ਚੜ੍ਹਦੀ ਕਲਾ ’ਚ ਰਹਿਣ ਦਾ ਵਿਸ਼ੇਸ਼ ਚਿਨ੍ਹ ‘ਨਗਾਰਾ’

8/7/2020 10:29:42 AM

ਨਗਾਰਾ ਜਾਂ ਨਗਾੜਾ ਭਾਰਤ ਵਿੱਚ ਵਰਤਿਆ ਜਾਂਦਾ ਡਰੰਮ ਵਰਗਾ ਇੱਕ ਸਾਜ਼ ਹੈ। ਇਸ ਦਾ ਪਿੱਛੇ ਵਾਲਾ ਭਾਗ ਗੋਲ ਹੁੰਦਾ ਹੈ ਅਤੇ ਵਾਲ਼ੇ ਭਾਗ ’ਤੇ ਚਮੜੇ ਦਾ ਪੱਤਾ ਲੱਗਿਆ ਹੁੰਦਾ ਹੈ। ਨਗਾਰਾ ਆਮ ਤੌਰ ’ਤੇ ਜੋੜੇ ਦੇ ਰੂਪ ਵਿੱਚ ਹੀ ਵਜਾਇਆ ਜਾਂਦਾ ਹੈ। ਨਗਾਰੇ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਦੁੰਦਭਿ ਕਿਹਾ ਜਾਂਦਾ ਹੈ। ਨਗਾਰੇ ਲਈ ਧਉਸਾ ਸ਼ਬਦ ਦੀ ਵਰਤੋਂ ਵੀ ਕੀਤੀ ਜਾਂਦੀ ਹੈ। 

ਸਿੱਖ ਧਾਰਮਿਕ ਸਥਾਨਾਂ ਵਿੱਚ ਨਗਾਰੇ ਦੀ ਵਰਤੋਂ ਚੜ੍ਹਦੀ ਕਲਾ ’ਚ ਰਹਿਣ ਦੇ ਚਿਨ੍ਹ ਵਜੋਂ ਕੀਤੀ ਜਾਂਦੀ ਹੈ। ਹਿੰਦੂ ਧਰਮ ਦੇ ਵੀ ਵੱਖ-ਵੱਖ ਸੰਸਕਾਰਾਂ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਪੁਰਾਣੇ ਸਮਿਆਂ ਵਿੱਚ ਜੰਗਾ- ਯੁੱਧਾਂ ਸਮੇਂ ਜਦੋਂ ਫੌਜਾਂ ਨੇ ਦੁਸ਼ਮਣ ਦੀਆਂ ਫੌਜਾਂ ’ਤੇ ਚੜ੍ਹਾੀ ਕਰਨੀ ਹੁੰਦੀ ਸੀ ਤਾਂ ਉਸ ਸਮੇਂ ਵੀ ਨਗਾਰਾ ਵਜਾਇਆ ਜਾਂਦਾ ਸੀ। 

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਧਰਮ ਵਿੱਚ ਜੋ ਮੀਰੀ ਦੀ ਪਰੰਪਰਾ ਸ਼ੁਰੂ ਕੀਤੀ, ਉਸ ਦਾ ਇੱਕ ਚਿੰਨ੍ਹ ਨਗਾਰਾ ਵੀ ਸੀ। ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਜਦੋਂ ਗੱਦੀ ਗ੍ਰਹਿਣ ਕੀਤੀ, ਉਸ ਸਮੇਂ ਉਹਨਾਂ ਨੇ ਫ਼ਕੀਰੀ ਦੇ ਨਾਲ਼ ਨਾਲ਼ ਸ਼ਾਹੀ ਠਾਠ ਨੂੰ ਵੀ ਕਾਇਮ ਰੱਖਿਆ। ਸੱਤਾ ਦੇ ਚਿੰਨ੍ਹ ਵਜੋਂ ਗੁਰੂ ਜੀ ਦੀ ਆਗਿਆ ਨਾਲ਼ ਸੰਨ 1684 ਈ. ਵਿੱਚ ਗੁਰੂ ਘਰ ਦੇ ਦਿਵਾਨ ਨੰਦ ਚੰਦ ਨੇ ਇੱਕ ਨਗਾਰਾ ਬਣਵਾਇਆ ਜਿਸ ਦਾ ਨਾਂ ਗੁਰੂ ਜੀ ਨੇ ਰਣਜੀਤ ਨਗਾਰਾ ਰੱਖਿਆ। ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਜੀ ਸ਼ਿਕਾਰ ਖੇਡਣ ਚੜ੍ਹਦੇ ਤਾਂ ਉਹਨਾਂ ਦੀ ਸਵਾਰੀ ਅੱਗੇ ਇਹ ਨਗਾਰਾ ਵਜਦਾ ਸੀ।  

ਦਸਵੀਂ ਸ਼੍ਰੇਣੀ ਦੀ ਪੰਜਾਬੀ ਪਾਠ-ਪੁਸਤਕ ‘ ਸਾਹਿਤ ਮਾਲਾ ’ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਚੰਡੀ ਦੀ ਵਾਰ ਵਿੱਚ ਨਗਾਰਾ ਸ਼ਬਦ ਦੀ ਵਰਤੋਂ ਕੀਤੀ ਗਈ ਹੈ। 

ਚੋਟਾਂ ਪਵਨ ਨਗਾਰੇ ਅਣੀਆਂ ਜੁਟੀਆਂ।। ਧੂਹ ਲਈਆਂ ਤਰਵਾਰੀ ਦੇਵਾਂ ਦਾਨਵੀ।।
ਵਾਹਨ ਵਾਰੋ ਵਾਰੀ ਸੂਰੇ ਸੰਘਰੇ।। ਵੱਗੇ ਰੱਤੁ ਝੁਲਾਰੀ ਜਿਉ ਗੇਰੂ ਬਾਬੁਤ੍ਰਾ।। 


rajwinder kaur

Content Editor rajwinder kaur