ਸਿੱਖ ਸਾਹਿਤ ਵਿਸ਼ੇਸ਼ : ਖ਼ਰਬੂਜੇ ਸ਼ਾਹ ਉਰਫ਼ ਸਾਈ ਅੱਲਾ ਦਿੱਤਾ
5/6/2020 10:56:12 AM
ਅਲੀ ਰਾਜਪੁਰਾ
9417679302
ਵੇਈਂ ਨਦੀ ਕੰਢੇ ਸਾਈ ਅੱਲਾ ਦਿੱਤਾ ਦਾ ਡੇਰਾ ਸੀ, ਜਿੱਥੇ ਅੱਜਕਲ੍ਹ ਗੁਰੂ ਘਰ ਬੇਰ ਸਾਹਿਬ ਉਸਰਿਆ ਹੈ। ਦੱਸਿਆ ਜਾਂਦਾ ਹੈ ਕਿ ਸਾਈਂ ਕੋਲ ਜਦੋਂ ਕੋਈ ਪੀਰ-ਫ਼ਕੀਰ ਆਉਂਦਾ ਤਾਂ ਉਹ ਉਸ ਨੂੰ ਖ਼ਰਬੂਜਾ ਜ਼ਰੂਰ ਭੇਂਟ ਕਰਦਾ ਹੈ। ਜਦੋਂ ਭੇਂਟ ਲੈਣ ਵਾਲਾ ਸ਼ਖਸ ਖ਼ਰਬੂਜਾ ਖਾ ਲੈਂਦਾ ਤਾਂ ਸਾਈਂ ਮੁੜ ਉਸ ਤੋਂ ਭੇਂਟ ਕੀਤੇ ਖ਼ਰਬੂਜੇ ਨੂੰ ਵਾਪਸ ਕਰਨ ਦੀ ਮੰਗ ਕਰਦਾ ਹੈ। ਅਜਿਹਾ ਕਰਕੇ ਉਹ ਹਰ ਆਏ ਫ਼ਕੀਰ ਨੂੰ ਇਸ ਤਰ੍ਹਾਂ ਨੀਵਾਂ ਦਿਖਾਉਂਦਾ ਹੈ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਾਈਂ ਅੱਲਾ ਦਿੱਤਾ ਦੇ ਅਜਿਹਾ ਕਰਨ ਬਾਰੇ ਪਤਾ ਲੱਗਿਆ ਤਾਂ ਉਹ ਵੀ ਉਨ੍ਹਾਂ ਕੋਲ ਜਾ ਪਹੁੰਚੇ। ਸਾਈਂ ਅੱਲਾ ਦਿੱਤਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਖ਼ਰਬੂਜਾ ਭੇਂਟ ਕੀਤਾ।
ਗੁਰੂ ਨਾਨਕ ਦੇਵ ਜੀ ਨੇ ਖ਼ਰਬੂਜਾ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਦੋ ਫਾੜੀਆਂ ਸਾਈਂ ਨੂੰ ਭੇਂਟ ਕੀਤੀਆਂ ਅਤੇ ਫਿਰ ਆਪ ਵੀ ਛਕਿਆ। ਜਦੋਂ ਖ਼ਰਬੂਜਾ ਛਕਿਆ ਜਾ ਚੁੱਕਿਆ ਸੀ ਤਾਂ ਸਾਈਂ ਨੇ ਗੁਰੂ ਜੀ ਨੂੰ ਖ਼ਰਬੂਜਾ ਵਾਪਿਸ ਕਰਨ ਲਈ ਕਿਹਾ। ਗੁਰੂ ਜੀ ਬੋਲੇ, "ਕਿ ਖ਼ਰਬੂਜਾ ਤਾਂ ਹੁਣ ਛਕਿਆ ਜਾ ਚੁੱਕਿਆ ਹੈ।" ਸਾਈਂ ਹੰਕਾਰ ਭਰੇ ਸ਼ਬਦਾਂ ਨਾਲ ਆਖਣ ਲੱਗਾ, " ਜੇ ਖ਼ਰਬੂਜਾ ਨਹੀਂ ਵਾਪਿਸ ਕਰ ਸਕਦੇ ਫੇਰ ਮੇਰੇ ਪੈਰੀਂ ਪੈ ਜਾਓ। " ਗੁਰੂ ਜੀ ਨੇ ਉਸ ਨੂੰ ਬੋਚਦਿਆਂ ਸਲਾਹ ਦਿੱਤੀ ਕਿ, " ਤੂੰ ਪਹਿਲਾਂ ਆਪਣੀਆਂ ਦੋ ਫਾੜੀਆਂ ਵਾਪਿਸ ਕਰ ਬਾਕੀ ਅਸੀਂ ਤੈਨੂੰ ਵਾਪਿਸ ਕਰਾਂਗੇ ਤੇ ਤੈਨੂੰ ਮੁਰਸ਼ਦ ਮੰਨ ਲਵਾਂਗੇ। " ਸਾਈਂ ਆਪਣੇ ਸਵਾਲ 'ਚ ਆਪ ਫਸਿਆ।
ਗੁੱਸੇ ਵਿਚ ਲਾਲ ਹੋ ਗਿਆ। ਇੰਨਾ ਸੁਣਕੇ ਸਾਈਂ ਅੱਲਾ ਦਿੱਤਾ ਆਪਣਾ ਆਸਣ ਛੱਡ ਕੇ ਗੁਰੂ ਜੀ ਦੇ ਚਰਨੀਂ ਲੱਗ ਗਿਆ। ਓਥੋਂ ਹੀ ਸਾਈਂ ਅੱਲਾ ਦਿੱਤਾ ਦਾ ਨਾਂ ਖ਼ਰਬੂਜੇ ਸ਼ਾਹ ਪੈ ਗਿਆ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਲਈ ਰਵਾਨਾ ਹੋਏ ਤਾਂ ਖ਼ਰਬੂਜੇ ਸ਼ਾਹ ਨੇ ਭਰੇ ਮਨ ਨਾਲ ਗੁਰੂ ਜੀ ਨੂੰ ਕਿਹਾ ਕਿ, ''ਆਪ ਜੀ ਦੇ ਦਰਸ਼ਨਾਂ ਬਿਨਾਂ ਜਿਊਂਦਾ ਰਹਿਣਾ ਮੇਰੇ ਲਈ ਮੁਨਾਸਿਬ ਨਹੀਂ।'' ਗੁਰੂ ਜੀ ਨੇ ਬੇਰੀ ਦੀ ਦਾਤਣ ਜ਼ਮੀਨ ਵਿਚ ਗੱਡ ਦੇ ਬਚਨ ਕੀਤਾ ਕਿ ਮੇਰੇ ਦਰਸ਼ਨ ਇਸ ਬੇਰੀ ਵਿਚੋਂ ਕਰ ਲਿਆ ਕਰ।