ਗ਼ਾਲਿਬ ਦਾ ਅੰਦਾਜ਼-ਏ-ਬਯਾਂ

8/6/2020 2:35:51 PM

ਲੇਖਕ : ਸਤਵੀਰ ਸਿੰਘ ਚਾਨੀਆਂ 
92569-73526

ਮਿਰਜ਼ਾ ਗ਼ਾਲਿਬ ਅਸਲ ਨਾਮ ਅਸਦ ਉੱਲ੍ਹਾ ਖਾਨ ਬੇਗ਼ (27 ਦਸੰਬਰ 1797-19 ਫਰਵਰੀ 1869) ਆਗਰਾ ਵਿਚ ਜੰਮੇ ਪਲੇ । ਪਿਤਾ ਮਿਰਜ਼ਾ ਅਬਦੁਲਾ ਬੇਗ 1802 ’ਚ ਅਲਵਰ ਦੇ ਰਾਜਾ ਬਖਤਾਵਰ ਸਿੰਘ ਦੀ ਫੌਜ ਵਲੋਂ ਲੜਦੇ ਹੋਏ ਮਾਰੇ ਗਏ। ਗ਼ਾਲਿਬ ਨੇ ਕੇਵਲ 11 ਸਾਲ ਦੀ ਉਮਰ ਵਿੱਚ ਹੀ ਹਿੱਸਾ ਨਜ਼ਮ ਅਤੇ ਨਸਰ (ਕਵਿਤਾ-ਵਾਰਤਕ) ’ਚ ਹੱਥ ਅਜ਼ਮਾਈ ਸ਼ੁਰੂ ਕਰ ਦਿੱਤੀ। 1810 ਵਿੱਚ ਗ਼ਾਲਿਬ ਸਾਹਿਬ ਦਾ ਨਿਕਾਹ ਦਿੱਲੀ ਦੇ ਰਈਸ ਮਿਰਜ਼ਾ ਅੱਲ੍ਹਾ ਬਖ਼ਸ਼ ਬੇਗ਼ ਦੀ ਬੇਟੀ ਉਮਰਾਓ ਬੇਗ਼ਮ ਨਾਲ ਹੋਇਆ। ਸ਼ਾਦੀ ਉਪਰੰਤ ਉਹ ਦਿੱਲੀ ਆ ਗਏ। ਕਹਿੰਦੇ ਹਨ ਕਿ ਤਦੋਂ ਦਿੱਲੀ ਦੇ ਸੱਭ ਤੋਂ ਸੋਹਣੇ ਅਤੇ ਆਕਰਸ਼ਤ ਨੌਜਵਾਨਾਂ ’ਚ ਉਨ੍ਹਾਂ ਦਾ ਜ਼ਿਕਰ ਸੀ। ਗ਼ਾਲਿਬ ਸਾਹਿਬ ਦੇ ਬਜ਼ੁਰਗਾਂ ਦਾ ਪਿਛੋਕੜ ਸਮਰਕੰਦ ਮੱਧ ਏਸ਼ੀਆ ਦੇ ਤੁਰਕ ਕਬੀਲੇ ਨਾਲ ਜੁੜਦੈ। ਜਿਥੋਂ ਉਹ 1740 ’ਚ ਭਾਰਤ ਆਏ।

ਪੜ੍ਹੋ ਇਹ ਵੀ ਖਬਰ -ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ

ਉਰਦੂ, ਫ਼ਾਰਸੀ ਵਿਚ ਹੀ ਉਨ੍ਹਾਂ ਗ਼ਜ਼ਲਾਂ ਕਹਿਣ/ਲਿਖਣ ਦੇ ਨਾਲ-ਨਾਲ ਹਿੱਸਾ ਨਸਰ ’ਚ ਵੀ ਬਾ ਕਮਾਲ ਲਿਖਿਐ। ਉਰਦੂ ਅਦਬ ’ਚ ਉਨ੍ਹਾਂ ਨੂੰ ਹਿੱਸਾ ਨਸਰ ਦਾ ਬਾਨੀ ਕਿਹਾ ਜਾਂਦੈ। ਇਹ ਸ਼ੁਰੂਆਤ ਉਨ੍ਹਾਂ ਦੇ ਖ਼ਤਾਂ ਤੋਂ ਹੋਈ ਮੰਨੀ ਜਾਂਦੀ ਐ। ਉਨ੍ਹਾਂ ਦੇ ਖ਼ਤ ਲਿਖਣ ਦਾ ਅੰਦਾਜ਼- ਏ-ਬਯਾਂ ਆਮ ਪੱਧਰ ਤੋਂ ਬਹੁਤ ਹਟ ਕੇ ਸੀ। ਆਪਣੇ ਦੋਸਤਾਂ, ਸ਼ਗਿਰਦਾਂ ਨੂੰ ਲਿਖੇ ਖ਼ਤਾਂ ’ਚ ਦੁਸ਼ਵਾਰੀਆਂ, ਫਾਕੇ, ਆਰਥਿਕ ਮੰਦਹਾਲੀ ਅਤੇ ਮੌਕੇ ਦੀ ਹਕੂਮਤ, ਫ਼ਿਰੰਗੀ ਸਰਕਾਰ ਦੇ ਜ਼ੁਲਮੋ ਸਿਤਮ ਨੂੰ ਬੜੀ ਬੇਬਾਕੀ ਅਤੇ ਵੱਖਰੇ ਅੰਦਾਜ਼ ਵਿਚ ਚਿੱਤਰਿਐ ਉਨ੍ਹਾਂ। ਇਸੀ ਵਜ੍ਹਾ ਗ਼ਾਲਿਬ ਸਾਹਿਬ ਬਾਰੇ ਕਿਹੈ ਜਾਂਦੈ ਕਿ ਉਨ੍ਹਾਂ 'ਮੁਰਾਸਲਾ ਕੋ ਮੁਕਾਲਮਾ ਬਨਾ ਦੀਯਾ (ਭਾਵ ਚਿੱਠੀਆਂ ਨੂੰ ਲੇਖਾਂ ਦਾ ਰੂਪ ਦੇ ਦਿੱਤਾ )।' ਹਾਜ਼ਰ ਜਵਾਬ ਵੀ ਬੜੇ ਸਨ ਉਹ। ਮੌਕੇ ਦੀ ਨਜ਼ਾਕਤ ਦੇਖ ਕੇ ਗੱਲ ਇਓਂ ਕਰਨੀ ਬਈ ਲਤੀਫ਼ਾ ਈ ਬਣਾ ਦੇਣਾ। ਅੰਦਾਜ਼-ਏ-ਬਯਾਂ ਆਮ ਪੱਧਰ ਤੋਂ ਬਹੁਤ ਹਟ ਕੇ ਹੁੰਦਾ। ਆਪਣੇ ਦੋਸਤਾਂ ਦੀ ਮਹਿਫ਼ਲ ਦੇ ਹੀਰੋ ਹੋ ਨਿਬੜਦੇ। ਦਿੱਲੀ, ਇਕ ਰਾਤ ਦੇ ਮੁਸ਼ਾਇਰਾ ਤੋਂ ਬਾਅਦ ਜਦ ਸ਼ਾਇਰ ਲੋਕ ਆਪਣੇ ਘਰਾਂ ਵੱਲ ਰਵਾਨਾ ਹੋਏ ਤਾਂ ਦਿੱਲੀ ਦੇ ਬਾਹਰ ਤੋਂ ਆਇਆ ਇਕ ਸ਼ਾਇਰ, ਸੜਕ ਤੇ ਫਿਰਦੇ ਗਧਿਆਂ ’ਤੇ, ਗ਼ਾਲਿਬ ਸਾਹਿਬ ਕੋਲ ਟਿੱਪਣੀ ਕਰਦਾ ਬੋਲਿਆ, " ਗ਼ਾਲਿਬ ਸਾਹਿਬ ਦਿੱਲੀ ਮੋਂ ਤੋ ਗਧੇ ਬਹੁਤ ਹੈਂ।" ਗ਼ਾਲਿਬ ਸਾਹਿਬ ਉਸ ਨੂੰ ਮੁਖਾਤਿਬ ਹੋਏ ਕੇ ਬੋਲੇ," ਬਸ ਐਸੇ ਹੀ ਬਾਹਰ ਸੇ ਆ ਜਾਤੇ ਹੈਂ। ਭਾਵ ਜਿਵੇਂ ਤੂੰ ਬਾਹਰੋਂ ਆਇਐਂ ਇਵੇਂ ਹੀ ਗਧੇ ਬਾਹਰੋਂ ਆ ਜਾਂਦੇ ਨੇ।

ਪੜ੍ਹੋ ਇਹ ਵੀ ਖਬਰ -ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਇਕ ਦਫ਼ਾ ਗ਼ਾਲਿਬ ਸਾਹਿਬ ਸ਼ਾਇਰਾਂ ਦੀ ਮਹਿਫ਼ਲ ਵਿਚ ਬੈਠੇ ਸਨ। ਸਾਰੇ ਸ਼ਾਇਰ ਅੰਬ ਚੂਪ ਰਹੇ ਸਨ ਪਰ ਨਵਾਬ ਵਲੀ ਸਾਹਿਬ ਅੰਬ ਚੂਪਣ ਦੀ ਬਜਾਏ ਚਿਲਮ ਦੇ ਕਸ਼ ਲੈਣ ।  ਕੁਝ ਦੂਰੀ ’ਤੇ ਕਿਸੇ ਕੂੜੇ ਦੇ ਢੇਰ ’ਤੇ ਅੰਬ ਸੁੱਟੇ ਹੋਏ ਸਨ। ਇਕ ਗਧਾ ਅੰਬਾਂ ਨੂੰ ਮੂੰਹ ਲਾ ਕੇ ਹਟ ਗਿਆ ਤਾਂ ਨਵਾਬ ਨੇ ਗ਼ਾਲਿਬ ਨੂੰ ਛੇੜਦਿਆਂ ਸੰਬੋਧਨ ਹੋ ਕੇ ਕਿਹਾ," ਆਮ, ਇਤਨੀ ਭੀ ਕਯਾ ਚੀਜ ਆ ਵੱਲਾ ? ਦੇਖ ਲੋ ਗਧੇ ਭੀ ਨਹੀਂ ਖਾਤੇ।" ਤਾਂ ਗ਼ਾਲਿਬ ਨੇ ਆਪਣੇ ਅੰਦਾਜ਼ ਵਿਚ ਜਵਾਬ ਦਿੱਤਾ,  " ਜੋ ਗਧੇ ਹੈਂ ਵਹੀ ਨਹੀਂ ਖਾਤੇ।" ਇਸ ਤੇ ਸਾਰੇ ਹੱਸ ਪਏ। ਕਿਓਂ ਜੋ ਨਵਾਬ ਨੂੰ ਛੱਡ ਕੇ ਬਾਕੀ ਸਾਰੇ ਅੰਬਾਂ ਦਾ ਲੁਤਫ ਲੈ ਰਹੇ ਸਨ। ਗ਼ਾਲਿਬ ਨੇ ਅੰਬਾਂ ਦੇ ਵਾਰੇ ਵਿਚ ਇਕ ਖ਼ੂਬ ਸ਼ੇਅਰ ਕਿਹਾ,

" ਮੁਝ ਸੇ ਪੂਛੀਏ ਕਿ ਤੁਝੇ ਖ਼ਬਰ ਕਯਾ ਹੈ,
  ਆਮ ਕੇ ਆਗੇ ਨੈ ਸ਼ੱਕਰ ਕਯਾ ਹੈ।" 

PunjabKesari

ਉਨ੍ਹਾਂ ਅੱਗੇ ਵਿਆਖਿਆ ਕਰਦਿਆਂ ਕਿਹਾ," ਨੈ ਸ਼ੱਕਰ ਮੇ ਤੋਂ ਕੇਵਲ ਮਿਠਾਸ ਹੋਤੀ ਐ। ਪਰ ਆਮ ਮੇ ਹਲਕੀ ਸੀ ਤੋਸ਼ੀ (ਖਟਾਸ) ਭੀ। ਜੈਸੇ ਕਿਸੀ ਮੁਟਿਆਰ ਮੇਂ ਹੁਸਨ ਭੀ ਹੋ ਔਰ ਸਾਥ ਮੇਂ ਹਲਕਾ ਸਾ ਨਮਕ (ਨਖ਼ਰਾ) ਭੀ।"

ਇਬਰਾਹੀਮ ਜ਼ੋਕ ਆਖ਼ਰੀ ਮੁਗ਼ਲ ਤਾਜਦਾਰ ਬਹਾਦੁਰ ਸ਼ਾਹ ਜ਼ਫ਼ਰ ਦੇ ਉਸਤਾਦ ਸਨ। ਗ਼ਦਰ ਤੋਂ ਪਹਿਲਾਂ 1857 ’ਚ ਜ਼ੋਕ ਸਾਹਿਬ ਦੀ ਮੌਤ ਉਪਰੰਤ ਜ਼ਫ਼ਰ ਸਾਹਿਬ ਜੀ ਦੇ ਉਸਤਾਦ ਹੋਣ ਦਾ ਮਾਣ ਗ਼ਾਲਿਬ ਸਾਹਿਬ ਦੇ ਹਿੱਸੇ ਆਇਆ । ਇਕ ਦਫ਼ਾ ਗ਼ਾਲਿਬ, ਜ਼ਫ਼ਰ  ਸਾਹਿਬ ਦੇ ਨਾਲ ਬਾਗ਼ ਦੀ ਸੈਰ ਤੇ ਸਨ। ਅੰਬਾਂ ਦੀ ਫ਼ਸਲ ਪੁਰ ਬਹਾਰ ਸੀ। ਗ਼ਾਲਿਬ ਅੰਬਾਂ ਨੂੰ ਨਿਹਾਰਨ ਲੱਗ ਪਏ। ਜ਼ਫ਼ਰ ਸਾਹਿਬ ਪੁਛਿਆ, "ਕਯਾ ਵੇਖਤੇ ਹੋ"। ਤਾਂ ਗ਼ਾਲਿਬ ਸਾਹਿਬ ਨੇ ਕਿਹਾ," ਵੇਖਤਾ ਹੂੰ ਕਿ ਕਿਸੀ ਆਮ ਪਰ ਮੇਰਾ ਨਾਮ ਭੀ ਲਿਖਾ ਹੂਯਾ ਯਾ ਨਹੀਂ।" ਅਗਲੇ ਦਿਨ ਹੀ ਜ਼ਫ਼ਰ ਸਾਹਿਬ ਨੇ ਗ਼ਾਲਿਬ ਦੇ ਘਰ ਅੰਬਾਂ ਦੀ ਟੋਕਰੀ ਭਿਜਵਾ ਦਿੱਤੀ। ਇਕ ਦਫ਼ਾ ਰਾਤ ਦੇ ਵਕਤ ਗ਼ਾਲਿਬ ਦੇ ਸ਼ਗਿਰਦ ਜਨਾਬ ਅਲਤਾਫ ਹੁਸੈਨ ਹਾਲੀ, ਗ਼ਾਲਿਬ ਦੀਆਂ ਲੱਤਾਂ ਘੁੱਟ ਰਹੇ ਸਨ। ਲੱਤਾਂ ਘੁੱਟਣ ਉਪਰੰਤ ਹਾਲੀ ਬੋਲੇ," ਲੋ ਜੀ ਮੈਨੇ ਆਪ ਕੇ ਪਾਓਂ ਦਬਾਅ ਦੀਏ।" ਤਾਂ ਗ਼ਾਲਿਬ ਸਾਹਿਬ ਨੇ ਕਿਹਾ, " ਤੋ ਮੈਨੇ ਆਪ ਕੇ ਪੈਸੇ ਦਬਾਅ ਲੀਏ। ਹਿਸਾਬ ਬਰਾਬਰ ਹੂਯਾ।"

ਗ਼ਾਲਿਬ ਸਾਹਿਬ ਨੇ ਉਰਦੂ ਫ਼ਾਰਸੀ ਵਿਚ ਕਿਤਾਬਾਂ ਤਾਂ ਬਹੁਤ ਲਿਖੀਆਂ ਪਰ ਉਸ ਦੀ ਸ਼ਾਹਕਾਰ ਰਚਨਾ ਉਸ ਦੀ ਗ਼ਜ਼ਲਾਂ ਦੀ ਕਿਤਾਬ ' ਦੀਵਾਨ ਏ ਗ਼ਾਲਿਬ ' ਈ ਕਹੀ ਜਾਂਦੀ ਐ।ਉਸ ਦੀਆਂ ਮਕਬੂਲ ਤਰੀਨ ਗ਼ਜ਼ਲਾਂ ਚੋਂ ਉਪਰੋਕਤ ਟਾਈਟਲ ਵਾਲੀ ਗ਼ਜ਼ਲ ਪ੍ਰਮੁੱਖ ਹੈ।

"ਹੈ ਬਸ ਕਿ ਹਰ ਏਕ ਇਨ ਕੇ ਇਸ਼ਾਰੇ ਮੇਂ ਨਿਸ਼ਾਂ ਔਰ
  ਕਰਤੇ ਹੈਂ ਮੁਹੱਬਤ ਤੋਂ ਗੁਜਰਤਾ ਹੈ ਗ਼ੁਮਾਂ ਔਰ

 ਹੈਂ ਔਰ ਭੀ ਦੁਨੀਆਂ ਮੇਂ ਸੁਖ਼ਨਵਰ ਬਹੁਤ ਅੱਛੇ
ਕਹਿਤੇ ਹੈਂ ਕਿ ਗ਼ਾਲਿਬ ਕਾ ਹੈ ਅੰਦਾਜ਼-ਏ-ਬਯਾਂ ਔਰ"

PunjabKesari

ਗ਼ਾਲਿਬ ਦੀ ਸ਼ਾਇਰੀ ਚ ਅਰਬੀ ਫ਼ਾਰਸੀ ਦੇ ਸ਼ਬਦਾਂ ਦੀ ਬਹੁਤਾਤ ਹੈ। ਜਿਸ ਵਜਾਹਤ ਉਨ੍ਹਾਂ ਦੀਆਂ ਲਿਖਤਾਂ ਆਮ ਪਾਠਕਾਂ ਨੂੰ ਸਮਝਣ ਵਿੱਚ ਮੁਸ਼ਕਿਲ ਹੈ। ਇਹ ਵੀ ਮੰਨਿਆਂ ਜਾਂਦੈ ਕਿ ਉਨ੍ਹਾਂ ਦਾ ਸੁਭਾਅ ਈ ਇਸੇ ਤਰਾਂ ਆਮ ਸ਼ਾਇਰਾਂ ਤੋਂ ਥੋੜਾ ਵੱਖਰਾ ਸੀ। ਜਿਸ ਕਰਕੇ ਬਹੁਤੇ ਸ਼ਾਇਰਾਂ ਨੂੰ ਉਹ ਅੰਦਰੋਂ ਮਾਫਕ ਨਹੀਂ ਸਨ। ਭਲੇ ਉਨ੍ਹਾਂ ਸੂਫ਼ੀ ਕਾਵਿ ਵੀ ਲਿਖਿਐ ਪਰ ਨਾਲ ਹੀ ਉਨ੍ਹਾਂ ਵਿਚ ਕਰੀਬ ਆਮ ਸਧਾਰਨ ਬੰਦਿਆਂ ਵਾਲੇ ਸੱਭ ਐਬ ਸਨ। ਜੇ ਨਾ ਹੁੰਦੇ ਤਾਂ ਸ਼ੈਦ ਲੋਕ ਗ਼ਾਲਿਬ ਨੂੰ ਮੁਹੰਮਦ ਸਾਹਿਬ ਦਾ ਵਲੀ ਸਮਝ ਲੈਂਦੇ।  

ਪੜ੍ਹੋ ਇਹ ਵੀ ਖਬਰ - ਮਾਸਕ ਪਾਉਣ ’ਚ ਤੁਹਾਨੂੰ ਵੀ ਇਸ ਮੁਸ਼ਕਲ ਦਾ ਕਰਨਾ ਪੈ ਰਿਹਾ ਸਾਹਮਣਾ, ਤਾਂ ਜ਼ਰੂਰ ਪੜ੍ਹੋ ਇਹ ਖਬਰ


rajwinder kaur

Content Editor rajwinder kaur