ਜਨਮ-ਸਾਖੀ ਸਾਹਿਤ: ਸਾਖੀ ਰਾਇ ਬੁਲਾਰ ਖਾਨ ਸਾਹਿਬ ਜੀ ਦੀ

6/16/2019 4:37:42 PM

ਪ੍ਰੋ.ਹਰਪਾਲ ਸਿੰਘ ਪੰਨੂ

ਦੂਜੇ ਪਾਸੇ, ਇਸ਼ਾਰਿਆਂ ਰਾਹੀਂ ਦੱਸ ਦਿੱਤਾ ਕਿ ਪੂੰਜੀ ਜਮ੍ਹਾ ਕਰਨੀ ਠੀਕ ਨਹੀਂ। ਭਾਈ ਮਰਦਾਨਾ ਜੀ ਨੂੰ ਕਿਤੋਂ ਅਸ਼ਰਫੀ ਮਿਲੀ। ਰਾਤ ਪਈ ਤਾਂ ਕਹਿਣ ਲਗੇ, ''ਬਾਬਾ, ਡਰ ਲਗਦਾ ਹੈ।'' ਕਿਉਂ ਲਗਦਾ ਹੈ, ਕਿਸ ਤੋਂ ਡਰ ਲਗਦਾ ਹੈ, ਬਾਬਾ ਜੀ ਨੇ ਕੁੱਝ ਨਹੀਂ ਪੁੱਛਿਆ। ਬਸ ਏਨਾ ਕਿਹਾ, ''ਭਾਈ ਜਿਸ ਚੀਜ ਕਰਕੇ ਡਰ ਲਗਦਾ ਹੈ ਉਹ ਸੁੱਟ ਦੇਹ। ਡਰ ਹਟ ਜਾਵੇਗਾ।'' ਇਹ ਗਲ ਕੇਵਲ ਧਨ ਦੌਲਤ ਉਪਰ ਲਾਗੂ ਨਹੀਂ। ਕੋਈ ਵੀ ਵਾਸਨਾ ਆਈ, ਤਾਂ ਡਰ ਨਾਲ ਦੀ ਨਾਲ ਆ ਗਿਆ। ਵਾਸਨਾ ਤੋਂ ਮੁਕਤ ਮਨੁੱਖ ਸ਼ਾਹਾਂ ਤੇ ਨਬੀਆਂ ਦਾ ਸਰਦਾਰ ਹੁੰਦਾ ਹੈ। ਸਾਖੀਕਾਰ ਕਲਜੁਗ ਦਾ ਬੜਾ ਭਿਆਨਕ ਰੂਪ ਚਿੱਤਰਦਾ ਹੈ। ਕੜਕਦੀਆਂ ਬਿਜਲੀਆਂ, ਖੌਰੂ ਪਾਉਂਦੀਆਂ ਘਟਾਵਾਂ, ਉਬਾਲ ਖਾ ਰਹੇ ਸਮੁੰਦਰ, ਜੰਗਲਾਂ ਨੂੰ ਸਾੜਦੀਆਂ ਆਕਾਸ਼ ਛੁੰਹਦੀਆਂ ਲਾਟਾਂ ਦੇ ਬਸਤਰ ਪਹਿਨ ਕੇ ਕਲਜੁਗ ਬਾਬੇ ਨੂੰ ਮਿਲਣ ਆਇਆ। ਵਣ ਤ੍ਰਿਣ ਹਰੇਕ ਪ੍ਰਾਣੀ ਕੰਬਣ ਲੱਗਾ। ਬਾਬਾ ਜੀ ਸ਼ਾਂਤ ਚਿਤ ਉਸ ਨੂੰ ਨਿਹਾਰਦੇ ਰਹੇ। ਕਲਯੁਗ ਨੂੰ ਸ਼ਾਂਤ ਹੋਣ ਲਈ ਕਿਹਾ ਤੇ ਪੁੱਛਿਆ- ਦਸ ਕਿਵੇਂ ਆਇਆ। ਕਲਯੁਗ ਨੇ ਕਿਹਾ -ਤੁਸਾਂ ਦੀ ਖਬਰਸਾਰ ਲੈਣ ਆਇਆ ਹਾਂ ਬਾਬਾ। ਨਮਸਕਾਰ ਕੀਤੀ। ਬਾਬੇ ਨੇ ਕਿਹਾ- ਤੇਰੀਓ ਵਾੜੀ ਦਾ ਤਾਂ ਅੰਗੂਰ ਹਾਂ ਮੈਂ। ਤੂੰ ਨਹੀਂ ਖ਼ਬਰ ਲਏਂਗਾ ਹੋਰ ਕੌਣ ਲਏਗਾ? ਕਲਯੁਗ ਨੇ ਕਿਹਾ ਦੱਸੋ ਕੀ ਖਿਦਮਤ ਕਰਾਂ ਤੁਸਾਂ ਦੀ। ਬਾਬਾ ਜੀ ਨੇ ਕਿਹਾਏਨਾ ਕਰੀਂ ਕਿ ਜੋ ਸਾਡੀ ਮੰਨੇ ਉਸ ਨੂੰ ਦੁਖੀ ਨਾ ਕਰੀਂ। ਕਲਯੁਗ ਨੇ ਕਿਹਾ-ਇਹ ਫ਼ੈਸਲਾ ਹੋ ਚੁੱਕਾ ਹੈ ਬਾਬਾ। ਜੋ ਤੇਰੀ ਮੰਨੇਗਾ, ਕਿਸੇ ਜੁੱਗ 'ਚ ਉਸ ਨੂੰ ਸੇਕ ਨਹੀਂ ਲਗੇਗਾ। ਨਮਸਕਾਰ ਕਰਕੇ ਸ਼ਾਂਤ ਚਿਤ ਕਲਯੁਗ ਪਰਤਿਆ। 

ਰਾਇ ਬੁਲਾਰ ਜੀ ਨਾਲ ਬਾਬਾ ਜੀ ਦੀ ਇਕ ਹੋਰ ਸਾਂਝ ਦਾ ਜ਼ਿਕਰ ਸਾਡੀਆਂ ਸਾਖੀਆਂ 'ਚ ਨਹੀਂ ਆਉਂਦਾ। ਬਹੁਤ ਵੱਡੀ ਇਕ ਘਟਨਾ ਘਟੀ ਪਰ ਹੈਰਾਨ ਹਾਂ ਕਿ ਸਾਖੀਆਂ 'ਚ ਕਿਉਂ ਨਹੀਂ ਦਰਜ ਕੀਤੀ ਗਈ। ਇਹ ਸਾਖੀ ਨਨਕਾਣਾ ਸਾਹਿਬ 'ਚ ਮੈਨੂੰ ਇਕ ਨੇਕਬਖ਼ਤ ਮੁਸਲਮਾਨ ਨੇ ਸੁਣਾਈ। ਨਨਕਾਣਾ ਸਾਹਿਬ ਮੱਥਾ ਟੇਕਿਆ, ਕੀਰਤਨ ਸੁਣਿਆ, ਲੰਗਰ ਛਕਿਆ। ਸੋਚਿਆ, ਮੁਸਲਮਾਨਾਂ ਨੂੰ ਮਿਲਾਂ, ਗੱਲਾਂ ਕਰਾਂ। ਕਾਲਜ ਤਾਂ ਹੋਣਾ ਨਹੀਂ ਇੱਥੇ, ਸਕੂਲ ਹੋਇਗਾ। ਕਿਸੇ ਮਾਸਟਰ ਨੂੰ ਮਿਲੀਏ। ਪੁਲਸ ਅਫਸਰ ਨੂੰ ਦੱਸਿਆ ਕਿ ਮੈਂ ਪ੍ਰੋਫੈਸਰ ਹਾਂ। ਕਿਸੇ ਪ੍ਰੋਫੈਸਰ ਜਾਂ ਮਾਸਟਰ ਨੂੰ ਮਿਲਣਾ ਚਾਹੁੰਦਾ ਹਾਂ। ਡੀ.ਐੱਸ.ਪੀ. ਨੇ ਦੱਸਿਆ ਅਹਿ ਇਧਰ ਦੋ ਕੁ ਫਰਲਾਂਗ ਤੇ ਕਾਲਜ ਹੈ, ਚਲੇ ਜਾਓ। ਤੁਰਦਾ ਗਿਆ। ਅਗੇ ਗੇਟ ਆ ਗਿਆ। ਅੰਗਰੇਜ਼ੀ ਅਤੇ ਉਰਦੂ ਅੱਖਰਾਂ 'ਚ ਲਿਖਿਆ ਹੋਇਆ ਸੀ-ਗੁਰੂ ਨਾਨਕ ਗੌਰਮਿੰਟ ਡਿਗਰੀ ਕਾਲਜ ਨਨਕਾਣਾ ਸਾਹਿਬ। ਅੰਦਰ ਲੰਘਿਆ। ਕੋਈ ਦਿੱਸਿਆ ਨਹੀਂ। ਚੌਕੀਦਾਰ ਨੇ ਸਲਾਮਾਲੇਕਮ ਆਖਿਆ ਅਤੇ ਕਿਹਾ-ਜੀ ਖਿਦਮਤ? ਮੈਂ ਕਿਹਾ, ਕੋਈ ਪ੍ਰੋਫੈਸਰ ਨਹੀਂ? ਉਸ ਨੇ ਕਿਹਾਹਨ। ਇਮਤਿਹਾਨ ਹੋ ਰਹੇ ਹਨ। ਡਿਊਟੀਆਂ 'ਤੇ ਹਨ। ਕੰਮ ਹੈ ਤਾਂ ਜਿਸ ਨੂੰ ਕਹੋ ਬੁਲਾ ਲਿਆਉਂਦਾ ਹਾਂ। ਮੈਂ ਕਿਹਾ-ਕੰਮ ਤਾਂ ਕੋਈ ਨਹੀਂ। ਘੰਟੇ ਨੂੰ ਫੇਰ ਆ ਜਾਵਾਂਗਾ ਪੰਜ ਵਜੇ। ਵਾਪਸ ਤੁਰ ਪਿਆ। ਇਕ ਸਾਢੇ ਛੇ ਫੁੱਟ ਲੰਮਾ 65-70 ਸਾਲ ਦਾ ਬਜ਼ੁਰਗ ਸਲਵਾਰ ਕਮੀਜ਼ ਦਸਤਾਰ ਪਹਿਨੀ ਮੇਰੇ ਵੱਲ ਤੇਜ਼ੀ ਨਾਲ ਆਇਆ। ਸਰਦਾਰ ਜੀ ਸਤਿ ਸ੍ਰੀ ਅਕਾਲ। ਪਰਤ ਕਿਉਂ ਚਲੇ? ਮੈਂ ਤੁਹਾਨੂੰ ਦੇਖਿਆ ਤਾਂ ਲੇਬਰ ਨੂੰ ਛੁੱਟੀ ਕਰ ਦਿੱਤੀ। ਮੈਂ ਠੇਕੇਦਾਰ ਹਾਂ। ਮੁੰਡਿਆਂ ਲਈ ਹੋਸਟਲ ਬਣਾ ਰਿਹਾ ਹਾਂ। ਆਉ ਇਧਰ ਬੈਠੀਏ। ਗੱਲਾਂ ਕਰਾਂਗੇ। ਦੋ ਤਿੰਨ ਕੁਰਸੀਆਂ ਮੰਗਵਾ ਲਈਆਂ। ਕੋਈ ਮਜ਼ਦੂਰ ਛੁੱਟੀ ਕਰਕੇ ਘਰ ਨਹੀਂ ਗਿਆ, ਸਾਰੇ ਸਾਡੇ ਇਰਦ ਗਿਰਦ ਜ਼ਮੀਨ ਉਪਰ ਬੈਠ ਗਏ।

ਗੱਲਾਂ ਦੌਰਾਨ ਮੈਂ ਪੁੱਛਿਆ-ਗੁਰਦੁਆਰਾ ਸਾਹਿਬ ਦੇ ਨਾਮ ਕਿੰਨੀ ਜ਼ਮੀਨ ਹੈ ਇਥੇ? ਉਸ ਨੇ ਕਿਹਾ-ਜੀ ਕਿਉਂ ਪੁੱਛੀ ਇਹ ਗੱਲ? ਰਹਿਣ ਸਹਿਣ ਖਾਣ ਪੀਣ 'ਚ ਕੋਈ ਦਿੱਕਤ ਆਈ? ਮੈਂ ਕਿਹਾ-ਨਹੀਂ। ਕੋਈ ਕਮੀ ਨਹੀਂ ਰਹੀ। ਇਹ ਮੇਰੇ ਬਾਬੇ ਦਾ ਜਨਮ ਸਥਾਨ ਹੈ ਨਾ। ਇਸ ਵਾਸਤੇ ਕੀ ਮੇਰਾ ਫਿਕਰਮੰਦ ਹੋਣ ਦਾ ਹੱਕ ਨਹੀਂ? ਉਸ ਨੇ ਕਿਹਾ- ਬਿਲਕੁਲ ਨਹੀਂ। ਫਿਕਰ ਕਰਨ ਦਾ ਹੱਕ ਵੱਡਿਆਂ ਦਾ ਹੈ। ਸਾਡਾ ਤੁਹਾਡਾ ਹੱਕ ਬੰਦਗੀ ਕਰਨ ਦਾ ਹੈ। ਹਜ਼ਰਤ ਬਾਬਾ ਨਾਨਕ ਅਲਹਿ ਸਲਾਮ ਸਾਡਾ ਫਿਕਰ ਕਰਦਾ ਹੈ। ਮੈਂ ਕਿਹਾ-ਦਰੁਸਤ। ਅੱਛਾ ਇਹ ਦੱਸੋ ਕਿ ਜਾਣਨ ਦਾ ਹੱਕ ਤਾਂ ਹੈ? ਉਸ ਨੇ ਕਿਹਾ, ਹਾਂ। ਜਾਣਨ ਦਾ ਹੱਕ ਹੈ। ਸਾਢੇ ਸੱਤ ਸੌ ਮੁਰੱਬਾ ਜ਼ਮੀਨ ਗੁਰਦੁਆਰੇ ਦੇ ਨਾਂ ਹੈ। ਫਿਰ ਮੈਂ ਪੁੱਛਿਆ-ਕੀ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੀ ਸੀ ਇਹ ਜ਼ਮੀਨ? ਠੇਕੇਦਾਰ ਨੇ ਕਿਹਾ-ਬਿਲਕੁਲ ਨਹੀਂ। ਇੰਨੀ ਜ਼ਮੀਨ ਕਿਸੇ ਗੁਰਦੁਆਰੇ ਦੇ ਨਾਂ ਮਹਾਰਾਜੇ ਨੇ ਨਹੀਂ ਲੁਆਈ। ਇਹ ਸਾਡੇ ਭੱਟੀਆਂ ਦੇ ਸਰਦਾਰ ਨੇ ਲੁਆਈ ਸੀ। ਮੈਂ ਫਿਰ ਪੁੱਛਿਆ- ਭੱਟੀਆਂ ਦਾ ਸਰਦਾਰ ਕੌਣ? ਉਸ ਨੇ ਕਿਹਾ- ਭੱਟੀਆਂ ਦੇ ਸਰਦਾਰ ਨੂੰ ਨਹੀਂ ਜਾਣਦੇ? ਇਥੇ ਪੰਜਾਹ ਪਿੰਡਾਂ ਵਿਚ ਬੱਚੇ-ਬੱਚੇ ਨੂੰ ਉਸ ਦਾ ਤੇ ਬਾਬੇ ਦੇ ਨਾਮ ਦਾ ਪਤਾ ਹੈ। ਉਸ ਦਾ ਨਾਮ ਸੀ ਰਾਇ ਬੁਲਾਰ ਖ਼ਾਨ ਸਾਹਿਬ। ਇਥੇ ਬੜੇ ਪਿੰਡ ਹਨ ਜੀ ਭੱਟੀਆਂ ਦੇ। ਤੁਸਾਂ ਨਹੀਂ ਸਰਦਾਰ ਦਾ ਨਾਮ ਸੁਣਿਆ? ਮੈਂ ਕਿਹਾ-ਇਸ ਸਰਦਾਰ ਦਾ ਨਾਮ ਤਾਂ ਸਾਡੇ ਕਣ ਕਣ 'ਚ ਵਸਿਆ ਹੋਇਆ ਹੈ ਭਰਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਰਾਇ ਸਾਹਿਬ ਭੱਟੀ ਸਨ। 

ਠੇਕੇਦਾਰ ਨੇ ਕਿਹਾ-ਜੀ ਅਸੀਂ ਭੱਟੀ, ਆਮ ਨਹੀਂ ਹਾਂ। ਮੈਂ ਵੀ ਭੱਟੀ ਆਂ। ਸਾਰਿਆਂ ਜਹਾਨਾਂ ਦੇ ਮਾਲਕ ਗੁਰੂ ਬਾਬੇ ਨੂੰ ਸਭ ਤੋਂ ਪਹਿਲਾਂ ਸਾਡੇ ਸਰਦਾਰ ਨੇ ਪਛਾਣਿਆ ਸੀ। ਇਕ ਕੋਹਿਨੂਰ ਦੀ ਸ਼ਨਾਖਤ ਕਰ ਲਈ ਸੀ ਭੱਟੀ ਸਰਦਾਰ ਨੇ, ਉਦੋਂ ਹੀ, ਜਦੋਂ ਉਹ ਬਚਪਨ 'ਚ ਸੀ। ਹੁਣ ਸੁਣੋ ਜ਼ਮੀਨ ਦੇਣ ਦੀ ਗੱਲ। ਰਾਇ ਬੁਲਾਰ ਖਾਨ ਪੰਦਰਾਂ ਸੌ ਮੁਰੱਬਿਆਂ ਦਾ ਤਕੜਾ ਰਈਸ ਅਤੇ ਖੁੱਦਦਾਰ ਇਨਸਾਨ ਸੀ ਪਰ ਸੀ ਨੇਕੀ ਦਾ ਮੁਜਸਮਾ। ਬਾਬਾ ਜੀ ਦਾ ਕਦਰਦਾਨ ਸੀ ਪੂਰਾ। ਉਸ ਦੀ ਉਮਰ ਚਾਲੀਆਂ ਤੋਂ ਟੱਪ ਚਲੀ ਪਰ ਔਲਾਦ ਨਹੀਂ ਸੀ। ਦੱਸਦੇ ਨੇ ਪਈ ਘੋੜੇ ਤੇ ਸਵਾਰ ਹੋ ਕੇ ਮੁਰੱਬਿਆਂ ਦਾ ਦੌਰਾ ਕਰਨ ਗਿਆ। ਗੁਰੂ ਬਾਬੇ ਦੀ ਉਮਰ 12-13 ਸਾਲ ਹੋਏਗੀ। ਬਾਬਾ ਮੱਝਾਂ ਚਾਰ ਰਿਹਾ ਸੀ। ਰਾਇ ਸਾਹਿਬ ਘੋੜੇ ਤੋਂ ਉਤਰੇ। ਜੋੜੇ ਉਤਾਰੇ। ਬਾਬਾ ਜੀ ਦੇ ਨਜ਼ਦੀਕ ਹੱਥ ਜੋੜ ਕੇ ਖਲੋ ਗਏ ਅਤੇ ਕਿਹਾ-ਬਾਬਾ ਮੇਰੀ ਮੁਰਾਦ ਪੂਰੀ ਕਰ। ਲਉ ਜੀ ਮੇਰੀਆਂ ਅੱਖਾਂ ਸਾਹਮਣੇ ਜਨਮ ਸਾਖੀ ਦਾ ਇਹ ਦ੍ਰਿਸ਼ ਪੂਰਾ ਘੁੰਮ ਗਿਆ। ਮੈਂ ਜਾਣਦਾ ਸਾਂ ਕਿ ਇਹ ਘਟਨਾ ਵਾਪਰੀ ਸੀ। ਠੇਕੇਦਾਰ ਨੇ ਅੱਗੇ ਦੱਸਿਆ- ਜੀ ਕਦੀ ਬਾਲ ਘਰ ਵਿਚ ਖੇਡੇ, ਇਹ ਮੁਰਾਦ ਮਨ 'ਚ ਲੈ ਕੇ ਅਰਜ਼ ਗੁਜ਼ਾਰਨ ਗਏ ਸਨ। ਬਾਬਾ ਜੀ ਨੇ ਅਸੀਸਾਂ ਦਿੱਤੀਆਂ ਅਤੇ ਕਿਹਾ ਰਾਇ ਤੁਸਾਂ ਦੀ ਮੁਰਾਦ ਪੂਰੀ ਹੋਈ, ਸ਼ੱਕ ਨਾ ਕਰਨਾ।


rajwinder kaur

Edited By rajwinder kaur