ਸੋਮਵਾਰ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਹੋਵੇਗਾ ਲਾਭ
7/27/2020 11:43:41 AM
ਜਲੰਧਰ (ਬਿਊਰੋ) — ਹਿੰਦੂ ਧਰਮ 'ਚ ਸੋਮਵਾਰ ਦੇ ਦਿਨ ਭਗਵਾਨ ਸ਼ਿਵ ਦੀ ਪੂਜਾ ਕਰਨ ਦਾ ਬਹੁਤ ਮਹੱਤਵ ਮੰਨਿਆ ਜਾਂਦਾ ਹੈ। ਮਾਨਤਾ ਅਨੁਸਾਰ ਇਸ ਦਿਨ ਭੋਲੇਨਾਥ ਦੀ ਪੂਜਾ ਕਰਨ ਨਾਲ ਵਿਅਕਤੀ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਇਸ ਲਈ ਇਸ ਦਿਨ ਲੋਕ ਭਗਵਾਨ ਸ਼ੰਕਰ ਦੀ ਪੂਜਾ ਦੇ ਨਾਲ-ਨਾਲ ਵਰਤ ਆਦਿ ਵੀ ਰੱਖਦੇ ਹਨ। ਵਿਸ਼ੇਸ਼ ਤੌਰ 'ਤੇ ਇਸ ਦਿਨ ਵਿਆਹੁਤਾ ਜੋੜੇ ਜੇਕਰ ਮੰਦਰ ਵਿਚ ਜਾ ਕੇ ਪੂਜਾ ਕਰਦੇ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ 'ਚ ਸੁੱਖ ਆਉਂਦੇ ਹਨ। ਵਿਆਹੁਤਾ ਜ਼ਿੰਦਗੀ ਤੋਂ ਇਲਾਵਾ ਵੀ ਸੋਮਵਾਰ ਦਾ ਵਰਤ ਵਿਅਕਤੀ ਲਈ ਵਧੀਆ ਮੰਨਿਆ ਜਾਂਦਾ ਹੈ।
ਭਗਵਾਨ ਸ਼ਿਵ ਇਕਮਾਤਰ ਅਜਿਹੇ ਦੇਵ ਹਨ, ਜੋ ਬਹੁਤ ਜਲਦੀ ਖੁਸ਼ ਹੋ ਜਾਂਦੇ ਹਨ ਪਰ ਜੇਕਰ ਇਹਨਾਂ ਦੀ ਪੂਜਾ ਅਰਚਨਾ 'ਚ ਕਿਸੇ ਪ੍ਰਕਾਰ ਦੀ ਭੁੱਲ ਹੋ ਜਾਵੇ ਤਾਂ ਭਗਵਾਨ ਨਾਰਾਜ਼ ਹੋ ਸਕਦੇ ਹਨ। ਇਸ ਲਈ ਹਰ ਇਕ ਵਿਅਕਤੀ ਨੂੰ ਇਨ੍ਹਾਂ ਦੀ ਪੂਜਾ ਵਿਚ ਕੁਝ ਸਾਵਧਾਨੀਆਂ ਜ਼ਰੂਰ ਵਰਤਨੀਆਂ ਚਾਹੀਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਦੀ ਪੂਜਾ 'ਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਪੂਜਾ ਦੇ ਕੱਪੜੇ :-
ਸ਼ਿਵ ਜੀ ਦੀ ਪੂਜਾ ਦੌਰਾਨ ਪਾਏ ਜਾਣ ਵਾਲੇ ਕੱਪੜਿਆਂ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਪਰ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਸ਼ਾਸਤਰਾਂ ਮੁਤਾਬਕ ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਹਰੇ ਰੰਗ ਦੇ ਕੱਪੜੇ ਪਾਉਣੇ ਸ਼ੁੱਭ ਮੰਨੇ ਜਾਂਦੇ ਹਨ, ਜੋ ਲੋਕ ਇਸ ਦਾ ਪਾਲਣ ਨਹੀਂ ਕਰਦੇ ਅਤੇ ਕਿਸੇ ਵੀ ਰੰਗ ਦੇ ਕੱਪੜੇ ਪਹਿਨ ਕੇ ਪੂਜਾ ਕਰ ਲੈਂਦੇ ਹਨ ਉਨ੍ਹਾਂ 'ਤੇ ਸ਼ਿਵ ਜੀ ਦੀ ਕਿਰਪਾ ਨਹੀਂ ਹੁੰਦੀ ਅਤੇ ਨਾ ਹੀ ਪੂਜਾ ਦਾ ਠੀਕ ਫਲ ਮਿਲ ਪਾਉਂਦਾ ਹੈ।
ਸੋਮਵਾਰ ਦੇ ਦਿਨ ਪੂਜਾ ਕਰਦੇ ਹੋਏ ਕਾਲੇ ਕੱਪੜੇ ਭੁੱਲ ਕੇ ਵੀ ਨਹੀਂ ਪਾਉਣੇ ਚਾਹੀਦੇ, ਕਿਉਂਕਿ ਧਾਰਮਿਕ ਮਾਨਤਾਵਾਂ ਦੀ ਮੰਨੀਏ ਤਾਂ ਭਗਵਾਨ ਸ਼ਿਵ ਨੂੰ ਕਾਲ਼ਾ ਰੰਗ ਪਸੰਦ ਨਹੀਂ ਹੈ। ਅਜਿਹੀ ਹਾਲਤ 'ਚ ਸ਼ਿਵ ਪੂਜਾ ਦੌਰਾਨ ਕਾਲੇ ਕੱਪੜੇ ਪਹਿਨਣ ਤੋਂ ਹਮੇਸ਼ਾ ਬਚੋ ਅਤੇ ਕੋਸ਼ਿਸ਼ ਕਰੋ ਕਿ ਸੋਮਵਾਰ ਨੂੰ ਸ਼ਿਵ ਪੂਜਾ 'ਚ ਹਰਾ, ਲਾਲ, ਸਫੈਦ, ਪੀਲਾ ਜਾਂ ਅਸਮਾਨੀ ਰੰਗ ਦੇ ਕੱਪੜੇ ਪਾਓ।
ਭੁੱਲ ਕੇ ਨਾ ਚੜ੍ਹਾਓ ਇਹ ਚੀਜ਼ਾਂ :-
ਮਾਨਤਾ ਹੈ ਕਿ ਸ਼ਿਵ ਜੀ ਨੂੰ ਸਫੈਦ ਰੰਗ ਦੇ ਫੁੱਲ ਪਸੰਦ ਹਨ ਪਰ ਉੱਥੇ ਹੀ ਕੇਤਕੀ ਦਾ ਫੁਲ ਸਫੈਦ ਹੋਣ ਦੇ ਬਾਵਜੂਦ ਸ਼ਿਵ ਜੀ ਦੀ ਪੂਜਾ 'ਚ ਨਹੀਂ ਪ੍ਰਯੋਗ ਕੀਤਾ ਜਾਂਦਾ ਹੈ। ਉੱਥੇ ਹੀ ਭਗਵਾਨ ਸ਼ਿਵ ਦੀ ਪੂਜਾ 'ਚ ਸ਼ੰਖ ਨਾਲ ਜਲ ਅਰਪਿਤ ਕਰਨ ਦਾ ਵਿਧਾਨ ਵੀ ਨਹੀਂ ਹੈ। ਇਸ ਲਈ ਅਜਿਹਾ ਕਰਨ ਤੋਂ ਬਚਨਾ ਚਾਹੀਦਾ ਹੈ।
ਸ਼ਿਵ ਜੀ ਦੀ ਪੂਜਾ 'ਚ ਜੇਕਰ ਤੁਸੀਂ ਚਾਵਲ ਚੜ੍ਹਾਉਂਦੇ ਹੋ ਤਾਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਇਹ ਚਾਵਲ ਖੰਡਿਤ ਨਹੀਂ ਹੋਣੇ ਚਾਹੀਦੇ। ਇਸ ਦੇ ਨਾਲ ਹੀ ਸ਼ਿਵ ਜੀ ਨੂੰ ਤੁਸੀਂ ਨਾਰੀਅਲ ਤਾਂ ਚੜ੍ਹਾ ਸਕਦੇ ਹੋ ਪਰ ਨਾਰੀਅਲ ਦਾ ਪਾਣੀ ਨਹੀਂ ਚੜ੍ਹਾ ਸਕਦੇ।