ਜਿਸ ਪਾਣੀਓਂ ਉੱਗੀ ਹੈ, ਓਸੇ ਪਾਣੀਓਂ ਮਾਰਾਂਗੇ

5/22/2020 5:20:04 PM

ਪਿੰਡ ਕਾਲ੍ਹੇ ਕੇ ਦਾ ਰਹਿਣ ਵਾਲਾ ਭਾਈ ਪ੍ਰਿਥੀ ਦਮਦਮਾ ਸਾਹਿਬ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਿਆ। ਗੁਰੂ ਸਾਹਿਬ ਜੀ ਦੀ ਸੰਗਤ ਨੇ ਇਸ ਨੂੰ ਫੋਕਟ ਕਰਮਕਾਂਡਾਂ ਵਿੱਚੋਂ ਬਾਹਰ ਕੱਢ ਗੁਰਮਤਿ ਗਾਡੀ ਰਾਹ ਦਾ ਪਾਂਧੀ ਬਣਾਇਆ। ਪਾਤਸ਼ਾਹ ਜੀ ਜਦੋਂ ਦੱਖਣ ਵੱਲ ਜਾਣ ਲੱਗੇ ਤਾਂ ਉਨ੍ਹਾਂ ਭਾਈ ਪ੍ਰਿਥੀ ਨੂੰ ਹੁਕਮ ਕੀਤਾ ਕਿ ਮਾਝੇ ਦੇ ਇਲਾਕੇ ਵਿੱਚ ਜਾ ਕੇ ਗੁਰੂ ਕੇ ਲੰਗਰ ਦੀ ਸੇਵਾ ਕਰਨ। ਨਾਲ ਹੀ ਗੁਰੂ ਸਾਹਿਬ ਜੀ ਨੇ ਆਪਣੇ ਸੀਸ ਦੀ ਸ਼ਾਲ, ਆਪਣੇ ਹੱਥ ਦਾ ਆਸਾ ਬਖਸ਼ਿਸ਼ ਕਰਦਿਆਂ ਕਿਹਾ ," ਸਾਡੇ ਸੇਵਕ ਭਾਈ ਫੇਰੂ ਜੀ ਵੀ ਉਸ ਇਲਾਕੇ ਵਿੱਚ ਸੇਵਾ ਕਰ ਰਹੇ ਹਨ, ਤੁਹਾਡੀ ਉਹ ਹਰ ਕਾਜ ਵਿੱਚ ਸਹਾਇਤਾ ਕਰਨਗੇ।"

ਕੁਝ ਸਮਾਂ ਅੰਮ੍ਰਿਤਸਰ ਰਹਿ ਕੇ, ਫਿਰ ਭਾਈ ਪ੍ਰਿਥੀ ਜੀ ਨੇ ਲੋਪੋਕੇ ਪਿੰਡ ਡੇਰਾ ਲਾਇਆ। ਇਥੇ ਸੰਗਤ-ਪੰਗਤ ਦੇ ਪ੍ਰਤਾਪ ਸਦਕਾ ਅਤੇ ਭਾਈ ਪ੍ਰਿਥੀ ਜੀ ਦੀ ਗੁਰੂ ਬਚਨਾਂ ਪ੍ਰਤੀ ਨਿਹਚਾ ਸਦਕਾ ਗੁਰਸਿਖੀ ਦਾ ਫੈਲਾਅ ਹੋਣ ਲੱਗਾ। ਇਥੋਂ ਭਾਈ ਸਾਹਿਬ ਜੀ ਲਾਹੌਰ ਆ ਗਏ। ਲਾਹੌਰ ਵਿੱਚ ਵੀ ਆਪ ਨੇ ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ਸੰਗਤ-ਪੰਗਤ ਨਾਲ, ਆਤਮਿਕ ਤੇ ਸਰੀਰਿਕ ਭੁੱਖ ਨਾਲ ਤਪਦੇ ਹਿਰਦਿਆਂ ਨੂੰ ਠੰਢ ਪਾਈ।

ਲਾਹੌਰ ਵਿੱਚ ਮੁਜੰਗਾਂ ਵਾਲੇ ਪਾਸੇ ਇਕ ਦਿਨ ਭਾਈ ਸਾਹਿਬ ਸੰਗਤ ਸਜਾ ਕੇ ਬੈਠੇ ਸਨ ਕਿ ਦੋ ਸਕੇ ਭਰਾ, ਜਿਨ੍ਹਾਂ ਦੇ ਕਦਮ ਜਵਾਨੀ ਵੱਲ ਵੱਧ ਰਹੇ ਸਨ, ਸਿਰਾਂ ਤੇ ਘੰਘਣੀਆਂ ਦੀਆਂ ਛਾਬੜੀਆਂ ਚੁੱਕੀ ਇਥੇ ਆਣ ਪੁੱਜੇ। ਭਾਈ ਪ੍ਰਿਥੀ ਜੀ ਇਨ੍ਹਾਂ ਨੂੰ ਆਵਾਜ਼ ਮਾਰ ਕੇ ਕਹਿਣ ਲੱਗੇ, "ਬਾਲੜਿਓ ! ਕੀ ਹੈ ਤੁਹਾਡੇ ਕੋਲ, ਸਾਨੂੰ ਵੀ ਛਕਾਉਗੇ? "ਦੋਨਾਂ ਨੇ ਛਾਬੜੀਆਂ ਅੱਗੇ ਰੱਖ ਦਿੱਤੀਆਂ ਅਤੇ ਕਹਿਣ ਲੱਗੇ, ਬਾਬਾ ਜੀ ! ਛਕੋ। ਭਾਈ ਸਾਹਿਬ ਕਹਿਣ ਲੱਗੇ ਕਿ, ਸਾਡੇ ਕੋਲ ਮਾਇਆ ਕੋਈ ਨਹੀਂ ? ਇਹ ਦੋਨੋਂ ਭਰਾ ਕਹਿਣ ਲੱਗੇ ਕੋਈ ਨਾ ਜੀ। ਤੁਸੀਂ ਬੱਸ ਛੱਕੋ।

ਭਾਈ ਪ੍ਰਿਥੀ ਜੀ ਨੇ ਥੋੜ੍ਹੀਆਂ ਜਿਹੀਆਂ ਘੁੰਘਣੀਆਂ ਆਪ ਲੈ ਬਾਕੀ ਬੱਚੀਆਂ ਘੁੰਘਣੀਆਂ ਸੰਗਤ ਵਿੱਚ ਵਰਤਾਉਣ ਦਾ ਹੁਕਮ ਦਿੱਤਾ। ਇਨ੍ਹਾਂ ਦੋਹਾਂ ਭਰਾਵਾਂ ਨੇ ਖਿੜ੍ਹੇ ਮੱਥੇ ਹੁਕਮ ਦੀ ਤਾਮੀਲ ਕੀਤੀ। ਭਾਈ ਸਾਹਿਬ ਇਨ੍ਹਾਂ ’ਤੇ ਬਹੁਤ ਖੁਸ਼ ਹੋਏ ਅਤੇ ਆਸੀਸ ਦਿੰਦਿਆਂ ਕਿਹਾ ਕਿ " ਤੁਸੀਂ ਦੋਵੇਂ ਬੜੇ ਬੀਬੇ ਰਾਣੇ ਹੋ! ਤੁਹਾਨੂੰ ਸਰਕਾਰੇ ਦਰਬਾਰੇ ਦੀਵਾਨੀਆਂ ਮਿਲਣ। ਇਨ੍ਹਾਂ ਦੋਵਾਂ ਭਰਾਵਾਂ ਦਾ ਭਾਈ ਸਾਹਿਬ ਨਾਲ ਖਾਸਾ ਪਿਆਰ ਪੈ ਗਿਆ ਸੀ।

ਇਧਰ ਭਾਈ ਪ੍ਰਿਥੀ ਜੀ, ਲਾਹੌਰ ਤੋਂ ਦੱਖਣ ਵੱਲ 12 ਕੋਹ ਤੇ ਇੱਕ ਪਿੰਡ 'ਮਾਣਕ' ਆ ਬਿਰਾਜੇ। ਇਥੇ ਇਨ੍ਹਾਂ ਨੇ ਗੁਰੂ ਕੇ ਲੰਗਰਾਂ ਦੇ ਅਤੁੱਟ ਭੰਡਾਰੇ ਖੋਲ ਦਿੱਤੇ। ਦੂਰੋਂ ਨੇੜਿਉਂ ਆਉਣ ਵਾਲੇ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਹਿੰਦਾ। ਹਰ ਵਕਤ 100 ਦੇ ਕਰੀਬ ਸਾਧੂ ਸੰਤ ਇਸ ਧਰਮਸ਼ਾਲਾ ਵਿੱਚ ਜੁੜੇ ਰਹਿੰਦੇ। ਮਾਘੀ ਤੇ ਸੱਤ ਦਿਨ ਦਾ ਭਾਰੀ ਮੇਲਾ ਭਰਦਾ ਸੀ। ਭਾਈ ਫੇਰੂ ਜੀ ਇਕ ਦਿਨ ਆਪ ਪਾਸ ਬੈਠੇ ਸਨ ਤਾਂ ਉਨ੍ਹਾਂ ਕਿਹਾ ਕਿ ਭਾਈ ਪ੍ਰਿਥੀ ਜੀ, ਸਾਨੂੰ ਤੁਹਾਡੇ ਸੇਵਕ ਭਾਈ ਜਗਤ ਵਿੱਚ ਆਹਲਾ ਦਰਜੇ ਦੀ ਭਗਤੀ ਦੇ ਚਿਨ੍ਹ ਨਜ਼ਰ ਆਉਂਦੇ ਹਨ, ਇਹ ਹੀ ਅਸਲ ਵਿੱਚ ਤੁਹਾਡੇ ਵਾਰਸ ਹੈਨ।

ਇਹ ਸੁਣਦਿਆਂ ਸਾਰ ਭਾਈ ਪ੍ਰਿਥੀ ਜੀ ਨੇ, ਭਾਈ ਫੇਰੂ ਜੀ ਨੂੰ ਕਿਹਾ ਕਿ, ਤੁਸੀਂ ਖ਼ੁਦ ਇਸ ਮੇਰੇ ਬੱਚੇ ਨੂੰ ਇਸ ਧਰਮਸ਼ਾਲਾ ਦੀ ਜ਼ਿੰਮੇਵਾਰੀ ਬਖ਼ਸ਼ਿਸ਼ ਕਰੋ ਤੇ ਨਾਲੇ ਅਸੀਸ ਦਿਓ, ਇਸ ਦੀ ਨਿਭ ਜਾਵੇ। ਭਾਈ ਪ੍ਰਿਥੀ ਜੀ ਤਕਰੀਬਨ 1742-43 ਈਸਵੀ ਵਿੱਚ ਭਾਈ ਜਗਤ ਭਗਤ ਨੂੰ ਮਹੰਤ ਥਾਪ ਕੇ ਸੰਸਾਰਕ ਚੋਲਾ ਛੱਡ ਗਏ। ਭਾਈ ਜਗਤ ਭਗਤ ਜੀ ਰੂਪੀ ਅਦੁੱਤੀ ਸੇਵਾ ਸਿਮਰਨ ਵਾਲੀ ਸ਼ਖਸੀਅਤ ਦਾ ਨਾਮਣਾ ਸਾਰੇ ਇਲਾਕੇ ਵਿੱਚ ਦਿਨ ਦੁੱਗਣਾ ਰਾਤ ਚੌਗਣਾ ਫੈਲ ਰਿਹਾ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਲਾਹੌਰ ਸਰਕਾਰ ਵੱਲੋਂ ਪੰਜ ਪਿੰਡ (ਮਾਣਕ, ਜੀਆ ਬੱਗਾ, ਭਾਈ ਕੋਟ, ਕਿੰਗਰਾ ਕੰਡਿਆਲਾ ਤੇ ਕੋਠਾ) ਧਰਮ ਅਰਥ ਲੱਗੇ ਸਨ।

ਉਧਰ ਜਿੰਨ੍ਹਾਂ ਦੋਵਾਂ ਭਰਾਵਾਂ ਨੂੰ ਕਿਸੇ ਸਮੇਂ ਭਾਈ ਪ੍ਰਿਥੀ ਨੇ ਦੀਵਾਨੀਆਂ ਭੋਗਣ ਦੀ ਅਸੀਸ ਦਿੱਤੀ ਸੀ, ਉਹ ਦੋਵੇਂ ਅਬਦੁਸਮੱਦ ਖ਼ਾਨ ਦੇ ਵਕਤ ਲਾਹੌਰ ਸਰਕਾਰ ਵਿੱਚ ਨੌਕਰ ਹੋਏ ਸਨ ਤੇ ਜ਼ਕਰੀਆ ਖ਼ਾਨ ਦੇ ਸਮੇਂ ਵਿੱਚ ਇਹ ਫੌਜਦਾਰੀਆਂ ਤੇ ਦੀਵਾਨੀਆਂ ਦੇ ਮਾਲਕ ਬਣੇ। ਇਨ੍ਹਾਂ ਦੇ ਨਾਮ ਸਨ,' ਜਸਪਤ ਰਾਏ' ਤੇ 'ਲੱਖਪਤ ਰਾਏ' । ਇਹ ਮਹਿਸੂਸ ਕਰਦੇ ਸਨ, ਕਿ ਏਡੇ ਮਰਤਬਿਆਂ ਤੱਕ ਇਹ ਭਾਈ ਪ੍ਰਿਥੀ ਦੀ ਮਿਹਰ ਸਦਕਾ ਪੁੱਜੇ ਹਨ। ਇਸੇ ਲਈ ਇਹ ਭਾਈ ਪ੍ਰਿਥੀ ਜੀ ਦੇ ਹਰ ਹੁਕਮ ਦੀ ਤਾਮੀਲ ਕਰਦੇ ਸਨ। ਭਾਈ ਸਾਹਿਬ ਦੇ ਭੇਜੇ ਹਰ ਇੱਕ ਜ਼ਰੂਰਤ ਮੰਦ ਦੀ ਲੋੜ ਪੂਰੀ ਕਰਨਾ ਇਹ ਆਪਣਾ ਧਾਰਮਿਕ ਫ਼ਰਜ਼ ਸਮਝਦੇ ਸਨ।

ਭਾਈ ਪ੍ਰਿਥੀ ਜੀ ਜਦ ਮਾਣਕ ਪਿੰਡ ਵਿੱਚ ਪੂਰੇ ਹੋਏ ਤਾਂ ਉਨ੍ਹਾਂ ਦੀ ਸਮਾਧ ਵੀ ਇਨ੍ਹਾਂ ਹੀ ਬਣਵਾਈ ਸੀ। ਭਾਈ ਸਾਹਿਬ ਸਿੱਖਾਂ ਦੀ ਉਦਾਸੀ ਸੰਪਰਦਾ ਨਾਲ ਸਬੰਧਿਤ ਸਨ। ਮੰਨਿਆ ਜਾਂਦਾ ਹੈ ਕਿ ਲੱਖੂ ਤੇ ਜੱਸੂ ਦੀ ਭੇਟ ਕੀਤੀ ਮਾਇਆ ਨਾਲ ਦੋ ਹੋਰ ਅਸਥਾਨਾਂ, ਭਾਈ ਫੇਰੂ ਜੀ ਦੀ ਸਮਾਧ ਤੇ ਲਾਹੌਰ ਵਿੱਚ ਸੂਦਾਂਵਾਲੀ ਧਰਮਸ਼ਾਲਾ ਵੀ ਬਣਵਾਈ।

ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ।। (ਮ;1)

ਟਾਂਵੇਂ ਬੰਦੇ ਹੁੰਦੇ ਹਨ, ਜੋ ਜੀਵਨ ਵਿੱਚ ਧਨ ਜਾਂ ਤਰੱਕੀ ਦੇ ਵਾਧੇ ਵਿਚੋਂ ਪੈਦਾ ਹੋਣ ਵਾਲੇ ਹੰਕਾਰ ਤੇ ਤਮਾ ’ਤੇ ਕਾਬੂ ਪਾਂਦੇ ਹਨ। ਸਰਮਾਇਆ ਤੇ ਤਾਕਤ ਬੰਦੇ ਦੀ ਅਕਲ ਮਾਰ ਦਿੰਦੇ ਹਨ। ਇਨ੍ਹਾਂ ਚੀਜ਼ਾਂ ਵਿੱਚ ਫਸਿਆ ਬੰਦਾ ਇਨਸਾਨ ਤੋਂ ਹੈਵਾਨ ਬਣਦਿਆਂ ਬਹੁਤਾ ਸਮਾਂ ਨਹੀਂ ਲਾਉਂਦਾ। ਇਹੋ ਗੱਲ ਇਨ੍ਹਾਂ ਦੋਨਾਂ ਭਰਾਵਾਂ ਨਾਲ ਵਾਪਰੀ। ਇਹ ਸੱਤਾ ਦੀ ਤਾਕਤ ਨਾਲ ਇਹੋ ਜਿਹੇ। ਅੰਨ੍ਹੇ ਹੋਏ ਕਿ ਜਿਸ ਘਰ ਵਿੱਚੋਂ ਇਨ੍ਹਾਂ ਨੂੰ ਦੀਵਾਨੀਆਂ ਦੀ ਆਸੀਸ ਮਿਲੀ, ਓਸੇ ਨਾਲ ਮੱਥਾ ਲਾ ਬੈਠੇ।

ਜ਼ਕਰੀਆ ਖ਼ਾਨ ਦੀ ਵਾਹ-ਵਾਹ ਹਾਸਲ ਕਰਨ ਦੇ ਚੱਕਰਾਂ ਵਿੱਚ ਜੱਸੂ ਤੇ ਲੱਖੂ ਨੇ ਵੀ ਸਿੰਘਾਂ ਦੇ ਖ਼ੂਨ ਦੀ ਹੋਲੀ ਖੇਡਣੀ ਸ਼ੁਰੂ ਕੀਤੀ। ਸਿੰਘਾਂ ਦੇ ਸਿਰਾਂ ਦੇ ਇਨਾਮ ਮੁਕੱਰਰ ਕਰ ਦਿੱਤੇ ਗਏ। ਇਸ ਸਮੇਂ ਵਿੱਚ ਜਦ ਜੱਸੂ ਏਮਨਾਬਾਦ ਦਾ ਫੌਜਦਾਰ ਸੀ ਤਾਂ ਇਸ ਨੇ ਮਾਝੇ ਵੱਲੋਂ ਜੋ ਸਿੰਘਾਂ ਦਾ ਜੱਥਾ ਇਸ ਦੇ ਇਲਾਕੇ ਵਿੱਚ ਆ ਗਿਆ ਸੀ, ਨਾਲ ਬਹੁਤ ਬੁਰਾ ਵਰਤਾਉ ਕੀਤਾ। ਗੱਲ ਵਧੀ ਤਾਂ ਬਦੋ ਕੀ ਗੁਸਾਂਈਆਂ ਦੀ ਝਿੜੀ ਵਿੱਚ ਦੋਵਾਂ ਪਾਸੇ ਖੰਡਾ ਖੜਕ ਗਿਆ। ਭਾਈ ਨਿਬਾਹੂ ਸਿੰਘ ਨੇ ਹਾਥੀ ’ਤੇ ਬੈਠੇ ਜਸਪਤ ਦਾ ਸਿਰ ਵੱਢ ਲਿਆ।

ਬੱਦੋ ਕੀ ਗੁਸਾਂਈਆਂ ਦੇ ਬਾਵੇ ਕਿਰਪਾ ਰਾਮ ਨੇ 500 ਰੁਪਏ ਸਿੰਘਾਂ ਨੂੰ ਭੇਟ ਕਰਕੇ ਜੱਸੂ ਦਾ ਸਿਰ ਲੈ ਲਿਆ। ਇਥੇ ਹੀ ਇਹਦਾ ਸਸਕਾਰ ਹੋਇਆ। ਲਖਪਤ ਨੇ ਆਪਣੇ ਭਾਈ ਦੀ ਸਮਾਧ ਵੀ ਬਣਵਾਈ। ਇਸ ਸਮਾਧ ਦੇ ਨਾਲ ਹੀ ਇਕ ਖੂਹ ਵੀ ਲਵਾਇਆ। ਭਰਾ ਦੀ ਮੌਤ ਨੇ ਲਖਪਤ ਰਾਏ ਉਰਫ ਲੱਖੂ ਨੂੰ ਬਉਰਾ ਕਰ ਦਿੱਤਾ। ਉਸ ਨੇ ਆਪਣੀ ਪੱਗ ਜ਼ਕਰੀਏ ਦੇ ਪੈਰਾਂ ਵਿੱਚ ਰੱਖ ਸੁੰਹ ਖਾਧੀ ਕਿ ਮੈਂ ਸਿੱਖਾਂ ਦਾ ਖੋਰਾ ਖੋਜ ਮਿਟਾ ਦਿਆਂਗਾ। ਇਸ ਨੇ ਪੋਥੀਆਂ ਦੀ ਬੇ ਅਦਬੀ ਕੀਤੀ। ਚਕਰੈਲ ਤੇ ਗੁਰਮੁੱਖ ਸਿੱਖਾਂ ਨੂੰ ਵੀ ਕਤਲ ਕਰਨ ਦਾ ਹੁਕਮ ਦਿੱਤਾ। ਛੋਟੇ ਘੱਲੂਘਾਰੇ ਵਿੱਚ ਇਸਨੇ ਹਜ਼ਾਰਾਂ ਸਿੰਘ ਸਿੰਘਣੀਆਂ ਨੂੰ ਸ਼ਹੀਦ ਕੀਤਾ।

ਜਿਹੜੇ ਭਲੇ ਸੱਜਣ ਜਾਣਦੇ ਸਨ ਕਿ ਇਹ ਲੱਖੂ ਮਾਣਕ ਵਾਲੇ ਗੁਰਮੁਖ ਭਾਈ ਜਗਤ ਭਗਤ ਹੁਣਾ ਨੂੰ ਗੁਰੂ ਮੰਨਦਾ ਤਾਂ ਉਨ੍ਹਾਂ ਸੱਜਣਾਂ ਨੇ ਭਾਈ ਸਾਹਬ ਤੱਕ ਪਹੁੰਚ ਕੀਤੀ। ਭਾਈ ਸਾਹਿਬ ਜਦ ਇਸਨੂੰ ਸਮਝਾਉਣ ਲਾਹੌਰ ਆਏ ਤਾਂ ਇਸ ਨੇ ਕਿਹਾ,' ਤੁਸੀਂ ਤਾਂ ਕੀ ਜੇ ਰੱਬ ਵੀ ਆਪ ਚੱਲ ਕੇ ਆ ਜਾਵੇ ਤਾਂ ਉਹ ਵੀ ਮੈਨੂੰ ਨਹੀਂ ਰੋਕ ਸਕਦਾ। ਮੈਂ ਇਨ੍ਹਾਂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ।' ਨਾਲ ਦੇ ਸੱਜਣ ਕਹਿਣ ਲੱਗੇ " ਵੇਖੋ ਜੀ! ਇਹ ਕਿਨ੍ਹਾਂ ਹੰਕਾਰਿਆ, ਆਪ ਦਾ ਵੀ ਅਦਬ ਸਤਿਕਾਰ ਨਹੀਂ ਕਰ ਸਕਿਆ।" ਭਾਈ ਸਾਹਿਬ ਬੋਲੇ; "ਵਾਹਿਗੁਰੂ ਗਰਬ ਪਰਹਾਰੀ ਹੈ, ਇਸਦਾ ਹੰਕਾਰ ਭੀ ਜ਼ਰੂਰ ਤੋੜੇਗਾ।" ਇਹ ਸੁਣ ਲੱਖੂ ਹੋਰ ਮੱਚ ਗਿਆ ਤੇ ਭਾਈ ਸਾਹਿਬ ਨੂੰ ਕਹਿਣ ਲੱਗਾ ਕਿ , "ਤੁਸੀਂ ਜਾ ਕੇ ਆਪਣੇ ਡੇਰੇ ਨੂੰ ਸੰਭਾਲੋ, ਮੇਰੇ ਕੰਮਾਂ ਵਿੱਚ ਨਾ ਹੀ ਪਉ ਤਾਂ ਚੰਗਾ ਹੈ। ਭਾਈ ਜਗਤ ਭਗਤ ਜੀ ਪਿੱਛਲ ਪੈਰੀਂ ਮੁੜਦਿਆਂ ਕਿਹਾ ਕਿ " ਚੰਗਾ! ਜਿਸ ਪਾਣੀਓਂ ਉੱਗੀ ਹੈ, ਓਸੇ ਪਾਣੀਓਂ ਮਾਰਾਂਗੇ। ਪੰਥ ਦੀਆਂ ਜੜ੍ਹਾਂ ਤੇ ਹੋਰ ਡੂੰਘੀਆਂ ਲੱਗਣਗੀਆਂ ਐਪਰ ਤੇਰੀ ਜੜ੍ਹ ਨਹੀਂ ਰਹਿਣੀ।

ਅਖ਼ੀਰ ਸਿੱਖਾਂ ਦੀ ਅਲਖ ਮੁਕਾਉਣ ਦੇ ਮਨਸੂਬੇ ਘੜ੍ਹਦਾ, ਹਜ਼ਾਰਾਂ ਸਿੱਖਾਂ ਦਾ ਕਾਤਲ ਲਖਪਤ ਰਾਏ, ਮੀਰ ਮੰਨੂ ਦੇ ਵਕਤ ਦੀਵਾਨ ਕੌੜਾ ਮੱਲ (ਸਿੰਘ ਇਸ ਨੂੰ ਪਿਆਰ ਨਾਲ ਮਿੱਠਾ ਮੱਲ ਆਖਦੇ ਸਨ) ਦੀ ਬਦੌਲਤ ਸਿੰਘਾਂ ਹੱਥ ਚੜ੍ਹ ਗਿਆ। ਇਸ ਦੀ ਚੰਗੀ ਭੁਗਤ ਸਵਾਰ ਕੇ ਇਸ ਦੀਆਂ ਮਸ਼ਕਾਂ ਬੰਨ੍ਹ ਕੇ ਇਸ ਨੂੰ ਪੁੱਟੇ ਹੋਏ ਕੱਚੇ ਟੋਏ ਵਿੱਚ ਸੁਟ ਦਿੱਤਾ ਗਿਆ, ਇਕ ਸੰਗਲ ਇਸ ਦੇ ਲੱਕ ਦੁਆਲੇ ਮਾਰ ਕੇ ਬਾਹਰ ਬੱਧਾ ਹੋਇਆ ਸੀ। ਸਭ ਸਿੰਘਾਂ ਨੂੰ ਹੁਕਮ ਸੀ ਕਿ ਇਸ ਟੋਏ ਵਿੱਚ ਹੀ ਪਿਸ਼ਾਬ ਕੀਤਾ ਜਾਵੇ ਤੇ ਮੈਦਾਨ ਮਾਰਿਆ ਜਾਵੇ। ਇਸ ਨੂੰ 'ਕੁੰਭੀ ਨਰਕ' ਦੀ ਸਜਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਸ ਅਕਿਰਤਘਣ ਦਾ ਕੀੜੇ ਪੈ ਪੈ ਅੰਤ ਹੋਇਆ।

ਬਲਦੀਪ ਸਿੰਘ ਰਾਮੂੰਵਾਲੀਆ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur