ਨਾਨਕ ਭਗਤਾ ਸਦਾ ਵਿਗਾਸੁ

5/29/2019 12:16:37 PM

ਅੱਠਵੀਂ  ਪਾਉੜੀ

ਨਾਨਕ ਭਗਤਾ ਸਦਾ ਵਿਗਾਸੁ॥

ਸੁਣਿਐ ਸਿਧ ਪੀਰ ਸੁਰ ਨਾਥ॥

ਸੁਣਿਐ ਧਰਤਿ ਧਵਲ ਆਕਾਸ॥

ਸੁਣਿਐ ਦੀਪ ਲੋਅ ਪਾਤਾਲ॥

ਸੁਣਿਐ ਪੋਹਿ ਨ ਸਕੈ ਕਾਲੁ॥

ਨਾਨਕ ਭਗਤਾ ਸਦਾ ਵਿਗਾਸੁ॥

ਸੁਣਿਐ ਦੂਖ ਪਾਪ ਕਾ ਨਾਸੁ॥ 8॥

ਗਾਵੀਐ ਸੁਣੀਐ ਮਨਿ ਰਖੀਐ ਭਾਉ॥

ਗੁਰੂ ਸਾਹਿਬ ਨੇ ਪਹਿਲਾਂ ਹੀ ਇਸ਼ਾਰਾ ਦਿੱਤਾ ਸੀ, ਗਾਵੀਐ ਔਰ ਜੋ ਗਾ ਰਿਹੈ ਉਹਨੂੰ ਸੁਣੀਐ। ਗਾਉਣਾ ਵੀ ਤੇ ਗਾਉਂਦੇ ਨੂੰ ਸੁਨਣਾ ਵੀ, ਦੋਵੇਂ ਇੱਕੋ ਹੀ ਕਿਰਿਆ ਹੈ। ਸੁਨਣਾ ਵੀ ਓਨਾ ਹੀ ਮਹੱਤਵਪੂਰਨ ਹੈ। ਗਾਵੀਐ, ਔਰ ਗਾਵੈ ਕੋ, ਕੋਈ ਵਿਰਲਾ ਹੀ ਗਾਉਂਦਾ ਹੈ। ਜਿਹਦੇ ਵੱਲ ਨਦਰਿ ਸਵੱਲੀ ਹੋ ਜਾਵੇ, ਉਹੀ ਗਾਉਂਦਾ ਹੈ। ਹੁਣ ਹੋਰ ਡੂੰਘਾ ਪੜਾਓ ਹੈ, ਸੁਨਣਾ ਹੈ। ਔਰ ਸੁਨਣ ਨਾਲ ਹੀ ਸਾਰਾ ਪਾਰ ਉਤਾਰਾ, ਸਚਿਆਰ ਪਾ ਲਿਆ। ਸੱਚ ਜਾਣ ਲਿਆ। ਸਿਰਫ ਸੁਨਣ ਨਾਲ ਹੀ। ਪਰ ਸੁਨਣਾ ਕੀ ਹੈ? ਸੁਨਣਾ ਹੈ ਜੋ ਆਵਾਜ਼ ਪੈਦਾ ਨਹੀਂ ਕਰ ਰਿਹਾ। ਅਨਹਦ ਨੂੰ ਸੁਨਣਾ ਹੈ। ਉਸਨੂੰ ਸੁਨਣਾ ਹੈ, ਜੋ ਕਿਸੇ ਵੀ ਤਰ੍ਹਾਂ ਦੀ ਆਵਾਜ਼ ਪੈਦਾ ਨਹੀਂ ਕਰ ਰਿਹਾ। ਸਤਿਗੁਰ ਨਾਮਦੇਵ ਜਿਸਨੂੰ ਅਣਮੜਿਆ ਮਾਂਦਲ ਬਾਜੇ ਕਹਿੰਦੇ ਨੇ। ਪਲਟੂ ਕਹਿੰਦੇ ਨੇ ‘‘ ਉਲਟਾ ਕੂੰਆਂ ਗਗਨ ਕਾ, ਤਿਸਮੇਂ ਜਰੇ ਚਿਰਾਗ। ਤਿਸਮੇਂ ਜਰੇ ਚਿਰਾਗ ਬਿਨ ਰੋਗਨ ਬਿਨ ਬਾਤੀ। ਛੇ ਰੁੱਤ ਬਾਰਹ ਮਾਸ ਰਹੇ ਜਰਤਾ ਦਿਨ ਰਾਤੀ। ਨਿਕਸੇ ਇੱਕ ਆਵਾਜ਼ ਚਿਰਾਗ ਕੀ ਜੋਤੀ ਮਾਹੇ। ਗਿਆਨ ਸਮਾਧੀ ਸੁਨੇ ਔਰ ਕੋਈ ਸੁਨਤਾ ਨਾਹੇ।’’ ਇਹ ਜੋ ਚਿਰਾਗ ਦੀ ਜੋਤੀ ’ਚੋਂ ਆਵਾਜ਼ ਪੈਦਾ ਹੋ ਰਹੀ, ਉਹ ਗਿਆਨੀ ਨੂੰ ਹੀ ਸੁਨਣੀ ਹੈ। ਸੌਰ ਮੰਡਲ ਦੀ ਅੰਡਰਸਟੈਂਡਿੰਗ ਹੈ। ਸਮਝੋ ਇਸਨੂੰ। ਸੁਰੂ ਸਾਹਿਬ ਵੀ ਜਿਸ ਅਨਹਦ ਦੀ ਗੱਲ ਕਰਦੇ ਨੇ, ਜਿਸ ਆਵਾਜ਼ ਦੀ ਗੱਲ ਕਰ ਰਹੇ ਨੇ, ਉਹ ਵੀ ਸੌਰ ਮੰਡਲ ’ਚੋਂ ਪੈਦਾ ਹੋ ਰਹੀ ਸੂਖਮ ਆਵਾਜ਼ ਹੈ। ਕੁਦਰਤ ਦੀ ਡਾਇਲੈਕਟਸ ਨੂੰ ਸਮਝਿਆ ਜਾ ਰਿਹਾ ਹੈ। ਉਸ ਸੂਕਸ਼ਮ ਆਵਾਜ਼ ਨੂੰ ਸੁਨਣਾ ਹੈ। ਕੋਈ ਗਾ ਰਿਹਾ ਹੈ। ਗੁਰੂ ਨਾਨਕ ਗਾ ਰਹੇ ਨੇ, ਉਹਨਾਂ ਨੂੰ ਸੁਨਣਾ ਹੈ। ਫਿਰ ਸੁਨਣ ਨਾਲ ਕੀ ਹੋ ਗਿਆ। ਸੁਣਿਐ ਸਿਧ ਪੀਰ ਸੁਰ ਨਾਥ॥ ਸੁਨਣ ਨਾਲ ਸਿੱਧ ਹੋ ਗਿਆ। ਸਿੱਧ ਬਹੁਤ ਵੱਡੇ ਚਿੰਤਕ ਹੋਏ ਨੇ। ਭਾਰਤ ’ਚ ਗਿਆਨ ਪਰੰਪਰਾਵਾਂ ’ਚੋਂ ਸਿੱਧ ਪਰੰਪਰਾ ਬਹੁਤ ਅਮੀਰ ਪਰੰਪਰਾ ਹੈ। ਸੁਨਣ ਨਾਲ ਪੀਰ ਹੋ ਗਿਆ। ਇੱਕ ਹੋਰ ਚਿੰਤਨੀ ਪਰੰਪਰਾ। ਪੀਰ ਹੋ ਗਿਆ। ਸੁਨਣ ਨਾਲ ਨਾਥ ਹੋ ਗਿਆ। ਸਾਡੇ ਕੋਲ ਨਾਥ ਪਰੰਪਰਾ ਵੀ ਬਹੁਤ ਅਮੀਰ ਪਰੰਪਰਾ ਹੈ। ਇਹ ਸਾਰੀਆਂ ਹੀ ਪਰੰਪਰਾਵਾਂ ਜੋ ਨੇ, ਫਲਸਫਾ ਜੋ ਹੈ ਇਹਨਾਂ ਦਾ, ਗੁਰੂ ਨਾਨਕ ਦੇਵ ਜੀ ਉਸਨੂੰ ਵੀ ਵਡਿਆ ਰਹੇ ਨੇ। ਜਦੋਂ ਕੋਈ ਮਾਨਤਾ ਦੇ ਰਿਹਾ ਹੈ ਤਾਂ ਇਸਨੂੰ ਸਮਝਣ ਦੀ ਜ਼ਰੂਰਤ ਹੈ। ਸੁਨਣ ਨਾਲ ਸਿਧ, ਪੀਰ, ਨਾਥ ਹੋ ਗਿਆ। ਇਹ ਫਲਸਫੇ ਦੀ ਵਡਿਆਈ ਹੈ। ਗੁਰੂ ਸਾਹਿਬ ਕਿਸ ਫਲਸਫੇ ਨੂੰ ਵਡਿਆ ਰਹੇ ਨੇ, ਬਹੁਤ ਵੱਡੀ ਗੱਲ ਹੈ। ਉਹ ਤਾਂ ਹਰ ਫਲਸਫੇ ਨਾਲ ਟੱਕਰ ਦਿੰਦੇ ਨੇ। ਪਰ ਜੇਕਰ ਕਿਤੇ ਆ ਕੇ ਸਿੱਧਾਂ ਨਾਲ ਗੋਸ਼ਟਿ ’ਚ ਪੈਂਦੇ ਨੇ ਤਾਂ ਸੰਵਾਦ ਦੀ ਸੰਭਾਵਨਾ ਹੈ ਜਿੱਥੇ, ਉੱਥੇ ਆ ਕੇ ਪੈਂਦੇ ਨੇ। ਬਹੁਤ ਬਰੀਕ ਨੁਕਤਾ ਹੈ, ਸਮਝੋ। ਸੰਭਾਵਨਾ ਪਈ ਹੈ ਸਿੱਧਾਂ ’ਚ, ਤਾਂ ਹੀ ਤਾਂ ਗੋਸ਼ਟਿ ਹੋ ਰਹੀ ਹੈ। ਸੰਵਾਦ ਚੱਲ ਰਿਹਾ ਹੈ। ਇਸੇ ਕਰਕੇ ਸੁਨਣ ਨਾਲ ਸਿੱਧ ਹੋ ਗਿਆ।

ਪਹਿਲਾਂ ਵੀ ਇਸ਼ਾਰਾ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਇੱਕਦਮ ਮਨੁੱਖਾ ਵਿਚਾਰ ਛੱਡ ਕੇ ਕੁਦਰਤ ਵੱਲ ਚਲੇ ਜਾਣਗੇ। ਬ੍ਰਹਿਮੰਡ ਵੱਲ ਚਲੇ ਜਾਣਗੇ। ਉਹ ਬਹੁਤ ਸੂਖਮ ਖਿਆਲ ਨੂੰ ਤੁਹਾਡੇ ਨਾਲ ਸਾਂਝਾ ਕਰਨ ਲੱਗ ਪੈਣਗੇ। ਇੱਕਦਮ ਸਥੂਲ ਤੋਂ ਸੂਖਮ ’ਚ ਚਲੇ ਜਾਣਗੇ। ਹੁਣ ਇੱਥੇ ਵੀ ਇਹੀ ਹੈ। ਸੁਣਿਐ ਧਰਤਿ ਧਵਲ ਆਕਾਸ॥ ਸੁਨਣ ਨਾਲ ਹੀ ਧਰਤਿ, ਧਵਲ, ਆਕਾਸ ਹੋ ਗਿਆ। ਸੁਨਣਾ ਵੀ ਸੁਨਣਾ ਨਹੀਂ ਹੈ। ਇਹ ਵੀ ਰਜ਼ਾ ਹੀ ਹੈ। ਸੁਨਣਾ ਰਜ਼ਾ ਦਾ ਪ੍ਰਯਾਯਵਾਚੀ ਹੈ। ਇੱਕਸਮਾਨ ਸ਼ਬਦ ਨੇ ਦੋਵੇਂ। ਇਹ ਨਦਰਿ ਦਾ ਪ੍ਰਯਾਯਵਾਚੀ ਹੈ। ਨਦਰਿ ਦਾ ਸਮਾਨਅਰਥੀ ਹੈ। ਸੁਨਣ ਨਾਲ ਹੀ ਪੂਰਨ ਕਾਇਨਾਤ ਚੱਲ ਰਹੀ ਹੈ, ਰਿਦਮ ’ਚ ਚੱਲ ਰਹੀ ਹੈ। ਰਤਾ ਕੁ ਸੁਨਣ ਤੋਂ ਖੁੰਝੇ ਨਹੀਂ ਕਿ ਪਰਲੈ ਆ ਜਾਊ। ਸਤਿਗੁਰ ਨਾਮਦੇਵ ਦਾ ਬਚਨ ਹੈ-ਬੇਡੀ ਕੇ ਗੁਨ ਸੁਨ ਰੀ ਬਾਈ ਜਲਦੁ ਬਾਂਧ ਧਰੂ ਥਾਪਿਓ ਹੋ। ਉਹਨੇ ਹੀ ਜਲ ਬੰਨ੍ਹ ਕੇ ਰੱਖਿਆ ਹੈ। ਉਹ ਛੱਡ ਦੇਵੇ ਸੁਨਾਮੀ ਆ ਜਾਵੇ। ਪਰਲੈ ਆ ਜਾਵੇ। ਇਹ ਜੋ ਬੰਨਿ੍ਹਆ ਹੈ, ਇਹੀ ਕੁਦਰਤਿ ਹੈ, ਜਿਸ ਬਾਰੇ ਵਿਚਾਰ ਕਰਨੀ ਵੀ ਮੁਸ਼ਕਿਲ ਹੈ। ਸਤਿਗੁਰ ਨਾਨਕ ਦੇਵ ਜੀ ਇਸੇ ਦੀ ਵਡਿਆਈ ਵਿਚਾਰਦੇ ਨੇ। ਸੁਨਣ ਨਾਲ ਹੀ ਬ੍ਰਹਿਮੰਡ ਚੱਲ ਰਿਹਾ ਹੈ। ਸੁਣਿਐ ਦੀਪ ਲੋਅ ਪਾਤਾਲ॥ ਸਾਰੇ ਜੋ ਦੀਪ ਨੇ, ਜਿਹਨਾਂ ਦੀਪਾਂ ’ਚ ਧਰਤੀ ਵੰਡੀ ਹੋਈ ਹੈ, ਲੋਕ ਨੇ, ਤਿੰਨ ਲੋਕ ਜੋ ਨੇ, ਜੋ ਪਾਤਾਲ ਲੋਕ ਨੇ, ਸਾਰੇ ਸੁਨਣ ਨਾਲ ਹੀ ਨੇ। ਸੁਨਣ ਨਾਲ ਹੀ ਸਾਰਾ ਚਿਹਨ ਚੱਕਰ ਹੈ ਇਹਨਾਂ ਦਾ। ਸੁਨਣਾ ਬਹੁਤ ਮਹੱਤਵਪੂਰਨ ਹੈ। ਅਣ-ਆਵਾਜ਼ ਨੂੰ ਸੁਨਣਾ ਹੈ। ਇਹੀ ਸੁਨਣਾ ਗਾਉਣਾ ਵੀ ਹੈ। ਦੋਵੇਂ ਇੱਕ ਨੇ। ਦੋਵੇਂ ਉਸਦੀ ਰਜ਼ੀ ਦੀ ਗਵਾਹੀ ਨੇ। ਔਰ ਇਸ ਸੁਨਣ ਨਾਲ, ਸੁਣਿਐ ਪੋਹਿ ਨ ਸਕੈ ਕਾਲੁ॥ ਕਾਲੁ ਵੀ ਡਰਾ ਨਹੀਂ ਸਕਦਾ। ਮਰਨ ਤੋਂ ਫਿਰ ਡਰ ਨਹੀਂ ਲੱਗਦਾ। ਕਬੀਰ ਸਾਹਿਬ ਕਹਿ ਰਹੇ ਨੇ- ਜਿਤੁ ਮਰਨੇ ਤੇ ਜੱਗ ਡਰੇ, ਮੇਰੇ ਮਨ ਆਨੰਦ। ਫਿਰ ਡਰ ਨਹੀ ਰਹਿੰਦਾ। ਇੱਥੇ ਮਰਨੇ ਦੇ ਭਾਵ ਵੀ ਬਹੁਤ ਸੂਖਮ ਨੇ। ਪਲਟੂ ਸਾਹਿਬ ਕਹਿੰਦੇ ਨੇ- ‘‘ਲਾਗੀ ਗਾਂਸੀ ਗਿਆਨ ਕੀ, ਪਲਟੂ ਮੁਆ ਤੁਰੰਤ।’’ ਇਹ ਜੋ ਪਲਟੂ ਮਰਿਆ ਹੈ, ਗਿਆਨ ਨਾਲ, ਇਹ ਬਹੁਤ ਮਹੱਤਵਪੂਰਨ ਹੈ। ਫਿਰ ਮਰਨ ਵਾਲਾ ਤੁਰੰਤ ਮਰਦਾ ਹੈ, ਆਨੰਦ ਦੀ ਅਵਸਥਾ ’ਚ ਮਰਦਾ ਹੈ।

ਹੁਣ ਨੁਕਤਾ ਅੱਗੇ ਵਧਦਾ ਹੈ। ਨਾਨਕ ਭਗਤਾ ਸਦਾ ਵਿਗਾਸੁ॥ ਸਾਹਿਬ ਕਹਿ ਰਹੇ ਨੇ ਕਿ ਇਹ ਭਗਤਾ ਰਾਹੀਂ ਵਿਗਸਦਾ ਹੈ। ਸ਼ਬਦ ਵਿਗਾਸੁ (ਐਵੋਲੂਸ਼ਨ) ਉੱਤੇ ਧਿਆਨ ਦੇਣਾ ਹੈ। ਵਿਕਾਸ ਨਹੀਂ ਵਿਗਾਸੁ। ਕੁਦਰਤਿ ਨੇ ਵਿਗਸਣਾ ਹੈ। ਵਿਗਸਣ ਨੂੰ ਗੁਰੂ ਸਾਹਿਬ ਬਹੁਤ ਗਹਿਰਾ ਲੈ ਗਏ ਨੇ। ਨਾਨਕ ਭਗਤਾ ਸਦਾ ਵਿਗਾਸੁ॥ ਇਹ ਭਗਤਾ ਰਾਹੀ ਵਿਗਸਦਾ ਹੈ। ਇਸ ਵਿਗਾਸੁ ਨੂੰ ਸਮਝੋ। ਭਗਤਾ ਰਾਹੀਂ ਹੋ ਰਿਹਾ ਹੈ। ਜੇਕਰ ਗਾਉਣਾ ਹੈ ਤਾਂ, ਮਨਿ ਰਖੀਐ ਭਾਉ, ਮਨ ’ਚ ਭਾਵ ਰੱਖਣਾ ਹੈ। ਇਹੀ ਭਾਵ ਨੇ ਵਿਗਸਣਾ ਹੈ। ਇਹਦੇ ਰਾਹੀਂ ਹੀ ਉਸ ਸੱਚ ਨੇ ਤੁਹਾਡੇ ਅੰਦਰ ਵਿਗਸਣਾ ਹੈ। ਮੌਲਣਾ ਹੈ। ਜਦੋਂ ਧਰਤ ਨੇ ਮੌਲਣਾ ਹੈ ਤਾਂ ਇਹ ਬਾਹਰੀ ਹੈ। ਜਦੋਂ ਗਿਆਨ ਨੇ ਮੌਲਣਾ ਹੈ ਤਾਂ ਇਹ ਅੰਦਰੂਨ ਘਟਿਤ ਹੋਣ ਵਾਲੀ ਹੈ। ਇਹਨੇ ਅੰਤਰ ਨੂੰ ਜਵਾਹਰਾਂ ਨਾਲ ਭਰ ਦੇਣਾ ਹੈ। ਸੱਚ ਦੀ ਤਾਕਤ ਹੀ ਏਨੀ ਹੈ ਕਿ ਸਾਰੇ ਪਦਾਰਥ ਫਿੱਕੇ ਪੈ ਜਾਣੇ ਨੇ। ਸਾਰੇ ਦੁੱਖ ਕੱਟੇ ਜਾਣੇ ਨੇ। ਪਾਪ ਧੁਲ ਜਾਣੇ ਨੇ। ਸੁਣਿਐ ਦੂਖ ਪਾਪ ਕਾ ਨਾਸੁ॥ 8॥ ਦੁੱਖਾਂ ਦਾ ਨਾਸ ਹੋ ਜਾਣਾ ਹੈ, ਪਾਪਾਂ ਦਾ ਨਾਸ ਹੋ ਜਾਣਾ ਹੈ।

 

ਪਾਉੜੀ ਨੌਵੀਂ

 

ਸੁਣਿਐ ਈਸਰੁ ਬਰਮਾ ਇੰਦੁ॥

ਸੁਣਿਐ ਮੁਖਿ ਸਾਲਾਹਣ ਮੰਦੁ॥

ਸੁਣਿਐ ਜੋਗ ਜੁਗਤਿ ਤਨਿ ਭੇਦ॥

ਸੁਣਿਐ ਸਾਸਤ ਸਿਮਿ੍ਰਤ ਵੇਦ॥

ਨਾਨਕ ਭਗਤਾ ਸਦਾ ਵਿਗਾਸੁ॥

ਸੁਣਿਐ ਦੂਖ ਪਾਪ ਕਾ ਨਾਸੁ॥ 9 ॥

ਅੱਠਵੀਂ ਪਾਉੜੀ ਦਾ ਹੀ ਦਾਰਸ਼ਨਿਕ ਵਿਸਤਾਰ ਤੁਰਿਆ ਆ ਰਿਹਾ ਹੈ। ਸੁਨਣ ਦੀ ਹੀ ਮਹਿਮਾ ਹੋ ਰਹੀ ਹੈ। ਸੁਨਣ ਨੂੰ ਹੀ ਸਮਝਾਇਆ ਜਾ ਰਿਹਾ ਹੈ, ਸਮਝਿਆ ਜਾ ਰਿਹਾ ਹੈ। ਸੁਨਣਾ ਹੀ ਗਹਿਰਾ ਹੁੰਦਾ ਜਾ ਰਿਹਾ ਹੈ। ਵਿਚਾਰ ਰਿੜਕ ਹੋ ਰਿਹਾ ਹੈ। ਦਰਅਸਲ ਇੱਥੇ ਸੁਨਣਾ ਜੋ ਹੈ, ਉਹ ਨਾ ਸੁਨਣਾ ਹੈ। ਸੁਨਣਾ ਹੀ ਨਹੀਂ ਹੈ। ਬੰਦਾ ਜੋ ਸੁਣੇਗਾ, ਗਲਤ ਹੀ ਸੁਣੇਗਾ। ਬੰਦੇ ਦੇ ਵੱਸ ਨਹੀਂ ਸੁਣ ਸਕਣਾ। ਉਹ ਗਲਤ ਸੁਣੇਗਾ। ਉਸਨੇ ਵਡਿਆਈ ਹੀ ਵਿਚਾਰਨੀ ਹੈ, ਕੁੱਝ ਹੋਰ ਵਿਚਾਰ ਕਰੇਗਾ, ਤਾਂ ਗਲਤ ਹੀ ਕਰੇਗਾ। ਇੱਥੇ ਸੁਨਣਾ ਬੰਦ ਕਰਨਾ ਹੈ। ਇਸੇ ਕਰਕੇ ਇੱਥੇ ਸੁਨਣਾ ਬਾਹਰੀ ਸੁਨਣਾ ਨਹੀਂ ਹੈ। ਇਹ ਉਹਦੀ ਰਜ਼ਾ ਹੈ। ਉਹ ਚਾਹੇਗਾ ਤਾਂ ਹੀ ਸੁਣ ਸਕੋਗੇ। ਜਦੋਂ ਤੁਸੀਂ ਕੁੱਝ ਨਾ ਸੁਨਣ ਦੀ ਸਮਰੱਥਾ ’ਚ ਹੋਵੋਗੇ, ਉਦੋਂ ਹੀ ਸੁਨਣ ਲੱਗ ਪਵੇਗਾ। ਬਿਨਾ ਆਵਾਜ਼ ਵਾਲਾ ਸੁਣੇਗਾ। ਸੁਨਣ ਦੇ ਸ਼ਬਦਿਕ ਮਾਅਨਿਆਂ ’ਚ ਨਾ ਜਾਓ। ਇਹਦੇ ਮਾਅਨੇ ਹੋਰ ਨੇ। ਉਹਨਾਂ ਨੂੰ ਸਮਝੋ। ਸੁਣਿਐ ਈਸਰੁ ਬਰਮਾ ਇੰਦੁ॥ ਈਸਰੁ, ਬਰਮਾ, ਇੰਦੁ, ਜੋ ਸਾਡੇ ਭਾਰਤੀ ਦਰਸ਼ਨ ’ਚ ਅਜਿਹੇ ਤੱਤ ਨੇ, ਅਜਿਹੇ ਪ੍ਰਤੀਕ ਨੇ, ਉਹ ਖੁੱਲ੍ਹਣ ਲੱਗਦੇ ਨੇ। ਉਹਨਾਂ ਬਾਰੇ ਵਿਚਾਰ ਤੁਰ ਪਿਆ ਹੈ। ਜਿਹੜਾ ਸੁਣ ਰਿਹਾ ਹੈ, ਉਸਨੂੰ ਇਹਨਾਂ ਦੀ ਸੋਝੀ ਆ ਜਾਵੇਗੀ। ਸੁਨਣ ਵਾਲੇ ਨੂੰ ਹੀ। ਉਹ ਸਮਝ ਜਾਵੇਗਾ। ਇਹ ਜੋ ਤਿੰਨੇ ਪਾਤਰ ਨੇ, ਤਿੰਨੇ ਨਾਮ ਨੇ, ਤਿੰਨੇ ਸਿਧਾਂਤ ਨੇ, ਸਿਰਫ ਸੁਨਣ ਵਾਲੇ ਨੂੰ, ਸੂਖਮ ਸੁਨਣ ਵਾਲੇ ਨੂੰ ਸਮਝ ਆ ਸਕਦੇ ਨੇ, ਨਹੀਂ ਤਾਂ ਕਾਲਾ ਅੱਖਰ ਭੈਂਸ ਬਰਾਬਰ। ਸੁਣਿਐ ਮੁਖਿ ਸਾਲਾਹਣ ਮੰਦੁ॥ ਸਿਰਫ ਸੁਨਣ ਨਾਲ ਹੀ ਮੰਦੁ ਦੇ ਮੁੱਖ ’ਤੇ ਵੀ ਸਲੁਹਤਾ ਆ ਜਾਵੇਗੀ। ਇਹ ਵੀ ਰਜ਼ਾ ਹੀ ਹੈ। ਉਸਨੂੰ ਭਾਅ ਗਿਆ, ਉਸਦੀ ਨਜ਼ਰ ਸਵੱਲੀ ਹੋ ਗਈ ਤਾਂ ਮੰਦੁ ਦਾ ਭਾਵ ਵੀ ਸਲਾਹੁਤਾ ’ਚ ਪਰਿਵਰਤਿਤ ਹੋ ਗਿਆ। ਜੇਕਰ ਸੁਨਣਾ ਆ ਗਿਆ ਤਾਂ ਸਮਝੋ ਸਚਿਆਰ ਪਾ ਲਿਆ। ਖੁਦ ਹੀ ਸੱਤ ਹੋ ਗਏ। ਮੰਦੁ ਵੀ ਸਲਾਹੁਤਾ ਕਰਨ ਲੱਗ ਪਿਆ। 

ਸੁਣਿਐ ਜੋਗ ਜੁਗਤਿ ਤਨਿ ਭੇਦ॥ ਜਦੋਂ ਸੁਣਿਆ ਤਾਂ ਜੋਗ ਬਾਰੇ, ਜੁਗਤ ਬਾਰੇ, ਤਨਿ ਬਾਰੇ, ਸਾਰੇ ਭੇਦ ਖੁੱਲ੍ਹ ਗਏ। ਜੋਗ ਕੀ ਹੈ? ਉਹ ਜੋਗ ਨਹੀਂ ਹੈ, ਜੋ ਭਸਮ ਰਮਾ ਕੇ ਕੀਤਾ ਜਾ ਰਿਹਾ ਹੈ। ਸੁਨਣਾ ਸ਼ੁਰੂ ਹੋ ਗਿਆ ਤਾਂ ਅੰਜਨ ਮਾਹਿ ਨਿਰੰਜਨ ਵਾਲੇ ਜੋਗ ਦੀ ਸਮਝ ਆ ਜਾਵੇਗੀ। ਇਹ ਊਰਜਾ ਦਾ ਘਟਿਤ ਹੋਣਾ ਹੀ ਹੈ। ਇਹ ਕਰਿਸ਼ਮਾ ਹੀ ਹੈ। ਤਨਿ ਦਾ ਭੇਦ ਵੀ ਪਾ ਲਵੇਗਾ। ਜੋਗ ਦੀ ਜੁਗਤ ਵੀ ਸਮਝ ਆ ਜਾਵੇਗੀ। ਰਤਾ ਕੁ ਗਹਿਰਾ ਹੈ, ਪਰ ਸਮਝਣਾ ਸ਼ੁਰੂ ਕਰੋਗੇ, ਤਾਂ ਸਮਝ ਵੀ ਆ ਜਾਵੇਗੀ। ਉਹਦੀ ਕਿਰਪਾ ਹੋ ਗਈ ਜੇਕਰ, ਨਦਰਿ ਹੋ ਗਈ ਜੇਕਰ। ਸੁਣਿਐ ਸਾਸਤ ਸਿਮਿ੍ਰਤ ਵੇਦ॥ ਜੋ ਸ਼ਾਸਤਰ ਨੇ, ਸਿਮਰਤੀਆਂ ਨੇ, ਵੇਦ ਨੇ, ਸੁਨਣਾ ਆ ਗਿਆ ਤਾਂ ਉਹਨਾਂ ਦੇ ਭੇਦ ਵੀ ਸਮਝ ਆ ਜਾਣਗੇ। ਫਿਰ ਇਹ ਸਾਰਾ ਜੋ ਪਾਸਾਰ ਹੈ, ਉਹ ਖੁੱਲ੍ਹ ਜਾਵੇਗਾ। ਸਮਝ ਆ ਜਾਵੇਗਾ। ਸਿਰਫ ਉਹਦੇ ਭੇਦ ਨੂੰ ਸੁਨਣਾ ਆ ਗਿਆ ਜੇਕਰ। ਗੁਰੂ ਨਾਨਕ ਦੇਵ ਜੀ ਬਹੁਤ ਹੀ ਸੂਖਮ ਇਸ਼ਾਰੇ ਨਾਲ ਹਮੇਸ਼ਾ ਆਪਣਾ ਵਿਚਾਰ ਰੱਖਣਗੇ। ਉਹਨਾਂ ਦੀ ਬਾਣੀ ਦੀ ਥਾਹ ਪਾ ਸਕਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਹੈ। ਅਸੀਂ ਕੋਸ਼ਿਸ ਕਰ ਰਹੇ ਹਾਂ, ਲੰਬੇ ਅਧਿਐਨ ਤੋਂ ਬਾਦ, ਫਿਰ ਵੀ ਬਹੁਤ ਦੂਰ ਹਾਂ। ਭਾਰਤੀ ਦਰਸ਼ਨ ਬਾਰੇ ਉਹ ਇਸ ਪਾਉੜੀ ’ਚ ਇਸ਼ਾਰੇ ਨਾਲ ਦੱਸ ਰਹੇ ਨੇ ਕੁੱਝ। ਪਰ ਉਸ ਸਾਰੇ ਦਰਸ਼ਨ ਨੂੰ ਸੁਨਣ ਦੇ ਭੇਦ ਪਾ ਲੈਣ ਤੋਂ ਬਾਦ ਪ੍ਰਸ਼ਨ ਪੈਦਾ ਕਰ ਰਹੇ ਨੇ ਸਾਡੇ ਮਨ ਅੰਦਰ। ਬਹੁਤ ਡੂੰਘੀ ਨਿਸ਼ਾਨਦੇਹੀ ਹੈ। ਦੇਖੋ ਇਸ ਪਾਉੜੀ ਦੀ ਪਹਿਲੀ ਸਤਰ ’ਚ ਮਿੱਥ ਆ ਰਹੀ ਹੈ। ਦੂਸਰੀ ਸਤਰ ’ਚ ਬੰਦਾ ਆ ਰਿਹਾ ਹੈ। ਤੀਸਰੀ ਸਤਰ ’ਚ ਜੋਗ ਆ ਰਿਹਾ ਹੈ। ਚੌਥੀ ਸਤਰ ’ਚ ਦਰਸ਼ਨ ਆ ਰਿਹਾ ਹੈ। ਪੰਜਵੀਂ ਸਤਰ ਫਿਰ ਭਗਤਾ ਰਾਹੀਂ ਵਿਗਸ ਰਹੀ ਕੁਦਰਤਿ ਦਾ ਪਾਸਾਰ ਹੈ। ਉਸ ਬਾਰੇ ਚਰਚਾ ਹੈ। ਇਹ ਸਤਰ ਅੱਠਵੀ ਪਾਉੜੀ ’ਚ ਵੀ ਇਵੇਂ ਹੀ ਹੈ। ਇਸਦਾ ਭਾਵ ਹੋਇਆ ਕਿ ਗੁਰੂ ਸਾਹਿਬ ਜਿਸ ਵਿਚਾਰ ਉੱਤੇ ਬੱਲ ਦੇ ਰਹੇ ਨੇ ਉਹ ਭਗਤਾ ਰਾਹੀਂ ਵਿਗਾਸੁ ਹੈ। ਇਹ ਕੇਂਦਰ ਬਿੰਦੂ ਹੈ ਇਹਨਾਂ ਕੁੱਝ ਪਾਉੜੀਆਂ ਦਾ। ਔਰ ਇਸ ਵਿਗਾਸੁ ਨੇ ਹੀ ਸੱਭ ਦੇ ਦੁੱਖ/ਪਾਪ ਹਰ ਲੈਣੇ ਨੇ। ਕਸ਼ਟਾਂ ਦਾ ਨਾਸ਼ ਕਰ ਦੇਣਾ ਹੈ। ਇਹ ਕਿਰਪਾ ਹੀ ਹੈ, ਇਹ ਨਦਰਿ ਹੀ ਹੈ, ਰਜ਼ਾ ਹੀ ਹੈ ਕਿ ਜੇਕਰ ਉਹ ਦਯਾ ਕਰ ਗਿਆ ਤਾਂ ਮੁਕਤੀ ਹੈ। ਜਲ ’ਚ ਕਮਲ ਦੇ ਨਿਰਮਲ ਰਹਿਣ ਵਾਲੀ ਮੁਕਤੀ।

 

ਨਿਰਗੁਣ ਸ਼ਬਦ ਵਿਚਾਰ / ਦੇਸ ਰਾਜ ਕਾਲੀ

 

 


jasbir singh

Edited By jasbir singh