ਖ਼ਾਸ ਖ਼ਬਰ: ਇਸ ਮਹੀਨੇ ਦੇ ਅਖੀਰ ''ਚ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਨਹੀਂ ਲੱਗੇਗਾ ਸੂਤਕ
4/15/2022 9:41:56 AM
ਜੈਤੋ (ਪਰਾਸ਼ਰ) - ਸਾਲ ਦਾ ਪਹਿਲਾ ਖੰਡਗ੍ਰਾਸ ਸੂਰਜ ਗ੍ਰਹਿਣ 30 ਅਪ੍ਰੈਲ, 2022 ਨੂੰ ਲੱਗਣ ਜਾ ਰਿਹਾ ਹੈ। ਇਹ ਸੂਰਜ ਗ੍ਰਹਿਣ ਅੱਧੀ ਰਾਤ 12.16 ਵਜੇ ਲੱਗੇਗਾ, ਜੋ ਸਵੇਰੇ 4.08 ਵਜੇ ਤੱਕ ਜਾਰੀ ਰਹੇਗਾ। ਇਹ ਜਾਣਕਾਰੀ ਉੱਘੇ ਜੋਤਸ਼ੀ ਮਰਹੂਮ ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ਵਿਦਿਆਲਿਆ-ਲੰਕਰ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਜੈਤੋ ਵਿਖੇ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ’ਚ ਇਹ ਗ੍ਰਹਿਣ ਦਿਖਾਈ ਨਹੀਂ ਦੇਵੇਗਾ।
ਪੰਡਿਤ ਸ਼ਿਵ ਕੁਮਾਰ ਨੇ ਕਿਹਾ ਕਿ ਜੇਕਰ ਗ੍ਰਹਿਣ ਕਿਸੇ ਦੇਸ਼ ’ਚ ਦਿਖਾਈ ਨਹੀ ਦਿੰਦਾ ਹੈ ਤਾਂ ਉਥੇ ਸੂਤਕ ਕਾਲ ਦੀ ਮਾਨਤਾ ਨਹੀਂ ਹੁੰਦੀ ਹੈ। ਇਸ ਲਈ ਕਿਸੇ ਪ੍ਰਕਾਰ ਦੇ ਪਰਹੇਜ਼ ਦੀ ਲੋੜ ਨਹੀਂ ਹੈ। ਇਸ ਗ੍ਰਹਿਣ ਨੂੰ ਚਿਲੀ, ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਅਤੇ ਅੰਟਾਰਕਟਿਕਾ ਵਰਗੇ ਦੇਸ਼ਾਂ ਦੇ ਲੋਕ ਦੇਖ ਸਕਣਗੇ।
ਦੱਸ ਦੇਈਏ ਕਿ ਸਾਲ 2022 'ਚ ਦੋ ਸੂਰਜ ਗ੍ਰਹਿਣ ਲੱਗਣ ਵਾਲੇ ਹਨ। ਪਹਿਲਾ ਸੂਰਜ ਗ੍ਰਹਿਣ 30 ਅਪ੍ਰੈਲ 2022 ਨੂੰ ਲੱਗੇਗਾ, ਜਦਕਿ ਦੂਜਾ ਸੂਰਜ ਗ੍ਰਹਿਣ ਸਾਲ ਦੇ ਅਖੀਰ ਵਿਚ 25 ਅਕਤੂਬਰ 2022 ਨੂੰ ਲੱਗੇਗਾ।