ਪਰ ਜਦੋਂ ਇਹ ਦਇਆ ਕਰ ਭੰਡਾਰਣ ਦਾ ਕਾਰਜ ਕਰਦਾ ਹੈ ਤਾਂ ਜੋ ਨਾਦ ਵੱਜਦੇ ਨੇ, ਉਹ ਗਿਆਨ ਸਮਾਧੀ ਵਾਲਾ ਹੀ ਸੁਣ ਸਕਦਾ ਹੈ। ਉਹ ਗੁਰੂ ਨਾਨਕ ਸੁਣ ਸਕਦੇ ਹਨ। ਉਹ ਸਤਿਗੁਰ ਕਬੀਰ ਸੁਣ ਸਕਦੇ ਹਨ। ਉਹ ਸਤਿਗੁਰ ਰਵਿਦਾਸ ਸੁਣ ਸਕਦੇ ਹਨ। ਉਹ ਨਾਮਦੇਵ ਸੁਣ ਸਕਦੇ ਹਨ।

ਇਨ੍ਹਾਂ ਤਿੰਨੇ ਪਾਉੜੀਆਂ ਦਾ ਸਾਂਝਾ ਸੂਤਰ 'ਆਦੇਸੁ ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ' ਹੈ। ਔਰ ਇਹ ਜੋ ਸੂਤਰ ਹੈ, ਕਿਤੇ ਗਹਿਰੇ ਜਾ ਕੇ ਮੂਲ ਮੰਤਰ ਨੂੰ ਦ੍ਰਿੜ੍ਹਾਉਂਦੀ ਨਜ਼ਰ ਆਉਂਦੀ ਹੈ। ਇਸ ਵਾਸਤੇ ਇਹ ਬਹੁਤ ਸ਼ਕਤੀਸ਼ਾਲੀ ਵਿਚਾਰ ਨੇ। ਆਦਿ ਹੈ, ਪਰ ਨਾਲ ਹੀ ਅਨਾਦਿ ਹੈ। ਕਿਆ ਖੇਡਾਂ ਨੇ। ਕਿਆ ਬਾਤਾਂ ਨੇ। ਕਿਵੇਂ ਕੁਦਰਤ ਨੂੰ ਸਮਝਣਾ ਹੈ। ਫਿਰ ਸੌਖੇ ਜਿਹੇ ਸ਼ਬਦਾਂ 'ਚ ਸਮਝਾ ਜਾਣਾ ਹੈ। ਇਹ ਅਨੰਤ ਹੈ। ਇਹਨੂੰ ਅਨੰਤ ਵੀ ਨਹੀਂ ਕਿਹਾ ਜਾ ਸਕਦਾ। ਖੁਦ ਦੀ ਰਿਜੈਕਸ਼ਨ ਨਹੀਂ ਹੈ। ਸਮਝੋ ਇਸ ਗੱਲ ਨੂੰ। ਬਹੁਤ ਮਹੱਤਵਪੂਰਨ ਹੈ। ਦੂਸਰੇ ਹੀ ਪਲ ਬਦਲ ਗਏ। ਆਦਿ ਵੀ ਨਹੀਂ ਹੈ, ਅਨਾਦਿ ਹੈ। ਉਸੇ ਵਕਤ ਹੋਰ ਵਰਸ਼ਨ। ਪਰ ਇਹੀ ਤਾਂ ਨੁਕਤਾ ਹੈ। ਇਹੀ ਤਾਂ ਸਮਝ ਹੈ। ਇਹੀ ਤਾਂ ਹੈ ਜੋ ਗੁਰੂ ਨਾਨਕ ਦੇਵ ਜੀ ਨੂੰ ਈਸ਼ਵਰ ਦੇ ਸੰਕਲਪ ਤੋਂ ਤੋੜ ਕੇ ਕੁਦਰਤ ਦੇ ਸੰਕਲਪ ਨਾਲ ਜੋੜਦਾ ਹੈ, ਵੱਡੇ ਸੰਕਲਪ ਨਾਲ ਜੋੜਦਾ ਹੈ। ਇਹੀ ਤਾਂ ਨਾਨਕ ਬਾਣੀ ਦੀ ਵਡਿਆਈ ਹੈ। ਇਸੇ ਵਡਿਆਈ ਨੂੰ ਹੀ ਤਾਂ ਵਿਚਾਰਨਾ ਹੈ। ਇਹਦੇ ਹੀ ਤਾਂ ਬਲਿਹਾਰ ਜਾਣਾ ਹੈ। ਅਸੀਂ ਗੁਰੂ ਨਾਨਕ ਦੇ ਬਲਿਹਾਰ ਜਾਂਦੇ ਹਾਂ।

ਦੇਸ ਰਾਜ ਕਾਲੀ
79867-02493


rajwinder kaur

Edited By rajwinder kaur