ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਾਨਵਵਾਦੀ ਸੰਦੇਸ਼

10/13/2019 9:40:09 AM

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਨ ਕ੍ਰਾਂਤੀਕਾਰੀ ਰਹਿਬਰ ਹੋਏ ਹਨ, ਜਿਨ੍ਹਾਂ ਨੇ ਭਾਰਤ ਵਿਚ ਪ੍ਰਚਲਿਤ ਰੂੜ੍ਹੀਵਾਦੀ ਪ੍ਰੰਪਰਾਵਾਂ ਦਾ, ਧਾਰਮਿਕ ਪਾਖੰਡਾਂ, ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ ਵਿਰੁੱਧ ਨਵੀਂ ਜਨ ਚੇਤਨਾ ਪੈਦਾ ਕੀਤੀ। ਪੁਜਾਰੀ ਵਰਗ ਵਲੋਂ ਇਕ ਸੱਚੇ-ਸੁੱਚੇ ਸਧਾਰਣ ਮਨੁੱਖ ਨੂੰ ਪੁੰਨ-ਦਾਨ, ਕਰਮ ਕਾਂਡ, ਸਵਰਗ ਨਰਕਾਂ ਦੇ ਚੱਕਰ ਵਿਚ ਫਸਾ ਕੇ ਉਸ ਦੀ ਚੰਗੀ ਲੁੱਟ-ਖਸੁੱਟ ਕੀਤੀ ਜਾ ਰਹੀ ਸੀ। ਜਿਸ ਵਿਰੁੱਧ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕ ਵਿਗਿਆਨਕ ਪਾਖੰਡ ਦੇ ਲੋਕ ਦਿਖਾਵੇ ਤੋਂ ਰਹਿਤ ਸੱਚੀ-ਸੁੱਚੀ ਤੇ ਸੌਖਾਲੀ ਧਾਰਣ ਕੀਤੀ ਜਾ ਸਕਣ ਵਾਲੀ ਵਿਚਾਰਧਾਰਾ ਪ੍ਰਦਾਨ ਕੀਤੀ। ਭਾਰਤ ਵਿਚ ਪ੍ਰਚਲਿਤ ਵਰਣ ਵਿਵਸਥਾ ਨੇ ਸ਼ੂਦਰ ਅਤੇ ਅਛੂਤ ਕਹੇ ਜਾਣ ਵਾਲੇ ਮਨੁੱਖ ਨੂੰ ਹਾਸ਼ੀਏ ਤੋਂ ਬਾਹਰ ਸੁੱਟ ਦਿੱਤਾ ਸੀ। ਉਸ ਦੀ ਛੋਹ ਅਤੇ ਪ੍ਰਛਾਵੇਂ ਨਾਲ ਉੱਚ ਜਾਤੀਏ ਭਿੱਟੇ ਜਾਂਦੇ ਸਨ। ਇਸ ਜਾਤੀ ਭੇਦ-ਭਾਵ ਨੂੰ ਵੰਗਾਰਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਕਿਹਾ—
ਨੀਚਾਂ ਅੰਦਰਿ ਨੀਚ ਜਾਤਿ,

ਨੀਚੀ ਹੂ ਅਤਿ ਨੀਚੁ।
ਨਾਨਕ ਤਿਨ ਕੈ ਸੰਗਿ ਸਾਥਿ,
ਵੱਡਿਆ ਸਿਉ ਕਿਆ ਰੀਸ।


ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਨਜ਼ਰਾਂ ਅੱਗੇ ਸਭ ਜੀਵ ਅਕਾਲ ਪੁਰਖ ਦੀ ਅੰਸ਼ ਹਨ, ਆਪ ਜੀ ਨੇ ਉਸ ਸਮੇਂ ਨੀਵੀਆਂ ਸਮਝੀਆਂ ਜਾਂਦੀਆਂ ਜਾਤੀਆਂ ਨੂੰ ਸਮਾਨਤਾ ਦਿਵਾਉਂਦੇ ਹੋਏ ਜ਼ੋਰਦਾਰ ਆਵਾਜ਼ ਉਠਾਉਂਦੇ ਹੋਏ ਕਿਹਾ ਕਿ ਉਸ ਸਰਬ ਸ਼ਕਤੀਮਾਨ ਪ੍ਰਮਾਤਮਾ ਦੇ ਘਰ ਵਿਚ ਸਾਰੇ ਮਨੁੱਖ ਸਮਾਨ ਹਨ, ਜਿਸ ਕਰ ਕੇ ਕੋਈ ਵੀ ਵਿਅਕਤੀ ਸੱਚੀ-ਸੁੱਚੀ ਕਿਰਤ ਕਰਦਾ ਹੋਇਆ ਨਾਮ ਸਿਮਰਨ ਰਾਹੀਂ ਪਰਮ ਪਦ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਜੋ ਕਿ ਨੀਵੀਆਂ ਸਮਝੀਆਂ ਜਾਂਦੀਆਂ ਕੌਮਾਂ ਵਿਚੋਂ ਸਨ, ਮਾਨਵੀ ਏਕਤਾ ਅਤੇ ਭਾਈਚਾਰੇ ਦਾ ਪੁਖਤਾ ਸਬੂਤ ਹਨ। ਆਪ ਜੀ ਨੇ ਸਮੁੱਚੀ ਮਾਨਵ ਜਾਤੀ ਨੂੰ ਉਪਦੇਸ਼ ਦਿੱਤਾ ਕਿ ਉਸ ਅਕਾਲ ਪੁਰਖ ਦੀ ਭਗਤੀ ਕਰੋ ਜੋ ਨਿਰਭਉ ਨਿਰਵੈਰ ਹੈ ਤੇ ਜੂਨਾਂ ਦੇ ਗੇੜ ਤੋਂ ਮੁਕਤ ਹੈ ਅਤੇ ਹਮੇਸ਼ਾਂ ਸੱਚ ਹੈ। ਗੁਰੂ ਨਾਨਕ ਬਾਣੀ ਅਨੁਸਾਰ ਪ੍ਰਮਾਤਮਾ ਨੇ ਮਨੁੱਖ ਨੂੰ ਕਿਸੇ ਵਿਸ਼ੇਸ਼ ਕਾਰਜ ਲਈ ਸੰਸਾਰ ਵਿਚ ਭੇਜਿਆ ਹੈ ਅਤੇ ਮਨੁੱਖ ਨੂੰ ਸਾਰੀਆਂ ਜੂਨੀਆਂ ਤੋਂ ਸ੍ਰੇਸ਼ਠ ਬਣਾਇਆ ਹੈ। ਮਨੁੱਖ ਇਕ ਚਿੰਤਨਸ਼ੀਲ ਪ੍ਰਾਣੀ ਹੈ ਅਤੇ ਬੁੱਧੀ ਇਹ ਮੱਤ ਦਿੰਦੀ ਹੈ ਕਿ ਜਿਹੜਾ ਵਰਤਾਰਾ ਤੁਸੀਂ ਦੂਜਿਆਂ ਪਾਸੋਂ ਆਪਣੇ ਹੱਕ ਵਿਚ ਵੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪ ਵੀ ਦੂਜਿਆਂ ਪ੍ਰਤੀ ਇਹੋ ਜਿਹਾ ਵਤੀਰਾ ਅਪਨਾਉਣਾ ਪਵੇਗਾ।

ਗੁਰੂ ਨਾਨਕ ਦੇਵ ਜੀ ਨੇ ਧਰਮ ਕਰਮ ਤੋਂ ਉੱਪਰ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਵਿਅਕਤੀ ਨੂੰ 'ਗੁਰਮੁੱਖ' ਦੀ ਉਪਾਧੀ ਦਿੱਤੀ ਹੈ। ਇਸ ਦਾ ਭਾਵ ਉਸ ਵਿਅਕਤੀ ਤੋਂ ਹੈ ਜਿਸ ਨੇ ਮਨਮੱਤ ਨੂੰ ਤਿਆਗ ਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਕੀਤਾ ਹੈ। ਆਪ ਜੀ ਨੇ ਗੁਰਮੁੱਖ ਨੂੰ ਨਾਮ ਦੇ ਆਸਰੇ ਸਚਿਆਰਾ ਜੀਵਨ ਬਿਤਾਉਣ ਦਾ ਉਪਦੇਸ਼ ਕੀਤਾ ਹੈ।

ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੱਚਾ ਧਰਮ ਪ੍ਰਭੂ ਪ੍ਰੇਮ ਅਤੇ ਮਾਨਵੀ ਪ੍ਰੇਮ ਹੈ। ਉਨ੍ਹਾਂ ਦੇ ਮਾਨਵੀ ਧਰਮ ਦੇ ਘੇਰੇ ਵਿਚ ਗ੍ਰਹਿਸਥ ਵਿਅਕਤੀਗਤ ਸੁਤੰਤਰਤਾ, ਪੱਤ, ਹੱਕ ਅਤੇ ਸਤਿਕਾਰ ਦਾ ਧਿਆਨ ਰੱਖਣਾ, ਸਮਾਜਿਕ, ਸਮਾਨਤਾ, ਸਮਾਜਿਕ ਨਿਆਂ ਦੀ ਸੁਰੱਖਿਆ ਕਰਨੀ, ਸਚਿਆਰ ਦੀ ਰਹਿਣੀ ਬਿਤਾਉਣੀ, ਵਿਕਾਰਾਂ 'ਤੇ ਕਾਬੂ ਪਾਉਣਾ, ਇਸਤਰੀ ਦੇ ਨਿਰਾਦਰ ਦੀ ਨਿਖੇਧੀ ਕਰਨੀ ਚਾਹੀਦੀ ਹੈ ਅਤੇ ਅੰਧ ਵਿਸਵਾਸ਼, ਕਰਮ-ਕਾਂਡ, ਰਹੁ-ਰੀਤਾਂ, ਰੂੜ੍ਹੀਵਾਦੀ ਸੋਚ ਦਾ ਜ਼ੋਰਦਾਰ ਖੰਡਨ ਕਰਨਾ ਹੈ। ਗੁਰੂ ਨਾਨਕ ਦੇਵ ਜੀ ਨੇ ਝੂਠ ਤੇ ਫਰੇਬ ਦਾ ਤਿਆਗ, ਸਾਧ-ਸੰਗਤ ਵਿਚ ਸ਼ਾਮਿਲ ਹੋਣਾ, ਨਿੱਜੀ ਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣੀਆਂ, ਭਾਈਚਾਰੇ ਦੀ ਭਾਵਨਾ, ਸੇਵਾ, ਪ੍ਰੇਮ, ਦਇਆ, ਦਾਨ ਸੰਤੋਖ ਤੇ ਹੋਰ ਚੰਗੇ ਗੁਣ ਅਪਣਾਉਣ ਦਾ ਉਪਦੇਸ਼ ਦਿੱਤਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਸਿੱਧੇ ਰਾਹ ਪਾਉਣ ਲਈ ਅਨੇਕਾਂ ਉਪਰਾਲੇ ਕੀਤੇ। ਚਾਰ ਉਦਾਸੀਆਂ ਦੌਰਾਨ ਲੋਕਾਂ ਨੂੰ ਸੱਚੀ ਕਿਰਤ, ਵੰਡ ਛਕਣ, ਨਾਮ ਜਪਣ ਦਾ ਉਪਦੇਸ਼ ਦਿੱਤਾ ਅਤੇ ਗੁਰੂ ਸਾਹਿਬ ਨੇ ਦੁਨਿਆਵੀ ਜੀਵਨ ਬਤੀਤ ਕਰਨ ਵਾਲੇ ਆਮ ਮਨੁੱਖ ਨੂੰ ਪ੍ਰਮਾਤਮਾ ਤੱਕ ਪਹੁੰਚਣ ਦਾ ਰਾਹ ਵਿਖਾਇਆ। ਸਤਿਗੁਰੂ ਜੀ ਦੀ ਬਾਣੀ ਨਾ ਤਾਂ ਸਾਨੂੰ ਯੋਗੀ ਬਣ ਕੇ ਜੰਗਲਾਂ ਵਿਚ ਰਹਿਣ ਲਈ ਉਕਸਾਉਂਦੀ ਹੈ ਅਤੇ ਨਾ ਹੀ ਬੇਮਤਲਬ ਰੀਤੀ-ਰਿਵਾਜਾਂ ਵਿਚ ਉਲਝਣ ਦੀ ਪ੍ਰੇਰਣਾ ਦਿੰਦੀ ਹੈ ਸਗੋਂ ਇਹ ਤਾਂ ਸਾਨੂੰ ਦੁਨਿਆਵੀ ਜ਼ਿੰਮੇਵਾਰੀਆਂ ਭੁਗਤਾਉਂਦਿਆਂ ਹੋਇਆਂ, ਹਊਮੇ ਨੂੰ ਤਿਆਗ ਕੇ ਭਗਤੀ ਦਾ ਰਾਹ ਅਪਣਾਉਣ ਲਈ ਪ੍ਰੇਰਣਾ ਦਿੰਦੀ ਹੈ। 'ਜਪੁਜੀ ਸਾਹਿਬ' ਦੇ ਪਹਿਲੇ ਭਾਗ ਨੂੰ-

ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ
ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ


ਨੂੰ ਮੂਲ ਮੰਤਰ ਕਿਹਾ ਜਾਂਦਾ ਹੈ। ਇਸ ਭਾਗ ਵਿਚ ਸਰਵ ਸ਼ਕਤੀਮਾਨ ਅਕਾਲ ਪੁਰਖ ਦੀ ਪਰਿਭਾਸ਼ਾ ਦਿੱਤੀ ਗਈ ਹੈ ਅਤੇ ਉਸ ਦਾ ਵਿਸਥਾਰ ਦਿੱਤਾ ਗਿਆ ਹੈ।

ਸਤਿਗੁਰੂ ਨਾਨਕ ਦੇਵ ਜੀ ਨੇ ਆਪਣੀ 70 ਸਾਲ ਦੀ ਸਰੀਰਕ ਜ਼ਿੰਦਗੀ ਵਿਚ ਬਹੁਤ ਹੀ ਅਨੋਖੇ ਚਮਤਕਾਰ ਦਿਖਾਏ। ਪੁਰਾਣੀਆਂ ਰਵਾਇਤਾਂ ਨੂੰ ਵੰਗਾਰਿਆਂ ਤੇ ਚੋਰਾਂ, ਠੱਗਾਂ, ਕੌਡੇ ਰਾਖਸ਼ਾਂ, ਮਲਿਕ ਭਾਗੋ, ਵਲੀ ਕੰਧਾਰੀ ਵਰਗਿਆਂ ਨੂੰ ਸੱਚ ਦਾ ਉਪਦੇਸ਼ ਦਿੰਦੇ ਹੋਏ ਸੱਚੇ ਮਾਰਗ 'ਤੇ ਲਿਆਂਦਾ ਅਤੇ ਰਾਜਿਆਂ ਦੇ ਹੁਕਮਾਂ ਦੀਆਂ ਪਰਜਾ ਪ੍ਰਤੀ ਭੈੜੀਆਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਕਿਹਾ—

ਰਾਜੇ ਸ਼ੀਹ ਮੁਕਦਮ ਕੁੱਤੇ,
ਜਾਇ ਜਗਾਇਣ ਬੈਠੇ ਸੁੱਤੇ।


ਗੁਰੂ ਸਾਹਿਬ ਨੇ ਗਰੀਬ ਵਰਗ ਨੂੰ ਉੱਚਾ ਚੁੱਕਣ ਦੀ ਖਾਤਿਰ ਆਪਣੇ ਸਮਕਾਲੀ ਗੁਰੂ ਰਵਿਦਾਸ ਜੀ, ਗੁਰੂ ਕਬੀਰ ਜੀ ਦੀ ਤਰ੍ਹਾਂ ਆਪ ਜੀ ਨੇ ਵੀ ਜਾਤ-ਪਾਤ ਦਾ ਸਖਤ ਵਿਰੋਧ ਕੀਤਾ ਅਤੇ ਆਪਣੇ ਗਰੀਬ ਸਿੱਖ ਭਾਈ ਲਾਲੋ ਜੀ ਨੂੰ ਤਾਰਨ ਵਾਸਤੇ ਸੈਦਪੁਰ ਗਏ। ਮਲਕ ਭਾਗੋ ਦੇ ਸੁੰਦਰ ਸਜਾਏ ਹੋਏ ਸਿੰਘਾਸਨ ਨੂੰ ਛੱਡ ਬਿਰਾਜਮਾਨ ਹੋਣ ਲਈ ਕਿਰਤ ਕਰਨ ਵਾਲੇ ਆਪਣੇ ਸੇਵਕ ਭਾਈ ਲਾਲੋ ਜੀ ਦਾ ਟੁੱਟਾ ਮੰਜਾ ਪ੍ਰਵਾਨ ਕੀਤਾ ਅਤੇ ਉਸਦੀਆਂ ਸੁੱਕੀਆਂ ਰੋਟੀਆਂ ਵਿਚੋਂ ਸੈਦਪੁਰ ਦੇ ਲੋਕਾਂ ਨੂੰ ਸੱਚ ਦੀ ਕਮਾਈ ਦੇ ਦਰਸ਼ਨ ਵੀ ਕਰਵਾਏ। ਲਾਲੋ ਨੂੰ ਗਲੇ ਲਗਾ ਕੇ ਮਲਕ ਭਾਗੋ ਨੂੰ ਪਾਪਾਂ ਦੀ ਕਮਾਈ ਖਾਣ ਤੋਂ ਰੋਕਦਿਆਂ ਉਪਦੇਸ਼ ਦਿੱਤਾ ਹਮੇਸ਼ਾ ਜ਼ਿੰਦਗੀ ਵਿਚ ਸੱਚ ਦੀ ਕਿਰਤ ਕਰਕੇ ਹੀ ਮਿਹਨਤ ਦੀ ਰੋਟੀ ਖਾਣੀ ਚਾਹੀਦੀ ਹੈ। ਅੱਜ ਦੇ ਸਮੇਂ ਜੋ ਗੁਰੂ ਨਾਨਕ ਦੇਵ ਜੀ ਦਾ ਸੱਚੀ ਕਿਰਤ ਕਰਨ ਦਾ ਉਪਦੇਸ਼ ਹੈ ਹਰੇਕ ਮਨੁੱਖ ਲਈ ਅਪਨਾਉਣਾ ਜ਼ਰੂਰੀ ਹੈ ਤਾਂ ਹੀ ਚਿੰਤਾਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਆਉ, ਅੱਜ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਇਕੱਠੇ ਹੋ ਕੇ- ਆਦਿ ਸਚੁ ਜੁਗਾਦਿ ਸਚੁ
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ

ਜੋ ਹਮੇਸ਼ਾ ਸ੍ਰਿਸ਼ਟੀ ਦੇ ਆਦਿ ਵਿਚ ਵੀ ਉਹ ਸੱਚ ਸੀ, ਜੁੱਗਾਂ ਦੇ ਆਦਿ ਵਿਚ ਭੀ ਸੱਚ ਸੀ। ਵਰਤਮਾਨ ਅਤੇ ਭਵਿੱਖਤ ਕਾਲ ਵਿਚ ਭੀ ਉਹ ਸੱਚ ਹੈ। ਆਓ, ਉਸਦੇ ਚਰਨ ਕਮਲਾਂ ਦਾ ਆਸਰਾ ਲੈ ਕਰ ਆਪਣੀ ਜ਼ਿੰਦਗੀ ਦੀਆਂ ਕਮਜ਼ੋਰੀਆਂ ਤੋਂ ਛੁਟਕਾਰਾ ਪਾਈਏ ਅਤੇ ਸੱਚ ਦੇ ਮਾਰਗ 'ਤੇ ਚੱਲਣ ਲਈ ਯਤਨਸ਼ੀਲ ਹੋਈਏ।
—ਮਹਿੰਦਰ ਸੰਧੂ, ਮਹੇੜੂ


Baljeet Kaur

Edited By Baljeet Kaur