Krishna Janmashtami: ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਦੇ ਸਮੇਂ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ, ਹੋਵੇਗੀ ਕ੍ਰਿਪਾ

8/18/2022 6:24:49 PM

ਜਲੰਧਰ (ਬਿਊਰੋ) - ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਹਰ ਸਾਲ ਸ਼ਰਧਾਲੂਆਂ ਵਲੋਂ ਜਨਮ ਅਸ਼ਟਮੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਕ੍ਰਿਸ਼ਨ ਜੀ ਦਾ ਜਨਮ ਹਰ ਸਾਲ ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਜਨਮ ਅਸ਼ਟਮੀ 18-19 ਅਗਸਤ ਦੋ ਦਿਨ ਮਨਾਈ ਜਾਵੇਗੀ। ਇਸ ਦਿਨ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਦਿਨ ਲੋਕ ਮੰਦਰਾਂ ਅਤੇ ਘਰਾਂ ਵਿੱਚ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਅਤੇ ਉਨ੍ਹਾਂ ਨੂੰ ਕਈ ਪ੍ਰਕਾਰ ਦੇ ਭੋਗ ਲਗਾਏ ਜਾਂਦੇ ਹਨ। ਭਗਵਾਨ ਕ੍ਰਿਸ਼ਨ ਜੀ ਦੇ ਜਨਮ ਦਿਨ ’ਤੇ ਲੋਕ ਉਨ੍ਹਾਂ ਦੀ ਪਸੰਦੀਦਾ ਚੀਜ਼ਾਂ ਦਾ ਭੋਗ ਲਗਾਉਂਦੇ ਹਨ, ਜੋ ਸ਼ੁੱਭ ਹੁੰਦਾ ਹੈ। ਇਸ ਦਿਨ ਕ੍ਰਿਸ਼ਨ ਜੀ ਦੇ ਸ਼ਰਧਾਲੂ ਵਿਸ਼ਾਲ ਝਾਕੀਆਂ ਕੱਢਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ।

PunjabKesari

ਪੂਜਾ ਸਮੱਗਰੀ 
ਜਨਮ ਅਸ਼ਟਮੀ ’ਤੇ ਬਾਲ ਗੋਪਾਲ ਦੀ ਪੂਜਾ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਸਮੱਗਰੀ ’ਚ ਬਾਲਗੋਪਾਲ ਦਾ ਝੂਲਾ, ਬਾਲਗੋਪਾਲ ਦੀ ਲੋਹੇ ਜਾਂ ਤਾਂਬੇ ਦੀ ਮੂਰਤੀ, ਬੰਸਰੀ, ਬਾਲਗੋਪਾਲ ਦੇ ਕੱਪੜੇ, ਸ਼ਿੰਗਾਰ ਲਈ ਗਹਿਣੇ, ਬਾਲਗੋਪਾਲ ਦੇ ਝੂਲੇ ਨੂੰ ਸਜਾਉਣ ਲਈ ਫੁੱਲ, ਤੁਲਸੀ ਦੇ ਪੱਤੇ, ਚੰਦਨ, ਕੁਮਕੁਮ, ਮਿਸ਼ਰੀ, ਮੱਖਣ, ਗੰਗਾਜਲ, ਧੂਪਬੱਤੀ, ਕਪੂਰ, ਕੇਸਰ, ਸਿੰਧੂਰ, ਸੁਪਾਰੀ, ਪੁਸ਼ਪਾ, ਤੁਲਸੀਮਾਲਾ, ਧਨੀਆ, ਲਾਲ ਕੱਪੜਾ, ਕੇਲੇ ਦੇ ਪੱਤੇ, ਸ਼ੁੱਧ ਘਿਓ, ਦਹੀਂ, ਦੁੱਧ ਆਦਿ ਹੋਣਾ ਬਹੁਤ ਜ਼ਰੂਰੀ  ਹੈ। ਇਸ ਸਮੱਗਰੀ ਦੇ ਬਿਨਾ ਬਾਲ ਗੋਪਾਲ ਦੀ ਪੂਜਾ ਅਧੂਰੀ ਰਹਿ ਜਾਂਦੀ ਹੈ।

PunjabKesari

ਜਨਮ ਅਸ਼ਟਮੀ ਦੀ ਪੂਜਾ ਵਿਧੀ
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਭਗਤਾਂ ਨੂੰ ਸਵੇਰੇ ਜਲਦੀ ਉੱਠ ਕੇ ਨਹਾਉਣਾ ਚਾਹੀਦਾ ਹੈ ਅਤੇ ਸਾਫ ਕੱਪੜੇ ਪਾਉਣੇ ਚਾਹੀਦੇ ਹਨ। ਇਸ ਤੋਂ ਬਾਅਦ ਪੂਰਬ ਜਾਂ ਉੱਤਰ ਵੱਲ ਮੂੰਹ ਕਰਕੇ ਵਰਤ ਰੱਖਣ ਦਾ ਸੰਕਲਪ ਲੈਣਾ ਚਾਹੀਦਾ ਹੈ। ਪੰਘੂੜੇ ਵਿੱਚ ਮਾਤਾ ਦੇਵਕੀ ਅਤੇ ਭਗਵਾਨ ਕ੍ਰਿਸ਼ਨ ਦੀ ਮੂਰਤੀ ਜਾਂ ਤਸਵੀਰ ਸਥਾਪਤ ਕਰੋ। ਪੂਜਾ ਵਿੱਚ, ਦੇਵਕੀ, ਵਾਸੂਦੇਵ, ਬਲਦੇਵ, ਨੰਦਾ, ਯਸ਼ੋਦਾ ਦੇਵਤਿਆਂ ਦੇ ਨਾਮ ਦਾ ਜਾਪ ਕਰਦੇ ਸਮੇਂ ਰਾਤ 12 ਵਜੇ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਨ ਮਨਾਉਣਾ ਚਾਹੀਦਾ ਹੈ। ਪੰਚਾਮ੍ਰਿਤ ਦਾ ਅਭਿਸ਼ੇਕ ਕਰਨ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਜੀ ਨੂੰ ਨਵੇਂ ਕੱਪੜੇ ਭੇਟ ਕਰੋ। ਫਿਰ ਲੱਡੂ ਗੋਪਾਲ ਦਾ ਹਾਰ-ਸ਼ਿੰਗਾਰ ਕਰਕੇ ਉਨ੍ਹਾਂ ਨੂੰ ਝੂਲਾ ਝੁਲਾਓ। ਪੰਚਮ੍ਰਿਤ ਵਿੱਚ ਤੁਲਸੀ ਜ਼ਰੂਰ ਪਾਓ, ਫਿਰ ਬਾਲ ਗੋਪਾਲ ਜੀ ਨੂੰ ਮੱਖਣ-ਮਿਸ਼ਰੀ ਅਤੇ ਧਨੀਏ ਦੀ ਪੰਜੀਰੀ ਦਾ ਭੋਗ ਲਗਾਓ। ਇਸ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਜੀ ਦੀ ਆਰਤੀ ਕਰੋ ਅਤੇ ਆਰਤੀ ’ਚ ਸ਼ਾਮਲ ਸਾਰੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਦੇ ਦਿਓ। ਅਜਿਹਾ ਕਰਨ ਨਾਲ ਤੁਹਾਡੇ ’ਤੇ ਕ੍ਰਿਸ਼ਨ ਜੀ ਦੀ ਕ੍ਰਿਪਾ ਹਮੇਸ਼ਾ ਬਣੀ ਰਹੇਗੀ।

PunjabKesari

ਬਾਲ ਗੋਪਾਲ ਦੀ ਮੂਰਤੀ ਆਪਣੇ ਘਰ ਦੇ ਮੰਦਰ ’ਚ ਸਥਾਪਿਤ ਕਰਨਾ
ਬਹੁਤ ਸਾਰੇ ਲੋਕ ਕੁਝ ਦਿਨ ਪਹਿਲਾਂ ਤੋਂ ਹੀ ਜਨਮ ਅਸ਼ਟਮੀ ਮਨਾਉਣ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜਿਹੜੇ ਇਸ ਸ਼ੁੱਭ ਦਿਨ ’ਤੇ ਸ਼੍ਰੀ ਕ੍ਰਿਸ਼ਨ ਦੇ ਬਾਲ ਗੋਪਾਲ ਰੂਪ ਦੀ ਮੂਰਤੀ ਆਪਣੇ ਘਰ ਦੇ ਮੰਦਰ ’ਚ ਸਥਾਪਿਤ ਕਰਦੇ ਹਨ। ਉਹ ਉਨ੍ਹਾਂ ਦੇ ਨਵੇਂ ਕੱਪੜੇ, ਮੋਰਪੰਖ, ਵੰਸੂਰੀ, ਹੋਰ ਹਾਰ ਸ਼ਿੰਗਾਰ, ਭੋਜਨ, ਝੂਲੇ ਆਦਿ ਦਾ ਵੀ ਧਿਆਨ ਰੱਖਦੇ ਹਨ। ਇਸ ਦਿਨ ਬਾਲ ਗੋਪਾਲ ਜੀ ਨੂੰ ਝੂਲੇ 'ਚ ਬਿਠਾ ਕੇ ਖੂਬ ਝੁਲਾਇਆ ਜਾਂਦਾ ਹੈ। ਇਸ ਮੌਕੇ ਲੋਕ ਉਨ੍ਹਾਂ ਦੇ ਝੂਲੇ ਨੂੰ ਫੁਲਾਂ ਨਾਲ ਸਜਾਉਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਝੂਲੇ ’ਚ ਵਿਰਾਜਮਾਨ ਕੀਤਾ ਜਾਂਦਾ ਹੈ। ਇਸ ਦਿਨ ਲੋਕ ਭਗਵਾਨ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਬਾਲ ਗੋਪਾਲ ਜੀ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹਨ।

PunjabKesari
 


rajwinder kaur

Content Editor rajwinder kaur