ਜਾਣੋ ਪੰਜਾਬ ਦੇ ਪਵਿੱਤਰ ਸਥਾਨਾਂ ਕਰਤਾਰਪੁਰ ਤੇ ਤਲਵੰਡੀ ਸਾਬੋ ਦਾ ਮਹੱਤਵ

4/14/2022 4:29:22 PM

ਕਰਤਾਰਪੁਰ 'ਚ ਸਥਿਤ ਪਹਿਲੀ ਹੱਥਲਿਖਤ ਆਦਿ ਗ੍ਰੰਥ ਦੇ ਦਰਸ਼ਨ
ਕਰਤਾਰਪੁਰ : ਜਲੰਧਰ ਜ਼ਿਲ੍ਹੇ ਦੇ ਸ਼ਹਿਰ ਕਰਤਾਰਪੁਰ 'ਚ ਵਿਸਾਖੀ 'ਤੇ ਵੀਰਵਾਰ ਨੂੰ ਹਜ਼ਾਰਾਂ ਸੰਗਤਾਂ ਇਥੇ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜਾ ਦੀ ਹੱਥਲਿਖਤ 'ਆਦਿ ਗ੍ਰੰਥ' ਦੇ ਦਰਸ਼ਨ ਕਰਨਗੇ। ਇਸ ਪਹਿਲੇ ਹੱਥਲਿਖਤ ਆਦਿ ਗ੍ਰੰਥ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਸੀ। ਇਸ ਦਾ ਸੰਕਲਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਦੇਖ-ਰੇਖ 'ਚ ਹੀ ਕਰਵਾਇਆ ਸੀ। ਇਹ ਆਦਿ ਗ੍ਰੰਥ ਹੁਣ ਕਰਤਾਰਪੁਰ ਦੀ ਕਿਲਾ ਕੋਠੀ 'ਚ ਸੋਢੀ ਵੰਸ਼ ਦੇ ਬਾਬਾ ਕਰਮਜੀਤ ਸਿੰਘ ਸੋਢੀ ਕੋਲ ਸਾਂਭਿਆ ਹੋਇਆ ਹੈ।

ਇਸ ਕਿਲੇ 'ਚ ਸੁੰਦਰ ਪਾਲਕੀ, ਪਵਿੱਤਰ ਦਸਤਾਰ, ਪਵਿੱਤਰ ਚੋਲਾ, ਪਵਿੱਤਰ ਤਲਵਾਰ, ਟੋਪੀ ਅਤੇ ਤੀਰ ਸੁਰੱਖਿਅਤ ਹਨ। ਇਤਿਹਾਸ ਦੀਆਂ ਕਈ ਕਿਤਾਬਾਂ 'ਚ ਵੀ ਇਸ ਗ੍ਰੰਥ ਦਾ ਜ਼ਿਕਰ ਆਦਿ ਗ੍ਰੰਥ ਦੇ ਰੂਪ 'ਚ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਮੁਗਲ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਚੌਥੇ ਗੁਰੂ ਰਾਮਦਾਸ ਜੀ ਨੂੰ ਜਾਗੀਰ ਪ੍ਰਦਾਨ ਕੀਤੀ ਸੀ। ਇਹ ਗੱਲ 1851 ਦੇ ਬੰਦੋਬਸਤ ਰਿਕਾਰਡ 'ਚ ਵੀ ਦਰਜ ਹੈ। ਇਸ ਨਗਰ ਦੀ ਨੀਂਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਅਦ ਵਿਚ ਰੱਖੀ।

ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ 'ਤੇ ਹਮਲਾ ਕਰਕੇ ਕਰਤਾਰਪੁਰ ਨਗਰ 'ਚ ਅੱਗ ਲਗਾ ਦਿੱਤੀ ਸੀ ਤਾਂ ਸੋਢੀ ਵੰਸ਼ ਦੇ ਤਤਕਾਲੀ ਵੰਸ਼ਜ਼ ਬਾਬਾ ਵਡਭਾਗ ਸਿੰਘ ਪਹਾੜਾਂ 'ਚ ਰਹਿਣ ਲੱਗ ਪਏ। ਅੱਗ ਲੱਗਣ ਨਾਲ ਇਤਿਹਾਸਕ ਕਿਤਾਬਾਂ ਤੇ ਕਾਗਜ਼ਾਤ ਸੜ ਕੇ ਸੁਆਹ ਹੋ ਗਏ ਪਰ ਆਦਿ ਗ੍ਰੰਥ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਮਾਹੌਲ ਸ਼ਾਂਤ ਹੋਣ ਤੋਂ ਬਾਅਦ ਬਾਬਾ ਵਡਭਾਗ ਸਿੰਘ ਜੀ ਕਰਤਾਰਪੁਰ ਵਾਪਸ ਆ ਗਏ ਤੇ ਨਗਰ ਨੂੰ ਫਿਰ ਤੋਂ ਵਸਾਇਆ। ਉਨ੍ਹਾਂ ਕਿਲਾ ਕੋਠੀ 'ਚ ਰੱਖੇ ਗਏ ਆਦਿ ਗ੍ਰੰਥ ਨੂੰ ਸੁਰੱਖਿਅਤ ਕੀਤਾ।

ਤਲਵੰਡੀ ਸਾਬੋ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲੇਖਣ ਹੋਇਆ
ਤਲਵੰਡੀ ਸਾਬੋ : ਬਠਿੰਡਾ ਦੇ ਤਲਵੰਡੀ ਸਾਬੋ 'ਚ ਸਥਿਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੁੱਧਵਾਰ ਨੂੰ ਵਿਸਾਖੀ ਮੇਲਾ ਸ਼ੁਰੂ ਹੋਇਆ, ਜੋ 3 ਦਿਨ ਚੱਲੇਗਾ। ਇਸ ਮੇਲੇ ਦਾ ਸਬੰਧ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ, ਜਿਨ੍ਹਾਂ ਮੁਗਲਾਂ ਨਾਲ ਲੜਾਈ ਤੋਂ ਬਾਅਦ ਇਥੇ ਆਰਾਮ ਕੀਤਾ ਸੀ। ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗੁਰਜੰਟ ਸਿੰਘ ਦੱਸਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਭਾਈ ਮਨੀ ਸਿੰਘ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਣ ਦਾ ਕੰਮ ਸੰਪੂਰਨ ਕਰਵਾਇਆ ਸੀ, ਜਿਸ ਤੋਂ ਬਾਅਦ ਸਾਲ 1705 'ਚ ਇੱਥੇ ਵਿਸਾਖੀ ਮੇਲਾ ਮਨਾਇਆ ਜਾਣ ਲੱਗਾ। ਜਿਸ ਜਗ੍ਹਾ 'ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੇਖਣ ਕੰਮ ਪੂਰਾ ਕਰਵਾਇਆ ਸੀ, ਉਥੇ ਹੁਣ ਗੁਰਦੁਆਰਾ ਲਿਖਣਸਰ ਸਾਹਿਬ ਹੈ। ਇੱਥੇ ਹੀ ਬੈਠ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਕਾਪੀਆਂ ਲਿਖੀਆਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਦੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਰਦਾਨ ਦਿੱਤਾ ਸੀ ਕਿ ਜੋ ਵੀ ਵਿਅਕਤੀ ਇਥੇ ਆ ਕੇ ਪੜ੍ਹਾਈ-ਲਿਖਾਈ ਕਰੇਗਾ, ਉਹ ਉੱਚ-ਕੋਟੀ ਦਾ ਵਿਦਵਾਨ ਬਣੇਗਾ। ਉਦੋਂ ਤੋਂ ਹੀ ਲੋਕ ਇਥੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਹਨ ਅਤੇ ਉਨ੍ਹਾਂ ਤੋਂ ਇਥੇ ਲਿਖਣ ਦਾ ਕੰਮ ਕਰਵਾਇਆ ਜਾਂਦਾ ਹੈ।


Harnek Seechewal

Content Editor Harnek Seechewal