ਸਾਉਣ ਮਹੀਨੇ ਸੋਮਵਾਰ ਨੂੰ ਇੰਝ ਕਰੋ ਭਗਵਾਨ ਸ਼ਿਵ ਜੀ ਦੀ ਖ਼ਾਸ ਪੂਜਾ, ਘਰ ਆਵੇਗਾ ਧਨ ਅਤੇ ਖ਼ੁਸ਼ੀਆਂ
7/12/2021 1:35:43 PM
ਜਲੰਧਰ (ਬਿਊਰੋ) - ਸਾਉਣ ਦਾ ਮਹੀਨਾ ਸ਼ਿਵ ਜੀ ਦੀ ਭਗਤੀ ਦਾ ਮਹੀਨਾ ਮੰਨਿਆ ਜਾਂਦਾ ਹੈ। ਹਿੰਦੂ ਧਰਮ ਵਿੱਚ ਸੋਮਵਾਰ ਨੂੰ ਭਗਵਾਨ ਸ਼ਿਵ ਜੀ ਦੀ ਪੂਜਾ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ। ਇਸ ਦਿਨ ਭੋਲੇਨਾਥ ਦੀ ਪੂਜਾ ਕਰਨ ਨਾਲ ਵਿਅਕਤੀ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਘਰ ’ਚ ਧਨ ਆਉਣ ਦੇ ਨਾਲ-ਨਾਲ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਭਗਵਾਨ ਸ਼ਿਵ ਜੀ ਧਰਤੀ ਦੇ ਜੀਵਾਂ ਦੀ ਰੱਖਿਆ ਕਰਦੇ ਹਨ। ਸ਼ਿਵ ਦਾ ਨਾ ਕੋਈ ਸਵਰੂਪ ਹੈ ਅਤੇ ਨਾ ਕੋਈ ਨਿਸ਼ਾਨ, ਕਿਉਂਕਿ ਪ੍ਰਿਥਵੀ, ਜਲ, ਹਵਾ, ਆਕਾਸ਼, ਸੂਰਜ, ਚੰਦਰਮਾ ਅਤੇ ਆਤਮਾ ਆਦਿ ਸਾਰਿਆਂ 'ਚ ਸ਼ਿਵ ਤੱਤ ਮੌਜ਼ੂਦ ਹਨ। ਇਸੇ ਕਾਰਨ ਕੁਦਰਤ ਦੀ ਪੂਜਾ ਕੀਤੀ ਜਾਂਦੀ ਹੈ। ਭੋਲੇਨਾਥ ਦੇ ਭਗਤ ਉਨ੍ਹਾਂ ਦੀ ਕ੍ਰਿਪਾ ਪਾਉਣ ਲਈ ਸਾਉਣ ਮਹੀਨੇ ਵਿੱਚ ਸ਼ਿਵਲਿੰਗ ਦਾ ਜਲ-ਅਭਿਸ਼ੇਕ ਕਰਦੇ ਹਨ।
ਇੰਝ ਕਰੋ ਖ਼ਾਸ ਪੂਜਾ :-
: ਸਾਉਣ ਮਹੀਨੇ 'ਚ ਮੀਂਹ ਪੈਂਦਾ ਹੈ। ਜਲ ਪੂਰੀ ਮਾਤਰਾ 'ਚ ਹੁੰਦਾ ਹੈ। ਇਸ ਲਈ ਸ਼ਿਵ ਜੀ ਦਾ ਜਲ ਅਭਿਸ਼ੇਕ ਕੀਤਾ ਜਾਂਦਾ ਹੈ। ਭਗਵਾਨ ਸ਼ੰਕਰ ਜਲ ਦੀਆਂ 4 ਬੂੰਦਾਂ ਚੜ੍ਹਾਉਣ ਨਾਲ ਖੁਸ਼ ਹੋ ਜਾਂਦੇ ਹਨ ਅਤੇ ਭਗਤਾਂ 'ਤੇ ਆਪਣੀ ਕਿਰਪਾ ਕਰਦੇ ਹਨ। ਭਗਵਾਨ ਸ਼ੰਕਰ ਨੂੰ ਜਲ ਚੜ੍ਹਾਉਣ ਨਾਲ ਪਰਮ ਸ਼ਕਤੀ ਮਿਲਦੀ ਹੈ।
: ਦੁੱਧ ਅਤੇ ਦਹੀਂ ਦੀ ਧਾਰਾ ਚੜ੍ਹਾਉਣ ਨਾਲ ਸੰਤਾਨ ਪ੍ਰਾਪਤੀ, ਗੰਨੇ ਦਾ ਰਸ ਚੜ੍ਹਾਉਣ ਨਾਲ ਲਕਸ਼ਮੀ ਦੀ ਪ੍ਰਾਪਤੀ, ਮਧੂ ਧਾਰਾ ਚੜ੍ਹਾਉਣ ਨਾਲ ਧਨ 'ਚ ਵਾਧਾ ਅਤੇ ਘਿਓ ਚੜ੍ਹਾਉਣ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤਿੰਨ ਪੱਤਿਆਂ ਵਾਲੇ ਬੇਲ ਪੱਤਰ ਚੜ੍ਹਾਉਣ ਨਾਲ ਤਿੰਨ ਜਨਮਾਂ ਦੇ ਪਾਪਾਂ ਤੋਂ ਮੁਕਤੀ ਮਿਲਦੀ ਹੈ।
: ਸਾਉਣ ਮਹੀਨੇ 'ਚ ਭਗਵਾਨ ਸ਼ੰਕਰ ਨੂੰ ਜਲ ਚੜ੍ਹਾਉਣ ਨਾਲ ਜ਼ਿੰਦਗੀ ਦੇ ਜ਼ਹਿਰ ਯਾਨੀ ਸਮੱਸਿਆਵਾਂ ਦਾ ਅੰਤ ਹੁੰਦਾ ਹੈ। ਜਨਮ ਕੁੰਡਲੀ 'ਚ ਕਾਲ ਸ਼ਰਾਪ ਦੋਸ਼ ਵਾਲੇ ਵਿਅਕਤੀਆਂ ਨੂੰ ਸਾਉਣ ਮਹੀਨੇ 'ਚ ਭਗਵਾਨ ਸ਼ਿਵ ਦੀ ਵਿਸ਼ੇਸ਼ ਪੂਜਾ, ਵਰਤ, ਸ਼ਿਵ ਚਾਲੀਸਾ, ਰੁੱਦਰ ਅਭਿਸ਼ੇਕ ਅਤੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ।
: ਸਾਨੂੰ ਘੱਟ ਤੋਂ ਘੱਟ ਸਾਉਣ ਮਹੀਨੇ 'ਚ ਸ਼ਿਵ ਅਰਾਧਨਾ ਕਰਦੇ ਹੋਏ ਸ਼ਿਵ ਜੀ ਨੂੰ ਚਾਰ ਬੂੰਦ ਜਲ ਜ਼ਰੂਰ ਚੜ੍ਹਾਉਣਾ ਚਾਹੀਦਾ ਹੈ। ਇਸ ਨਾਲ ਸਾਨੂੰ ਧਰਮ, ਅਰਥ, ਕਾਮ ਅਤੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ।