ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

7/31/2020 2:36:45 PM

(ਕਿਸ਼ਤ ਉਨਤਾਲੀਵੀਂ)

ਰਾਇ ਬੁਲਾਰ ਦਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਵਿੱਚ ਵੈਰਾਗੇ ਜਾਣਾ

ਤੀਜੇ ਬੰਨੇ ਜਦੋਂ ਰਾਇ ਬੁਲਾਰ ਸਾਹਿਬ ਜੀ ਨੂੰ ਵਾਪਰੇ ਇਸ ਸਾਰੇ ਘਟਨਾਕ੍ਰਮ ਦਾ ਪਤਾ ਲੱਗਾ ਤਾਂ ਉਹ ਬਹੁਤ ਦੁੱਖੀ ਹੋਏ। ਉਨ੍ਹਾਂ ਉਸੇ ਵੇਲੇ ਬੰਦੇ ਘਲਾ ਕੇ, ਮਹਿਤਾ ਕਾਲੂ ਜੀ ਨੂੰ ਕੋਲ ਸੱਦਵਾਇਆ। ਸੁਨੇਹਾ ਮਿਲਦਿਆਂ ਹੀ ਮਹਿਤਾ ਕਾਲੂ ਜੀ ਖੂਹ ਤੋਂ ਘਰ ਪਹੁੰਚੇ। ਨਾਨਕ ਸਾਹਿਬ ਨੂੰ ਨਾਲ ਲਿਆ ਅਤੇ ਫੇਰ ਸੱਦਣ ਆਏ ਬੰਦਿਆਂ ਸਹਿਤ ਰਾਇ ਬੁਲਾਰ ਸਾਹਿਬ ਦੇ ਟਿਕਾਣੇ ਵੱਲ ਤੁਰ ਪਏ। ਰਾਇ ਸਾਹਿਬ ਜੀ ਆਪਣੇ ਘਰ ਪਲੰਘ ’ਤੇ ਬੈਠੇ, ਬੜੀ ਬੇਸਬਰੀ ਨਾਲ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਜਿਵੇਂ ਹੀ ਦੋਵੇਂ ਪਿਓ-ਪੁੱਤਰ ਉਨ੍ਹਾਂ ਪਾਸ ਪੁੱਜੇ, ਨਾਨਕ ਸਾਹਿਬ ਜੀ ਦੀਆਂ ਗੱਲ੍ਹਾਂ ’ਤੇ ਪਏ ਨੀਲ ਵੇਖ, ਰਾਇ ਸਾਹਿਬ ਡਾਢੇ ਵੈਰਾਗ ਵਿੱਚ ਆ ਗਏ। ਇੱਕਦਮ ਪਲੰਘ ਤੋਂ ਉਤਰਦਿਆਂ ਨਾਨਕ ਸਾਹਿਬ ਜੀ ਨੂੰ ਗਲਵਕੜੀ ਵਿੱਚ ਲੈ ਲਿਆ। ਮੱਥਾ ਚੁੰਮਦਿਆਂ ਅਤੇ ਬਾਰ-ਬਾਰ ਛਾਤੀ ਨਾਲ ਲਾਉਂਦਿਆਂ, ਅੱਖਾਂ ਵਿੱਚੋਂ ਨੀਰ ਵਹਿ ਤੁਰਿਆ।

ਪੀਰ-ਮੁਰੀਦ ਅਤੇ ਪਿਓ-ਪੁੱਤਰ ਦੇ ਪਿਆਰ, ਵੈਰਾਗ ਅਤੇ ਮਹਾਂ-ਮਿਲਾਪ ਦਾ ਇਹ ਅਦੁੱਤੀ ਵਜਦਮਈ ਨਜ਼ਾਰਾ, ਵੇਖਣ ਵਾਲਿਆਂ ਨੂੰ ਹੈਰਾਨ ਕਰ ਰਿਹਾ ਸੀ। ਕੁੱਝ ਸਮੇਂ ਬਾਅਦ ਰਾਇ ਬੁਲਾਰ ਸਾਹਿਬ ਜੀ ਨੇ ਆਪਣੇ ਆਪ ਨੂੰ ਸੰਭਾਲਦਿਆਂ, ਨਾਨਕ ਸਾਹਿਬ ਜੀ ਨੂੰ ਬੜੇ ਪਿਆਰ ਅਤੇ ਅਦਬ ਨਾਲ ਆਪਣੇ ਕੋਲ, ਪਲੰਘ ’ਤੇ ਸਿਰ੍ਹਾਂਦੀ ਵੱਲ ਬਿਠਾ ਲਿਆ। ਉਪਰੰਤ ਵੈਰਾਗ ਵਿੱਚ ਅਰਜ਼ ਗੁਜ਼ਾਰੀ, ਹੇ ਸਾਂਈਂ ਲੋਕ! ਮੈਨੂੰ ਮੁਆਫ਼ ਕਰਨਾ। ਮੇਰੀ ਨਗਰੀ ਅੰਦਰ ਤੁਹਾਡੇ ’ਤੇ ਜ਼ੁਲਮ ਹੋਇਆ ਹੈ। ਮੈਨੂੰ ਦਾਸ ਨੂੰ, ਗੁਨਾਹਗਾਰ ਨੂੰ ਖ਼ਿਮਾ ਕਰਨਾ, ਬਖ਼ਸ਼ ਲੈਣਾ। ਸ਼ਾਂਤ-ਚਿਤ ਨਾਨਕ ਸਾਹਿਬ ਜੀ ਅੱਗੋਂ ਕੁੱਝ ਨਾ ਬੋਲੇ, ਚੁੱਪ-ਚਾਪ ਰਾਇ ਬੁਲਾਰ ਸਾਹਿਬ ਜੀ ਨੂੰ ਨਿਹਾਰਦੇ ਰਹੇ, ਮਿਹਰਾਂ ਅਤੇ ਪਿਆਰ ਦਾ ਮੀਂਹ ਵਰਸਾਉਂਦੇ ਰਹੇ।

ਰਾਇ ਬੁਲਾਰ ਸਾਹਿਬ ਜੀ ਨੂੰ, ਮਹਿਤਾ ਕਾਲੂ ਜੀ ’ਤੇ ਗੁੱਸਾ ਤਾਂ ਬਹੁਤ ਸੀ ਪਰ ਹੁਣ ਨਾਨਕ ਸਾਹਿਬ ਜੀ ਦੇ ਪ੍ਰੇਮ ਵਿੱਚ ਦ੍ਰਵਿਆਂ ਹੋਇਆਂ ਦਾ ਗੁੱਸਾ ਕਾਫ਼ੀ ਹੱਦ ਤੱਕ ਨਰਮ ਅਤੇ ਵੈਰਾਗਮਈ ਹੋ ਚੁੱਕਾ ਸੀ। ਉਪਰੋਂ-ਉਪਰੋਂ ਸਖ਼ਤ ਲਹਿਜ਼ਾ ਬਰਕਰਾਰ ਰੱਖਦਿਆਂ ਝਿੜਕਦਿਆਂ ਆਖਿਆ, “ਓਏ ਮਹਿਤਾ ਕਾਲੂ ! ਇਹ ਤੂੰ ਨਵਾਂ ਕਾਰਾ ਕੀ ਕੀਤੋਈ ? ਰੱਬ ਦੇ ਪਿਆਰੇ ਨੂੰ ਮੇਰੀ ਨਗਰੀ ਮਾਰਿਓਈ, ਅਸਾਂ ਕੂ ਬੀ ਨਾਲ ਪਾਪੀ ਕੀਤੋਈ। ” 

ਅਸਾਂ ਤੈਨੂੰ ਪਹਿਲਾਂ ਵੀ ਵਰਜਿਆ ਸੀ ਪਈ ਇਸ ਇਲਾਹੀ ਬਾਲਕ ਨੂੰ ਬੁਰਾ ਨਾ ਬੋਲੀਂ ਪਰ ਤੇਰੇ ’ਤੇ, ਮੇਰੇ ਆਖੇ ਦਾ ਕੋਈ ਅਸਰ ਨਹੀਂ ਹੋਇਆ। ਨਾ ਤੈਨੂੰ ਮੇਰੇ ਕਹੇ ਦਾ ਡਰ ਹੈ, ਨਾ ਪਰਮੇਸ਼ਰ ਦਾ। ਲਗਦੈ ਤੇਰੇ ਅੰਦਰੋਂ ਪਿਓਪਣ ਉੱਕਾ ਖੁਰ ਗਿਆ ਹੈ। ਕਸਾਈਆ ! ਤੈਨੂੰ ਪੁੱਤਰ ਦਾ ਮੋਹ ਨਹੀਂ ਆਉਂਦਾ ? ਤੂੰ ਪੁੱਤਰ ਨੂੰ ਏਨੀ ਬੇਰਹਿਮੀ ਨਾਲ ਮਾਰਿਆ ਹੈ ਜਿਸਨੂੰ ਵੇਖ ਕੇ ਲੋਕ ਤ੍ਰਾਸ-ਤ੍ਰਾਸ ਪਏ ਕਰਦੇ ਨੇ। ਕਾਲੂ ! ਤੂੰ ਵੱਡਾ ਰਾਖਸ਼ ਹੈਂ। ਨਾਨਕ ਤੇਰੇ ਘਰ ਦੇ ਲਾਇਕ ਨਹੀਂ। ਮੈਂ ਕਿਆ ਕਰਾਂ ? ਕਾਸ਼ ! ਮੈਂ ਇਸ ਦਰਵੇਸ਼ ਨੂੰ ਆਪਣੇ ਘਰ ਰੱਖ ਸਕਦਾ। 

ਤੂੰ ਬੇਅਦਬ ਇਸਦਾ ਜਿੰਨਾ ਨਿਰਾਦਰ ਕਰਦਾ ਹੈਂ, ਇਹ ਚੰਗਾ ਨਹੀਂ। ਇਸ ਕਰਕੇ ਤੂੰ ਮੈਨੂੰ ਰੱਤੀ ਭਰ ਚੰਗਾ ਨਹੀਂ ਲੱਗਦਾ। ਜਾ, ਮੇਰੀਆਂ ਅੱਖਾਂ ਤੋਂ ਦੂਰ ਹੋ ਜਾ। ਨਿਗੂਣੇ ਵੀਹ ਰੁਪਈਆਂ ਬਦਲੇ ਤੂੰ ਇਸ ਮਾਸੂਮ ’ਤੇ ਕਹਿਰ ਢਾਹਿਆ ਹੈ। ਇਸ ਖ਼ੁਦਾ ਦੇ ਵਲੀ ਦਾ, ਰੱਬ ਦੇ ਪਿਆਰੇ ਦਾ ਦਿੱਲ ਦੁਖਾਇਆ ਹੈ। ਇਵੇਂ ਫ਼ਿਟਕਾਰਦਿਆਂ ਰਾਇ ਬੁਲਾਰ ਸਾਹਿਬ ਦੁਬਾਰਾ ਭਾਵੁਕ ਹੋ ਗਏ। ਅੱਖਾਂ ਵਿੱਚ ਨੀਰ ਭਰ ਆਇਆ। ਸਮਝਾਉਂਦਿਆਂ ਆਖਿਆ, ਓਏ ਕਾਲੂ ! ਕੁੱਝ ਹੋਸ਼ ਕਰ। ਅਕਲ ਨੂੰ ਹੱਥ ਮਾਰ। ਤੇਰੇ ਘਰ ਰੱਬ ਆਪ ਆਇਆ ਹੈ, ਤੂੰ ਪਹਿਚਾਣਦਾ ਕਿਉਂ ਨਹੀਂ ?

ਰਾਇ ਸਾਹਿਬ ਦੀਆਂ ਤਿੱਖੀਆਂ ਫ਼ਿਟਕਾਰਾਂ ਅਤੇ ਦਿੱਲ ਨੂੰ ਟੁੰਬਣ ਵਾਲੀਆਂ ਡਾਢੀਆਂ ਭਾਵੁਕ ਨਸੀਹਤਾਂ ਦਾ ਮਹਿਤਾ ਕਾਲੂ ਜੀ ਦੇ ਕਠੋਰ ਦੁਨੀਆਦਾਰ ਮਨ ’ਤੇ ਕੋਈ ਅਸਰ ਨਾ ਹੋਇਆ। ਸ਼ਿਕਵਾ ਕਰਦਿਆਂ, ਸਫ਼ਾਈਆਂ ਦੇਣ ਲੱਗੇ। ਰਾਇ ਸਾਹਿਬ ! ਆਪ ਵੱਡੇ ਹੋ ਅਤੇ ਮੈਂ ਆਪ ਜੀ ਦਾ ਤਾਬੇਦਾਰ ਹਾਂ। ਮੇਰਾ ਬੋਲਣਾ ਬਣਦਾ ਨਹੀਂ ਪਰ ਤੁਸੀਂ ਵੀ ਹਮੇਸ਼ਾਂ ਮੈਨੂੰ ਹੀ ਡਾਂਟਦੇ ਹੋ, ਮੈਨੂੰ ਹੀ ਗ਼ਲਤ ਠਹਿਰਾਉਂਦੇ ਹੋ। ਇਹ ਨਾਲਾਇਕ ਵੀਹ ਰੁਪਏ ਵੀ ਖ਼ਰਚ ਆਇਆ ਹੈ ਅਤੇ ਲਿਆਂਦਾ ਵੀ ਕੁੱਝ ਨਹੀਂ। ਤੁਸੀਂ ਵੀ ਅਤੇ ਲੋਕੀਂ ਵੀ ਨਾਹੱਕ ਮੈਨੂੰ ਰੁਪਈਆਂ ਦਾ ਲੋਭੀ ਆਖ ਫ਼ਿਟਕਾਰਦੇ ਹੋ, ਦੁਰਕਾਰਦੇ ਹੋ, ਦੋਸ਼ੀ ਠਹਿਰਾਉਂਦੇ ਹੋ। ਮਾਲਕੋ ! ਮੈਂ ਵੀਹਾਂ ਰੁਪਈਆਂ ਨੂੰ ਨਹੀਂ ਰੋਂਦਾ। ਗੱਲ ਦਰਅਸਲ ਰੁਪਈਆਂ ਦੀ ਨਹੀਂ। ਮੈਂ ਸਹੇ ਨੂੰ ਨਹੀਂ, ਪਹੇ ਨੂੰ ਰੋਂਦਾ ਹਾਂ।

ਤੁਸੀਂ ਹੀ ਵੇਖੋ, ਇਹ ਨਿਖੱਟੂ ਹੁਣ ਜਵਾਨ ਹੋ ਗਿਆ ਹੈ। ਜੇਕਰ ਕਮਾਈ ਕਰਨੀ ਨਹੀਂ ਸਿਖੇਗਾ ਤਾਂ ਘਰ-ਗ੍ਰਹਿਸਥੀ ਕਿਵੇਂ ਸੰਭਾਲੇਗਾ? ਟੱਬਰ ਕਿੰਝ ਪਾਲੇਗਾ ? ਮੈਂ ਫ਼ਿਕਰਾਂ ਦੇ ਮਾਰੇ ਅਤੇ ਖਿੱਝੇ ਹੋਏ ਨੇ, ਗੁੱਸੇ ਵਿੱਚ ਆ ਕੇ, ਇਸਨੂੰ ਮੱਤ ਦੇਣ ਲਈ ਜੇਕਰ ਦੋ ਚੰਡਾਂ ਲਾ ਦਿੱਤੀਆਂ, ਤਾਂ ਕੀ ਹਨ੍ਹੇਰ ਆ ਗਿਆ ? ਮਾਪਿਆਂ ਦੀ ਮਾਰ, ਮਾਰ ਨਹੀਂ, ਪਿਆਰ ਹੀ ਹੁੰਦਾ ਹੈ। ਫੇਰ ਹੋਰ ਵੇਖੋ, ਇਸ ਮਖੱਟੂ ਦੇ ਕਾਰੇ। “ਇਹ ਨੁਕਸਾਨ ਕਰਕੇ ਆਇਆ, ਬਾਹਰ ਲੁਕ ਰਿਹਾ। ਸਾਨੂੰ ਪਤਾ ਬੀ ਨਹੀਂ ਲੱਗਾ, ਤੁਸੀਂ ਦੱਸੋ, ਗੁੱਸਾ ਆਵੇ ਕਿ ਨਾ ਆਵੇ ? ”

ਇਹ ਇੱਕ ਅਟੱਲ ਸੱਚਾਈ ਹੈ ਕਿ ਪਿਆਰ ਕਰਨ ਵਾਲਿਆਂ ਦਾ ਨਜ਼ਰੀਆ, ਸੋਚਣ ਦਾ ਢੰਗ, ਵਿਉਪਾਰ ਕਰਨ ਵਾਲਿਆਂ ਨਾਲੋਂ ਬਿਲਕੁਲ ਭਿੰਨ ਹੁੰਦਾ ਹੈ। ਇਸ ਕਰਕੇ ਇੱਕ ਦੀ ਗੱਲ, ਦੂਜੇ ਦੇ ਪੱਲੇ ਨਹੀਂ ਪੈਂਦੀ। ਇਹੀ ਕੁੱਝ ਇੱਥੇ ਹੋ ਰਿਹਾ ਸੀ। ਨਾਨਕ ਸਾਹਿਬ ਜੀ ਦੀ ਇਲਾਹੀ ਹਸਤੀ ਦੇ ਪਿਆਰ ਵਿੱਚ ਗੁੱਧੇ ਰਾਇ ਸਾਹਿਬ ਦਾ ਨੁਕਤਾ-ਨਿਗਾਹ ਕਾਰੋਬਾਰੀ, ਵਿਉਪਾਰੀ ਅਤੇ ਸੌਦੇਬਾਜ਼ ਮਹਿਤਾ ਕਾਲੂ ਜੀ ਦੇ ਸਿਰ ਦੇ ਉਤੋਂ ਦੀ ਲੰਘ ਗਿਆ।

ਮਹਿਤਾ ਕਾਲੂ ਦੀ ਸੋਚ ’ਤੇ ਹੈਰਾਨ ਹੁੰਦਿਆਂ ਰਾਇ ਬੁਲਾਰ ਸਾਹਿਬ ਬੋਲੇ, ਓਏ ਮੂਰਖ਼ ਮਹਿਤਾ ਕਾਲੂ ! ਇਸ ਰੱਬੀ ਨੂਰ ਨਾਨਕ ਦੇ ਕੀਤੇ ਜਿਸ ਕਾਰਜ (ਖਰੇ ਸੌਦੇ) ’ਤੇ ਤੈਨੂੰ ਗੁੱਸਾ ਆ ਰਿਹਾ ਹੈ, ਉਸਨੂੰ ਵੇਖ ਸਾਨੂੰ ਤਾਂ ਪਿਆਰ ਆ ਰਿਹਾ ਹੈ। ਸਾਡਾ ਰੂਹ ਕਿਸੇ ਅਨੋਖੇ ਇਲਾਹੀ ਵਿਸਮਾਦ ਨਾਲ ਸਰਸ਼ਾਰ ਹੋ ਰਿਹਾ ਹੈ, ਮਾਲਾਮਾਲ ਹੋ ਰਿਹਾ ਹੈ। ਓਏ ਬੇਸਮਝਾ ! ਮੈਨੂੰ ਜਾਪਦੈ “ਤੇਰੀ ਪ੍ਰਾਰਬਧ ਖੋਟੀ ਹੈ, ਤੂੰ ਇਸ ਨਾਨਕ ਦੀ ਕਦਰ ਨਹੀਂ ਜਾਣਦਾ, ਜਿਉਂ ਕਿਸੇ ਪਾਸ ਪਾਰਸ ਹੋਵੇ ਤੇ ਉਹ ਪੱਥਰ ਜਾਣ ਕੇ ਸੁਟ ਦੇਵੇ ਤੇ ਕੌਡੀਆਂ ਦੇ ਮਗਰ ਫਿਰੇ, ਜਿਦਾਂ ਕਿਸੇ ਅੰਜਾਣ ਨੂੰ ਜਵਾਹਰ ਮਿਲੇ, ਉਹ ਉਸਦੀ ਸਾਰ ਨਹੀਂ ਜਾਣਦਾ, ਇਸੇ ਕਰਕੇ ਤੂੰ ਕੰਗਾਲ ਹੈਂ। ”

                 ਚਲਦਾ...........
                                                                                                                                           
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com


rajwinder kaur

Content Editor rajwinder kaur