''ਨਾਨਕ'' ਨਾਮ ਦਾ ਰਹੱਸ

10/12/2019 9:40:17 AM

ਦੋ ਹਜ਼ਾਰ ਉੱਨੀ ਦਾ ਵਰ੍ਹਾ ਸਿੱਖ ਜਗਤ ਸਮੇਤ ਸਮੁੱਚੀ ਲੋਕਾਈ ਲਈ ਬੇਹੱਦ ਮਹੱਤਵਪੂਰਨ ਵਰ੍ਹਾ ਹੈ। ਬੇਸ਼ੱਕ ਸਿੱਖ ਧਰਮ ਨਾਲ ਸਬੰਧਤ ਲੋਕ ਵੀ ਅਨੇਕ ਕਾਰਣਾਂ ਕਰ ਕੇ ਇਸ ਵਰ੍ਹੇ ਦੀ ਮਹੱਤਤਾ ਤੋਂ ਪੂਰੀ ਤਰ੍ਹਾਂ ਸੁਚੇਤ ਨਹੀਂ ਕਹੇ ਜਾ ਸਕਦੇ ਪਰ ਇਸ ਤੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ 550 ਸਾਲ ਪਹਿਲਾਂ ਇਸ ਧਰਤੀ 'ਤੇ ਮਨੁੱਖੀ ਕਲਿਆਣ ਹਿੱਤ ਪਰਗਟ ਹੋਣ ਵਾਲੀ ਅਗੰਮੀ ਸ਼ਖਸੀਅਤ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਜਾਤ-ਜਮਾਤ ਸਮੇਤ ਅਨੇਕ ਪ੍ਰਕਾਰ ਦੀਆਂ ਵੰਡੀਆਂ ਨੂੰ ਨਕਾਰਦਾ ਹੋਇਆ ਸਾਰੀ ਲੋਕਾਈ ਲਈ ਸਾਂਝਾ ਹੈ। ਇਹੀ ਕਾਰਣ ਹੈ ਕਿ ਵੇਈਂ ਪ੍ਰਵੇਸ਼ ਤੋਂ ਬਾਅਦ 'ਚੜ੍ਹਿਆ ਸੋਧਣ ਧਰਤਿ ਲੋਕਾਈ' ਦੀ ਮੁਤਬਰਕ ਤੇ ਵਡੇਰੀ ਮੁਹਿੰਮ ਦੌਰਾਨ ਗੁਰੂ ਸਾਹਿਬ ਹਰ ਉਸ ਥਾਂ 'ਤੇ ਪਹੁੰਚਦੇ ਹਨ, ਜਿਥੇ ਲੋਕਾਈ ਨੂੰ ਮਾਰ ਪੈ ਰਹੀ ਸੀ। ਉਹ ਚਾਹੇ ਧਰਮ ਦਾ ਨਕਾਬ ਪਹਿਨੀ ਬ੍ਰਾਹਮਣ, ਕਾਜੀ, ਜੋਗੀ, ਸੰਨਿਆਸੀ, ਵੈਸ਼ਣੋ, ਗਿਆਨੀ, ਮੋਨੀ, ਦਿਗੰਬਰ, ਸਰੇਵੜੇ ਆਦਿ ਦੇ ਗੜ੍ਹ ਹੋਣ, ਕੌਡੇ ਭੀਲ ਜਾਂ ਸੱਜਣ ਠੱਗ ਵਰਗੇ ਲੋਕਾਂ ਦੇ ਅਰਾਮਗਾਹ ਹੋਣ ਅਤੇ ਜਾਂ ਫਿਰ ਬੇਪਨਾਹ ਕਤਲੋ-ਗਾਰਤ ਮਚਾਉਣ ਵਾਲੀ ਸਮਕਾਲੀਨ ਰਾਜਨੀਤਕ ਸ਼ਕਤੀ ਬਾਬਰ ਦਾ ਦਰਬਾਰ ਹੋਵੇ। ਗੁਰੂ ਨਾਨਕ ਸਾਹਿਬ ਹਰ ਥਾਂ ਤੇ ਹਰ ਸਥਿਤੀ ਵਿਚ 'ਨਿਰਭਉ ਨਿਰਵੈਰ' ਦੇ ਮਹਾਨ ਸੰਕਲਪ 'ਤੇ ਦ੍ਰਿੜ੍ਹਤਾ ਸਹਿਤ ਪਹਿਰਾ ਦਿੰਦੇ ਹੋਏ ਮਾਨਵੀ ਕਲਿਆਣ ਹਿੱਤ ਇਲਾਹੀ ਸੰਦੇਸ਼ ਸੰਚਾਰਤ ਕਰਦੇ ਹਨ।

ਅਜਿਹੀ ਮਹਾਨ ਸ਼ਖਸੀਅਤ ਦੇ ਵੱਖ-ਵੱਖ ਪਸਾਰਾਂ ਸਬੰਧੀ ਜਿਥੇ ਅਨੇਕ ਵਿਦਵਾਨਾਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਹਨ, ਉਥੇ ਗੁਰੂ ਸਾਹਿਬ ਦੇ ਨਾਂ ਦੀ ਵਿਆਖਿਆ ਵੀ ਅਨੇਕ ਵਿਦਵਾਨਾਂ ਨੇ ਆਪੋ-ਆਪਣੇ ਦ੍ਰਿਸ਼ਟੀਕੋਣ ਤੋਂ ਕਰਨ ਦਾ ਯਤਨ ਕੀਤਾ ਹੈ। ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਕਵੀ ਭਾਈ ਨੰਦ ਲਾਲ ਜੀ ਗੋਯਾ ਗੁਰੂ ਨਾਨਕ ਸਾਹਿਬ ਦੇ ਨਾਂ 'ਨਾਨਕ' ਵਿਚਲੇ ਦੋਵੇਂ 'ਨ' ਅੱਖਰਾਂ ਨੂੰ ਕ੍ਰਮਵਾਰ 'ਨਈਮੋ' (ਨਿਆਮਤਾਂ ਦੇਣ ਵਾਲੇ) ਤੇ 'ਨਸੀਰ' (ਮਦਦਗਾਰ), ਵਿਚਕਾਰਲੇ ਕੰਨੇ (ਫਾਰਸੀ ਅਲਫ) ਨੂੰ 'ਅਹਿਦ' (ਅਦੁੱਤੀ) ਅਤੇ ਅਖੀਰਲੇ ਕੱਕੇ ਨੂੰ 'ਕਬੀਰ' (ਵੱਡਿਓਂ-ਵੱਡਾ) ਦੇ ਪ੍ਰਤੀਕ ਵਜੋਂ ਗ੍ਰਹਿਣ ਕਰਦੇ ਹੋਏ ਫੁਰਮਾਉਂਦੇ ਹਨ :

ਹਰ ਦੋ ਨੂਨੇ ਨਾਮੇ ਪਾਕਿਸ਼, ਨਈਮੋ ਨਸੀਰ। ਅਲਫ਼ ਮਿਆਨਾ ਅਹਿਦ, ਕਾਫ਼ੇ ਆਖ਼ਰੀ ਕਬੀਰ। (ਤੋਸੀਫ਼ੋ ਸਨਾਅ)

ਭਾਈ ਨੰਦ ਲਾਲ ਜੀ ਗੋਯਾ ਵਾਂਗ ਹੀ ਮਹਾਕਵੀ ਭਾਈ ਸੰਤੋਖ ਸਿੰਘ ਜੀ ਵੀ 'ਗੁਰੂ ਨਾਨਕ ਪ੍ਰਕਾਸ਼' ਗ੍ਰੰਥ ਵਿਚ ਗੁਰੂ ਨਾਨਕ ਸਾਹਿਬ ਦੇ ਨਾਂ ਦੀ ਵਿਆਖਿਆ ਸ਼ਬਦ ਦੀਆਂ ਧੁਨਾਤਮਕ, ਭਾਵੰਸ਼ਕ ਆਦਿ ਇਕਾਈਆਂ ਦੀ ਪੱਧਰ 'ਤੇ ਕਰਦੇ ਹੋਏ ਇਸ ਨੂੰ 'ਨ+ਅਨਕ' ਵਿਚ ਵੰਡ ਕੇ ਵਿਚਾਰਦੇ ਹਨ। ਉਹ 'ਨ' ਦਾ ਅਰਥ 'ਪੁਰਖ' ਅਤੇ 'ਅਨਕ' (ਅਨ+ਅਕ) ਵਿਚਲੇ 'ਅਨ' ਦਾ ਅਰਥ 'ਨਹੀਂ' ਤੇ 'ਅਕ' ਦਾ ਅਰਥ 'ਦੁਖ' ਕਰਦੇ ਹਨ। ਇਸ ਪ੍ਰਕਾਰ, ਉਹ ਕਹਿੰਦੇ ਹਨ 'ਜਿਸ ਪੁਰਖ ਨੂੰ ਦੁਖ ਨਹੀਂ, ਜੋ ਸਦਾ ਅਨੰਦ ਸਰੂਪ ਹੈ, ਉਹੀ ਨਾਨਕ ਹੈ' :

ਪ੍ਰਾਕ ਜੋ ਨਕਾਰ ਨ ਪੁਮਾਨ ਆਬਿਧਾਨ ਜਾਨਿ ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ।।
ਦੂਸਰੇ ਨਕਾਰ ਤੇ ਨਿਕਾਰ ਕੈ ਅਕਾਰ ਕਰਿ ਭਯੋ ਅਨ ਅਕ ਚਾਰ ਬਰਨ ਸੁ ਕੀਨਿ ਹੈ।।
ਅਕ ਨਾਮ ਦੁਖ ਕੋ ਬਿਦਤ ਹੈ ਜਗਤ ਮਧ ਜਾ ਨਰ ਕੋ ਨਹੀਂ ਦੁਖ ਸਦਾ ਸੁਖ ਲੀਨ ਹੈ।।
ਐਸੋ ਇਹ 'ਨਾਨਕ' ਕੇ ਨਾਮ ਕੋ ਅਰਥ ਚੀਨ ਸਤਿ ਚਿਦਾ ਨੰਦ ਨਿਤਿ ਭਗਤਿ ਅਧੀਨ ਹੈ।।


ਪ੍ਰਿੰਸੀਪਲ ਧਰਮਾਨੰਤ ਸਿੰਘ ਜੀ ਵੀ ਉਪਰੋਕਤ ਨਾਲ ਮਿਲਦੇ-ਜੁਲਦੇ ਵਿਚਾਰ ਦਿੰਦੇ ਹੋਏ ਲਿਖਦੇ ਹਨ ਕਿ ਗੁਰੂ ਸਾਹਿਬ ਦੇ “ਨਾਮ 'ਨਾਨਕ' ਦਾ ਅਰਥ ਹੈ 'ਇਕ'। ਇਹ ਦੋ ਉਚਾਰਖੰਡਾਂ ਦਾ ਬਣਿਆ ਹੋਇਆ ਹੈ। ਪਹਿਲਾ, 'ਨਾ' ਇਕ ਨਕਾਰਾਤਮਕ ਅਗੇਤਰ ਹੈ, ਜਿਸ ਦਾ ਅਰਥ ਹੈ 'ਨਹੀਂ'; ਦੂਜੇ, 'ਅਨਕ' ਦਾ ਅਰਥ ਹੈ 'ਬਹੁਤ ਸਾਰੇ' ਅਤੇ ਇਹ 'ਅਨੇਕ' ਜਾਂ 'ਅਨਿਕ' ਦਾ ਹੀ ਦੂਜਾ ਰੂਪ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਸੈਂਕੜੇ ਤੁਕਾਂ 'ਅਨਿਕ' ਨਾਲ ਸ਼ੁਰੂ ਹੁੰਦੀਆਂ ਹਨ। ਇਸ ਤਰ੍ਹਾਂ, ਇਹ ਦੋਵੇਂ ਉਚਾਰਖੰਡ ਮਿਲ ਕੇ 'ਨਾਨਕ' ਸ਼ਬਦ ਦੀ ਰਚਨਾ ਕਰਦੇ ਹਨ, ਜਿਸ ਦਾ ਅਰਥ ਹੈ 'ਅਨੇਕ ਨਹੀਂ', ਭਾਵ 'ਇਕ'।”

ਪਰ ਸੋਢੀ ਮਨੋਹਰ ਦਾਸ ਮਿਹਰਵਾਨ ਨੇ ਜਨਮਸਾਖੀ 'ਸ੍ਰੀ ਗੁਰੂ ਨਾਨਕ ਦੇਵ ਜੀ' ਵਿਚ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਜੀ ਦਾ ਜਨਮ ਨਾਨਕੇ (ਨਾਨੇ ਕੇ) ਪਿੰਡ ਚਾਹਲ, ਜ਼ਿਲਾ ਲਾਹੌਰ ਵਿਚ ਹੋਣ ਕਾਰਦ ਉਨ੍ਹਾਂ ਦੇ ਨਾਂ ਨਾਨਕੀ ਤੇ ਨਾਨਕ ਰੱਖੇ ਗਏ ਦਰਸਾਏ ਹਨ।

ਡਾ. ਵਿਕਰਮ ਸਿੰਘ ਜੀ ਵੀ ਸੋਢੀ ਮਿਹਰਬਾਨ ਦੇ ਉਪਰੋਕਤ ਵਿਚਾਰਾਂ ਦੀ ਪ੍ਰੋੜਤਾ ਕਰਦੇ ਹੋਏ ਲਿਖਦੇ ਹਨ :

“ਸ਼ਬਦ 'ਨਾਨਕ' ਖਾਸ ਨਾਂਵ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਲਈ, ਨਿਜ ਨਾਂ ਲਈ, ਇਹ ਵਰਤਿਆ ਗਿਆ ਹੈ। 'ਨਾਨਕ' ਸ਼ਬਦ ਪੰਜਾਬੀ ਸਭਿਆਚਾਰ ਵਿਚੋਂ ਹੈ। ਇਸ ਸ਼ਬਦ ਦੇ ਸ਼ਬਦ-ਜੋੜ, ਰੂਪ ਤੇ ਅਰਥ ਦੀ ਨਿਕਟਤਾ ਦਾ ਸਬੰਧ 'ਨਾਨਕੀ, ਨਾਨਕਾ, ਨਾਨਕੇ' ਆਦਿ ਸ਼ਬਦਾਂ ਨਾਲ ਹੈ। ਇਸੇ ਲੜੀ ਵਿਚ 'ਨਾਨਾ ਨਾਨੀ' ਸ਼ਬਦ ਆਉਂਦੇ ਹਨ। ਇਹ ਸਾਰੇ ਸ਼ਬਦ ਧਾਤੂ ਪਦ 'ਨਾਨ' ਤੋਂ ਵਿਕਸਤ ਹੋਏ ਹਨ। ਨਾਂਵ ਮੂਲ 'ਨਾਨ' ਦੇ ਨਾਲ ਕਰਤਰੀ ਪ੍ਰਤੇ 'ਕ' ਲਗਾ ਕੇ 'ਨਾਨਕ' ਬਣਿਆ ਹੈ। 'ਨਾਨਕ' ਸ਼ਬਦ ਦਾ ਸ਼ਾਬਦਿਕ ਅਰਥ, ਭਾਸ਼ਾਈ ਦ੍ਰਿਸ਼ਟੀ ਤੋਂ, 'ਨਾਨਕੇ ਨਾਲ ਸਬੰਧ ਰੱਖਣ ਵਾਲਾ' ਜਾਂ 'ਨਾਨਕੀ ਜਨਮ ਲੈਣ ਵਾਲਾ' ਵੀ ਹੋ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ, ਨਾਨਕੇ ਘਰ, ਪਿੰਡ 'ਚਾਹਲ' ਵਿਚ ਸੰਮਤ 1526 ਵੈਸਾਖ ਸੁਦੀ 3 ਨੂੰ ਹੋਇਆ। 'ਚਾਹਲ', ਥਾਣਾ ਬਰਕੀ, ਪਿੰਡ ਕਾਰਬਾਠ ਦੇ ਕੋਲ (ਹੁਣ ਨਨਕਾਣਾ ਸਾਹਿਬ ਵਾਲੀ ਥਾਂ) ਜ਼ਿਲਾ ਲਾਹੌਰ ਵਿਚ ਹੈ। ਇਹ 'ਚਾਹਲ' ਗੁਰੂ ਨਾਨਕ ਦੇਵ ਜੀ ਦਾ ਨਾਨਕਾ ਪਿੰਡ ਹੈ।” (ਏਕ ਓਅੰਕਾਰ ਦਰਸ਼ਨ, ਜਪੁ ਨੀਸਾਣ)

ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਨਾਂ 'ਨਾਨਕ' ਨੂੰ ਬੇਸ਼ੱਕ ਇਕਮੱਤ ਉਨ੍ਹਾਂ ਦੇ ਜਨਮ ਅਸਥਾਨ, ਨਾਨਕਾ ਪਿੰਡ, ਨਾਲ ਜੋੜ ਕੇ ਪੇਸ਼ ਕਰਦਾ ਹੈ ਪਰ ਦੂਜੇ ਪਾਸੇ ਉਨ੍ਹਾਂ ਦੇ 'ਇਕ ਓਅੰਕਾਰੀ' ਸੰਦੇਸ਼ ਤੇ ਮਨੁੱਖੀ ਸਰੋਕਾਰਤਾ ਵਿਚੋਂ ਪੈਦਾ ਹੋਈ ਰੂਹਾਨੀ ਅਕਸ ਦੇ ਸੰਦਰਭ ਵਿਚ ਇਸ ਨੂੰ 'ਨਾਨਕ ਸੰਦੇਸ਼' ਦੇ ਸੰਕੇਤਕ ਵਜੋਂ ਵੀ ਚਿਤਰਿਆ ਜਾ ਸਕਦਾ ਹੈ। ਨਿਚੋੜ ਵਜੋਂ ਕਿਹਾ ਜਾ ਸਕਦਾ ਹੈ ਕਿ ਭਿੰਨਤਾ ਦਾ ਭਰਮ ਸਿਰਜ ਕੇ ਲੋਕਾਂ ਦੀ ਲੁੱਟ-ਖਸੁੱਟ ਕਰਨ ਵਾਲੀ ਧਿਰ ਦੇ ਸਾਹਮਣੇ ਅਡੋਲਤਾ ਸਹਿਤ ਰੱਬੀ ਏਕਤਾ ਤੋਂ ਮਾਨਵੀ ਏਕਤਾ ਤੱਕ ਦਾ ਸਰਬੱਤ ਦੇ ਭਲੇ ਦਾ ਸੰਕਲਪ ਪੇਸ਼ ਕਰਨ ਵਾਲੀ ਰੁਹਾਨੀ ਹੋਂਦ ਦਾ ਨਾਮ ਹੀ 'ਨਾਨਕ' ਹੈ ਅਤੇ ਅਨੇਕਤਾ ਵਿਚ ਏਕਤਾ ਦਾ ਗਿਆਨ ਹੀ 'ਨਾਨਕ' ਨਾਮ ਦਾ ਰਹੱਸ ਹੈ।

-ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ ਟੀਮ
ਸਿੱਖ ਰਿਸਰਚ ਇੰਸਟੀਟਿਊਟ (ਯੂ. ਐੱਸ. ਏ.)
+91 7838232150

 


Baljeet Kaur

Edited By Baljeet Kaur