ਸ਼ਰਦ ਪੁੰਨਿਆ ਨੂੰ ਕਰੋ ਮਾਂ ਲਕਸ਼ਮੀ ਦੀ ਪੂਜਾ, ਧਨ ਦੀ ਨਹੀਂ ਰਹੇਗੀ ਕਮੀ

10/12/2019 3:02:48 PM

ਜਲੰਧਰ— ਅੱਸੂ ਮਹੀਨੇ ਦੀ ਪੁੰਨਿਆ ਨੂੰ ਸ਼ਰਦ ਪੁੰਨਿਆ ਜਾਂ ਕੋਜਾਗਰੀ ਪੁੰਨਿਆ ਹੁੰਦੀ ਹੈ ਜਿਹੜੀ ਇਸ ਸਾਲ ਅੱਜ ਯਾਨੀ 13 ਅਕਤੂਬਰ ਦਿਨ ਐਤਵਾਰ ਨੂੰ ਹੈ। ਸ਼ਰਦ ਪੁੰਨਿਆ ਵਾਲੇ ਦਿਨ ਧਨ-ਵੈਭਵ ਦੀ ਦੇਵੀ ਮਾਂ ਲਕਸ਼ਮੀ ਦਾ ਜਨਮ ਹੋਇਆ ਸੀ, ਇਸ ਲਈ ਸ਼ਰਦ ਪੁੰਨਿਆ ਵਾਲੇ ਦਿਨ ਮਾਤਾ ਲਕਸ਼ਮੀ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨੀ ਚਾਹੀਦੀ ਹੈ। ਇਸ ਤੋਂ ਖ਼ੁਸ਼ ਹੋ ਕੇ ਮਾਤਾ ਲਕਸ਼ਮੀ ਆਪਣੇ ਭਗਤਾਂ ਨੂੰ ਧਨ-ਖੁਸ਼ਹਾਲੀ ਤੇ ਵੈਭਵ ਨਾਲ ਭਰ ਦਿੰਦੀ ਹੈ। ਉਨ੍ਹਾਂ ਨੂੰ ਧਨ ਦੀ ਕਮੀ ਨਹੀਂ ਰਹਿੰਦੀ।
ਧਾਰਮਿਕ ਮਾਨਤਾ ਅਨੁਸਾਰ, ਸ਼ਰਦ ਪੁੰਨਿਆ ਦੀ ਅੱਧੀ ਰਾਤ ਮਾਂ ਲਕਸ਼ਮੀ ਆਪਣੀ ਸਵਾਰੀ ਉੱਲੂ 'ਤੇ ਸਵਾਰ ਹੁੰਦੀ ਹੈ। ਉਹ ਧਰਤੀ ਦਾ ਦੌਰਾ ਕਰਦੀ ਹੈ ਤੇ ਚਾਨਣੀ ਰਾਤ 'ਚ ਮਨਹੋਰ ਦ੍ਰਿਸ਼ਾਂ ਦਾ ਆਨੰਦ ਲੈਂਦੀ ਹੈ।ਸੈਰ ਦੌਰਾਨ ਉਹ ਇਹ ਵੀ ਦੇਖਦੀ ਹੈ ਕਿ ਕਿਹੜਾ ਵਿਅਕਤੀ ਰਾਤ ਨੂੰ ਜਗ ਕੇ ਉਸ ਦੀ ਅਰਾਧਨਾ ਕਰ ਰਿਹਾ ਹੈ। ਮਾਤਾ ਲਕਸ਼ਮੀ ਉਸ ਵਿਅਕਤੀ 'ਤੇ ਆਪਣੀ ਕਿਰਪਾ ਕਰਦੀ ਹੈ।

ਸ਼ਰਦ ਪੁੰਨਿਆ ਨੂੰ ਲਕਸ਼ਮੀ ਪੂਜਾ ਦਾ ਮਹੱਤਵ
ਜੋਤੀਸ਼ ਆਚਾਰੀਆ ਪੰਡਿਤ ਗਣੇਸ਼ ਪ੍ਰਸਾਦ ਮਿਸ਼ਰ ਦਾ ਕਹਿਣਾ ਹੈ ਕਿ ਸ਼ਰਦ ਪੁੰਨਿਆ ਸਬੰਧੀ ਜੋਤਿਸ਼ੀਆਂ ਅਨੁਸਾਰ ਇਹ ਹੈ ਕਿ ਜਿਹੜੇ ਵਿਅਕਤੀ ਇਸ ਰਾਤ ਮਾਤਾ ਲਕਸ਼ਮੀ ਦੀ ਵਿਧੀਪੂਰਵਕ ਪੂਜਾ ਕਰਦੇ ਹਨ, ਉਸ ਨੂੰ ਮਾਤਾ ਧਨ-ਜਾਇਦਾਦ ਨਾਲ ਮਾਲਾਮਾਲ ਕਰ ਦਿੰਦੀ ਹੈ, ਚਾਹੇ ਉਸ ਵਿਅਕਤੀ ਦੀ ਕੁੰਡਲੀ 'ਚ ਧਨ ਯੋਗ ਹੋਵੇ ਜਾਂ ਨਾ ਹੋਵੇ।

ਕੋਜਾਗਰੀ ਪੁੰਨਿਆ ਵੀ ਕਿਹਾ ਜਾਂਦਾ
ਸ਼ਰਦ ਪੁੰਨਿਆ ਨੂੰ ਕੋਜਾਗਰੀ ਪੁੰਨਿਆ ਵੀ ਕਿਹਾ ਜਾਂਦਾ ਹੈ। ਇਸ ਦਾ ਸ਼ਾਬਦਿਕ ਅਰਥ ਹੈ ਕਿ ਕਿਹੜਾ ਜਾਗ ਰਿਹਾ ਹੈ। ਜਿਹੜਾ ਰਾਤ ਨੂੰ ਜਾਗ ਕੇ ਮਾਤਾ ਲਕਸ਼ਮੀ ਦੀ ਪੂਜਾ ਕਰਦਾ ਹੈ, ਉਸ ਨੂੰ ਹੀ ਮਾਤਾ ਲਕਸ਼ਮੀ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ।

ਲਕਸ਼ਮੀ ਪੂਜਾ ਦੀ ਵਿਧੀ
ਸ਼ਰਦ ਪੁੰਨਿਆ ਵਾਲੇ ਦਿਨ ਰੂਟੀਨ ਦੇ ਕਾਰਜਾਂ ਤੋਂ ਵਿਹਲੇ ਹੋ ਕੇ ਸਾਫ਼-ਸੁਥਰੇ ਕੱਪੜੇ ਧਾਰਨ ਕਰੋ। ਇਸ ਤੋਂ ਬਾਅਦ ਮਾਂ ਲਕਸ਼ਮੀ ਦੇ ਵਰਤ ਦਾ ਸੰਕਲਪ ਕਰੋ। ਇਸ ਤੋਂ ਬਾਅਦ ਪੂਜਾ ਸਥਾਨ 'ਤੇ ਮਾਤਾ ਲਕਸ਼ਮੀ ਦੀ ਮੂਰਤੀ ਜਾਂ ਤਸਵੀਰ ਸਥਾਪਤ ਕਰੋ। ਫਿਰ ਉਨ੍ਹਾਂ ਦੀ ਵਿਧੀ-ਵਿਧਾਨ ਨਾਲ ਪੂਜਾ ਕਰੋ। ਮਾਤਾ ਲਕਸ਼ਮੀ ਨੂੰ ਅਕਸ਼ਤ, ਦੂਰਵਾ, ਲਾਲ ਧਾਗਾ, ਸੁਪਾਰੀ, ਚੰਦਨ, ਫੁੱਲਾਂ ਦੀ ਮਾਲਾ, ਨਾਰੀਅਲ, ਫਲ, ਮਠਿਆਈ ਆਦਿ ਭੇਟ ਕਰੋ।

ਘਿਓ ਦੇ ਦੀਵੇ ਜਾਂ ਕਪੂਰ ਨਾਲ ਕਰੋ ਮਾਂ ਲਕਸ਼ਮੀ ਦੀ ਆਰਤੀ
ਇਸ ਤੋਂ ਬਾਅਦ ਘਿਓ ਦੇ ਦੀਵੇ ਜਾਂ ਕਪੂਰ ਨਾਲ ਮਾਤਾ ਲਕਸ਼ਮੀ ਦੀ ਆਰਤੀ ਕਰੋ। ਇਸ ਤੋਂ ਬਾਅਦ ਰਾਤ ਨੂੰ ਚੰਨ ਨਿਕਲਣ 'ਤੇ ਘਿਓ ਦੇ 100 ਦੀਪਕ ਜਗਾਓ। ਮਾਤਾ ਲਕਸ਼ਮੀ ਸ਼ਰਦ ਪੁੰਨਿਆ ਦੀ ਅੱਧੀ ਰਾਤ ਜਦੋਂ ਸੈਰ 'ਤੇ ਨਿਕਲੇਗੀ ਤਾਂ ਜ਼ਰੂਰ ਆਪਣੀ ਕਿਰਪਾ ਕਰੇਗੀ। ਕੋਜਾਗਰੀ ਵਰਤ ਨਾਲ ਮਾਤਾ ਲਕਸ਼ਮੀ ਸੰਤੁਸ਼ਟ ਹੁੰਦੀ ਹੈ ਤੇ ਇਸ ਤੋਂ ਖ਼ੁਸ਼ ਹੋ ਕੇ ਧਨ-ਖੁਸ਼ਹਾਲੀ ਦਿੰਦੀ ਹੈ।


DIsha

Edited By DIsha