ਸ਼ਿਵ ਦੀ ਅਰਾਧਨਾ ਅਤੇ ਉਪਾਸਨਾ ਨੂੰ ਸਮਰਪਿਤ ਹੈ 'ਸਾਉਣ ਦਾ ਮਹੀਨਾ'
7/4/2023 1:38:03 PM
ਸਾਡੇ ਸਨਾਤਨ ਸ਼ਾਸਤਰਾਂ ਅਨੁਸਾਰ ਸਾਉਣ ਮਹੀਨਾ ਖ਼ਾਸ ਤੌਰ 'ਤੇ ਭਗਵਾਨ ਸ਼ਿਵ ਦੀ ਅਰਾਧਨਾ ਅਤੇ ਉਪਾਸਨਾ ਨੂੰ ਸਮਰਪਿਤ ਹੁੰਦਾ ਹੈ। ਇਸ ਪਵਿੱਤਰ ਮੌਕੇ 'ਤੇ ਭਗਵਾਨ ਸ਼ਿਵ ਦੀ ਅਰਾਧਨਾ ਨਾਲ ਜ਼ਿੰਦਗੀ 'ਚ ਸੁੱਖ-ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ ਅਤੇ ਵਿਕਾਰਾਂ ਦਾ ਨਾਸ ਹੁੰਦਾ ਹੈ। ਇਸ ਵਾਰ ਸਾਵਣ (ਸਾਉਣ) ਮਹੀਨਾ 4 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਇਸ ਮਹੀਨੇ ਵਿਚ ਭਗਵਾਨ ਸ਼ਿਵ ਦੀ ਆਰਾਧਨਾ ਜਲ ਨਾਲ ਅਭਿਸ਼ੇਕ ਅਤੇ ਰੁਦਰਾ ਅਭਿਸ਼ੇਕ ਰਾਹੀਂ ਵਿਸ਼ੇਸ਼ ਰੂਪ ਨਾਲ ਕਲਿਆਣਕਾਰੀ ਮੰਨੀ ਗਈ ਹੈ।
ਸਾਉਣ ਮਾਸ ਵਿਚ ਹੀ ਦੇਵਤਾ ਅਤੇ ਅਸੁਰਾਂ ਵੱਲੋਂ ਸਮੁੰਦਰ ਮੰਥਨ ਕੀਤਾ ਗਿਆ ਸੀ, ਜਿਸ 'ਚੋਂ ਨਿੱਕਲੇ ਜ਼ਹਿਰ ਨਾਲ ਪੂਰੀ ਸ੍ਰਿਸ਼ਟੀ ਦਾ ਵਿਨਾਸ਼ ਨਿਸ਼ਚਿਤ ਸੀ। ਇਸ ਲਈ ਸੰਸਾਰ ਦੇ ਕਲਿਆਣ ਅਤੇ ਉੱਥਾਨ ਲਈ ਭਗਵਾਨ ਸ਼ਿਵ ਨੇ ਖੁਦ ਉਸ ਜ਼ਹਿਰ ਨੂੰ ਆਪਣੇ ਕੰਠ ਵਿਚ ਧਾਰਨ ਕਰ ਲਿਆ ਸੀ। ਇਸ ਲਈ ਇਨ੍ਹਾਂ ਨੂੰ ਨੀਲਕੰਠ ਮਹਾਦੇਵ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਦੇਵਤਿਆਂ ਨੇ ਜ਼ਹਿਰ ਦੇ ਵੇਗ ਨੂੰ ਘੱਟ ਕਰਨ ਲਈ ਭਗਵਾਨ ਸ਼ਿਵ ਤੇ ਜਲ ਦਾ ਅਭਿਸ਼ੇਕ ਕੀਤਾ ਸੀ, ਜਿਸ ਨਾਲ ਭਗਵਾਨ ਪ੍ਰਸੰਨ ਹੋਏ ਸਨ। ਸ਼ਿਵ ਪੁਰਾਣ 'ਚ ਵਰਣਨ ਆਉਂਦਾ ਹੈ ਕਿ ਭਗਵਾਨ ਸ਼ਿਵ ਖੁਦ ਹੀ ਜਲ ਹਨ। ਇਸ ਲਈ ਪਵਿੱਤਰ ਗੰਗਾਜਲ ਦੇ ਅਭਿਸ਼ੇਕ ਦੇ ਰੂਪ 'ਚ ਸ਼ਿਵ ਦੀ ਅਰਾਧਨਾ ਉੱਤਮ ਫਲ ਪ੍ਰਦਾਨ ਕਰਨ ਵਾਲੀ ਹੈ।
ਸਾਉਣ ਮਹੀਨੇ 'ਚ ਸੋਮਵਾਰ ਦਾ ਵਰਤ ਵਿਸ਼ੇਸ਼ ਰੂਪ ਨਾਲ ਲਾਭਕਾਰੀ ਮੰਨਿਆ ਗਿਆ ਹੈ। ਸਾਡੇ ਮੁਨੀ ਰਿਸ਼ੀਆਂ ਨੇ ਭਗਵਾਨ ਸ਼ਿਵ ਦੀ ਕ੍ਰਿਪਾ ਪ੍ਰਾਪਤ ਕਰਨ ਲਈ ਪੰਜ ਅੱਖਰ ਮੰਤਰ 'ਓਮ ਨਮ ਸ਼ਿਵਾ' ਦਾ ਸਰੀਰਕ ਅਤੇ ਮਾਨਸਿਕ ਪਵਿੱਤਰਤਾ ਦੇ ਨਾਲ ਜਾਪ ਦਾ ਵਿਸ਼ੇਸ਼ ਰੂਪ ਨਾਲ ਵਿਧਾਨ ਕੀਤਾ। ਮਹਾਸ਼ਿਵਪੁਰਾਣ ਦੀ ਕਥਾ ਦਾ ਸੁਣਨਾ, ਰੁਦਰ ਅਸ਼ਟ ਅਧਿਆਏ ਦਾ ਪਾਠ ਵਿਸ਼ੇਸ਼ ਰੂਪ ਨਾਲ ਮਨੁੱਖ ਦੇ ਆਤਮਿਕ ਤਰੱਕੀ ਦਾ ਮਾਰਗ ਪੱਧਰਾ ਕਰਦਾ ਹੈ। ਇਹ ਮਹੀਨਾ ਸੰਪੂਰਨ ਜਨ ਮਾਨਸ 'ਚ ਇਕ ਨਵੀਂ ਅਧਿਆਤਮਿਕ ਚੇਤਨਾ ਦਾ ਸੰਚਾਰ ਕਰਦਾ ਹੈ।
ਹਰਿਆਲੀ ਤੀਜ, ਰੱਖੜੀ, ਨਾਗ ਪੰਚਮੀ, ਸਾਉਣ ਪੁੰਨਿਆ, ਇਹ ਸਾਰੇ ਸਾਉਣ ਮਹੀਨੇ ਦੇ ਤਿਉਹਾਰ ਮਨੁੱਖ ਦੇ ਅੰਦਰ ਸੰਸਕ੍ਰਿਤਿਕ ਅਤੇ ਧਾਰਮਿਕਤਾ ਦਾ ਸੰਚਾਰ ਕਰਦੇ ਹਨ। ਬਾਰਾ ਜੋਤਿਰਲਿੰਗਾਂ ਅਤੇ ਸਾਰੇ ਸ਼ਿਵਾਲਿਆਂ 'ਚ ਭਗਵਾਨ ਸ਼ਿਵ ਦਾ ਅਭਿਸ਼ੇਕ ਹਰੇਕ ਸ਼ਿਵ ਉਪਾਸਕ ਦੇ ਦਿਲ ਨੂੰ ਪਵਿੱਤਰਤਾ ਦਾਨ ਕਰਦਾ ਹੈ। ਮਾਰਕੰਡੇਯ ਰਿਸ਼ੀ ਨੇ ਵੀ ਇਸੇ ਸਾਵਣ ਮਹੀਨੇ 'ਚ ਸ਼ਿਵ ਜੀ ਦੀ ਘੋਰ ਤਪੱਸਿਆ ਕੀਤੀ, ਜਿਸ ਤੋਂ ਭਗਵਾਨ ਸ਼ਿਵ ਨੇ ਪ੍ਰਸੰਨ ਹੋ ਕੇ ਉਨ੍ਹਾਂ 'ਤੇ ਲੰਬੀ ਉਮਰ ਹੋਣ ਦੀ ਕ੍ਰਿਪਾ ਦ੍ਰਿਸ਼ਟੀ ਕੀਤੀ ਸੀ।
ਸਾਉਣ ਮਹੀਨੇ 'ਚ ਜਲਧਾਰਾ ਰਾਹੀਂ ਕੁਦਰਤ ਇਸ ਧਰਤੀ ਦਾ ਅਭਿਸ਼ੇਕ ਕਰਦੀ ਹੈ, ਉਸੇ ਤਰ੍ਹਾਂ ਹਰੇਕ ਸ਼ਿਵ ਭਗਤ ਆਸਥਾ ਅਤੇ ਉਪਾਸਨਾ ਵਿਚ ਮਗਨ ਹੋ ਕੇ ਪਾਵਨ ਜਲ ਨਾਲ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਦਾ ਹੈ। ਮਹਾਭਾਰਤ 'ਚ ਦੱਸਿਆ ਗਿਆ ਹੈ ਕਿ ਇਸ ਪਵਿੱਤਰ ਸਾਉਣ ਮਹੀਨੇ 'ਚ ਜੋ ਵਿਅਕਤੀ ਸੰਜਮ, ਨਿਯਮ ਅਨੁਸਾਰ ਭਗਤੀ ਭਾਵ ਨਾਲ ਰੋਜ਼ਾਨਾ ਭਗਵਾਨ ਸ਼ੰਕਰ ਦੀ ਅਰਾਧਨਾ ਕਰਦਾ ਹੈ, ਉਹ ਖੁਦ ਵੀ ਪੂਜਨੀਕ ਹੋ ਜਾਂਦਾ ਹੈ ਅਤੇ ਕੁਲ 'ਚ ਵਾਧਾ ਕਰਦੇ ਹੋਏ ਯਸ਼ ਅਤੇ ਗੌਰਵ ਪ੍ਰਾਪਤ ਕਰਦਾ ਹੈ।
ਸਾਡੇ ਵੈਦਿਕ ਗ੍ਰੰਥਾਂ 'ਚ ਵੀ ਸਾਉਣ ਮਹੀਨੇ ਨੂੰ ਸ਼ਾਸਤਰਾਂ ਦੇ ਸੁਣਨ, ਮਨਨ ਅਤੇ ਖੁਦ ਪੜ੍ਹਣ ਦਾ ਸਮਾਂ ਮੰਨਿਆ ਗਿਆ ਹੈ, ਜਿਸ ਨਾਲ ਮਨੁੱਖ ਦੇ ਮਨ 'ਚ ਗਿਆਨ ਦਾ ਸੰਚਾਰ ਹੁੰਦਾ ਹੈ। ਸ੍ਰੇਸ਼ਠ ਗ੍ਰੰਥਾਂ ਦੇ ਸੁਣਨ ਅਤੇ ਅਭਿਆਸ ਕਰਨ ਨਾਲ ਹਿਰਦੇ ਅਤੇ ਮਨ 'ਚ ਵਸਦੇ ਸਾਰੇ ਰੋਗ ਅਤੇ ਬੀਮਾਰੀਆਂ ਦਾ ਨਾਸ ਹੋ ਜਾਂਦਾ ਹੈ। ਸਾਡੇ ਰਿਸ਼ੀਆਂ ਦਾ ਚਿੰਤਨ ਹੈ ਕਿ ਗਿਆਨ ਦਾ ਅਭਿਸ਼ੇਕ ਜਦੋਂ ਮਨੁੱਖ ਦੇ ਮਨ 'ਤੇ ਹੁੰਦਾ ਹੈ ਤਾਂ ਉਸ ਦਾ ਮਨ ਸ਼ਾਂਤ, ਪਵਿੱਤਰ ਅਤੇ ਏਕਾਗਰਚਿੱਤ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਸਾਉਣ ਮਹੀਨਾ ਮਨੁੱਖ ਨੂੰ ਮਾਨਸਿਕ ਅਤੇ ਆਤਮਿਕ ਰੂਪ ਨਾਲ ਜਾਗ੍ਰਿਤ ਹੋਣ ਦੀ ਅਤੇ ਕਣ-ਕਣ 'ਚ ਵਿਆਪਤ ਸ਼ਿਵ ਤੱਤ ਨੂੰ ਆਤਮਸਾਤ ਕਰਨ ਦੀ ਪ੍ਰੇਣਾ ਦਿੰਦੇ ਹਨ।
ਆਚਾਰੀਆ ਦੀਪ ਚੰਦਰ ਭਾਰਦਵਾਜ