ਜ਼ਿੰਦਗੀ ਦੇ ਸਰੋਕਾਰਾਂ 'ਚ ਗੁਰੂ ਨਾਨਕ ਸਾਹਿਬ ਦੀ ਛੋਹ
9/22/2019 9:05:19 AM

ਪੁਰਾਤਨ ਸਮੇਂ 'ਚ ਇਸਤਰੀ ਜਾਤੀ ਦਾ ਕੋਈ ਮਹੱਤਵ ਨਹੀਂ ਸਮਝਿਆ ਜਾਂਦਾ ਸੀ। ਉਸ ਦੀ ਹਾਲਤ ਸਮੇਂ ਦੇ ਦਲਿਤਾਂ ਨਾਲੋਂ ਵੀ ਮਾੜੀ ਪਸ਼ੂਆਂ ਵਰਗੀ ਹੀ ਸੀ। ਸਮਾਜਿਕ ਅਤੇ ਰਾਜਨੀਤਕ ਖੇਤਰ ਤੋਂ ਇਲਾਵਾ ਧਰਮ ਦੇ ਖੇਤਰ ਵਿਚ ਵੀ ਇਸਤਰੀ ਨੂੰ ਬਰਾਬਰੀ ਦਾ ਦਰਜਾ ਪ੍ਰਾਪਤ ਨਹੀਂ ਸੀ। ਉਸ ਦੀ ਹਾਲਤ 'ਢੋਲ, ਗਬਾਰ, ਸ਼ੂਦਰ, ਪਸ਼ੂ ਔਰ ਨਾਰੀ, ਪਾਚੋਂ ਤਾੜਨ ਕੇ ਅਧਿਕਾਰੀ' (ਗੋਸਾਈਂ ਤੁਲਸੀ ਦਾਸ) ਵਾਲੀ ਸੀ। ਨਾਰੀ ਨੂੰ ਪੈਰ ਦੀ ਜੁੱਤੀ ਹੀ ਸਮਝਿਆ ਜਾਂਦਾ ਸੀ। ਨਾਥਾਂ, ਜੋਗੀਆਂ ਨੇ ਔਰਤ ਨੂੰ ਬਾਘਣ (ਬਘਿਆੜੀ) ਆਖ ਕੇ ਭੰਡਿਆ ਹੈ। ਗੁਰੂ ਜੀ ਨੇ ਇਸਤਰੀ ਦੇ ਹੱਕ 'ਚ ਵੀ ਆਵਾਜ਼ ਉਠਾਈ ਤੇ ਉਸ ਨੂੰ ਮੰਦਾ ਕਹਿਣ ਦੀ ਨਿਖੇਧੀ ਕਰਦਿਆਂ ਲਿਖਿਆ ਹੈ ਕਿ ਜੇਕਰ ਰਾਜਾ ਨਿਹਕਲੰਕ ਹੈ ਤਾਂ ਉਸ ਦੀ ਜਨਣੀ ਕਲੰਕਣੀ ਕਿਵੇਂ ਹੋਈ? ਗੁਰ ਵਿਚਾਰ ਨਿਮਨ ਅਨੁਸਾਰ ਹੈ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।।
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।।
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। (੪੭੩)।।
ਨਿਜ ਭਗਤੀ ਸੀਲਵੰਤੀ ਨਾਰਿ ਰੂਪਿ ਅਨੂਪ ਪੂਰੀ ਆਚਾਰਿ।।
ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ।। ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ।।੧।।
ਬਤੀਹ ਸੁਲਖਣੀ ਸਚੁ ਸੰਤਤਿ ਪੂਤ।। ਆਗਿਆਕਾਰੀ ਸੁਘੜ ਸਰੂਪ।।
ਇਛ ਪੂਰੇ ਮਨ ਕੰਤ ਸੁਆਮੀ।। ਸਗਲ ਸੰਤੋਖੀ ਦੇਰ ਜੇਠਾਨੀ।।੩।।
ਸਭ ਪਰਵਾਰੈ ਮਾਹਿ ਸਰੇਸਟ।। ਮਤੀ ਦੇਵੀ ਦੇਵਰ ਜੇਸਟ।।
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ।। ਜਨ ਨਾਨਕ ਸੁਖੇ ਸੁਖਿ ਵਿਹਾਇ।। (੩੭੧)।।
ਗੁਰੂ ਜੀ ਪਰਮਾਤਮਾ ਨੂੰ ਵਿਆਪਕ ਰੂਪ ਵਿਚ ਕੁਦਰਤ 'ਚ ਵਸਿਆ ਵੇਖਦੇ ਹਨ। ਉਨ੍ਹਾਂ ਦੇ ਮੱਤ ਅਨੁਸਾਰ ਹਵਾ, ਪਾਣੀ, ਅਗਨੀ ਅਤੇ ਸਮੁੱਚੀ ਪ੍ਰਕਿਰਤੀ ਹੀ ਪ੍ਰਮਾਤਮਾ ਦੇ ਗੁਣ ਗਾਉਂਦੀ ਹੈ। ਕਾਦਿਰ ਦੀ ਕੁਦਰਤ ਨੂੰ ਵੇਖ-ਵੇਖ ਕੇ ਉਹ ਕਾਦਿਰ ਤੋਂ ਬਲਿਹਾਰ ਜਾਂਦੇ ਹਨ। ਕੁਦਰਤ ਦੀ ਖੇਡ ਉਨ੍ਹਾਂ ਲਈ ਅਜਿਹੀ ਕਿਰਿਆ ਹੈ ਜਿਸ ਤੋਂ ਵਿਸਮਾਦ ਉਪਜਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਗੁਰੂ ਸਾਹਿਬ ਦਾ ਮਨ ਨਿਰੰਕਾਰ ਅਤੇ ਪ੍ਰਕਿਰਤੀ ਨਾਲ ਇਕਸੁਰ ਸੀ। ਗੁਰੂ ਜੀ ਨੇ ਬ੍ਰਹਿਮੰਡ ਦੀ ਵਿਸ਼ਾਲਤਾ ਦਾ ਅਨੇਕ ਥਾਂ ਜ਼ਿਕਰ ਕੀਤਾ ਹੈ। ''ਆਪੇ ਇਕ ਰੰਗ ਹੈ ਆਪੇ ਬਹੁਰੰਗੀ'' ਹੀ ਕਾਦਿਰ ਹੈ। ਉਨ੍ਹਾਂ ਦੀ ਦ੍ਰਿਸ਼ਟੀ ਵਿਚ ਲੱਖਾਂ ਪਾਤਾਲ ਤੇ ਆਕਾਸ਼ ਅਤੇ ਬੇਅੰਤ ਚੰਦ, ਸੂਰਜ, ਤਾਰੇ ਅਤੇ ਅਨੇਕ ਪ੍ਰਕਾਰੀ ਪ੍ਰਕਿਰਤੀ ਆਦਿ ਸਨ। ਇਸ ਧਰਤੀ ਨੂੰ ਗੁਰੂ ਜੀ ਨੇ ਧਰਮਸਾਲ ਆਖਿਆ ਹੈ। ਪੌਣ, ਪਾਣੀ ਤੇ ਅਗਨੀ ਇਸ ਧਰਤੀ ਦੇ ਮਹੱਤਵਪੂਰਨ ਅੰਗ ਹਨ, ਜੋ ਬ੍ਰਹਿਮੰਡ 'ਚ ਜੀਵਨ ਦਾ ਅਧਾਰ ਹਨ। ਇਸੇ ਲਈ ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ “ਮਾਤਾ ਧਰਤਿ ਮਹਤੁ'' ਕਿਹਾ ਹੈ। ਕੁਦਰਤ ਨਾਲ ਗੁਰੂ ਜੀ ਦੀ ਸਾਂਝ ਉਨ੍ਹਾਂ ਦੀ ਸ਼ਖਸੀਅਤ ਦੀ ਵਿਸ਼ਾਲਤਾ ਨੂੰ ਪ੍ਰਗਟ ਕਰਦੀ ਹੈ। ਉਨ੍ਹਾਂ ਅਨੁਸਾਰ ਕੁਦਰਤ ਅਧਿਆਤਮਕ ਮਾਰਗ ਵਿਚ ਵੀ ਬਹੁਤ ਮਹੱਤਵ ਰੱਖਦੀ ਹੈ। ਇਹ ਸਾਨੂੰ ਪ੍ਰਮਾਤਮਾ ਦੇ ਨੇੜੇ ਰੱਖਦੀ ਹੈ। ਕੁਦਰਤ ਅਨੁਸਾਰ ਪਾਕ-ਪਵਿੱਤਰ ਜੀਵਨ, ਸਤਿਸੰਗਤ ਅਤੇ ਗੁਰਬਾਣੀ ਦੀ ਰੰਗਤ ਨਾਲ ਇਕ ਆਦਰਸ਼ ਸ਼ਖਸੀਅਤ ਬਣਦੀ ਹੈ।
ਬਲਿਹਾਰੀ ਕੁਦਰਤਿ ਵਸਿਆ।। ਤੇਰਾ ਅੰਤੁ ਨ ਜਾਈ ਲਖਿਆ।। (੪੬੯)।।
ਤਥਾ
ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣ ਸਚੁ ਨਾਮੁ।
ਪਤਿ ਕਾ ਧਨੁ ਪੂਰਾ ਹੋਆ ਲਾਗਾ ਸਹਜਿ ਧਿਆਨੁ।। (੧੧੬੯)।।
ਅੱਜ ਜਦੋਂ ਸਾਰਾ ਵਿਸ਼ਵ ਇਕ ਪਾਸੇ ਧਰਤੀ, ਅਕਾਸ਼, ਪਾਤਾਲ, ਹਵਾ ਅਰਥਾਤ ਸਮੁੱਚੇ ਵਾਤਾਵਰਣ ਅਤੇ ਸਮਾਜਿਕ ਤੇ ਰਾਜਨੀਤਕ ਜੀਵਨ ਨੂੰ ਹੀ ਬੜੀ ਤੇਜ਼ੀ ਨਾਲ ਪ੍ਰਦੂਸ਼ਤ ਕਰਨ ਵਿਚ ਰੁੱਝਾ ਹੋਇਐ ਤੇ ਦੂਜੇ ਪਾਸੇ ਇਸ ਸਰਬਪੱਖੀ ਪ੍ਰਦੂਸ਼ਣ ਬਾਰੇ ਚਿੰਤਾ ਪ੍ਰਗਟ ਕਰਨ ਦਾ ਢੌਂਗ ਵੀ ਕਰ ਰਿਹਾ ਹੈ। ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਜ਼ਿੰਦਗੀ ਦੇ ਅਧਾਰ, ਓਟ ਅਤੇ ਆਸਰੇ, ਧਰਤੀ, ਅਗਨੀ, ਪੌਣ, ਪਾਣੀ ਤਥਾ ਸਮੁੱਚੀ ਪ੍ਰਕਿਰਤੀ ਦੀ ਦਰਸਾਈ ਮਹੱਤਤਾ ਅਤੇ ਇਸ ਨੂੰ ਹਮੇਸ਼ਾ ਲਈ ਸ਼ੁੱਧ ਰੱਖਣ ਬਾਰੇ ਸੁਚੇਤ ਕਰਨਾ ਬਹੁਤ ਹੀ ਮਹੱਤਵਪੂਰਨ ਹੈ।
ਅੱਜ ਵਿਸ਼ਵ ਦੇ ਸਾਰੇ ਹੀ ਗਿਆਨੀ ਅਤੇ ਵਿਗਿਆਨੀ ਇਸ ਤੱਥ ਨੂੰ ਮੰਨਦੇ ਹਨ ਕਿ ਮਨੁੱਖੀ ਸਰੀਰ ਪ੍ਰਕਿਰਤੀ ਦੇ ਪੰਜ ਤੱਤਾਂ ਤੋਂ ਬਣਿਆ ਹੋਇਆ ਹੈ ਅਤੇ ਇਸ ਤਰ੍ਹਾਂ ਮਨੁੱਖ ਅਤੇ ਪ੍ਰਕਿਰਤੀ ਦਾ ਰਿਸ਼ਤਾ ਅਟੁੱਟ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ 550 ਸਾਲ ਪਹਿਲਾਂ ਹੀ ਇਸ ਤੱਥ ਨੂੰ ਉਜਾਗਰ ਕੀਤਾ ਹੈ ਅਤੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੂਰਜ ਦੀ ਸਥਿਤੀ ਕਾਰਨ ਹੋਂਦ ਵਿਚ ਆਈਆਂ ਰਾਤਾਂ, ਦਿਨ, ਮੌਸਮ, ਰੁੱਤਾਂ, ਗਰਮੀ, ਸਰਦੀ, ਬਹਾਰ ਰੁੱਤ ਦਾ ਮਨੁੱਖੀ ਮਨ ਅਤੇ ਸਰੀਰ ਦੋਹਾਂ 'ਤੇ ਡੂੰਘਾ ਅਸਰ ਪੈਂਦਾ ਹੈ। ਸ਼ਾਤਰ ਮਨੁੱਖ ਦੀ ਹਰ ਸ਼ੈਅ ਦਾ ਸ਼ੋਸ਼ਣ ਕਰਨ ਦੀ ਨੀਤੀ ਕਾਰਨ ਪ੍ਰਕਿਰਤੀ 'ਤੇ ਪੈਂਦੇ ਮਾੜੇ ਪ੍ਰਭਾਵਾਂ ਅਰਥਾਤ ਪੈਦਾ ਕੀਤਾ ਜਾ ਰਿਹਾ ਅਤਿ-ਦਰਜੇ ਦਾ ਪ੍ਰਦੂਸ਼ਣ, ਸਖਤ ਗਰਮੀ ਅਤੇ ਸਖਤ ਸਰਦੀ ਮਨੁੱਖੀ ਮਨ, ਸੁਭਾਅ ਅਤੇ ਜੀਵ-ਜੰਤੂਆਂ ਤੇ ਬਨਸਪਤੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਖਾਸ ਕਰ ਕੇ ਬਾਰਾਮਾਹਾ ਤੁਖਾਰੀ ਵਿਚ ਇਹ ਤੱਥ ਸਪੱਸ਼ਟ ਹੋ ਜਾਂਦਾ ਹੈ। ਦੁਨੀਆ ਦੇ ਮਨੋਵਿਗਿਆਨੀ ਅਤੇ ਚਕਿਤਸਕ ਅਜੇ ਇਸ ਸਬੰਧੀ ਆਪ ਵੀ ਖੋਜ ਵਿਚ ਲੀਨ ਹਨ। ਮਿਸਾਲ ਦੇ ਤੌਰ 'ਤੇ ਗੁਰੂ ਜੀ ਇਉਂ ਫੁਰਮਾਉਂਦੇ ਹਨ:-
1) ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ।। (੧੧੦੭)।।
2) ਵੈਸਾਖੁ ਭਲਾ ਸਾਖਾ ਵੇਸ ਕਰੇ ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ।। (੧੧੦੮)।।
3) ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ।। (੧੧੦੮)।।
4) ਪੋਖਿ ਤੁਖਾਰੁ ਪੜੈ ਵਣੁ ਤ੍ਰਿਣ ਰਸੁ ਸੋਖੈ ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ ।। (੧੧੦੯)।।
5) ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ ਅਨਦਿਨੁ ਰਹਸੁ ਭਇਆ ਆਪੁ ਗਵਾਇਆ।। (੧੧੦੯)।।
ਗੁਰੂ ਜੀ ਨੇ ਵਿਸ਼ਵ ਭਰ ਦੇ ਜੀਵਾਂ ਨੂੰ ਆਪਣਾ ਅਚਾਰ, ਵਿਹਾਰ, ਅਹਾਰ, ਲਿਬਾਸ, ਸਵਾਰੀ ਤੇ ਵਿਸ਼ਰਾਮ ਅਜਿਹਾ ਰੱਖਣ ਦਾ ਉਪਦੇਸ਼ ਕੀਤਾ ਹੈ ਜਿਸ ਨਾਲ ਸਰੀਰ ਨੂੰ ਕੋਈ ਕਸ਼ਟ ਨਾ ਹੋਵੇ। ਅਸ਼ਲੀਲਤਾ ਅਤੇ ਨੰਗੇਜਵਾਦ ਤੋਂ ਰਹਿਤ ਹੋਵੇ ਅਤੇ ਮਨ ਵਿਚ ਬੁਰੇ ਵਿਚਾਰ ਨਾ ਆਉਣ ਤੇ ਵਿਸ਼ੇ-ਵਿਕਾਰ ਨਾ ਪੈਦਾ ਹੋਣ। ਉਨ੍ਹਾਂ ਨੇ ਫੁਰਮਾਇਆ ਹੈ:-
ਬਾਬਾ ਹੋਰੁ ਖਾਣਾ ਖੁਸੀ ਖੁਆਰੁ
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।।੧।। ਰਹਾਉ
ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ।।
ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ।।
ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ।।
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ।।
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ਰਹਾਉ।। (੧੬)।।
ਤਥਾ
ਪੂਰਾ ਸਾਚ ਪਿਆਲਾ ਸਹਜੇ ਤਿਸਹਿ ਪਿਆਏ ਜਾਕਉ ਨਦਰਿ ਕਰੇ।।
ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦ ਛੂਛੈ ਭਾਉ ਧਰੇ।। (੩੬੦)।।
ਗੁਰੂ ਜੀ ਨੇ ਸਹਿਹੋਂਦ ਅਤੇ ਸਦਭਾਵਨਾ 'ਤੇ ਵੀ ਜ਼ੋਰ ਦਿੱਤਾ ਹੈ। ਧਰਤੀ ਤੇ ਸਾਰਾ ਜੀਵਨ ਨਿਰੰਕਾਰ ਦੀ ਇੱਛਾ ਨਾਲ ਪੈਦਾ ਹੋਇਆ ਹੈ। ਮਨੁੱਖ ਨੇ ਆਪੋ ਵਿਚ ਹੋਰ ਜੀਵਾਂ ਨਾਲ ਮਿਲ ਕੇ ਹੀ ਇਸ ਧਰਤੀ 'ਤੇ ਵਸਣਾ ਹੈ। ਉਸ ਨੇ ਹਿੰਸਾ, ਲੋਭ ਤੇ ਅਭਿਮਾਨ ਤੋਂ ਦੂਰ ਰਹਿਣਾ ਹੈ ਤੇ ਸਾਰੇ ਜੀਵਾਂ ਪ੍ਰਤੀ ਦਇਆ ਅਤੇ ਪ੍ਰੇਮ-ਪਿਆਰ ਦੀ ਭਾਵਨਾ ਰੱਖਣੀ ਹੈ। ਗੁਰੂ ਜੀ ਅਨੁਸਾਰ ਅਜਿਹਾ ਸਾਧਕ ਹੀ ਬ੍ਰਹਮ ਗਿਆਨ ਪ੍ਰਾਪਤ ਕਰ ਸਕਦਾ ਹੈ :
ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ
ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ।। (੯੪੦)।।
–ਪ੍ਰੋ. ਕਿਰਪਾਲ ਸਿੰਘ ਬਡੂੰਗਰ
-99158-05100