ਇਹ ਹਨ ਮਾਘੀ ਦੇ ਤਿਉਹਾਰ ਨਾਲ ਜੁੜੀਆਂ ਕੁਝ ਖਾਸ ਗੱਲਾਂ
1/9/2020 3:41:52 PM
ਜਲੰਧਰ(ਬਿਊਰੋ)- ਹਿੰਦੂ ਪੰਚਾਂਗ ਮੁਤਾਬਕ ਇਸ ਸਾਲ ਮਾਘੀ (ਮਕਰ ਸੰਕ੍ਰਾਂਤੀ) ਦਾ ਤਿਉਹਾਰ 15 ਜਨਵਰੀ 2020 ਨੂੰ ਮਨਾਇਆ ਜਾਵੇਗਾ। ਇਸ ਤਿਉਹਾਰ ਦਾ ਸ਼ਾਸਤਰਾਂ ਵਿਚ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ। ਦੇਸ਼ ਦੇ ਹਰ ਕੋਨੇ ਵਿਚ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਉਂਝ ਤਾਂ ਹਰ ਮਹੀਨੇ ਵਿਚ ਆਉਣ ਵਾਲੀ ਸੰਕ੍ਰਾਂਤੀ ਦਾ ਆਪਣਾ ਮਹੱਤਵ ਹੁੰਦਾ ਹੈ ਪਰ ਮਾਘ ਮਹੀਨੇ ਦੀ ਸੰਕ੍ਰਾਂਤੀ ਤਿਥਿ ਖੁਦ ਵਿਚ ਹੀ ਵੱਖਰਾ ਮਹੱਤਵ ਰੱਖਦੀ ਹੈ। ਇਸ ਦਿਨ ਜਪ, ਤਪ ਅਤੇ ਦਾਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਨਾਲ ਜੁੜੀਆਂ ਕੁੱਝ ਮਾਨਤਾਵਾਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ।

ਸ਼ਾਸਤਰਾਂ ਮੁਤਾਬਕ ਮਾਘੀ ’ਤੇ ਸੂਰਜ ਧਨ ਰਾਸ਼ੀ ’ਚੋਂ ਨਿਕਲ ਕੇ ਮਕਰ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ ਅਤੇ ਇਸ ਕਾਰਨ ਇਸ ਤਿਉਹਾਰ ਨੂੰ ਮਾਘੀ (ਮਕਰ ਸੰਕ੍ਰਾਂਤੀ) ਕਿਹਾ ਜਾਂਦਾ ਹੈ। ਮਾਘੀ (ਮਕਰ ਸੰਕ੍ਰਾਂਤੀ) ਦੇ ਦਿਨ ਭਾਗੀਰਥ ਦੀ ਤੱਪਸਿਆ ਨਾਲ ਮਾਂ ਗੰਗਾ ਧਰਤੀ ਵਿਚ ਆ ਕੇ ਸਾਗਰ ਵਿਚ ਮਿਲੀ ਸੀ। ਇਸ ਦਿਨ ਉਂਝ ਤਾਂ ਕਿਸੇ ਵੀ ਪਵਿੱਤਰ ਨਦੀ ਵਿਚ ਇਸ਼ਨਾਨ ਕਰ ਸਕਦੇ ਹਨ ਪਰ ਗੰਗਾ ਇਸ਼ਨਾਨ ਦਾ ਮਹੱਤਵ ਜ਼ਿਆਦਾ ਹੁੰਦਾ ਹੈ। ਪ੍ਰਾਚੀਨ ਮਾਨਤਾਵਾਂ ਮੁਤਾਬਕ ਭੀਸ਼ਮ ਪਿਤਾਮਾ ਨੇ ਪ੍ਰਾਣ ਤਿਆਗਣ ਲਈ (ਮਾਘੀ) ਮਕਰ ਸੰਕ੍ਰਾਂਤੀ ਦੇ ਦਿਨ ਦਾ ਹੀ ਚੁਣਿਆ ਸੀ।

ਦੱਖਣੀ ਭਾਰਤ ਵਿਚ ਇਸ ਤਿਉਹਾਰ ਨੂੰ ਪੋਂਗਲ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਪੋਂਗਲ ਦਾ ਤਿਉਹਾਰ ਵੀ ਫਸਲ ਅਤੇ ਕਿਸਾਨਾਂ ਦਾ ਤਿਉਹਾਰ ਹੁੰਦਾ ਹੈ। ਪੋਂਗਲ ਦਾ ਮਤਲਬ ਹੁੰਦਾ ਹੈ ਉਬਾਲਣਾ। ਦੱਖਣੀ ਭਾਰਤ ਵਿਚ ਗੁੜ ਅਤੇ ਚਾਵਲ ਉਬਾਲ ਕੇ ਸੂਰਜ ਨੂੰ ਪ੍ਰਸਾਦ ਦੇ ਨਾਮ ਨਾਲ ਅਰਪਣ ਕੀਤੇ ਜਾਂਦੇ ਹਨ ਅਤੇ ਜਿਸ ਨੂੰ ਪੋਂਗਲ ਕਹਿੰਦੇ ਹਨ।

ਮਾਘੀ (ਮਕਰ ਸੰਕ੍ਰਾਂਤੀ) ਦੇ ਇਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪੰਜਾਬ ਅਤੇ ਹਰਿਆਣਾ ਵਿਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉੱਤਰੀ ਭਾਰਤ ਵਿਚ ਮਾਘੀ ਨੂੰ ਖਿਚੜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਦਿਨ ਖਿਚੜੀ ਖਾਣ ਅਤੇ ਖਿਚੜੀ ਦਾ ਦਾਨ ਦੇਣ ਦੀ ਪਰੰਪਰਾ ਪ੍ਰਚੱਲਤ ਹੈ। ਭਾਰਤ ਵਿਚ ਮਾਘੀ (ਮਕਰ ਸੰਕ੍ਰਾਂਤੀ) ਦੇ ਦਿਨ ਪਤੰਗਬਾਜ਼ੀ ਕੀਤੀ ਜਾਂਦੀ ਹੈ।

