21 ਜੂਨ ਦਾ ਕੰਗਣਾਕਾਰ ਸੂਰਜ ਗ੍ਰਹਿਣ : ਭਾਗ- 2
5/22/2020 4:35:25 PM
ਸੂਰਜ ਗ੍ਰਹਿਣ ਬਾਰੇ ਹਰ ਕਿਸੇ ਦੇ ਮਨ ਵਿੱਚ ਉਤਸੁਕਤਾ ਬਣੀ ਰਹਿੰਦੀ ਹੈ। ਸੂਰਜ ਗ੍ਰਹਿਣਾਂ ਬਾਰੇ ਬਹੁਤ ਪੁਰਾਣੇ ਲੇਖਕਾਂ ਅਤੇ ਦਾਰਸ਼ਨਿਕਾਂ ਨੇ ਸਮੇਂ ਅਨੁਸਾਰ ਜਾਣਕਾਰੀ ਦਰਜ ਕੀਤੀ ਹੈ। ਮਹਾਂਭਾਰਤ ਵਿੱਚ ਵੀ ਸੂਰਜ ਗ੍ਰਹਿਣ ਦਾ ਜ਼ਿਕਰ ਹੈ। ਪੁਰਾਤਨ ਕਾਲ ਤੋਂ ਹੀ ਸੂਰਜ ਦੀ ਪੂਜਾ 'ਸੂਰਜ ਦੇਵਤਾ' ਦੇ ਰੂਪ ਵਿੱਚ ਹੁੰਦੀ ਰਹੀ ਹੈ। ਉਸ ਤੋਂ ਉੱਪਰ ਦੀ ਸੂਰਜ ਗ੍ਰਹਿਣਾਂ ਦਾ ਕਿਸੇ ਵਿਸ਼ੇਸ਼ ਥਾਂ ਉੱਪਰ ਬਹੁਤ ਘੱਟ ਗਿਣਤੀ ਵਿੱਚ ਦਿਸਣਾ – ਇਸ ਕਾਰਨ ਸੂਰਜ ਗ੍ਰਹਿਣ ਪ੍ਰਤੀ ਜਗਿਆਸਾ ਕਾਫੀ ਰਹਿੰਦੀ ਹੈ।
ਅਸਲ ਵਿੱਚ ਸੂਰਜ ਗ੍ਰਹਿਣ ਤਿੰਨ ਤਰ੍ਹਾਂ ਦੇ ਹੁੰਦੇ ਹਨ – ਪੂਰਾ ਸੂਰਜ ਗ੍ਰਹਿਣ, ਅੰਸ਼ਿਕ ਸੂਰਜ ਗ੍ਰਹਿਣ ਅਤੇ ਕੰਗਣਾਕਾਰ ਸੂਰਜ ਗ੍ਰਹਿਣ। ਜਿਸ ਤਰ੍ਹਾਂ ਕਿ ਅਸੀਂ ਇਸ ਲੜੀ ਦੀ ਪਹਿਲੀ ਕੜੀ ਵਿੱਚ ਪੜ੍ਹ ਚੁੱਕੇ ਹਾਂ ਕਿ ਸੂਰਜ ਗ੍ਰਹਿਣ ਅਸਲ ਵਿੱਚ ਚੰਨ ਦੇ ਉਸ ਪਰਛਾਵੇਂ ਦੀ ਖੇਡ ਹੁੰਦਾ ਹੈ, ਜੋ ਧਰਤੀ 'ਤੇ ਪੈਂਦਾ ਹੈ। ਕਿਸੇ ਵੀ ਪਰਛਾਵੇਂ ਦੇ ਅਸਲ ਵਿੱਚ ਦੋ ਭਾਗ ਹੁੰਦੇ ਹਨ – ਇੱਕ ਭਾਗ ਉਹ ਜੋ ਪੂਰੀ ਤਰ੍ਹਾਂ ਕਾਲਾ ਹੁੰਦਾ ਹੈ ਅਤੇ ਦੂਜਾ ਉਹ ਜੋ ਥੋੜੀ ਜਿਹੀ ਰੋਸ਼ਨੀ ਪ੍ਰਾਪਤ ਕਰਦਾ ਹੋਣ ਕਾਰਨ ਪੂਰੀ ਤਰ੍ਹਾਂ ਕਾਲਾ ਨਹੀਂ ਹੁੰਦਾ (ਵਿਗਿਆਨਕ ਭਾਸ਼ਾ ਵਿੱਚ ਇਹ ਪਰਛਾਇਆ ਅਤੇ ਉੱਪਛਾਇਆ ਕਹੇ ਜਾਂਦੇ ਹਨ)। ਛਾਂ ਦੇ ਇਨ੍ਹਾਂ ਦੋ ਭਾਗਾਂ ਨੂੰ ਅਸੀਂ ਸਾਰੇ ਹੀ ਹਰ ਰੋਜ਼ ਦੇਖਦੇ ਹਾਂ, ਉਹ ਗੱਲ ਹੋਰ ਹੈ ਕਿ ਸਾਡੇ ਵਿੱਚੋਂ ਬਹੁਤੇ ਇਸ ਬਾਰੇ ਗ਼ੌਰ ਨਹੀਂ ਕਰਦੇ।
ਗ੍ਰਹਿਣ ਵੇਲੇ ਧਰਤੀ ਦੇ ਜਿਹੜੇ ਹਿੱਸਿਆਂ ਵਿੱਚ ਚੰਨ ਦਾ ਉਹ ਪਰਛਾਵਾਂ ਪੈਂਦਾ ਹੈ, ਜੋ ਪੂਰੀ ਤਰ੍ਹਾਂ ਕਾਲਾ ਹੁੰਦਾ ਹੈ, ਉਨ੍ਹਾਂ ਭਾਗਾਂ ਵਿੱਚ ਪੂਰਾ ਸੂਰਜ ਗ੍ਰਹਿਣ ਦਿਸਦਾ ਹੈ।
ਗ੍ਰਹਿਣ ਵੇਲੇ ਧਰਤੀ ਦੇ ਕੁਝ ਹਿੱਸੇ ਚੰਨ ਦੇ ਅਰਧ ਕਾਲੇ ਪਰਛਾਵੇਂ ਹੇਠ ਆਉਂਦੇ ਹਨ। ਅਜਿਹੇ ਭਾਗਾਂ ਵਿੱਚ ਅੰਸ਼ਿਕ ਸੂਰਜ ਗ੍ਰਹਿਣ ਦਿਸਦਾ ਹੈ।
ਕਦੇ ਕਦਾਈਂ ਅਜਿਹਾ ਵੀ ਹੁੰਦਾ ਹੈ ਕਿ ਚੰਨ ਦੀ ਟਿੱਕੀ ਪੂਰੀ ਤਰ੍ਹਾਂ ਸੂਰਜੀ ਟਿੱਕੀ ਦੇ ਸਾਹਮਣੇ ਆ ਜਾਂਦੀ ਹੈ ਪਰ ਉਹ ਸੂਰਜੀ ਟਿੱਕੀ ਨਾਲੋਂ ਥੋੜ੍ਹੀ ਜਿਹੀ ਛੋਟੀ ਰਹਿ ਜਾਂਦੀ ਹੈ। ਅਜਿਹੀ ਹਾਲਤ ਵਿੱਚ ਸੂਰਜੀ ਟਿੱਕੀ ਦਾ ਅੰਦਰਲਾ ਹਿੱਸਾ ਤਾਂ ਸਾਨੂੰ ਦਿਖਾਈ ਨਹੀਂ ਦਿੰਦਾ ਪਰ ਇਸ ਦਾ ਕੇਵਲ ਘੇਰਾ ਸਾਨੂੰ ਦਿਸਦਾ ਹੈ। ਸੂਰਜੀ ਟਿੱਕੀ ਦਾ ਇਹ ਘੇਰਾ ਇੱਕ ਚਮਕਦਾਰ ਕੰਗਣ ਜਾਂ ਚੂੜੀ ਵਾਂਗ ਦਿਸਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਇਸ ਤਰ੍ਹਾਂ ਦੇ ਸੂਰਜ ਗ੍ਰਹਿਣ ਨੂੰ ਕੰਗਣਾਕਾਰ ਸੂਰਜ ਗ੍ਰਹਿਣ ਕਹਿੰਦੇ ਹਨ।
ਲੱਗਦੇ ਹੱਥ ਇਹ ਵੀ ਦੱਸ ਦੇਈਏ ਕਿ ਸਾਲ ਵਿੱਚ ਘੱਟੋ-ਘੱਟ ਦੋ ਅਤੇ ਵੱਧੋ-ਵੱਧ ਪੰਜ ਸੂਰਜ ਗ੍ਰਹਿਣ ਲੱਗ ਸਕਦੇ ਹਨ ਪਰ ਬਹੁਤੇ ਸੂਰਜ ਗ੍ਰਹਿਣਾਂ ਨੂੰ ਅਸੀਂ ਦੇਖ ਨਹੀਂ ਸਕਦੇ।
ਸੂਰਜ ਗ੍ਰਹਿਣ ਮੱਸਿਆ ਨੂੰ ਹੀ ਲੱਗਦਾ ਹੈ, ਕਿਉਂਕਿ ਇਸ ਦਿਨ ਚੰਨ ਸਾਡੀ ਧਰਤੀ ਅਤੇ ਸੂਰਜ ਦੇ ਵਿਚਕਾਰ ਹੁੰਦਾ ਹੈ ਪਰ ਹਰ ਮੱਸਿਆ ਨੂੰ ਸੂਰਜ ਗ੍ਰਹਿਣ ਨਹੀਂ ਲੱਗਦਾ। ਇਸ ਦਾ ਕਾਰਨ ਇਹ ਹੈ ਕਿ ਚੰਨ ਜਿਸ ਪੰਧ 'ਤੇ ਧਰਤੀ ਦੁਆਲੇ ਚੱਕਰ ਕੱਟਦਾ ਹੈ, ਉਹ ਧਰਤੀ ਦੇ ਆਪਣੇ ਪ੍ਰਿਕਰਮਾ-ਪੰਧ ਦੇ ਮੁਕਾਬਲੇ ਪੰਜ ਡਿਗਰੀ ਝੁਕਿਆ ਹੋਇਆ ਹੈ, ਜਿਸ ਕਾਰਨ ਹਰ ਮੱਸਿਆ ਨੂੰ ਚੰਨ ਦਾ ਪਰਛਾਵਾਂ ਧਰਤੀ 'ਤੇ ਨਹੀਂ ਪੈਂਦਾ। ਦੋਵੇਂ ਘੁੰਮਣ ਪੰਧ ਦੋ ਬਿੰਦੂਆਂ 'ਤੇ ਇੱਕ ਦੂਜੇ ਨੂੰ ਕੱਟਦੇ ਹਨ (ਇਨ੍ਹਾਂ ਦੋ ਬਿੰਦੂਆਂ ਨੂੰ ਕਈ ਵਾਰੀ 'ਰਾਹੂ' ਅਤੇ 'ਕੇਤੂ' ਕਹਿ ਦਿੱਤਾ ਜਾਂਦਾ ਹੈ)। ਜਦੋਂ ਕਿਸੇ ਮੱਸਿਆ ਨੂੰ ਚੰਨ ਇਨ੍ਹਾਂ ਵਿੱਚੋਂ ਕਿਸੇ ਬਿੰਦੂ 'ਤੇ ਹੋਵੇ ਤਾਂ ਹੀ ਸੂਰਜ ਗ੍ਰਹਿਣ ਲੱਗਦਾ ਹੈ। ਮੱਸਿਆ ਵਾਲੇ ਅਜਿਹੇ ਦਿਨ ਸਾਲ ਵਿੱਚ ਪੰਜ ਤੋਂ ਵੱਧ ਵਾਰ ਨਹੀਂ ਆ ਸਕਦੇ।
ਡਾ. ਸੁਰਿੰਦਰ ਕੁਮਾਰ ਜਿੰਦਲ,
ਮੋਹਾਲੀ
ਮੋ. 98761-35823
ਈ ਮੇਲ: drskjindal123@gmail.com
ਆਉਂਦੀ 21 ਜੂਨ ਨੂੰ ਲੱਗ ਰਹੇ ਵੱਡੇ ਸੂਰਜ ਗ੍ਰਹਿਣ ਦੇ ਮੱਦੇਨਜ਼ਰ ਅਸੀਂ ਆਪਣੇ ਪਾਠਕਾਂ ਲਈ ਛੋਟੇ-ਛੋਟੇ ਲੇਖਾਂ ਦੀ ਇੱਕ ਲੜੀ ਪ੍ਰਕਾਸ਼ਿਤ ਕਰ ਰਹੇ ਹਾਂ, ਜਿਸ ਰਾਹੀਂ ਇਸ ਅਦਭੁਤ ਖਗੋਲੀ ਘਟਨਾ ਦੇ ਵਿਭਿੰਨ ਪਹਿਲੂਆਂ 'ਤੇ ਚਾਨਣਾ ਪਾਇਆ ਜਾਵੇਗਾ। ਅੱਜ ਪੇਸ਼ ਹੈ ਇਸ ਲੜੀ ਦੀ ਦੂਜੀ ਕੜੀ। ਇਸ ਲੇਖ ਦੀ ਤੀਸਰੀ ਕੜੀ ਆਉਣ ਵਾਲੇ ਅਗਲੇ ਹਫਤੇ ਜਗਬਾਣੀ ਵਲੋਂ ਪ੍ਰਕਾਸ਼ਿਤ ਕੀਤੀ ਜਾਵੇਗੀ।