ਇਸ ਲਈ ਮਨਾਈ ਜਾਂਦੀ ਹੈ ਮਹਾਸ਼ਿਵਰਾਤਰੀ, ਜਾਣੋ ਇਸ ਦਾ ਮਹੱਤਵ

2/20/2020 1:05:53 PM

ਜਲੰਧਰ(ਬਿਊਰੋ)- ਮਹਾਸ਼ਿਵਰਾਤਰੀ ਦਾ ਤਿਉਹਾਰ ਭਗਵਾਨ ਸ਼ੰਕਰ ਜੀ ਦਾ ਪਿਆਰਾ ਅਤੇ ਸਭ ਤੋਂ ਵਧੀਆ ਦਿਨ ਮੰਨਿਆ ਜਾਂਦਾ ਹੈ। ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ਼ ਨੂੰ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਭ ਸ਼ਿਵਲਿੰਗਾਂ ਵਿਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਹਰ ਥਾਂ 'ਤੇ ਸ਼ਿਵ ਮੰਦਰਾਂ ਵਿਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜਾ ਪ੍ਰਾਣੀ ਇਸ ਸ਼ਿਵਰਾਤਰੀ ਨੂੰ ਨਿਰਜਲ ਰਹਿ ਕੇ ਵਰਤ ਕਰਦਾ ਹੈ, ਸ਼ਿਵ ਜੀ ਦੀ ਪੂਜਾ ਕਰਦਾ ਹੈ, ਰਾਤ ਭਰ ਜਾਗਰਣ ਕਰਕੇ ਸਤਿਸੰਗ ਅਤੇ ਕੀਰਤਨ ਕਰਦਾ ਹੈ, ਉਸ ਨੂੰ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ।

ਮਹਾਸ਼ਿਵਰਾਤਰੀ ਨੂੰ ਹੋਇਆ ਸੀ ਸ਼ਿਵ ਵਿਆਹ
ਧਾਰਮਿਕ ਗ੍ਰੰਥਾਂ ਮੁਤਾਬਕ, ਇਸ ਦਿਨ ਭਗਵਾਨ ਸ਼ੰਕਰ ਤੇ ਮਾਤਾ ਪਾਰਵਤੀ ਦਾ ਵਿਆਹ ਹੋਇਆ ਸੀ। ਇਹੀ ਕਾਰਨ ਹੈ ਕਿ ਇਸ ਦਿਨ ਨੂੰ ਮਹਾਸ਼ਿਵਰਾਤਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੋਵਾਂ ਦਾ ਵਿਆਹ ਮਹਾਸ਼ਿਵਰਾਤਰੀ ਦੇ ਪ੍ਰਦੋਸ਼ ਕਾਲ 'ਚ ਹੋਇਆ ਸੀ। ਸੂਰਜ ਡੁੱਬਣ ਤੋਂ ਬਾਅਦ 2 ਘੰਟੇ ਤੇ 24 ਮਿੰਟ ਦੀ ਮਿਆਦ ਪ੍ਰਦੋਸ਼ ਕਾਲ ਅਖਵਾਉਂਦੀ ਹੈ। ਮਾਨਤਾ ਹੈ ਕਿ ਇਸ ਵੇਲੇ ਭਗਵਾਨ ਭੋਲੇਨਾਥ ਪ੍ਰਸੰਨ ਹੋ ਕੇ ਨ੍ਰਿਤ ਕਰਦੇ ਹਨ। ਇਸ ਲਈ ਮਹਾਸ਼ਿਵਰਾਤਰੀ 'ਤੇ ਪ੍ਰਦੋਸ਼ ਕਾਲ 'ਚ ਮਹਾਦੇਵ ਦੀ ਪੂਜਾ ਕਰਨਾ ਵਿਸ਼ੇਸ਼ ਫਲ਼ਦਾਈ ਹੁੰਦੀ ਹੈ।

ਮਹੱਤਵ
ਮਹਾਸ਼ਿਵਰਾਤਰੀ 'ਤੇ ਸ਼ਿਵ ਆਰਾਧਨਾ ਅਤੇ ਅਭਿਸ਼ੇਕ ਬੇਹੱਦ ਫਲਦਾਈ ਹੁੰਦੇ ਹਨ। ਸ਼ਿਵ ਨੂੰ ਯੋਗ, ਸਾਧਨਾ ਅਤੇ ਗਿਆਨ ਦਾ ਵੀ ਸਰੂਪ ਮੰਨਿਆ ਜਾਂਦਾ ਹੈ। ਸ਼ਿਵਰਾਤਰੀ 'ਤੇ ਅਭਿਸ਼ੇਕ ਕਰਨ ਨਾਲ ਭਗਤਾਂ ਨੂੰ ਧਨ, ਖ਼ੁਸ਼ਹਾਲੀ ਅਤੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਨਾਲ ਹੀ ਬਿਮਾਰੀ ਤੋਂ ਮੁਕਤੀ ਮਿਲਦੀ ਹੈ। ਸੰਤਾਨ ਅਤੇ ਸੁੱਖ ਦਾ ਆਸ਼ੀਰਵਾਦ ਮਿਲਦਾ ਹੈ ਅਤੇ ਮੁਸੀਬਤਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਸ਼ੁੱਧ ਜਲ, ਤੀਰਥ ਸਥਲਾਂ ਦੀਆਂ ਨਦੀਆਂ ਦਾ ਜਲ, ਗੰਨੇ ਦਾ ਰਸ, ਵੱਖ-ਵੱਖ ਫੁੱਲ, ਦੁੱਧ, ਦਹੀ, ਸੀਤਲ ਜਲ ਨਾਲ ਅਭਿਸ਼ੇਕ ਕਰਨਾ ਸਭ ਤੋਂ ਲਾਭਕਾਰੀ ਫਲਦਾਈ ਮੰਨਿਆ ਜਾਂਦਾ ਹੈ। ਜੋਤਿਸ਼ ਮੁਤਾਬਕ ਇਹ ਦਿਨ ਭੋਲੇਨਾਥ ਨੂੰ ਖੁਸ਼ ਕਰਨ ਲਈ ਸਭ ਤੋਂ ਬੇਹਿਤਰੀਨ ਮੰਨਿਆ ਜਾਂਦਾ ਹੈ।
 


manju bala

Edited By manju bala