ਭਗਵਾਨ ਵਿਸ਼ਨੂੰ ਜੀ ਦੇ ਅੱਠਵੇਂ ਅਵਤਾਰ ਸਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ

8/12/2020 9:40:55 AM

ਭਾਦੋਂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਉਤਸਵ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਮੰਦਰਾਂ ’ਚ ਵਿਸ਼ੇਸ਼ ਤੌਰ ’ਤੇ ਪੂਜਾ ਕੀਤੀ ਜਾਂਦੀ ਹੈ। ਦਿਨ ਭਰ ਦਾ ਰੱਖਿਆ ਵਰਤ ਖੋਲ੍ਹਿਆ ਜਾਂਦਾ ਹੈ। ਸ਼੍ਰੀ ਕ੍ਰਿਸ਼ਨ ਜੀ ਨੂੰ ਭਗਵਾਨ ਵਿਸ਼ਨੂੰ ਜੀ ਦੇ ਹੋਏ ਅਵਤਾਰਾਂ ਵਿੱਚੋਂ ਅੱਠਵਾਂ ਅਵਤਾਰ ਮੰਨਿਆ ਗਿਆ ਹੈ। 

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਕਥਾ ਜਾਣਕਾਰੀ ਅਨੁਸਾਰ ਕਿਹਾ ਗਿਆ ਹੈ ਕਿ ਦੁਆਪਰ ਯੁੱਗ ’ਚ ਜਦੋਂ ਧਰਤੀ ’ਤੇ ਅੱਤਿਆਚਾਰ ਵੱਧ ਗਏ ਸਨ ਤਾਂ ਧਰਤੀ ਗਊ ਦੇ ਰੂਪ ’ਚ ਸ਼੍ਰਿਸ਼ਟੀਕਰਤਾ ਸ਼੍ਰੀ ਬ੍ਰਹਮਾ ਜੀ ਅਤੇ ਸਭ ਦੇਵਤਿਆਂ ਕੋਲ ਗਈ ਅਤੇ ਧਰਤੀ ’ਤੇ ਫੈਲੇ ਅੱਤਿਆਚਾਰ ਅਤੇ ਪਾਪਾ ਬਾਰੇ ਦੱਸਿਆ ਤਾਂ ਇਹ ਸਭ ਬ੍ਰਹਮਾ ਜੀ ਸਮੇਤ ਵਿਸ਼ਨੂੰ ਜੀ ਕੋਲ ਕਸ਼ੀਰ ਸਾਗਰ ਪੁੱਜੇ ਅਤੇ ਉਨ੍ਹਾਂ ਦੀ ਉਸਤਤ ਕੀਤੀ। ਵਿਸ਼ਨੂੰ ਜੀ ਨੇ ਸਭਨਾਂ ਦੇ ਆਉਣ ਦਾ ਕਾਰਨ ਪੁੱਛਿਆ ਤਾਂ ਧਰਤੀ ਨੇ ਕਿਹਾ ਕਿ ਮਹਾਰਾਜ ਮੇਰੇ ਉੱਪਰ ਬਹੁਤ ਅੱਤਿਆਚਾਰ ਹੋ ਰਹੇ ਹਨ। ਮੈਂ ਇਨ੍ਹਾਂ ਅਤਿਆਚਾਰਾਂ (ਪਾਪਾਂ) ਨੂੰ ਸਹਿਣ ਨਹੀਂ ਕਰ ਸਕਦੀ।

PunjabKesari

ਇਹ ਸੁਣ ਕੇ ਭਗਵਾਨ ਵਿਸ਼ਨੂੰ ਜੀ ਨੇ ਕਿਹਾ ਕਿ ਮੈਂ ਬ੍ਰਿਜਮੰਡਲ ਵਿਖੇ ਵਾਸੂਦੇਵ ਦੀ ਪਤਨੀ ਕੰਸ ਦੀ ਭੈਣ ਦੇਵਕੀ ਦੇ ਅੱਠਵੇਂ ਗਰਭ ਦੇ ਰੂਪ ਵਿੱਚ ਜਨਮ ਲੈ ਕੇ ਧਰਤੀ ’ਤੇ ਪੈਦਾ ਹੋ ਰਹੇ ਪਾਪਾਂ ਨੂੰ ਖਤਮ ਕਰਨ ਲਈ ਅਵਤਾਰ ਲਵਾਂਗਾ। ਤੁਸੀਂ ਸਭ ਬ੍ਰਿਜ ਭੂਮੀ ’ਤੇ ਜਾ ਕੇ ਯਾਦਵ ਕੁਲ ਆਪਣਾ ਸਰੀਰ ਧਾਰਨ ਕਰੋ। ਇਸ ਲਈ ਧਰਤੀ ’ਤੇ ਸਾਰੇ ਦੇਵਤੇ ਬ੍ਰਿਜ ’ਤੇ ਆਏ। ਯਾਦਵ ਕੁਲ ਵਿੱਚ ਨੰਦ ਯਸ਼ੋਦਾ ਅਤੇ ਗੋਪੀਆਂ ਦੇ ਰੂਪ ਵਿੱਚ ਪੈਦਾ ਹੋਏ। 

ਇਸ ਦੌਰਾਨ ਕੁੱਝ ਸਮੇਂ ਬਾਅਦ ਹੀ ਵਾਸੂਦੇਵ, ਜਿਨ੍ਹਾਂ ਦਾ ਵਿਆਹ ਹਾਲ ਹੀ ’ਚ ਦੇਵਕੀ ਨਾਲ ਹੋਇਆ, ਜੋ ਰਾਜਾ ਕੰਸ ਦੀ ਭੈਣ ਸੀ। ਰਾਜਾ ਕੰਸ-ਵਾਸੂਦੇਵ ਤੇ ਦੇਵਕੀ ਗੋਕੁਲ ਜਾ ਰਹੇ ਸਨ ਤਾਂ ਅਚਾਨਕ ਆਕਾਸ਼ਬਾਣੀ ਹੋਈ ਕਿ ਐ ਰਾਜਾ ਕੰਸ ਜਿਸ ਦੇਵਕੀ ਭੈਣ ਨੂੰ ਨਾਲ ਲੈ ਕੇ ਜਾ ਰਿਹਾ ਹੈ। ਇਸੇ ਦੇਵਕੀ ਦੇ ਅੱਠਵੇਂ ਗਰਭ ਵਿੱਚ ਪੈਦਾ ਹੋਣ ਵਾਲਾ ਪੁੱਤਰ ਤੇਰਾ ਕਾਲ ਹੋਵੇਗਾ। ਇਹ ਸੁਣਦੇ ਹੀ ਰਾਜਾ ਕੰਸ ਤਲਵਾਰ ਕੱਢ ਕੇ ਦੇਵੀ ਭੈਣ ਦੇਵਕੀ ਨੂੰ ਮਾਰਨ ਲਈ ਅੱਗੇ ਵਧਿਆ ਤਾਂ ਵਾਸੂਦੇਵ ਨੇ ਕਿਹਾ ਕਿ ਹੇ ਰਾਜਾ ਕੰਸ ਤੈਨੂੰ ਆਪਣੀ ਭੈਣ ਦੀ ਹੱਤਿਆ ਕਰਨਾ ਸ਼ੋਭਾ ਨਹੀਂ ਦਿੰਦਾ, ਇਹ ਬੇਕਸੂਰ ਹੈ। ਜੇਕਰ ਤੈਨੂੰ ਅੱਠਵੇਂ ਗਰਭ ਤੋਂ ਡਰ ਹੈ ਤਾਂ ਮੈਂ ਅੱਠਵਾਂ ਕੀ ਸਾਰੀਆਂ ਅੱਠ ਸੰਤਾਨਾਂ ਤੈਨੂੰ ਸੌਂਪਦਾ ਰਹਾਂਗਾ ਤਾਂ ਫਿਰ ਤੈਨੂੰ ਕੌਣ ਮਾਰ ਸਕੇਗਾ। ਜਿਸ ’ਤੇ ਕੰਸ ਮੰਨ ਗਿਆ ਅਤੇ ਦੇਵਕੀ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। 

PunjabKesari

ਕੀਤੇ ਵਚਨ ਅਨੁਸਾਰ ਵਾਸੂਦੇਵ-ਦੇਵਕੀ ਆਪਣੀਆਂ ਸੱਤ ਸੰਤਾਨਾਂ ਰਾਜਾ ਕੰਸ ਨੂੰ ਸੌਂਪਦੇ ਰਹੇ ਤੇ ਉਹ ਉਨ੍ਹਾਂ ਨੂੰ ਮਾਰਦਾ ਰਿਹਾ। ਜਦੋਂ ਅੱਠਵੇਂ ਗਰਭ ਦੀ ਗੱਲ ਰਾਜਾ ਕੰਸ ਨੂੰ ਪਤਾ ਲੱਗੀ ਤਾਂ ਜੇਲ੍ਹ ਦਾ ਸਖਤ ਪਹਿਰਾ ਹੋਰ ਵੀ ਸਖਤ ਕਰ ਦਿੱਤਾ। ਜਦੋਂ ਭਾਦੋਂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅੱਠਵੀਂ ਤਿਥੀ ਨੂੰ ਰਾਤ 12 ਵਜੇ ਰੋਹਿਣੀ ਨਕਸ਼ਤਰ ਵਿੱਚ ਜੇਲ੍ਹ ’ਚ ਸ਼੍ਰੀ ਵਿਸ਼ਨੂੰ ਜੀ ਸ਼੍ਰੀ ਕ੍ਰਿਸ਼ਨ ਦੇ ਰੂਪ ਵਿੱਚ ਪ੍ਰਗਟ ਹੋਏ ਤਾਂ ਲੀਲਾਧਾਰੀ ਭਗਵਾਨ ਦੀ ਇਹ ਲੀਲਾ ਦੇਖ ਕੇ ਵਾਸੂਦੇਵ ਅਤੇ ਦੇਵਕੀ ਉਨ੍ਹਾਂ ਦੇ ਚਰਨਾਂ ਵਿੱਚ ਡਿੱਗ ਪਏ।

ਉਨ੍ਹਾਂ ਬਾਲ ਰੂਪ ਵਿੱਚ ਆ ਕੇ ਕਿਹਾ ਕਿ ਹੁਣੇ ਹੀ ਗੋਕੁਲ ਵਿੱਚ ਨੰਦ ਯਸ਼ੋਦਾ ਦੇ ਘਰ ਪਹੁੰਚਾ ਦੇਣ ਤੇ ਉਨ੍ਹਾਂ ਦੇ ਘਰ ਪੈਦਾ ਹੋਈ ਕੰਨਿਆ ਨੂੰ ਲੈ ਆਓ। ਤਾਂ ਵਾਸੂਦੇਵ ਜੀ ਨੇ ਕਿਹਾ ਕਿ ਮੇਰੇ ਹੱਥਕੜੀਆਂ-ਬੇੜੀਆਂ ਪਈਆਂ ਹੋਈਆਂ ਹਨ ਤੇ ਜੇਲ੍ਹ ਦੇ ਸਾਰੇ ਦਰਵਾਜ਼ੇ ਬੰਦ ਹਨ। ਤਾਂ ਭਗਵਾਨ ਨੇ ਕਿਹਾ ਕਿ ਤੁਸੀਂ ਚੱਲੋ ਸਭ ਠੀਕ ਹੋ ਜਾਵੇਗਾ। ਵਾਸੂਦੇਵ ਚੱਲੇ ਤਾਂ ਜੇਲ੍ਹ ਦੇ ਦਰਵਾਜ਼ੇ ਖੁੱਲ੍ਹੇ ਨਜ਼ਰ ਆਏ, ਸਾਰੇ ਪਹਿਰੇਦਾਰ ਸੁੱਤੇ ਦਿਖਾਈ ਦਿੱਤੇ। ਭਾਰੀ ਮੀਂਹ ਪੈ ਰਿਹਾ ਸੀ। ਰਸਤੇ ਵਿੱਚ ਪੈਂਦੀ ਜਮੁਨਾ ਨਦੀ ਦਾ ਪਾਣੀ, ਵਾਸੂਦੇਵ ਦੇ ਪੈਰ ਪਾਉਂਦਿਆਂ ਹੀ ਉਛਲਣ ਲੱਗਾ। ਵਾਸੂਦੇਵ ਜੀ ਦੇ ਗਲ ਤੱਕ ਪਾਣੀ ਪੁੱਜ ਗਿਆ। ਜਦੋਂ ਯਮੁਨਾ ਦਾ ਪਾਣੀ ਬਾਲ ਕ੍ਰਿਸ਼ਨ ਦੇ ਪੈਰਾਂ ਨੂੰ ਛੂਹਿਆ ਤਾਂ ਇੱਕ ਦਮ ਸ਼ਾਂਤ ਹੋ ਗਿਆ। 

PunjabKesari

ਵਾਸੁਦੇਵ ਜੀ ਜਮੁਨਾ ਪਾਰ ਕਰਕੇ ਗੋਕੁਲ ਪੁੱਜੇ ਅਤੇ ਉੱਥੇ ਨੰਦ ਜੀ ਦੇ ਘਰ ਮਾਤਾ ਯਸ਼ੋਦਾ ਦੇ ਪੈਦਾ ਹੋਈ ਕੰਨਿਆ ਤੇ ਯਸ਼ੋਦਾ ਸੁੱਤੇ ਮਿਲੇ। ਉਥੋ ਦੇ ਦਰਵਾਜ਼ੇ ਵੀ ਖੁੱਲ੍ਹੇ ਸਨ। ਇਹ ਦੇਖ ਕੇ ਵਾਸੁਦੇਵ ਜੀ ਨੇ ਬਾਲ ਕ੍ਰਿਸ਼ਨ ਨੂੰ ਉੱਥੇ ਸੁਲਾ ਦਿੱਤਾ ਅਤੇ ਸੁੱਤੀ ਹੋਈ ਕੰਨੀਆਂ ਨੂੰ ਲੈ ਲਿਆ ਤੇ ਵਾਪਸ ਮਥੁਰਾ ਆ ਗਏ। ਉੱਥੇ ਉਸੇ ਤਰ੍ਹਾਂ ਦਰਵਾਜੇ ਖੁੱਲ੍ਹੇ ਅਤੇ ਫਿਰ ਬੰਦ ਹੋ ਗਏ ਸਨ। ਪਹਿਰੇਦਾਰ ਜਾਗ ਗਏ ਅਤੇ ਦੇਵਕੀ ਨੂੰ ਸੌਂਪਦੇ ਕੰਨਿਆਂ ਦੇ ਰੋਣ ਦੀ ਆਵਾਜ਼ ਆਉਣ ਲੱਗੀ। ਕੰਨਿਆਂ ਦੀ ਆਵਾਜ਼ ਸੁਣ ਕੇ ਪਹਿਰੇਦਾਰਾਂ ਨੇ ਤੁਰੰਤ ਰਾਜਾ ਕੰਸ ਨੂੰ ਸੂਚਿਤ ਕੀਤਾ।

ਸਵੇਰੇ ਹੁੰਦੇ ਹੀ ਅੱਤਿਆਚਾਰੀ ਰਾਜਾ ਕੰਸ ਨੇ ਜੇਲ੍ਹ ਵਿੱਚ ਆ ਕੇ ਕੰਨਿਆਂ ਨੂੰ ਲਿਆ ਅਤੇ ਉਸ ਨੂੰ ਪੱਥਰ ’ਤੇ ਪਟਕ ਕੇ ਮਾਰਨਾ ਚਾਹਿਆ ਤਾਂ ਉਹ ਮਾਇਆ ਰੂਪੀ ਕੰਨਿਆ ਹੱਥਾਂ ਵਿੱਚੋਂ ਨਿਕਲ ਕੇ ਆਕਾਸ਼ ਵੱਲ ਉੱਡ ਨਿਕਲੀ। ਦੇਵੀ ਰੂਪ ਵਿੱਚ ਪ੍ਰਗਟ ਹੋ ਕੇ ਉਸ ਕੰਨਿਆ ਨੇ ਕਿਹਾ ਕਿ ਹੇ ਰਾਜਾ ਕੰਸ ਤੇਰਾ ਕਾਲ ਤਾਂ ਗੋਕੁਲ ਵਿੱਚ ਹੀ ਪਹਿਲਾਂ ਪੈਦਾ ਹੋ ਗਿਆ ਹੈ ਤਾਂ ਰਾਜ ਕੰਸ ਦੀ ਬੇਚੈਨੀ ਹੋਰ ਵੱਧ ਗਈ। ਉਸ ਨੇ ਗੋਕੁਲ ਵਿਖੇ ਪੈਦਾ ਹੋਏ ਨਵਜੰਮੇ ਬੱਚਿਆਂ ਦਾ ਪਤਾ ਲਗਾ ਕੇ ਬਾਲ ਕ੍ਰਿਸ਼ਨ ਨੂੰ ਮਾਰਨ ਦੇ ਅਨੇਕ ਯਤਨ ਕੀਤੇ ਪਰ ਅੰਤ ਸ਼੍ਰੀ ਕ੍ਰਿਸ਼ਨ ਜੀ ਨੇ ਬਚਪਨ ਕਾਲ ਵਿੱਚ ਹੀ ਕੰਸ ਵੱਲੋਂ ਰੱਖੇ ਗਏ ਮੱਲ ਯੁੱਧ ਵਿੱਚ ਸ਼੍ਰੀ ਕ੍ਰਿਸ਼ਨ ਨੂੰ ਬੁਲਾਇਆ, ਜਿੱਥੇ ਸ਼੍ਰੀ ਕ੍ਰਿਸ਼ਨ ਜੀ ਨੇ ਰਾਜਾ ਕੰਸ ਦਾ ਅੰਤ ਕਰ ਕੇ ਧਰਤੀ ਨੂੰ ਰਾਜਾ ਕੰਸ ਦੇ ਪਾਪਾਂ ਤੋਂ ਮੁਕਤ ਕਰਵਾਇਆ। ਉਸ ਸਮੇਂ ਤੋਂ ਹੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਇਹ ਤਿਉਹਾਰ ਮਥੁਰਾ ਅਤੇ ਬ੍ਰਿੰਦਾਬਣ ਵਿਖੇ ਜਨਮ ਅਸ਼ਟਮੀ ਦੇ ਨਾਮ ਨਾਲ ਸਾਰੇ ਦੇਸ਼ ਵਿੱਚ ਵੀ ਮਨਾਇਆ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ’ਤੇ ਜ਼ਰੂਰ ਕਰੋ ਇਹ ਉਪਾਅ, ਜੀਵਨ ’ਚ ਹਮੇਸ਼ਾ ਰਹੋਗੇ ਖੁਸ਼ ਅਤੇ ਸੁੱਖੀ

ਪੜ੍ਹੋ ਇਹ ਵੀ ਖਬਰ - ਜਨਮ ਅਸ਼ਟਮੀ ਦੀ ਰਾਤ ਕਰੋਂ ਇਹ ਉਪਾਅ, ਬੇਸ਼ੁਮਾਰ ਬਰਕਤ ਹੋਣ ਦੇ ਨਾਲ ਪੂਰੀਆਂ ਹੋਣਗੀਆਂ ਮਨੋਕਾਮਨਾਵਾਂ

PunjabKesari


rajwinder kaur

Content Editor rajwinder kaur