ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਰਧਾਲੂ : ਨਵਾਬ ਰਹੀਮ ਬਖ਼ਸ਼ ਤੇ ਕਰੀਮ ਬਖ਼ਸ਼

6/5/2020 12:25:02 PM

ਅਲੀ ਰਾਜਪੂਰਾ 
9417679302

ਔਰੰਗਜ਼ੇਬ ਦੇ ਸ਼ਾਸਨ-ਕਾਲ ਦੌਰਾਨ ਨਵਾਬ ਰਹੀਮ ਬਖ਼ਸ਼ ਪਟਨਾ ਦਾ ਮਾਲਕ ਸੀ। ਦੂਜਾ ਭਰਾ ਨਵਾਬ ਕਰੀਮ ਬਖ਼ਸ਼ ਫ਼ੌਜ ਦਾ ਇੰਚਾਰਜ ਸੀ। ਲੇਖਕ ਇਕਬਾਲ ਸਿੰਘ ਦੀ ਪੁਸਤਕ “ ਮੁਸਲਮਾਣੁ ਕਹਾਵਣੁ ਮੁਸਕਲੁ ” ਅਨੁਸਾਰ ਅਸਾਮ ਦੀ ਬਗ਼ਾਵਤ ਸਮੇਂ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਨੂੰ ਭੇਜਿਆ ਕਿ ਅਸਾਮ ਸਰ ਕਰਕੇ ਆਓ। ਉਸੇ ਸਮੇਂ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੀਰਥ ਯਾਤਰਾ ਕਰਦੇ ਸਮੇਂ ਪਟਨਾ ਪਹੁੰਚੇ ਤਾਂ ਨਵਾਬ ਰਹੀਮ ਬਖ਼ਸ਼ ਦੇ ਸੁੱਕੇ-ਉਜੜੇ ਬਾਗ਼ ਵਿਚ ਜਾ ਉਤਾਰਾ ਕੀਤਾ। ਆਸਾ ਦੀ ਵਾਰ ਦੇ ਕੀਰਤਨ ਉਪਰੰਤ ਬਾਗ਼ ਹਰਾ-ਭਰਾ ਹੋ ਗਿਆ। ਨਵਾਬ ਰਹੀਮ ਭਖ਼ਸ਼ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਚੰਗੀ ਭੇਟਾ ਲੈ ਕੇ ਹਾਜ਼ਰ ਹੋਇਆ। ਭਾਈ ਜੈਤਾ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ। ਨਿਤਾਪ੍ਰਤੀ ਦੀਵਾਨ ਲੱਗਣ ਲੱਗੇ। ਅੰਮ੍ਰਿਤ ਵੇਲ਼ੇ ਆਸਾ ਕੀ ਵਾਰ ਦਾ ਕੀਰਤਨ ਤੇ ਦੁਪਹਿਰੇ ਦੀਵਾਨ ਵਿਚ ਗੁਰੂ ਗਾਥਾ ਉਪਰੰਤ ਸੋਦਰ ਦਾ ਪਾਠ ਹੁੰਦਾ। ਦਿਨੋਂ-ਦਿਨ ਸੰਗਤ ਵਧਦੀ ਗਈ। ਦੀਵਾਨ ਵਿਚ ਨਵਾਬ ਭਰਾ ਵੀ ਹਾਜ਼ਰ ਹੁੰਦੇ। ਸੰਗਤ ਦੇ ਭਾਰੀ ਇਕੱਠ ਵਜੋਂ ਭਾਈ ਜੈਤੇ ਨੂੰ ਛੋਟਾ ਭਰਾ ਸਮਝ ਰਹੀਮ ਬਖ਼ਸ਼ ਨੇ ਗੰਗਾ ਕੰਢੇ ਗੁਰੂ ਜੀ ਨੂੰ ਆਪਣੀ ਹਵੇਲੀ ਅਰਦਾਸ ਕਰਵਾ ਦਿੱਤੀ। ਚਮਾਸਾ ਕੱਟ ਕੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਢਾਕਾ ਜਾਣ ਦੀ ਤਿਆਰੀ ਕੀਤੀ।

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਬਹਾਦਰਗੜ੍ਹ (ਪਟਿਆਲਾ) ਵਿਖੇ ਇਸ ਚੌਂਤਰੇ ’ਤੇ ਹੋਏ ਸਨ ਬਿਰਾਜਮਾਨ

PunjabKesari

ਨਵਾਬ ਸ਼ਾਇਸਤਾ ਖ਼ਾਂ

ਆਸਮ ਖ਼ਾਨ, ਸ਼ਾਹਜਹਾਂ ਦੇ ਦਰਬਾਰ ਵਿਚ ਵਜ਼ੀਰ ਸੀ ਦੂਜੇ ਪਾਸੇ ਬੇਗ਼ਮ ਨੂਰਜਹਾਂ ਦਾ ਰਿਸ਼ਤੇ ’ਚ ਭਰਾ ਸੀ। ਉਸ ਦਾ ਇਕ ਪੁੱਤਰ ਸੀ ਨਵਾਬ ਸ਼ਾਇਸਤਾ ਖ਼ਾਨ, ਜਿਹੜਾ ਕਿ ਔਰੰਗਜ਼ੇਬ ਦਾ ਰਿਸ਼ਤੇ ਵਿਚ ਮਾਮਾ ਲੱਗਦਾ ਸੀ। ਇਹ ਸਭ ਧਰਮਾਂ ਨੂੰ ਸਤਿਕਾਰਦਾ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਸ਼ਾਇਸਤਾ ਖ਼ਾਨ, ਅਕਬਰ ਤੋਂ ਬਾਅਦ ਅਜਿਹਾ ਇਨਸਾਨ ਹੋਇਆ, ਜਿਹੜਾ ਸਭ ਧਰਮਾਂ ਦਾ ਸਤਿਕਾਰ ਕਰਦਾ ਸੀ। ਇਸ ਨੂੰ 1648 ਵਿਚ ਬਰਾਰ ਹਾਕਮ ਥਾਪਿਆ ਗਿਆ ਤੇ 1652 ਈ. ਵਿਚ ਇਸ ਨੂੰ ਗੁਜਰਾਤ ਦੇ ਹਾਕਮ ਦੀ ਉਪਾਧੀ ਮਿਲੀ। ਇਸ ਦੇ ਦਰਬਾਰ ’ਚ ਕਈ ਉੱਚ ਪਦਵੀਆਂ ’ਤੇ ਹਿੰਦੂ ਜਾਤੀ ਨਾਲ ਸੰਬੰਧਿਤ ਵਫ਼ਾਦਾਰ ਵਿਅਕਤੀ ਬਿਰਾਜਮਾਨ ਸਨ, ਜਿਵੇਂ ਰਾਜਾ ਭਗਵੰਤ ਦਾਸ, ਰਾਏ ਨੰਦ ਲਾਲ, ਕਾਂਸ਼ੀ ਦਾਸ, ਮੁਰਲੀਧਰ, ਪ੍ਰਬਲ ਦਾਸ ਨੂੰ ਮੁਨਸ਼ੀ ਤੇ ਰਾਜਾ ਸੁਬਲ ਸਿੰਘ ਸਸੋਧੀਆ ਨੂੰ ਫ਼ੌਜਦਾਰ ਬਣਾਇਆ ਹੋਇਆ ਸੀ। 1664 ਵਿਚ ਢਾਕਾ ਦਾ ਸੂਬੇਦਾਰ ਬਣਨ ਤੋਂ ਬਾਅਦ ਇਸ ਨੇ ਆਪਣੀ ਸਾਰੀ ਜ਼ਿੰਦਗੀ ਢਾਕਾ ਵਿਚ ਗੁਜ਼ਾਰੀ। ਔਰੰਗਜ਼ੇਬ ਹਿੰਦੂਆ ਦੇ ਵਿਰੁੱਧ ਹੋਣ ਕਰਕੇ ਇਸ ਨੂੰ ਹਿੰਦੂ ਅਮਲੇ ਦੀ ਛਾਂਟੀ ਕਰਨ ਦਾ ਹੁਕਮ ਦਿੱਤਾ ਗਿਆ। ਪਰ ਇਸ ਧਰਮ ਨਿਰਪੱਖ ਇਨਸਾਨ ਨੇ ਔਰੰਗਜ਼ੇਬ ਦੀ ਇਕ ਨਾ ਮੰਨੀ।

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਢਾਕਾ ਯਾਤਰਾ ਦੌਰਾਨ ਇਹ ਗੁਰੂ ਜੀ ਦੇ ਸੰਪਰਕ ਵਿਚ ਆਇਆ। ਗੁਰੂ ਜੀ ਦੀ ਵਿਚਾਰਧਾਰਾ ਤੋਂ ਬੇਹੱਦ ਪ੍ਰਭਾਵਿਤ ਹੋ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਪੱਕਾ ਸੇਵਾਦਾਰ ਬਣ ਗਿਆ। ਜਿੰਨਾ ਸਮਾਂ ਗੁਰੂ ਜੀ ਢਾਕਾ ਯਾਤਰਾ ’ਤੇ ਰਹੇ ਤਾਂ ਇਹ ਨਿਰੰਤਰ ਹਾਜ਼ਰੀ ਭਰਦਾ ਰਿਹਾ ਤੇ ਇਸ ਨੇ ਆਪਣੀ ਜਾਗੀਰ ’ਚੋਂ ਇਕ ਤਿਹਾਈ ਹਿੱਸਾ ਨਾਨਕ ਪੰਥੀ ਅਖਾੜੇ ਦੇ ਨਾਂ ਕੀਤੀ, ਜਿੱਥੇ ਭਗਵਾਨ ਦਾਸ ਨਾਨਕ ਪੰਥੀ ਸੀ। ਉਸੇ ਜ਼ਮੀਨ ’ਤੇ ਅੱਜਕਲ੍ਹ ਢਾਕਾ ਯੂਨੀਵਰਸਿਟੀ, ਮੈਡੀਕਲ ਕਾਲਜ-ਹਸਪਤਾਲ ਅਤੇ ਸੰਗਤ ਤੋਲਾ ਗੁਰੂਦੁਆਰਾ ਬਣਿਆ ਹੋਇਆ ਹੈ। ਦੂਜੇ ਧਰਮਾਂ ਕਰਕੇ ਹੀ ਇਹ ਔਰੰਗਜ਼ੇਬ ਨੂੰ ਰੜਕਦਾ ਸੀ। 93 ਸਾਲ ਉਮਰ ਹੰਢਾ ਕੇ 31 ਮਈ 1694 ਈ. ਨੂੰ ਨਵਾਬ ਸ਼ਾਇਸਤਾ ਖਾਂ ਅੱਲ੍ਹਾ ਨੂੰ ਪਿਆਰਾ ਹੋ ਗਿਆ। 


rajwinder kaur

Content Editor rajwinder kaur