ਰਾਜਸਥਾਨ ਦੇ ਜਿਲ੍ਹਾ ਬੀਕਾਨੇਰ 'ਚ ਸਥਿਤ ਹੈ ਕਰਨੀ ਮਾਤਾ ਮੰਦਰ, ਜਾਣੋ ਮਾਨਤਾ

8/9/2021 5:33:37 PM

ਬੀਕਾਨੇਰ- ਕਰਨੀ ਮਾਤਾ ਦਾ ਮੰਦਰ ਰਾਜਸਥਾਨ ਦੇ ਕਸਬੇ ਦੇਸ਼ਨੋਕੇ (ਜਿਲ੍ਹਾ ਬੀਕਾਨੇਰ) ਵਿਚ ਸਥਿਤ ਹੈ ਤੇ ਇਹ ਸੰਸਾਰ ਦਾ ਇਕੋ-ਇੱਕ ਮੰਦਰ ਹੈ ਜਿਸ ਵਿਚ ਕਰੀਬ 25000 ਚੂਹੇ ਬਿਨਾਂ ਕਿਸੇ ਡਰ-ਭੈਅ ਦੇ ਰਹਿੰਦੇ ਹਨ। ਇਨ੍ਹਾਂ ਚੂਹਿਆਂ ਨੂੰ ਕਬਾ ਕਿਹਾ ਜਾਂਦਾ ਹੈ ਤੇ ਪਵਿੱਤਰ ਸਮਝਿਆ ਜਾਂਦਾ ਹੈ। ਇਨ੍ਹਾਂ ਨੂੰ ਮਾਰਨਾ ਤਾਂ ਦੂਰ, ਕੋਈ ਇਨ੍ਹਾਂ ਨੂੰ ਡਰਾ ਕੇ ਭਜਾਉਣ ਦੀ ਕੋਸ਼ਿਸ਼ ਵੀ ਨਹੀਂ ਕਰ ਸਕਦਾ। ਇਸ ਦੇ ਨਿਵੇਕਲੇਪਣ ਕਾਰਨ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਇਨ੍ਹਾਂ ਚੂਹਿਆਂ ਨੂੰ ਵੇਖਣ ਅਤੇ ਭੋਗ ਲਗਾਉਣ ਲਈ ਆਉਂਦੇ ਹਨ।

ਇਕ ਦੰਦ ਕਥਾ ਮੁਤਾਬਕ ਕਰਨੀ ਮਾਤਾ ਦੇ ਬੇਟੇ ਲਕਛਮਣ ਦੀ ਕੋਲਾਇਤ ਤਹਿਸੀਲ ਦੇ ਕਪਿਲ ਸਰੋਵਰ ਵਿਚ ਇਸ਼ਨਾਨ ਕਰਦੇ ਸਮੇਂ ਡੁੱਬ ਜਾਣ ਕਾਰਨ ਮੌਤ ਹੋ ਗਈ ਸੀ। ਕਰਨੀ ਮਾਤਾ ਨੇ ਯਮਰਾਜ ਨੂੰ ਹੁਕਮ ਦਿੱਤਾ ਕਿ ਲਕਛਮਣ ਨੂੰ ਦੁਬਾਰਾ ਜੀਵਤ ਕੀਤਾ ਜਾਵੇ। ਪਹਿਲਾਂ ਤਾਂ ਯਮਰਾਜ ਨਾ ਮੰਨਿਆ, ਪਰ ਜਦੋਂ ਕਰਨੀ ਮਾਤਾ ਨੇ ਆਪਣਾ ਵਿਰਾਟ ਰੂਪ ਵਿਖਾਇਆ ਤਾਂ ਯਮਰਾਜ ਨੂੰ ਹਾਰ ਮੰਨਣੀ ਪਈ ਪਰ ਉਸ ਨੇ ਇਕ ਸ਼ਰਤ ਲਗਾ ਦਿੱਤੀ ਕਿ ਲਕਛਮਣ ਨੂੰ ਇਨਸਾਨੀ ਰੂਪ ਵਿੱਚ ਨਹੀਂ, ਬਲਕਿ ਚੂਹੇ ਦੇ ਰੂਪ ਵਿਚ ਜੀਵਤ ਕੀਤਾ ਜਾ ਸਕਦਾ ਹੈ। ਕਰਨੀ ਮਾਤਾ ਨੇ ਉਸ ਦੀ ਸ਼ਰਤ ਮੰਨ ਲਈ ਤੇ ਲਕਸ਼ਮਣ ਪੁਨਰ ਜੀਵਤ ਹੋ ਗਿਆ।ਇਸ ਮੰਦਰ ਦੇ ਚੂਹੇ ਲਕਛਮਣ ਦੇ ਵੰਸ਼ਜ ਹੋਣ ਦੀ ਮਾਨਤਾ ਕਾਰਨ ਪੂਜੇ ਜਾਂਦੇ ਹਨ।

ਕਿਸੇ ਚੂਹੇ ਦੁਆਰਾ ਜੂਠਾ ਕੀਤਾ ਗਿਆ ਪ੍ਰਸ਼ਾਦ ਅਤੇ ਦੁੱਧ ਗ੍ਰਹਿਣ ਕਰਨਾ ਪਵਿੱਤਰ ਸਮਝਿਆ ਜਾਂਦਾ ਹੈ। ਜੇ ਕਿਸੇ ਕੋਲੋਂ ਗਲਤੀ ਨਾਲ ਚੂਹਾ ਮਾਰਿਆ ਜਾਵੇ ਤਾਂ ਪਾਪ ਬਖਸ਼ਾਉਣ ਲਈ ਮੰਦਰ ਵਿਚ ਚਾਂਦੀ ਦਾ ਚੂਹਾ ਬਣਾ ਕੇ ਭੇਂਟ ਕਰਨਾ ਪੈਂਦਾ ਹੈ। ਵੈਸੇ ਤਾਂ ਇਸ ਮੰਦਰ ਵਿਚ ਰਹਿਣ ਵਾਲੇ ਜਿਆਦਾਤਰ ਚੂਹੇ ਕਾਲੇ ਰੰਗ ਦੇ ਹਨ ਪਰ ਕਦੇ-ਕਦੇ ਕੋਈ ਸਫੈਦ ਚੂਹਾ ਵੀ ਦਿਖਾਈ ਦੇ ਜਾਂਦਾ ਹੈ। ਸਫੈਦ ਚੂਹੇ ਦਾ ਦਿਸਣਾ ਵੱਡਭਾਗੀ ਹੋਣ ਦੀ ਨਿਸ਼ਾਨੀ ਹੈ, ਕਿਉਂਕਿ ਮਾਨਤਾ ਅਨੁਸਾਰ ਸਫੈਦ ਚੂਹੇ ਖੁਦ ਕਰਨੀ ਮਾਤਾ ਅਤੇ ਉਸ ਦੇ ਪੁੱਤ-ਪੋਤਰੇ ਹਨ। ਸਫੈਦ ਚੂਹਾ ਦਿਖਾਈ ਦੇਣ  ’ਤੇ ਸ਼ਰਧਾਲੂਆਂ ਵੱਲੋਂ ਉਸ ਨੂੰ ਪ੍ਰਸ਼ਾਦ ਖਵਾਉਣ ਲਈ ਦੌੜ ਲਗ ਜਾਂਦੀ ਹੈ। ਚੂਹਿਆਂ ਵਾਸਤੇ ਮਠਿਆਈਆਂ, ਪਨੀਰ ਅਤੇ ਦੁੱਧ ਭੇਂਟ ਕੀਤਾ ਜਾਂਦਾ ਹੈ।

ਇਹ ਮੰਦਰ ਵੈਸੇ ਤਾਂ ਬਹੁਤ ਪ੍ਰਚੀਨ ਹੈ ਪਰ ਇਸ ਦੀ ਮੌਜੂਦਾ ਇਮਾਰਤ ਦੀ ਉਸਾਰੀ ਬੀਕਾਨੇਰ ਦੇ ਮਹਾਰਾਜਾ ਗੰਗਾ ਸਿੰਘ ਨੇ 1910 ਈਸਵੀ ਵਿਚ ਮੁਕੰਮਲ ਕਰਵਾਈ ਸੀ। ਉਸ ਨੇ ਇਸ ਮੰਦਰ ਨੂੰ ਚਾਂਦੀ ਦੇ ਦਰਵਾਜ਼ੇ ਭੇਂਟ ਕੀਤੇ ਸਨ ਜੋ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨਾਲ ਸ਼ਿੰਗਾਰੇ ਹੋਏ ਹਨ। ਸਾਰੇ ਮੰਦਰ ਦੀਆਂ ਦੀਵਾਰਾਂ ਅਤੇ ਛੱਤਾਂ ’ਤੇ ਬਹੁਤ ਹੀ ਸ਼ਾਨਦਾਰ ਅਤੇ ਸੂਖਮ ਮੀਨਾਕਰੀ ਕੀਤੀ ਗਈ ਹੈ। ਮੰਦਰ ਦੇ ਗਰਭ-ਗ੍ਰਹਿ ਵਿਚ ਕਰਨੀ ਮਾਤਾ ਦੀ ਖੁਬਸੂਰਤ ਮੂਰਤੀ ਹੈ, ਜਿਸ ਨਾਲ ਪੂਜਾ ਅਰਚਨਾ ਕੀਤੀ ਜਾਂਦੀ ਹੈ ਤੇ ਦਿਨ ਵਿਚ ਕਈ ਵਾਰ ਭੋਗ ਲਗਾਇਆ ਜਾਂਦਾ ਹੈ। ਮੰਦਰ ਸਵੇਰੇ ਚਾਰ ਵਜੇ ਖੁੱਲ੍ਹ ਜਾਂਦਾ ਹੈ। ਕਰਨੀ ਮਾਤਾ ਮੰਦਰ ਵਿਚ ਦੀਵਾਲੀ, ਦੁਸ਼ਹਿਰਾ ਅਤੇ ਹੋਲੀ ਆਦਿ ਤਿਉਹਾਰਾਂ ਦੇ ਨਾਲ-ਨਾਲ ਨਵਰਾਤਰੇ ਖਾਸ ਤੌਰ ’ਤੇ ਮਨਾਏ ਜਾਂਦੇ ਹਨ। ਨਵਰਾਤਰਿਆਂ ਸਮੇਂ ਲੱਖਾਂ ਸ਼ਰਧਾਲੂ ਮੰਦਰ ਪਹੁੰਚਦੇ ਹਨ। ਮੰਦਰ ਵਿਚ ਹਜ਼ਾਰਾਂ ਚੂਹੇ ਹੋਣ ਦੇ ਬਾਵਜੂਦ ਕਦੇ ਇਸ ਇਲਾਕੇ ਵਿਚ ਪਲੇਗ ਆਦਿ ਵਰਗੀ ਕੋਈ ਬਿਮਾਰੀ ਨਹੀਂ ਫੈਲੀ। ਇਸ ਮੰਦਰ ਦੀ ਅਜੀਬ ਪ੍ਰਥਾ ਕਾਰਨ ਭਾਰਤ ਤੋਂ ਇਲਾਵਾ ਇਸ ਸਬੰਧੀ ਅਮਰੀਕਾ ਵਿਚ ਵੀ ਦੋ ਡਾਕੂਮੈਂਟਰੀ ਫਿਲਮਾਂ ਬਣ ਚੁੱਕੀਆਂ ਹਨ।            
-ਬਲਰਾਜ ਸਿੰਘ ਸਿੱਧੂ 


Sanjeev

Content Editor Sanjeev