ਮਾਤਾ ਪਿਤਾ ਨੇ ਬਾਬੇ ਲਈ ਵੈਦ ਬੁਲਾਇਆ
5/25/2019 3:01:14 PM

ਚਿੱਤਰਕਾਰੀ ਵਿੱਚ ਗੁਰੂ ਨਾਨਕ ਵਿਰਾਸਤ
ਕਿਸ਼ਤ-4
ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ।।
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ।।੧।।
(ਗੁਰੂ ਗ੍ਰੰਥ ਸਾਹਿਬ, ਪੰਨਾ ੧੨੭੯)
ਉਪਰੋਕਤ ਬਾਣੀ ਗੁਰੂ ਨਾਨਕ ਦੇਵ ਦੀ ਹੈ। ਜਨਮ ਸਾਖੀ ਸਾਹਿਤ ਵਿੱਚ ਇਸ ਘਟਨਾ ਦਾ ਵੇਰਵਾ ਮਿਲ ਜਾਂਦਾ ਹੈ। ਜਦ ਗੁਰੂ ਜੀ ਪੜ੍ਹਨ ਲਈ ਪਾਠਸ਼ਾਲਾ ਜਾਣ ਤੋਂ ਮਨ੍ਹਾਂ ਕਰ ਦਿੰਦੇ ਹਨ। ਘਰ ਦੇ ਕੰਮਕਾਰ ਵਿੱਚ ਦਿਲਚਸਪੀ ਨਹੀਂ ਲੈਂਦੇ, ਕਈ ਵਾਰ ਭੋਜਨ ਖਾਣ ਤੋਂ ਇਨਕਾਰੀ ਹੋ ਜਾਂਦੇ ਹਨ, ਤਦ ਪਿਤਾ ਬਾਬਾ ਕਾਲੂ ਅਤੇ ਮਾਤਾ ਤ੍ਰਿਪਤਾ ਨੂੰ ਚਿੰਤਾ ਹੋਣ ਲੱਗਦੀ ਹੈ ਮਤੇ ਇਹ ਬਾਲਕ ਕਿਸੇ ਬਿਮਾਰੀ ਦਾ ਸ਼ਿਕਾਰ ਨਾ ਹੋ ਗਿਆ ਹੋਵੇ। ਰੋਗ ਦੇ ਨਿਵਾਰਣ ਲਈ ਉਹ ਵੈਦ ਹਰਿਦਾਸ ਨੂੰ ਆਪਣੇ ਘਰ ਸੱਦਦੇ ਹਨ ਕਿ ਨਬਜ਼ ਦੇਖ ਕੇ ਉਹ ਰੋਗ ਦਾ ਕਾਰਣ ਲੱਭ ਸਕੇ। ਗੁਰੂ ਜੀ ਇਸੇ ਪ੍ਰਥਾਏ ਉਪਰੋਕਤ ਸ਼ਬਦ ਉਚਾਰਦੇ ਹਨ। ਇਸੇ ਘਟਨਾ ਨੂੰ ਸਾਹਮਣੇ ਰੱਖ 'ਬੀ-40 ਜਨਮਸਾਖੀ' ਦੇ ਚਿੱਤਰਕਾਰ ਆਲਮਚੰਦ ਨੇ ਲਘੂ ਚਿੱਤਰ ਤਿਅਰ ਕੀਤਾ। ਚਿੱਤਰਕਾਰ ਦਾ ਮੁੱਖ ਕਿੱਤਾ ਇਮਾਰਤ ਉਸਾਰੀ ਦਾ ਸੀ। ਪੜ੍ਹਨ ਸੁਨਣ ਨੂੰ ਇਹ ਅਚੰਭਾ ਲਗਦਾ ਹੈ ਕਿ ਇੱਕ ਇਮਾਰਤਕਾਰ ਚਿੱਤਰਕਾਰ ਵੀ ਸੀ।
ਦੇਖਣ ਨੂੰ ਇਹ ਦ੍ਰਿਸ਼ ਚਿੱਤਰ ਸਰਲ ਲੱਗਦਾ ਹੈ। ਪਰ ਰਚਨਾ ਕਾਲ ਅਤੇ ਅਜੋਕੇ ਕਾਲ ਦਰਮਿਆਨ ਸਦੀਆਂ ਦੀ ਵਿੱਥ ਆ ਗਈ ਹੈ। ਇਹ ਵਿੱਥ ਹੀ ਰਚਨਾ ਦੇ ਅਰਥਾਂ ਨੂੰ ਵਿਸਾਰਦੀ ਅਤੇ ਗਹਿਰਾਈ ਪ੍ਰਦਾਨ ਕਰਦੀ ਹੈ।
ਵੈਦ ਵਾਲੀ ਸਾਖੀ ਇਹ ਲੋਕ ਨਾਲ ਜੁੜੀ ਹੋਈ ਹੈ। ਜਦ ਕਿ ਗੁਰੂ ਨਾਨਕ ਦੇਵ ਪਰਲੋਕ ਦੀ ਗੱਲ ਕਰਦੇ ਹਨ। ਮਾਤਾ ਪਿਤਾ ਸਰੀਰ ਦੇ ਦੁੱਖ ਦਾ ਇਲਾਜ ਕਰਵਾ ਲੈਣਗੇ ਪਰ ਵੈਦ ਨੂੰ 'ਕਰਕ ਕਲੇਜੇ ਮਾਹਿ' ਦੀ ਖ਼ਬਰ- ਖੋਜ ਨਹੀਂ। ਇਹ ਚਿੱਤਰ ਬਾਹਰੀ ਸਰੀਰਕ ਕਿਰਿਆ ਨੂੰ ਹੀ ਅੰਕਿਤ ਕਰਦਾ ਹੈ।
ਚਿੱਤਰ ਦੇ ਤਿੰਨ ਹਿੱਸੇ ਹਨ; ਅਗਲੇਰਾ (ਖੁੱਲੀ ਥਾਂ), ਇਮਾਰਤ (ਕਮਰਾ ਜਿਸ ਅੰਦਰ ਮਾਤਾ ਤ੍ਰਿਪਤਾ ਅਤੇ ਉਨ੍ਹਾਂ ਦਾ ਬੱਚਾ) ਅਤੇ ਇਮਾਰਤ ਦੀ ਚਾਰਦੀਵਾਰੀ ਦੇ ਪਿੱਛਿਓ ਦਿਖਾਈ ਦਿੰਦੀ ਵਧੀ-ਫੁੱਲੀ ਬਨਸਪਤੀ। ਕਿਰਤ ਵਿੱਚ ਚਾਰ ਪਾਤਰ ਹਨ ਦੋ ਕਮਰੇ ਅੰਦਰ ਦੋ ਬਾਹਰ। ਗਤੀਵਿਧੀ ਦਾ ਕੇਂਦਰ ਬਾਲ ਬਾਬਾ ਨਾਨਕ ਹਨ।ਕਿਉਂਕਿ ਉਹ ਸਿਹਤਮੰਦ ਨਹੀਂ। ਇਹਦੇ ਇਲਾਵਾ ਕੁੱਝ ਹੋਰ ਜੁਗਤਾਂ ਵੀ ਹਨ ਜਿਨ੍ਹਾਂ ਸਦਕਾ ਚਿਤੇਰੇ ਦਾ ਇਸ਼ਟ ਕੇਂਦਰ ਬਿੰਦੂ ਬਣਿਆ ਰਹਿੰਦਾ ਹੈ। ਐਨ ਖੱਬੇ ਵੱਲ ਖੜ੍ਹੇ ਮਹਿਤਾ ਕਾਲੂ ਸਿਰ ਮੁਗਲਈ ਅੰਦਾਜ਼ ਵਾਲੀ ਪੱਗ, ਗਲ ਗੋਡਿਆਂ ਤੋਂ ਨੀਵਾਂ ਸਫੈਦ ਚੋਲਾ, ਤੇੜ ਲਾਲ ਪੀਲੇ ਰੰਗ ਦੀਆਂ ਪੱਟੀਆਂ ਵਾਲਾ ਪਜਾਮਾ ਅਤੇ ਪੈਰੀਂ ਕਾਲੀ ਜੁੱਤੀ ਹੈ। ਲਾਲ ਕਿਰਮਚੀ ਰੰਗ ਦੇ ਕਮਰਕੱਸੇ ਇਲਾਵਾ ਸੱਜੇ ਮੋਢੇ ਤੋਂ ਥੱਲੇ ਵੱਲ ਲਟਕਦਾ ਸਫ਼ੈਦ ਸਾਫਾ ਹੈ। ਮਹਿਤਾ ਕਾਲੂ ਦੀ ਸਫੈਦ ਦਾੜੀ ਅਤੇ ਵੈਦ ਦੀਆਂ ਕਾਲੀਆਂ ਮੁੱਛਾਂ ਦੋਹਾਂ ਦੀ ਉਮਰ ਦਾ ਅੰਤਰ ਦੱਸਦੀਆਂ ਹਨ। ਪਿਤਾ ਦਾ ਲਿਬਾਸ ਮੁਗਲਈ ਪ੍ਰਭਾਵ ਵਾਲਾ ਹੈ। ਮਾਤਾ ਤ੍ਰਿਪਤਾ ਦਾ ਪਹਿਰਾਵਾ ਹਲਕੇ ਲਾਲ ਰੰਗ ਦਾ ਹੈ ਅਤੇ ਸਿਰ ਚੁੰਨੀ ਹੈ। ਵੈਦ ਦੇ ਸਿਰ ਪੱਗ, ਲੰਬਾ ਪਰਨਾ ਅਤੇ ਤੇੜ ਧੋਤੀ ਹੈ। ਇਹ ਆਪਣੇ ਸੱਜੇ ਹੱਥ ਦੀਆਂ ਉਂਗਲਾਂ ਨਾਲ ਬਾਲ ਨਾਨਕ ਦੀ ਧੜਕਦੀ ਨਾੜੀ ਦੀ ਗਤੀ ਪਛਾਣ ਰੋਗ ਜਾਨਣ ਦਾ ਯਤਨ ਕਰ ਰਿਹਾ ਹੈ। ਉਹ ਨਬਜ਼ ਮਹਿਸੂਸਦਿਆਂ ਹੋਇਆ ਆਪਣੇ ਮਰੀਜ਼ ਦਾ ਚਿਹਰਾ ਨਿਹਾਰ ਰਿਹਾ ਹੈ। ਇਹ ਸਭ ਸਰੀਰਕ ਕਿਰਿਆਵਾਂ ਹਨ, ਪਰ ਬਾਣੀ ਇਸ ਤੋਂ ਅਗਲੇਰੇ ਧਰਾਤਲ ਨੂੰ ਆਪਣੇ ਕਲਾਵੇ ਅੰਦਰ ਲੈਂਦੀ ਹੈ।
ਵੈਦ ਅਤੇ ਮਰੀਜ਼ ਆਹਮੋ ਸਾਹਮਣੇ ਵੀਰ ਆਸਣ ਵਿੱਚ ਬੈਠੇ ਹਨ। ਕੀ ਚਿਤੇਰਾ ਵਿਸ਼ੇਸ਼ ਜਾਣਕਾਰੀ ਦੇਣਾ ਚਾਹੁੰਦਾ ਹੈ? ਦੋਵੇਂ ਜਣੇ ਆਪੋ-ਆਪਣੇ ਖੇਤਰ ਦੇ ਵੀਰ ਹਨ। ਵੈਦ ਪਿੱਛੇ ਖੜੇ ਮਹਿਤਾ ਕਾਲੂ ਦੇ ਜੁੜੇ ਹੱਥ-ਵੱਖ ਸਥਿਤੀਆਂ ਦਾ ਸੰਕੇਤ ਹਨ। ਇਹ ਵੈਦ ਪ੍ਰਤੀ ਨਿਮਰ ਭਾਵ ਹੈ ਜਾਂ ਆਪਣੇ ਬੱਚੇ ਦੇ ਠੀਕ ਹੋ ਜਾਣ ਦੀ ਅਰਜੋਈ ਜਾਂ ਬੱਚੇ ਅੰਦਰਲੀ ਦਿੱਬਤਾ ਨੂੰ ਨਮਨ।ਬਾਬਾ ਨਾਨਕ ਅਤੇ ਉਹਨਾਂ ਦੀ ਮਾਤਾ ਨੇ ਵਜਰ ਆਸਨ ਲਾਇਆ ਹੋਇਆ ਹੈ। ਬੱਚੇ ਦੇ ਸਿਰ ਦਾ ਥੋੜਾ ਅੱਗੇ ਵੱਲ ਝੁੱਕਿਆ ਹੋਣਾਂ ਕੀ ਉਸ ਦੇ ਨਿਢਾਲ ਹੋਣ ਦੀ ਨਿਸ਼ਾਨੀ ਹੈ ਜਿਸ ਨੂੰ ਮਾਤਾ ਤ੍ਰਿਪਤਾ ਬੋਲ ਕੇ ਦੱਸ ਰਹੇ ਹਨ? ਸਾਰਿਆ ਵਿੱਚੋਂ ਬਾਬਾ ਨਾਨਕ ਦੀ ਉਮਰ ਸਭ ਤੋਂ ਘੱਟ ਹੈ। ਸਭ ਦੀ ਨਜ਼ਰ ਉਹਨਾਂ ਵੱਲ ਹੋਣ ਦੇ ਇਲਾਵਾ ਉਹਨਾਂ ਪ੍ਰਤੀ ਚਿੰਤਤ ਵੀ ਹਨ। ਵਿਹਾਰ ਅਨੁਸਾਰ ਬੱਚੇ ਦਾ ਵੀ ਕਿਸੇ ਨਾ ਕਿਸੇ ਵੱਲ ਦੇਖਣਾ ਬਣਦਾ ਹੈ। ਬਾਵਜੂਦ ਇਸਦੇ ਏਦਾਂ ਹੋ ਨਹੀਂ ਰਿਹਾ। ਇਹ ਵੱਖਰਾਪਣ ਇਸ ਕਿਰਦਾਰ ਦੀ ਵੱਖਰਤਾ ਹੈ। ਜਿਸ ਸ਼ਖ਼ਸ ਦੀ ਸਿਹਤ ਦੀ ਜਾਂਚ ਪੜਤਾਲ ਹੋ ਰਹੀ ਹੈ ਉਸ ਦਾ ਧਿਆਨ ਨਾ ਆਪਣੀ ਦੇਹ ਵੱਲ ਨਾ ਹੀ ਪੜਤਾਲ ਕਰਨ ਵਾਲੇ ਵੱਲ। ਬਾਕੀ ਚਿਹਰਿਆਂ ਦੇ ਪ੍ਰੋਫਾਇਲ ਨਜ਼ਰ ਆ ਰਹੇ ਹਨ, ਪਰ ਗੁਰੁ ਜੀ ਦਾ ਮੁੱਖ ਤਿੰਨ ਚੌਥਾਈ ਹੈ ਭਾਵ ਦੋ ਚਸ਼ਮੀ। ਸ਼ਬਦ ਰਾਹੀਂ ਕਹੀ ਗਲ ਨੂੰ ਚਿੱਤਰ ਰਾਹੀਂ ਕਹਿਣਾ ਕਠਿਨ ਹੈ। ਇਹਦੇ ਵਾਸਤੇ ਚਿਤੇਰੇ ਵੱਖ ਵੱਖ ਜੁਗਤਾਂ ਵਰਤਦੇ ਹਨ। ਇੱਥੇ ਇੱਕ ਹੋਰ ਜੁਗਤ ਧਿਆਨ ਲੋਚਦੀ ਹੈ। ਬਾਬਾ ਨਾਨਕ ਕਮਰੇ ਅੰਦਰ ਬੈਠੇ ਹਨ। ਨੇਮ ਨਾਲ ਉਹਨਾਂ ਦੇ ਸਰੀਰ ਦਾ ਕੁੱਝ ਹਿੱਸਾ ਸਫ਼ੈਦ ਪਾਏ ਦੇ ਪਿੱਛੇ ਲੁਕਿਆ ਹੋਣਾ ਚਾਹੀਦਾ ਹੈ। ਦੇਖਣ-ਵਿਚਾਰਨ ਨੂੰ ਅਜੀਬ ਲਗਦਾ ਹੈ ਕਿ ਵਿਅਕਤੀ ਅੰਦਰ ਬੈਠਾ ਹੋਣ ਦੇ ਬਾਵਜੂਦ ਉਹਦਾ ਸਰੀਰ ਦੀਵਾਰ ਜਾਂ ਪਾਏ ਨੂੰ 'ਓਵਰਲੈਪ' ਕਰ ਰਿਹਾ ਹੈ। ਚਿੱਤਰ ਦੀ ਦਸ਼ਾ ਅਨੁਸਾਰ ਉਹ ਘਰ ਦੇ ਅੰਦਰ ਵੀ ਹਨ, ਘਰ ਦੇ ਬਾਹਰ ਵੀ।
ਇੱਥੇ ਪ੍ਰਸ਼ਨ ਹੋ ਸਕਦਾ, ਕੀ ਮਿਸਤਰੀ ਆਲਮ ਚੰਦ ਨੂੰ ਚਿੱਤਰ ਨੇਮਾਂ ਤੋਂ ਵਾਕਿਫ ਨਹੀਂ? ਇਸ ਤੱਥ ਦੀ ਪੁਸ਼ਟੀ ਇਹੋ ਚਿੱਤਰ ਕਰਦਾ ਹੈ ਕਿ ਚਿਤੇਰਾ ਇਹਨਾਂ ਨੇਮਾਂ ਤੋਂ ਭਲੀ-ਭਾਂਤ ਜਾਣੂ ਹੈ। ਆਪਣੇ ਪੁੱਤਰ ਪਿੱਛੇ ਬੈਠੀ ਮਾਤਾ ਤ੍ਰਿਪਤਾ ਦੇ ਸਰੀਰ ਦਾ ਕੁੱਝ ਹਿੱਸਾ ਉਸਰੀ ਦੀਵਾਰ ਪਿੱਛਲੇ ਲੁਕਿਆਂ ਹੋਇਆ ਹੈ। ਇਹ ਭੇਦ ਜਾਣਬੁੱਝ ਕੇ ਕੀਤਾ ਗਿਆ ਹੈ ਜਿਹੜਾ ਬਾਬਾ ਨਾਨਕ ਦੀ ਵੱਖਰਤਾ ਅਤੇ ਦਿੱਬਤਾ ਨੂੰ ਰੇਖਾਂਕਿਤ ਕਰਦਾ ਹੈ।
ਲਿਬਾਸ ਤਨ ਨੰਗੇਜ਼ ਨੂੰ ਪਰਦਾ ਹੈ। ਕੱਪੜੇ ਦੇ ਇਲਾਵਾ ਹੋਰ ਵਸਤਾਂ ਦੀ ਵਰਤੋਂ ਸ਼ਿੰਗਾਰ ਕਹਾਉਂਦੀਆਂ ਹਨ। ਪਾਤਰਾਂ ਦੇ ਵਸਤਰਾਂ ਦੇ ਰੰਗ ਇੱਕੋ ਜਿਹੇ ਨਹੀਂ। ਮਹਿਤਾ ਕਾਲੂ ਤੋਂ ਛੁੱਟ ਹੋਰ ਸਭ ਨੇ ਲੋੜ ਅਨੁਸਾਰ ਸਰੀਰਾਂ ਨੂੰ ਸ਼ਿੰਗਾਰਿਆਂ ਹੋਇਆ ਹੈ।ਬਾਹਰੋਂ ਆਏ ਵੈਦ ਦੇ ਕੰਨੀ ਬੂੰਦੇ, ਗਲ਼ ਦੁਆਲੇ ਮੋਤੀਆਂ ਦੀਆਂ ਮਾਲਾਵਾਂ, ਡੋਲਿਆਂ ਦੁਆਲੇ ਮੋਤੀ ਜੜੇ ਸੋਨੇ ਦੇ ਬਾਜੂਬੰਦ, ਗੁੱਟਾਂ ਦੁਆਲੇ ਸੋਨ ਕੰਗਣ ਅਤੇ ਉਂਗਲੀ ਵਿੱਚ ਮੂੰਦਰੀ ਹੈ। ਏਨੀ ਸਾਜ-ਸੱਜਾ ਵਾਲਾ ਵੈਦ ਸਾਧਾਰਣ ਵੈਦ ਨਹੀਂ ਹੋ ਸਕਦਾ। ਮਹਿਤਾ ਕਾਲੂ ਦੀ ਪਤਨੀ ਤ੍ਰਿਪਤਾ ਦਾ ਲੱਕ, ਕੰਨ ਸਿਰ ਅਤੇ ਮੱਥਾ ਸਮੇਂ ਦੇ ਪ੍ਰਚਲਿਤ ਗਹਿਣਿਆ ਨਾਲ ਸੱਜਿਆ ਹੋਇਆ ਹੈ। ਇਹਨਾਂ ਦੇ ਗਲ ਦੁਆਲੇ ਮੋਤੀ ਜੜਿਤ ਸੋਨੇ ਦਾ ਭਾਰਾ ਹਾਰ ਹੈ। ਦੋਵੇਂ ਗੁੱਟ ਚੌੜੇ ਪੱਟੀਦਾਰ ਬਾਜੂਬੰਦ ਨਾਲ ਸੱਜੇ ਹਨ। ਦੋਹਾਂ ਹੱਥਾਂ ਦੀਆਂ ਉਂਗਲਾਂ ਮੇਹੰਦੀ ਨਾਲ ਰੰਗੀਆਂ ਹੋਈਆ ਹਨ। ਪੁਰਖ ਪਾਤਰਾਂ ਦੇ ਮੱਥਿਆਂ ਉੱਪਰ ਲੱਗੇ ਤਿਲਕ ਇਸ ਗੱਲ ਦੀ ਪੈਰਵੀ ਕਰਦੇ ਹਨ ਕਿ ਚਿੱਤਰਕਾਰ ਕਿਸੇ ਨਾ ਕਿਸੇ ਪੱਧਰ ਉੱਪਰ ਹਿੰਦੂ ਰਵਾਇਤਾਂ ਨੂੰ ਮੰਨਦਾ ਹੈ। ਇਹ ਦ੍ਰਿਸ਼ ਸਿਰਫ਼ ਗੁਰੂ ਜੀ ਦੇ ਰੋਗ ਨੂੰ ਹੀ ਬਿਆਨ ਨਹੀਂ ਕਰਦਾ ਬਲਕਿ ਹੋਰ ਕਈ ਇਕਾਈਆਂ ਨੁੰ ਛੋਹ ਰਿਹਾ ਹੈ।
ਇਸਦਾ ਘਰ ਬਾਰ, ਹਾਰ ਸ਼ਿਗਾਰ ਮਹਿਤਾ ਕਾਲੂ ਦੇ ਆਰਥਿਕ ਅਤੇ ਸਮਾਜਿਕ ਰੁਤਬੇ ਨੂੰ ਉਭਾਰਦਾ ਹੈ। ਮਹਿਤਾ ਕਾਲੂ ਦਾ ਪਹਿਰਾਵਾ ਦੱਸਦਾ ਹੈ ਉਹ ਹੁਕਮਰਾਨ ਧਿਰ ਦੇ ਕਿੰਨਾ ਕੁ ਕਰੀਬ ਹਨ ਅਤੇ ਕੀ ਹਨ?
ਚਿੱਤਰ ਰਾਹੀ ਆਲਮ ਚੰਦ ਰਾਜ ਆਪਣੀ ਕਲਾ ਸ਼ੈਲੀ, ਇਮਾਰਤ ਤਰਤੀਬਨ ਦਾ ਗਿਆਨ, ਫੂੱਲਾਂ-ਬੂਟਿਆਂ ਦੇ ਇਲਾਵਾ ਪੰਛੀਆਂ ਬਾਰੇ ਜਾਣਕਾਰੀ ਨੂੰ ਪ੍ਰਗਟ ਕਰ ਰਿਹਾ ਹੈ। ਉਸ ਵੱਲੋਂ ਅਰਜਿਤ ਗਿਆਨ ਦਾ ਅੰਸ਼ਿਕ ਦਖਲ ਇਸ ਰਚਨਾ ਵਿੱਚ ਹੈ।
ਕਿਰਤ ਦੇ ਅਗਲੇ ਹਿੱਸੇ ਉੱਪਰ ਹਰਿਆਵਲ ਹੈ ਜਿਸ ਨੂੰ ਭਾਂਤ- ਭਾਂਤ ਦੇ ਫੁੱਲਾਂ ਨਾਲ ਸਰਸ ਬਣਾਇਆ ਗਿਆ ਹੈ। ਇਮਾਰਤ ਦੇ ਪਿੱਛੇ ਕਿਰਮਚੀ ਰੰਗੀ ਦੀਵਾਰ ਦੇ ਪਾਰ ਸੰਘਣੇ ਛਾਂਦਾਰ ਅਤੇ ਫਲਦਾਰ ਰੁੱਖ ਹਨ। ਰੁੱਖ ਟਾਹਣੀਆਂ ਵਿੱਚੋਂ ਕਿਤੇ-ਕਿਤੇ ਅਸਮਾਨ ਝਾਕਦਾ ਹੈ। ਇਹਨਾਂ ਦੇ ਵਿੱਚ-ਵਿਚਾਲੇ ਬਗਲੇ ਅਤੇ ਹੋਰ ਪਰਿੰਦੇ ਹਨ।ਮਕਾਨ ਦੀ ਛੱਤ ਉੱਪਰ ਵੀ ਇੱਕ ਵਜਨੀ, ਸੁੰਦਰ ਪਰਿੰਦਾ ਬੇਫਿਕਰ ਚਹਿਲ ਕਦਮੀ ਕਰ ਰਿਹਾ ਹੈ। ਅਨੇਕ ਇਕਾਈਆਂ ਦੇ ਤਾਲ-ਮੇਲ ਨਾਲ ਇਹ ਚੰਗੀ, ਅਰਥਵਾਨ ਰਚਨਾ ਹੋ ਨਿਬੜੀ ਹੈ।
ਚਲਦਾ...
ਜਗਤਾਰਜੀਤ ਸਿੰਘ
98990-91186