ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ
6/28/2019 10:51:50 AM

ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਦੌਰਾਨ ਅਨੁਭਵ ਕੀਤਾ ਕਿ ਧਰਮ ਸਥਾਨਾਂ ਦਾ ਜਨਤਾ ਦੇ ਮਨਾਂ 'ਤੇ ਬਹੁਤ ਅਸਰ ਹੁੰਦਾ ਹੈ। ਅਣਗਿਣਤ ਜਗਿਆਸੂ ਧਰਮ ਦੀ ਜਾਂਚ ਸਿੱਖਣ ਲਈ ਧਰਮ-ਸਥਾਨਾਂ ਵਿਚ ਸੀਸ ਝੁਕਾਉਂਦੇ ਹਨ ਪਰ ਪੁਜਾਰੀ ਅਤੇ ਪੰਡਿਤਾਂ ਦੀਆਂ ਅੰਦਰਲੀਆਂ ਕਮਜ਼ੋਰੀਆਂ ਕਾਰਨ ਧਰਮ-ਸਥਾਨਾਂ ਤੋਂ ਜਗਿਆਸੂ ਲੋਕਾਂ ਦੀ ਤ੍ਰਿਪਤੀ ਨਹੀਂ ਹੁੰਦੀ। ਅਸਲ ਵਿਚ ਧਰਮ-ਸਥਾਨ ਲੋਕਾਂ ਦੇ ਜੀਵਨ ਦਾ ਕੇਂਦਰ ਹਨ। ਗੁਰੂ ਸਾਹਿਬ ਅਨੁਸਾਰ :
ਕਾਲ ਨਾਹੀਜੋਗੁਨਾਹੀਨਾਹੀ ਸਤ ਕਾ ਢਬੁ£।। ਥਾਨਸਟ ਜਗ ਭਰਿਸਟ ਹੋਏ ਡੂਬਤਾਇਵਜਗੁ।। (ਅੰਗ ੬੬੨)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਸਾਰ ਵਿਚ ਆਉਣ ਤੋਂ ਪਹਿਲਾਂ ਸਮਾਜ ਵਿਚ ਬਹੁਤ ਗਿਰਾਵਟ ਆ ਚੁੱਕੀ ਸੀ। ਸਮਾਜ ਚਾਰ ਵਰਣਾਂ (ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ) ਵਿਚ ਵੰਡਿਆ ਹੋਇਆ ਸੀ। ਹਿੰਦੂ ਅਤੇ ਮੁਸਲਮਾਨਾਂ ਵਿਚ ਆਪਸੀ ਝਗੜੇ–ਲੜਾਈ ਅਤੇ ਨਫਰਤ ਵਾਲਾ ਮਾਹੌਲ ਪੈਦਾ ਕੀਤਾ ਹੋਇਆ ਸੀ। ਚਾਰੇ ਪਾਸੇ ਕੂੜ ਪ੍ਰਧਾਨ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਇਹ ਤਰਾਸਦੀ ਸੀ ਕਿ ਉਸ ਸਮੇਂ ਦੇ ਧਾਰਮਿਕ ਆਗੂ ਅਗਵਾਈ ਦੇਣ ਯੋਗ ਨਾ ਰਹੇ, ਧਰਮ-ਪੋਥੀਆਂ ਲੋਕਾਂ ਦੀ ਸਮਝ ਤੋਂ ਬਾਹਰ ਸਨ ਅਤੇ ਧਾਰਮਿਕ ਸਥਾਨਾਂ ਤੋਂ ਵੀ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਅਗਵਾਈ ਨਹੀਂ ਸੀ ਮਿਲ ਰਹੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਜਿਹੇ ਕਰਮ-ਕਾਂਡਾਂ ਦਾ ਜ਼ੋਰਦਾਰ ਖੰਡਨ ਕੀਤਾ। ਗੁਰੂ ਸਾਹਿਬ ਦੀ ਦ੍ਰਿਸ਼ਟੀ ਵਿਚ ਪੂਜਾ-ਪਾਠ, ਆਰਤੀਆਂ, ਟਿੱਕੇ, ਰੋਜ਼ੇ, ਨਮਾਜ਼ਾਂ, ਮੁੰਦਾਂ ਸਭ ਫਜ਼ੂਲ ਸਨ। ਇਨ੍ਹਾਂ ਦਾ ਵਿਸ਼ਲੇਸ਼ਣ ਕਰਦਿਆਂ ਗੁਰੂ ਸਾਹਿਬ ਨੇ ਸਪੱਸ਼ਟ ਕੀਤਾ ਹੈ ਕਿ ਸੱਚੀ ਕਰਨੀ ਤੋਂ ਬਿਨਾਂ ਇਹ ਕਰਮ ਕਿਸੇ ਕੰਮ ਨਹੀਂ :
ਹਿੰਦੂ ਕੈ ਘਰਿ ਹਿੰਦੂ ਆਵੈ ਸੂਤੁ ਜਨੇਊ ਪੜਿਗਲਿਪਾਵੈ
ਸੂਤੁਪਾਇ ਕਰੇ ਬੁਰਿਆਈ ਨਾਤਾ ਧੋਤਾ ਥਾਇ ਨ ਪਾਈ
ਮੁਸਲਮਾਨ ਕਰੇ ਵਡਿਆਈ
ਵਿਣੁ ਗੁਰ ਪੀਰੈ ਕੋ ਥਾਇ ਨ ਪਾਈ
ਰਾਹੁ ਦਸਾਏੳਥੈ ਕੋ ਜਾਇ ਕਰਣੀ ਬਾਝਹੁਭਿਸਤਿ ਨ ਪਾਇ
ਜੋਗੀ ਕੈ ਘਰਿ ਜੁਗਤਿ ਦਸਾਈ
ਤਿਤ ਕਾਰਣਿਕੰਨਿਮੁੰਦ੍ਰਾ ਪਾਈ
ਮੁੰਦ੍ਰਾਪਾਇਫਿਰੈਸੰਸਾਰਿ ਜਿਥੈਕਿਥੈਸਿਰਜਨਹਾਰੁ
ਜੇਤੇ ਜੀਅ ਤੇਤੇਵਾਟਾਊ ਗੰਗੇ ਆਈ ਢਿਲ ਨ ਕਾਊ
ਇਥੈਜਾਵੈ ਸੁ ਜਾਇਸਿਙਾਣੈ ਹੋਰ ਫਕੜੁ ਹਿੰਦੂ ਮੁਸਲਮਾਣੈ
ਸਭਨਾ ਕਾ ਦਰਿ ਲੇਖਾ ਹੋਇ ਕਰਣੀ ਬਾਝਹੁਤਰੈ ਨ ਕੋਇ
ਸਚੋਸਚੁਵਖਾਣੈਕੋਇ।। ਨਾਨਕ ਅਗੇ ਪੁਛ ਨ ਹੋਇ।। (ਅੰਗ ੯੫੧ )
ਭਾਈ ਗੁਰਦਾਸ ਜੀ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਜਗਤ ਵਿਚ ਪਾਪ ਦਾ ਵਰਤਾਰਾ ਸੀ, ਦਇਆ ਮੁਕ ਚੁੱਕੀ ਸੀ, ਧਰਮ ਦੀ ਹਾਨੀ ਹੋ ਗਈ ਸੀ ਅਤੇ ਸਭ ਪਾਸੇ ਹਨੇਰ ਵਰਤ ਗਿਆ ਸੀ :
ਬਾਝ ਗੁਰੂ ਅੰਧੇਰ ਹੈ ਖਹਿ ਖਹਿ ਮਰਦੇ ਬਹੁ ਬਿਧੁਲੋਆ।।
ਵਰਤਿਆ ਪਾਪ ਜਗਤੁ ਤੇ ਧਉਲ ਉਹੀਣਾਨਿਸ ਦਿਨ ਰੋਆਬਾਝ ਦਇਆ ਬਲ ਹੀਨ ਹੈ ਨਿਘਰ ਚਲੋ ਰਸਾਤਲ ਟੋਆ। ਖੜਾ ਇਕਤ ਪੈਰ ਤੇ ਪਾਪ ਸੰਗ ਬਹੁ ਰਾਗ ਹੋਆ।।
ਥੰਮੇਕੋਇ ਨ ਸਾਧ ਬਿਨ ਸਾਧ ਨ ਇਸੇ ਜਗ ਵਿਚ ਕੋਆ।। ਲੋਕਾਈ ਦੀ ਪੁਕਾਰ ਸੁਣ ਕੇ ਪਰਮਾਤਮਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸ ਧਰਤੀ ਉਤੇ ਭੇਜਿਆ : ਸੁਣੀ ਪੁਕਾਰ ਦਾਤਾਰ ਪ੍ਰਭੁ।। ਗੁਰੂ ਨਾਨਕ ਜਗ ਮਾਹਿ ਪਠਾਇਆ।। ਭਾਈ ਗੁਰਦਾਸ ਜੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਪਰਮਾਤਮਾ ਦੀ 'ਬਖਸ਼ਿਸ਼' ਪ੍ਰਾਪਤ ਕੀਤੀ, ਉਪਰੰਤ ਜਗਤ ਜਲੰਦੇ ਨੂੰ ਤਾਰਨ ਦਾ ਕਾਰਜ ਆਰੰਭ ਕੀਤਾ :
ਪਹਿਲਾ ਬਾਬੇ ਪਾਯਾਬਖਸੁਦਰਿ ਪਿਛੋਂ ਦੇ ਫਿਰਿਘਾਲਿ ਕਮਾਈ।.
1518 ਤੋਂ ਬਾਅਦ ਗੁਰੂ ਨਾਨਕ ਸਾਹਿਬ ਜਦੋਂ ਦੂਜੀ ਯਾਤਰਾ 'ਤੇ ਨਿਕਲੇ ਤਾਂ ਬਗਦਾਦ (ਇਰਾਕ) ਤੋਂ ਬਾਅਦ ਗੁਰੂ ਜੀ ਈਰਾਨ ਗਏ। ਵੱਡੇ–ਵੱਡੇ ਸ਼ਹਿਰਾਂ ਵਿਚ ਠਹਿਰਦੇ ਹੋਏ, ਤੁਰਕਿਸਤਾਨ, ਅਫ਼ਗਾਨਿਸਤਾਨ (ਕਾਬਲ) ਪਹੁੰਚੇ। ਇਥੇ ਗੁਰੂ ਸਾਹਿਬ ਜੀ ਦੇ ਆਗਮਨ ਦੀ ਯਾਦ ਵਿਚ ਇਕ ਧਰਮਸ਼ਾਲਾ ਹੈ ਅਤੇ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਲੇ ਤੱਕ ਇਥੇ ਸਿੱਖੀ ਦਾ ਵਿਸ਼ੇਸ਼ ਪ੍ਰਚਾਰ ਚੱਲਦਾ ਰਿਹਾ। ਕਾਬੁਲ ਤੋਂ ਜਲਾਲਾਬਾਦ ਗਏ, ਜਿਥੇ ਇਕ ਧਰਮਸ਼ਾਲਾ ਤੇ ਚਸ਼ਮਾ ਹੈ। ਇਥੇ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਬੇਅੰਤ ਖ਼ੁਦਾ ਦੀ ਰਚੀ ਕੁਦਰਤ ਵੀ ਬੇਅੰਤ ਹੈ। ਜਲਾਲਾਬਾਦ ਤੋਂ ਸਤਿਗੁਰੂ ਜੀ ਹਸਨ ਅਬਦਾਲ (ਪੰਜਾ ਸਾਹਿਬ-ਵਲੀ ਕੰਧਾਰੀ) ਵਿਸਾਖ 1521 ਵਿਚ ਪਹੁੰਚੇ। ਗਣੇਸ਼ ਦਾਸ ਵਡ੍ਹੇਰਾ ਆਪਣੀ ਫ਼ਾਰਸੀ ਵਿਚ ਲਿਖੀ ਹੋਈ ਪੁਸਤਕ ਚਾਰ ਬਾਗ–ਏ–ਪੰਜਾਬ ਵਿਚ ਲਿਖਦਾ ਹੈ ਕਿ ਉਸ ਪਹਾੜੀ ਉੱਤੇ ਸੱਯਦ ਕੰਧਾਰੀ ਸ਼ਾਹਵਲੀ ਅੱਲ੍ਹਾ ਦੀ ਖ਼ਾਨਗਾਹ ਹੈ, ਜਿੱਥੇ ਸਾਰੀ ਰਾਤ ਚਰਾਗ਼ ਜਲਦਾ ਰਹਿੰਦਾ ਹੈ। ਇਹ ਸੱਯਦ ਕੰਧਾਰੀ ਦੀ ਕਰਾਮਾਤ ਸਮਝੀ ਜਾਂਦੀ ਹੈ।
ਉਨ੍ਹੀਂ ਦਿਨੀਂ ਇਸ ਇਲਾਕੇ ਵਿਚ ਪੀਰ ਵਲੀ ਕੰਧਾਰੀ ਦੀ ਬਹੁਤ ਮਾਨਤਾ ਸੀ। 'ਮਹਾਨ ਕੋਸ਼' ਦੇ ਸਫ਼ਾ 792-793 ਅਨੁਸਾਰ ਹਸਨ ਅਬਦਾਲ ਵਿਚ ਉਨ੍ਹੀਂ ਦਿਨੀਂ ਪਾਣੀ ਦੇ ਇਕ ਚਸ਼ਮੇ ਦੇ ਨਜ਼ਦੀਕ ਪੀਰ ਵਲੀ ਕੰਧਾਰੀ ਨੇ ਆਪਣਾ ਡੇਰਾ ਬਣਾਇਆ ਹੋਇਆ ਸੀ। ਵਿਸਾਖ, ਸੰਮਤ 1578 ਬ੍ਰਿਕਮੀ (1521 ਈ.) ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਹਸਨ ਅਬਦਾਲ ਆਏ। ਉਦੋਂ ਗਰਮੀ ਦੀ ਰੁੱਤ ਸੀ। ਪਹਾੜੀ ਦੇ ਥੱਲੇ ਠੰਡੀ ਛਾਂ ਹੇਠ ਗੁਰੂ ਨਾਨਕ ਤੇ ਭਾਈ ਮਰਦਾਨਾ ਜੀ ਨੇ ਇਲਾਹੀ ਬਾਣੀ ਦਾ ਗਾਇਨ ਸ਼ੁਰੂ ਕੀਤਾ। ਵਲੀ ਕੰਧਾਰੀ ਨੂੰ ਗੁਰੂ ਜੀ ਦੀ ਮਾਨਤਾ ਹੁੰਦੀ ਦੇਖ ਬਹੁਤ ਕ੍ਰੋਧ ਆਇਆ। ਇਤਿਹਾਸਕ ਸਾਖੀ ਅਨੁਸਾਰ ਮਰਦਾਨੇ ਨੂੰ ਪਿਆਸ ਲੱਗਣ 'ਤੇ ਗੁਰੂ ਜੀ ਨੇ ਉਸ ਨੂੰ ਪਾਣੀ ਲੈਣ ਲਈ ਵਲੀ ਕੰਧਾਰੀ ਕੋਲ ਭੇਜਿਆ।
ਵਲੀ ਕੰਧਾਰੀ ਨੇ ਪੁੱਛਿਆ ਕਿ ਉਹ ਕੌਣ ਹੈ? ਭਾਈ ਮਰਦਾਨੇ ਨੇ ਆਪਣੇ ਤੇ ਗੁਰੂ ਨਾਨਕ ਸਾਹਿਬ ਬਾਰੇ ਜਾਣਕਾਰੀ ਕਰਵਾਈ ਅਤੇ ਕਿਹਾ ਕਿ ਉਹ ਥੱਲੇ ਜਾ ਕੇ ਅਵਤਾਰੀ ਪੁਰਸ਼ ਗੁਰੂ ਨਾਨਕ ਸਾਹਿਬ ਨੂੰ ਮਿਲਣ। ਗੁਰੂ ਨਾਨਕ ਸਾਹਿਬ ਦੀ ਉਪਮਾ ਸੁਣ ਕੇ ਵਲੀ ਕੰਧਾਰੀ ਨੂੰ ਗੁੱਸਾ ਆ ਗਿਆ ਤੇ ਉਸ ਨੇ ਕਿਹਾ ਕਿ ਜੇ ਉਹ ਵਲੀ ਅੱਲ੍ਹਾ ਹੈ ਤਾਂ ਦੂਜਿਆਂ ਦੇ ਡੇਰਿਆਂ ਤੋਂ ਕਿਉਂ ਪਾਣੀ ਮੰਗਦਾ ਹੈ? ਮਰਦਾਨਾ ਖਾਲੀ ਹੱਥ ਥੱਲੇ ਮੁੜ ਆਇਆ ਤੇ ਉਸ ਨੇ ਸਾਰੀ ਗੱਲ ਬਾਬੇ ਨਾਨਕ ਨੂੰ ਆ ਸੁਣਾਈ। ਗੁਰੂ ਨਾਨਕ ਜੀ ਨੇ ਮਰਦਾਨੇ ਨੂੰ ਮੁੜ ਭੇਜਿਆ ਤੇ ਕਿਹਾ ਕਿ ਬੜੀ ਨਿਮਰਤਾ ਨਾਲ ਜਾ ਕੇ ਪਾਣੀ ਮੰਗੇ ਤੇ ਕਹੇ ਕਿ ਰੱਬ ਦਾ ਇਕ ਨਿਮਾਣਾ ਸੇਵਕ ਬੜੀ ਨਿਮਰਤਾ ਨਾਲ ਰੱਬੀ ਬਖ਼ਸ਼ਿਸ਼ ਵਜੋਂ ਪਾਣੀ ਦਾ ਜਾਚਕ ਹੈ।
ਮਰਦਾਨੇ ਨੇ ਫਿਰ ਨਿਮਰਤਾ ਨਾਲ ਪਾਣੀ ਮੰਗਿਆ ਤਾਂ ਵਲੀ ਕੰਧਾਰੀ ਨੇ ਮਿਹਣਾ ਦਿੱਤਾ, 'ਜਿਸ ਫਕੀਰ ਦਾ ਤੂੰ ਮੁਰੀਦ ਹੈਂ, ਉਹ ਤੈਨੂੰ ਪਾਣੀ ਵੀ ਨਹੀਂ ਪਿਲਾ ਸਕਦਾ।' ਪਿਆਸ ਨਾਲ ਵਿਆਕੁਲ ਮਰਦਾਨਾ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਵਾਪਸ ਪਹੁੰਚਿਆ ਤੇ ਕਹਿਣ ਲੱਗਾ, 'ਸੱਚੇ ਪਾਤਿਸ਼ਾਹ, ਆਪ ਜੀ ਦੇ ਚਰਨਾਂ 'ਚ ਪਿਆਸਾ ਹੀ ਮਰ ਜਾਵਾਂਗਾ ਪਰ ਹੁਣ ਮੈਂ ਹਊਮੈ ਗ੍ਰਸਤ ਵਲੀ ਕੰਧਾਰੀ ਕੋਲ ਨਹੀਂ ਜਾਵਾਂਗਾ।' ਸੱਚੇ ਪਾਤਿਸ਼ਾਹ ਹੱਸ ਕੇ ਬੋਲੇ, 'ਮਰਦਾਨਿਆ, ਕਰਤਾਰ ਦਾ ਨਾਮ ਲੈ ਅਤੇ ਜਲ ਛਕ।' ਗੁਰੂ ਜੀ ਨੇ ਲਾਗਿਓਂ ਇਕ ਪੱਥਰ ਹਟਾਇਆ, ਜਿਥੋਂ ਨਿਰਮਲ ਜਲ ਦਾ ਅਮੁੱਕ ਸੋਮਾ ਫੁੱਟ ਪਿਆ। ਮਰਦਾਨੇ ਨੇ ਜਲ ਛਕਿਆ ਤੇ ਕਰਤਾਰ ਦਾ ਸ਼ੁਕਰ ਕੀਤਾ। ਇਹ ਦੇਖ ਵਲੀ ਕੰਧਾਰੀ ਨੇ ਕਹਿਰਵਾਨ ਹੋ, ਗੁਰੂ ਜੀ ਵੱਲ ਇਕ ਵੱਡਾ ਪੱਥਰ ਪਹਾੜੀ ਤੋਂ ਸੁੱਟ ਦਿੱਤਾ। ਪਾਤਿਸ਼ਾਹ ਨੇ ਪੱਥਰ ਨੂੰ ਆਪਣੇ ਪਾਵਨ ਪੰਜੇ ਨਾਲ ਰੋਕ ਲਿਆ। ਉਸ ਪੱਥਰ ਉੱਪਰ ਗੁਰੂ ਜੀ ਦੇ ਪਾਵਨ ਪੰਜੇ ਦਾ ਅਮਿਟ ਨਿਸ਼ਾਨ ਉਕਰਿਆ ਹੋਇਆ ਹੈ।
ਹੁਣ ਉਥੇ ਸਰੋਵਰ, ਧਰਮਸ਼ਾਲਾ ਤੇ ਗੁਰਦਵਾਰਾ ਬਣਿਆ ਹੋਇਆ ਹੈ। ਇਹ ਗੁਰਦਵਾਰਾ ਹਸਨ ਅਬਦਾਲ ਦੇ ਰੇਲਵੇ ਸਟੇਸ਼ਨ ਤੋਂ ਕੋਈ ਇਕ ਕਿ. ਮੀ. ਦੱਖਣ ਪੱਛਮ ਵੱਲ ਹੈ। ਗੁਰਦਵਾਰੇ ਦੇ ਨਾਂ ਮਹਾਰਾਜਾ ਰਣਜੀਤ ਸਿੰਘ ਨੇ ਪੰਜ ਸੌ ਰੁਪਿਆ ਸਾਲਾਨਾ ਜਾਗੀਰ ਵੀ ਲਵਾਈ ਹੋਈ ਸੀ। ਇਸ ਦੇ ਕੋਲ ਹੀ ਪੇਸ਼ਾਵਰ ਦੀ ਸੰਗਤ ਨੇ ਇਕ ਸੁੰਦਰ ਸਰਾਂ ਵੀ ਬਣਵਾ ਦਿੱਤੀ ਹੈ। ਉਸ ਦੇ ਲਾਗੇ ਹੀ ਇਕ ਗੁੰਬਦ ਹੈ, ਜਿਸ ਵਿਚ ਅਬੁਉਲਫ਼ਤਿਹਗਿਲਾਨੀ ਅਤੇ ਹਕੀਮ–ਏ–ਹਮਾਮ, ਜਿਹੜੇ ਮੁਹੰਮਦ ਅਕਬਰ ਬਾਦਸ਼ਾਹ ਦੇ ਦਰਬਾਰ ਵਿਚ ਮੁਮਤਾਜ਼ ਸਨ, ਦੱਬੇ ਪਏ ਹਨ। ਹਸਨ ਅਬਦਾਲ ਦੇ ਕੋਲ ਹੀ ਪੂਰਬ ਦੱਖਣ ਵੱਲ ਇਕ ਆਬਸ਼ਾਰ ਹੈ ਅਤੇ ਪੂਰਬ ਉੱਤਰ ਵੱਲ ਹਜ਼ਾਰੇ ਦਾ ਇਲਾਕਾ ਲੱਗਦਾ ਹੈ। ਇਸ ਦੇ ਇਰਦ ਗਿਰਦ ਪਹਾੜੀ ਇਲਾਕਾ ਹੈ। ਵਲੀ ਕੰਧਾਰੀ ਦਾ ਮਕਬਰਾ ਇਹ ਪਹਾੜੀ ਉਪਰ ਕਾਫ਼ੀ ਉਚਾਈ 'ਤੇ ਬਣਿਆ ਹੋਇਆ ਹੈ। ਮੁਗ਼ਲ ਬਾਦਸ਼ਾਹ ਅਕਬਰ ਦਾ ਲਵਾਇਆ ਇਕ ਬਾਗ ਵੀ ਇਸ ਦੇ ਕੋਲ ਹੈ ਜਿਸ ਦੇ ਨਾਲ ਹੀ ਲਾਲਾ ਰੁਖ ਦਾ ਮਕਬਰਾ ਹੈ। ਹਸਨ ਅਬਦਾਲ ਹੁਣ ਪੰਜਾ ਸਾਹਿਬ ਦੇ ਨਾਂ ਨਾਲ ਮਸ਼ਹੂਰ ਹੈ। ਬਾਬਾ ਹਸਨ ਅਬਦਾਲ ਸੱਯਦ (ਸੈਯਦ) ਸਬਜ਼ਵਾਰ (ਇਲਾਕਾ ਖ਼ੁਰਾਸਾਨ) ਦਾ ਸੀ ਅਤੇ ਭਾਰਤ ਵਿਚ ਮਿਰਜ਼ਾ ਸ਼ਾਹਰੁਖ ਨਾਲ ਆਇਆ ਸੀ। ਇਸ ਦਾ ਦਿਹਾਂਤ ਕੰਧਾਰ ਵਿਚ ਹੋਇਆ ਸੀ।
-ਅਵਤਾਰ ਸਿੰਘ ਆਨੰਦ
98551-20287