ਨਰਾਤਿਆਂ'' ਨਾਲ ਜੁੜੀਆਂ ਇਹ ਕਥਾਵਾਂ, ਤੁਸੀਂ ਵੀ ਜਾਣੋ ''ਦੇਵੀ ਪੂਜਾ'' ਦਾ ਮਹੱਤਵ

10/13/2020 7:58:59 AM

ਜਿਵੇਂ ਕਿ ਸਭ ਜਾਣਦੇ ਹਨ ਕਿ 17 ਅਕਤੂਬਰ ਨੂੰ ਨਰਾਤੇ ਸ਼ੁਰੂ ਹੋ ਜਾਣਗੇ। ਸਨਾਤਨ ਧਰਮ 'ਚ ਇਸ ਦਾ ਬਹੁਤ ਮਹੱਤਵ ਹੈ। ਧਾਰਮਿਕ ਮਾਨਤਾ ਹੈ ਕਿ ਨਰਾਤਿਆਂ ਦੇ 9 ਦਿਨਾਂ 'ਚ ਦੇਵੀ ਦੁਰਗਾ ਦੇ ਨਾਲ-ਨਾਲ ਉਨ੍ਹਾਂ ਦੇ 9 ਵੱਖ-ਵੱਖ ਰੂਪਾਂ ਦੀ ਪੂਜਾ ਕਰਨ ਦਾ ਨਿਯਮ ਹੈ ਪਰ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਇਨ੍ਹਾਂ ਦੇ ਪੂਜਨ ਦਾ ਮਹੱਤਵ ਨਹੀਂ ਪਤਾ। ਖ਼ਾਸ ਤੌਰ 'ਤੇ ਨਰਾਤਿਆਂ ਦਾ ਕੀ ਮਹੱਤਵ ਹੈ ਅਤੇ ਇਨ੍ਹਾਂ ਦਿਨਾਂ 'ਚ ਇਨ੍ਹਾਂ ਦੀ ਪੂਜਾ ਕਿੰਨੀ ਲਾਭਦਾਇਕ ਹੁੰਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਆਖ਼ਰ ਇਸ ਦਾ ਕੀ ਮਹੱਤਵ ਹੈ।
ਨਰਾਤਿਆਂ ਦਾ ਮਹੱਤਵ ਦੱਸਣ ਤੋਂ ਪਹਿਲਾਂ ਤੁਹਾਡੇ ਲਈ ਜਾਨਣਾ ਜ਼ਰੂਰੀ ਹੈ ਕਿ 1 ਸਾਲ 'ਚ ਕੁੱਲ 4 ਵਾਰ ਨਰਾਤੇ ਆਉਂਦੇ ਹਨ, ਜਿਨ੍ਹਾਂ 'ਚੋਂ 2 ਗੁਪਤ ਨਰਾਤੇ ਪੈਂਦੇ ਹਨ। ਇਕ ਵਾਰ ਚੇਤ ਨਰਾਤੇ ਅਤੇ ਇਕ ਸ਼ਾਰਦੀ ਨਰਾਤੇ। ਹਰ ਸਾਲ ਪਿੱਤਰ ਪੱਖ ਦੇ ਖਤਮ ਹੋਣ ਦੇ ਨਾਲ ਹੀ ਨਰਾਤਿਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਪਰ ਹਰੇਕ ਤਿੰਨ ਸਾਲ ਬਾਅਦ ਇਨ੍ਹਾਂ ਨਰਾਤਿਆਂ ਨੂੰ ਸ਼ਾਰਦੀ ਨਰਾਤਿਆਂ ਦਾ ਨਾਂ ਦਿੱਤਾ ਜਾਂਦਾ ਹੈ, ਜੋ ਇਸ ਵਾਰ 17 ਅਕਤੂਬਰ ਤੋਂ ਸ਼ੁਰੂ ਹੋ ਕੇ 25 ਅਕਤੂਬਰ ਤੱਕ ਮਨਾਏ ਜਾਣਗੇ।
ਉਂਝ ਤਾਂ ਕਿਹਾ ਜਾਂਦਾ ਹੈ ਕਿ ਮਾਂ ਦੁਰਗਾ ਦੀ ਪੂਜਾ ਕਰਨ ਲਈ ਕਿਸੇ ਖ਼ਾਸ ਦਿਨ ਦੀ ਲੋੜ ਨਹੀਂ ਹੁੰਦੀ ਪਰ ਗੱਲ ਕਰੀਏ ਨਰਾਤਿਆਂ ਦੇ ਤਿਉਹਾਰ ਦੀ ਤਾਂ, ਇਸ ਦਾ ਮਹੱਤਵ ਜ਼ਿਆਦਾ ਮੰਨਿਆ ਜਾਂਦਾ ਹੈ। ਜੇਕਰ ਇਸ ਨਾਲ ਜੁੜੇ ਕੁਦਰਤੀ ਕਾਰਨ ਵੱਲ ਨਜ਼ਰ ਮਾਰੀ ਜਾਵੇ ਤਾਂ ਕਿਹਾ ਜਾਂਦਾ ਹੈ ਕਿ ਇਸ ਸਮੇਂ ਮੌਸਮ ਬਦਲਦਾ ਹੈ, ਜਿਸ ਕਾਰਨ ਇਸ ਦੌਰਾਨ ਵਰਤ ਰੱਖਣ ਨਾਲ ਸਰੀਰ ਨੂੰ ਮੌਸਮ ਮੁਤਾਬਕ ਢਲਣ ਦਾ ਸਮਾਂ ਮਿਲ ਜਾਂਦਾ ਹੈ, ਜਿਸ ਨਾਲ ਵਿਅਕਤੀ ਦੀ ਸਿਹਤ ਵਧੀਆ ਹੋ ਜਾਂਦੀ ਹੈ।
ਪੌਰਾਣਿਕ ਮਹੱਤਵ
ਦੱਸਣਯੋਗ ਹੈ ਕਿ ਨਰਾਤਿਆਂ ਨਾਲ ਜੁੜੀਆਂ ਦੋ ਕਥਾਵਾਂ ਪੜ੍ਹਨ ਅਤੇ ਸੁਣਨ ਨੂੰ ਮਿਲਦੀਆਂ ਹਨ, ਜਿਨ੍ਹਾਂ 'ਚੋਂ ਇਕ ਰਾਮਨੌਮੀ ਨਾਲ ਸਬੰਧਿਤ ਹੈ ਤਾਂ ਦੂਜੀ ਕਥਾ ਮਹਿਸ਼ਾਸੁਰ ਨਾਲ ਜੁੜੀ ਹੋਈ ਹੈ। ਮਹਿਸ਼ਾਸੁਰ ਨਾਂ ਦਾ ਰਾਕਸ਼ਸ ਬ੍ਰਹਮਦੇਵ ਜੀ ਦਾ ਭਗਤ ਸੀ, ਜਿਸ ਨੇ ਆਪਣੇ ਤਪ ਨਾਲ ਬ੍ਰਹਮਾ ਜੀ ਤੋਂ ਵਰਦਾਨ ਪ੍ਰਾਪਤ ਕੀਤਾ ਸੀ ਕਿ ਕੋਈ ਮਨੁੱਖ, ਦੇਵਤਾ ਜਾਂ ਦਾਨਵ ਕਦੇ ਉਸ ਦਾ ਅੰਤ ਨਾ ਕਰ ਸਕੇ। ਇਸੇ ਵਰਦਾਨ ਦੇ ਚੱਲਦਿਆਂ ਉਹ ਬੇਰਹਿਮੀ ਨਾਲ ਤਿੰਨਾਂ ਲੋਕਾਂ 'ਚ ਆਤੰਕ ਮਚਾਉਣ ਲੱਗਾ ਅਤੇ ਉਸ ਤੋਂ ਰਿਸ਼ੀ-ਮੁਨੀ ਪਰੇਸ਼ਾਨ ਹੋ ਗਏ। ਉਸ ਦੇ ਵੱਧਦੇ ਅੱਤਿਆਚਾਰਾਂ ਨੂੰ ਦੇਖਦੇ ਹੋਏ ਬ੍ਰਹਮਾ ਜੀ, ਵਿਸ਼ਣੂ ਜੀ ਅਤੇ ਦੇਵਾਂ ਦੇ ਦੇਵ ਮਹਾਂਦੇਵ ਨੇ ਆਪਣੀਆਂ ਸ਼ਕਤੀਆਂ ਨਾਲ ਮਾਂ ਦੁਰਗਾ ਦੀ ਉਤਪਤੀ ਕੀਤੀ।  

ਕਥਾਵਾਂ ਮੁਤਾਬਕ ਦੇਵੀ ਦੁਰਗਾ ਅਤੇ ਮਹਿਸ਼ਾਸੁਰ ਵਿਚਕਾਰ ਪੂਰੇ 9 ਦਿਨ ਤੱਕ ਯੁੱਧ ਚੱਲਿਆ ਅਤੇ ਅਖੀਰ ਦੇਵੀ ਦੁਰਗਾ ਨੇ ਉਸ ਰਾਕਸ਼ਸ਼ ਦਾ ਅੰਤ ਕਰ ਦਿੱਤਾ। ਇਨ੍ਹਾਂ ਨਾਲ ਜੁੜੀ ਦੂਜੀ ਕਥਾ ਦੀ ਮੰਨੀਏ ਤਾਂ ਸ੍ਰੀ ਰਾਮ ਜੀ ਨੇ ਲੰਕਾਂ 'ਤੇ ਹਮਲੇ ਤੋਂ ਪਹਿਲਾਂ ਅਤੇ ਰਾਵਣ ਨਾਲ ਯੁੱਧ 'ਚ ਜਿੱਤ ਪ੍ਰਾਪਤ ਕਰਨ ਲਈ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪੂਰੇ 9 ਦਿਨਾਂ ਤੱਕ ਦੇਵੀ ਮਾਂ ਦੀ ਪੂਜਾ ਕੀਤੀ ਸੀ। ਇਹੀ ਕਾਰਨ ਹੈ ਕਿ ਨਰਾਤਿਆਂ ਤੋਂ ਬਾਅਦ ਦੁਸਹਿਰੇ ਦਾ ਤਿਉਹਾਰ ਚੰਗਿਆਈ ਦੀ ਬੁਰਾਈ 'ਤੇ ਜਿੱਤ ਦੇ ਰੂਪ 'ਚ ਮਨਾਇਆ ਜਾਂਦਾ ਹੈ।
 


Babita

Content Editor Babita