ਸੁਣਿਐ ਹਾਥ ਹੋਵੈ ਅਸਗਾਹੁ

6/12/2019 10:40:36 AM

ਗਿਆਰਵੀਂ ਪਉੜੀ
ਨਿਰਗੁਣ ਸ਼ਬਦ ਵਿਚਾਰ/ਦੇਸ ਰਾਜ ਕਾਲੀ

ਸੁਣਿਐ ਸਰਾ ਗੁਣਾ ਕੇ ਗਾਹ।।। ਸੁਣਿਐ ਸੇਖ ਪੀਰ ਪਾਤਿਸਾਹ।।। ਸੁਣਿਐ ਅੰਧੇ ਪਾਵਹਿ ਰਾਹੁ।।। ਸੁਣਿਐ ਹਾਥ ਹੋਵੈ ਅਸਗਾਹ।।। ਨਾਨਕ ਭਗਤਾ ਸਦਾ ਵਿਗਾਸੁ।।। ਸੁਣਿਐ ਦੂਖ ਪਾਪ ਕਾ ਨਾਸ।।।੧੧।।।।
ਭਰਮ ਨੂੰ ਸਮਝਣਾ ਹੈ ਇਸ ਪਉੜੀ ਰਾਹੀਂ। ਭਰਮ ਪੈਦਾ ਹੋ ਗਿਐ। ਬਹੁਤ ਵੱਡੇ-ਵੱਡੇ ਭਰਮ ਪਾਲ ਲਏ। ਮੈਂ ਗੁਣਵਾਨ ਹਾਂ। ਮੈਂ। ਇਕੋ ਸ਼ਬਦ ਨੇ ਹਨੇਰਾ ਕਰ ਦਿੱਤਾ। ਚਾਨਣ ਦੀ ਗੁੰਜਾਇਸ਼ ਹੀ ਨਹੀਂ ਰਹਿਣ ਦਿੱਤੀ। ਸਿਰਫ 'ਮੈਂ' ਨੇ। ਇਕ ਕਥਾ ਹੈ ਸੂਫੀ ਦਰਵੇਸ਼ ਬਾਬਾ ਬੁੱਲ੍ਹੇ ਸ਼ਾਹ ਜੀ ਬਾਰੇ। ਬਹੁਤ ਸੰਜੀਦਾ ਕਥਾ, ਇਕ ਪ੍ਰਤੀਕ ਵਜੋਂ। ਬੁੱਲ੍ਹੇ ਸ਼ਾਹ ਆਪਣੇ ਪੀਰ ਸ਼ਾਹ ਇਨਾਇਤ ਦੇ ਹੁਜਰੇ ਗਏ ਨੇ। ਦਰਵਾਜ਼ਾ ਖਟਖਟਾਇਆ ਹੈ। ਅੰਦਰੋਂ ਆਵਾਜ਼ ਆਈ ਹੈ, ਕੌਣ? ਮੈਂ ਬੁੱਲ੍ਹਾ। ਮੈਂ। ਭਰਮ/ਹੰਕਾਰ। ਇਹਨੂੰ ਦਰਵਾਜ਼ਾ ਨਹੀਂ ਖੋਲ੍ਹਣਾ। ਇਹਦੇ ਅੰਦਰ 'ਮੈਂ' ਹੈ। ਬਾਹਰ ਬੁੱਲ੍ਹੇ ਸ਼ਾਹ ਨੂੰ ਵੀ ਖਬਰ ਹੋ ਗਈ ਕਿ ਗਲਤ ਹੋ ਗਿਆ। ਕੁਰਲਾ ਰਿਹਾ ਹੈ। ਪਰ ਨਹੀਂ, ਅੰਦਰੋਂ ਦਰਵਾਜ਼ਾ ਬੰਦ ਹੈ। ਆਖਿਰ ਗੁਰੂ ਨੂੰ ਵੀ ਜਾਣਦਾ ਹੈ ਕਿ ਉਹਨੇ ਜੋ ਕਹਿ ਦਿੱਤਾ ਉਹੀ ਹੋਵੇਗਾ। ਚਲਿਆ ਗਿਆ। ਜਾ ਕੇ ਮੁਜਰਾ ਕਰਨ ਵਾਲਿਆਂ ਦੇ ਮੁਹੱਲੇ ਮੁਜਰਾ/ਸੰਗੀਤ ਦੀ ਵਿਦਿਆ ਲੈਣੀ ਸ਼ੁਰੂ ਕਰ ਦਿੱਤੀ। ਬਹੁਤ ਸਮਾਂ ਬੀਤ ਗਿਆ। ਇਕ ਦਿਨ ਸ਼ਾਹ ਇਨਾਇਤ ਆਪਣੇ ਕਿਸੇ ਚੇਲੇ ਨੂੰ ਓਧਰ ਕੰਮ ਵਾਸਤੇ ਭੇਜਦੇ ਨੇ, ਜਿੱਧਰ ਬਾਬਾ ਬੁਲ੍ਹੇ ਸ਼ਾਹ ਸੰਗੀਤ ਸਿੱਖ ਰਹੇ ਨੇ। ਇਕ ਕਮਰੇ 'ਚੋਂ ਗਾਉਣ ਦੀ ਆਵਾਜ਼ ਆ ਰਹੀ ਹੈ, ਬਿਰਹਾ ਕੁੱਠੀ। ਤੜਪ ਨਾਲ ਭਰੀ ਹੋਈ। ਕੋਈ ਗਾ ਰਿਹਾ ਹੈ। ਚੇਲਾ ਦੀਵਾਰ ਨਾਲ ਕੰਨ ਲਾ ਕੇ ਸੁਣਦਾ ਹੈ। ਓਥੇ ਹੀ ਪੱਥਰ ਹੋ ਜਾਂਦਾ ਹੈ। ਕਿਸ ਕੰਮ ਆਇਆ ਸੀ, ਇਹ ਵੀ ਖਬਰ ਨਹੀਂ। ਮੰਤਰ ਮੁਗਧ। ਜਦੋਂ ਕਾਫੀ ਦੇਰ ਚੇਲਾ ਵਾਪਸ ਨਾ ਆਇਆ ਤਾਂ ਸ਼ਾਹ ਇਨਾਇਤ ਨੇ ਆਪਣਾ ਖੱਬਾ ਕੰਨ ਲਪੇਟਿਆ ਤੇ ਚੇਲੇ ਨੂੰ ਲੱਭਣ ਭੇਜ ਦਿੱਤਾ। ਉਹ ਕੰਨ ਵੀ ਉਸੇ ਦੀਵਾਰ ਨਾਲ ਜਾ ਲੱਗਾ, ਜਿਹਦੇ ਅੰਦਰ ਬਾਬਾ ਬੁੱਲ੍ਹੇ ਸ਼ਾਹ ਬਿਰਹੋਂ ਕੁੱਠੀ ਆਵਾਜ਼ 'ਚ ਗਾ ਰਹੇ ਨੇ। ਫਿਰ ਦੂਸਰਾ ਕੰਨ ਵੀ ਭੇਜਿਆ, ਉਹ ਵੀ ਉੱਥੇ ਈ ਜਾ ਲੱਗਾ। ਇਹ ਇਸ਼ਕ ਦੀ ਆਵਾਜ਼ ਦਾ ਜਾਦੂ ਸੀ। ਫਿਰ ਕੁੱਝ ਦਿਨਾਂ ਬਾਅਦ ਆਲਾਨਾ ਉਰਸ ਆ ਗਿਆ। ਉਨ੍ਹਾਂ ਸਮਿਆਂ 'ਚ ਇਹ ਰਿਵਾਜ਼ ਸੀ ਕਿ ਜਿਸ ਵੀ ਕਿਸੇ ਨਵੀਂ ਤਵਾਇਫ ਨੇ ਗਾਉਣਾ ਸ਼ੁਰੂ ਕਰਨਾ ਹੁੰਦਾ ਸੀ, ਉਹਨੂੰ ਪੀਰ ਕੋਲੋਂ ਆਗਿਆ ਲੈਣੀ ਪੈਂਦੀ ਸੀ। ਆਗਿਆ ਵਾਸਤੇ ਇਕ ਰਸਮ ਸੀ। ਉਸ ਰਸਮ ਮੁਤਾਬਿਕ ਉਸ ਤਵਾਇਫ ਦੀ ਨੱਥ ਸੂਤ ਦੇ ਧਾਗੇ ਨਾਲ ਬੰਨ੍ਹ ਕੇ ਪੀਰ ਦੇ ਹੱਥ ਫੜਾਈ ਜਾਂਦੀ ਸੀ। ਪੀਰ ਉਹਨੂੰ ਕੋਈ ਸ਼ੇਅਰ ਕਹਿਣ ਲਈ ਕਹਿੰਦਾ। ਜੇਕਰ ਉਹ ਗੱਲ ਟਿਕਾਣੇ ਮਾਰਦੀ ਤਾਂ ਪੀਰ ਉਸ ਦੀ ਨੱਥ ਹਿਲਾਉਂਦਾ। ਫਿਰ ਉਸ ਨੂੰ ਮੁਜਰਾ ਕਰਨ ਦੀ ਆਗਿਆ ਮਿਲ ਜਾਂਦੀ। ਇਸ ਵਾਰ ਬਾਬਾ ਬੁੱਲ੍ਹੇ ਸ਼ਾਹ ਹੈ, ਜੋ ਤਵਾਇਫ ਦੇ ਭੇਖ 'ਚ ਹੈ। ਉਹਦੀ ਨੱਥ ਪੀਰ ਦੇ ਹੱਥ ਹੈ। ਉਹਨੂੰ ਕੁੱਝ ਕਹਿਣ ਲਈ ਕਿਹਾ ਗਿਆ। ਕਹਿਣ ਲੱਗੇ-ਮੇਰੀ ਨੱਥ ਖਸਮ ਦੇ ਹੱਥ ਮੈਂ ਹੁਣ ਨਾਖਸਮੀ ਨਾਹੀਂ। ਉਏ ਤੂੰ ਬੁੱਲ੍ਹਾ? ਨਹੀਂ ਜੀ ਮੈਂ ਭੁੱਲਾ। ਫਿਰ ਬਾਬਾ ਬੁੱਲ੍ਹੇ ਸ਼ਾਹ ਨੇ ਗਾਇਆ-ਤੇਰੇ ਇਸ਼ਕ ਨਚਾਇਆ ਕਰ ਥਈਆ-ਥਈਆ।

ਹੁਣ ਇਹ ਜੋ ਕਥਾ ਹੈ ਭਰਮ ਬਾਰੇ ਹੀ ਹੈ। ਹੰਕਾਰ ਹੋ ਗਿਆ। ਮੈਂ 'ਚ ਫਸ ਗਿਆ। ਗੁਣੀ ਹੋ ਗਿਆ। ਪਰ ਸਤਿਗੁਰੂ ਨਾਨਕ ਦੇਵ ਜੀ ਕੀ ਕਹਿ ਰਹੇ ਨੇ ਕਿ ਗੁਣੀ ਤਾਂ ਜੇਕਰ ਉਸਨੂੰ ਸੁਣ ਲਿਆ। ਸੁਣਨ ਜੋਗੇ ਹੋ ਗਏ। ਉਹਦੀ ਕਿਰਪਾ ਹੋ ਗਈ ਤਾਂ। ਸੁਣਿਐ ਸਰਾ ਗੁਣਾ ਕੇ ਗਾਹ। ਜੋ ਮਰਜ਼ੀ ਗਾਹ ਮਾਰਿਆ ਹੋਵੇ। ਜੇਕਰ ਇਹ ਲੱਗਦਾ ਹੈ ਕਿ ਮੇਰੇ ਅੰਦਰ ਗੁਣ ਨੇ, ਤਾਂ ਭਰਮ ਹੈ। ਗਾਹ ਮਾਰੋ ਸਾਰਾ ਕੁੱਝ ਭਰਮ ਨਹੀਂ ਜਾਣਾ। ਭਰਮ ਗਿਆ ਤਾਂ ਕੁੱਝ ਪਾ ਸਕੋਗੇ। ਗੁਰੂ ਲੋਕ ਤਾਂ ਆਪਣੇ ਆਪ ਬਾਰੇ ਲਿਖਦਿਆਂ ਲਿਹਾਜ ਨਹੀਂ ਕਰਦੇ-ਕਾਮਿ ਕ੍ਰੋਧਿ ਭਰੇ ਹਮ ਅਪਰਾਧੀ। ਕਿਆ ਮੁਹੁ ਲੈ ਬੋਲਹ ਨਾ ਨਾ ਹਮ ਗੁਣ ਨ ਸੇਵਾ ਸਾਧੀ। ਡੁਬਦੇ ਪਥਰ ਮੇਲਿ ਲੈਹੁ ਤੁਮ ਆਪੇ ਸਾਚੁ ਨਾਮੁ ਅਬਿਨਾਸੀ ਹ।£।।੯।।। ਉਹ ਅਬਿਨਾਸੀ ਹੈ, ਜੋ ਕਰ ਸਕਦਾ ਹੈ। ਅਸੀਂ ਤਾਂ ਪਾਪੀ ਹਾਂ, ਅਪਰਾਧੀ ਹਾਂ। ਇਸ ਨਿਮਰਤਾ ਨੂੰ ਪਹੁੰਚਣਾ ਹੈ। ਪਹੁੰਚ ਸਕਦੇ ਹੋ, ਕੁੱਝ ਛੱਡਣਾ ਹੈ। ਫੜਨਾ ਨਹੀਂ ਹੈ। ਜਦੋਂ ਛੁੱਟ ਗਿਆ ਤਾਂ ਸਮਝੋ ਸੁਣਨ ਜੋਗੇ ਹੋ ਗਏ। ਸੁਣਨ ਲੱਗ ਪਿਆ ਤਾਂ ਭਰਮ ਰਹਿਣਾ ਹੀ ਨਹੀਂ ਹੈ। ਉਹੀ ਤਾਂ ਸੁਣ ਰਿਹਾ ਹੈ। ਉਹੀ ਤਾਂ ਸੱਚ ਹੈ। ਇਹਦੇ ਵਿਚ ਭਰਮ ਕਿਹੜਾ? ਸੁਣਿਐ ਸੇਖ ਪੀਰ ਪਾਤਿਸਾਹ। ਕਿਸੇ ਵੀ ਰੁਤਬੇ ਨੂੰ ਪ੍ਰਾਪਤ ਕਰ ਲਵੋ। ਸੇਖ ਹੋ ਜਾਓ, ਪੀਰ ਹੋ ਜਾਓ, ਪਾਤਸਾਹੁ ਹੋ ਜਾਓ, ਜੇਕਰ ਸੁਣ ਨਹੀਂ ਸਕਦੇ ਤਾਂ ਕੁੱਝ ਵੀ ਨਹੀਂ। ਇਹ ਸਾਰਾ ਕੁੱਝ ਬਾਹਰੀ ਹੈ। ਤੁਸੀਂ ਅੰਦਰੋਂ ਸੇਖ ਹੋਣਾ ਹੈ, ਅੰਦਰੋਂ ਪੀਰ ਹੋਣਾ ਹੈ, ਅੰਦਰੋਂ ਪਾਤਸਾਹੁ ਹੋਣਾ ਹੈ। ਇਹ ਸਾਰਾ ਜੋ ਚਲਨ ਹੈ, ਇਹ ਅੰਤਰ ਵੱਲ ਵਹਿੰਦਾ ਹੈ। ਵਹਿਣ ਲੱਗਦਾ ਹੈ ਤਾਂ ਫਿਰ ਅੰਤਰ 'ਚ ਹੀ ਰਹਿੰਦਾ ਹੈ। ਇਹ ਕਿਸੇ ਫੁੱਲ ਦੇ ਖਿੜਨ ਸਮਾਨ ਹੈ। ਖੇੜਾ ਹੈ। ਨੂਰ ਹੈ।

ਸੁਣਿਐ ਅੰਧੇ ਪਾਵਹਿ ਰਾਹੁ।। ਮੁਨਾਖੇ ਹੋਣ ਦੇ ਮਾਅਨੇ ਸਮਝੋ ਇੱਥੇ। ਅੱਖਾਂ ਦਾ ਜਾਣਾ ਮੁਨਾਖੇ ਹੋਣਾ ਨਹੀਂ ਹੈ। ਸੁਣ ਨਾ ਸਕਣਾ ਮੁਨਾਖੇ ਹੋਣਾ ਹੈ। ਨਿਕਸੇ ਇਕ ਆਵਾਜ਼ ਚਿਰਾਗ਼ ਕੀ ਜੋਤੀ ਮਾਹੇ। ਗਿਆਨ ਸਮਾਧੀ ਸੁਨੇ ਔਰ ਕੋਈ ਸੁਨਤਾ ਨਾਹੇ। ਇਹ ਜੋ ਗਿਆਨ ਨਹੀਂ ਹੈ। ਇਹ ਜੋ ਕਿਰਪਾ ਨਹੀਂ ਹੋਈ। ਇਹ ਮੁਨਾਖੇ ਹੋਣਾ ਹੈ। ਪਰ ਜੇਕਰ ਸੁਣਨ ਲੱਗ ਪਿਆ, ਫੇਰ ਖੁਦ-ਬ-ਖੁਦ ਹੀ ਰਾਹ ਪੈ ਜਾਵੋਗੇ। ਸਾਰੀਆਂ ਪਉੜੀਆਂ 'ਚ ਕੁੱਝ ਨਾ ਕੁੱਝ ਅਜਿਹਾ ਕਿਹਾ ਗਿਆ ਹੈ, ਜਿਸ ਨੂੰ ਖੋਲ੍ਹਣ ਦੀ ਲੋੜ ਹੈ। ਗੁਰੂ ਸਾਹਿਬ ਇਸ਼ਾਰੇ ਮਾਤਰ 'ਚ ਇੰਨੇ ਵੱਡੇ ਫਲਸਫੇ ਦੀ ਰਾਹ ਪਾ ਦਿੰਦੇ ਨੇ ਕਿ ਹੈਰਾਨੀ ਹੁੰਦੀ ਹੈ। ਉਸ ਦੇ ਵਿਸਥਾਰ 'ਚ ਜਾਣ ਦੀ ਲੋੜ ਹੈ। ਅਸੀਂ ਪਹਿਲਾਂ ਵੀ ਵਿਚਾਰ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਅੰਦਰ ਕਿਸੇ ਵਿਚਾਰ ਦੇ ਇੰਨੇ ਪੱਖ ਪੇਸ਼ ਕਰਦੇ ਨੇ ਕਿ ਸ਼ਬਦ ਅਗਾਂਹ ਤੋਂ ਅਗਾਂਹ ਸਮੁੰਦਰ ਦੀ ਗਹਿਰਾਈ ਵਾਂਗ ਗਹਿਰਾ ਹੁੰਦਾ ਤੁਰਿਆ ਜਾਂਦਾ ਹੈ। ਇੱਥੇ ਵੀ ਜੇਕਰ ਸਿਰਫ ਸੁਣਿਐ ਨੂੰ ਹੀ ਲਿਆ ਜਾਵੇ ਤਾਂ ਪੂਰੀ ਭਾਰਤੀ ਦਰਸ਼ਨ ਪ੍ਰੰਪਰਾ ਦੇ ਦੀਦਾਰ ਇਕੋ ਸ਼ਬਦ 'ਚੋਂ ਕਰ ਸਕਦੇ ਹਾਂ। ਸੁਣਿਐ ਅੰਧੇ ਪਾਵਹਿ ਰਾਹੁ।। ਸੁਣਨ ਨਾਲ ਹੀ ਰਾਹ ਮਿਲੇਗਾ। ਉਹਦੀ ਮਿਹਰ ਹੋਵੇਗੀ ਤਾਂ ਕੁਰਾਹੇ ਪਿਆ ਵੀ ਰਾਹ 'ਤੇ ਆ ਜਾਵੇਗਾ। ਸੁਣਿਐ ਅੰਧੇ ਪਾਵਹਿ ਰਾਹੁ।। ਰਾਹ ਕਿਹੜਾ ਹੈ? ਰਾਹ ਵੀ ਉਹੀ ਚਿਰਾਗ ਦੀ ਜੋਤੀ 'ਚੋਂ ਨਿਕਲਣ ਵਾਲੀ ਆਵਾਜ਼ ਨੂੰ ਸੁਣਨ ਵਾਲੇ ਗਿਆਨ ਵਾਲਾ ਹੀ ਹੈ। ਗਿਆਨ ਸਮਾਧੀ ਸੁਨੇ। ਇਸ ਸਮਾਧੀ ਦੀ ਅਵਸਥਾ 'ਚ ਪਹੁੰਚਣਾ ਹੈ।

ਸੁਣਿਐ ਹਾਥ ਹੋਵੈ ਅਸਗਾਹ।। ਅਸਗਾਹੁ ਸਮਝੋ। ਅਸਗਾਹੁ ਮਾਅਨੇ ਖਾਕ ਹੋ ਜਾਣਾ। ਖਾਕ। ਹਾਥ ਹੋਵੈ, ਸਮਝ ਆ ਜਾਂਦੀ ਹੈ। ਪਤਾ ਲੱਗ ਜਾਂਦਾ ਹੈ। ਕੋਈ ਮਹਾਪੁਰਖ ਸਵਾਲ ਕਰਦੇ ਨੇ ਕਿ ਜਦੋਂ ਹੰਕਾਰ ਆਉਂਦਾ ਹੈ, ਬੰਦੇ ਨੂੰ ਉਸ ਦੀ ਖਬਰ ਹੁੰਦੀ ਹੈ? ਜਾਂ ਜਦੋਂ ਜਾਂਦਾ ਹੈ ਬੰਦੇ ਨੂੰ ਉਦੋਂ ਪਤਾ ਲੱਗ ਜਾਂਦੈ ਕਿ ਹੰਕਾਰ ਮਿਟ ਗਿਆ ਹੈ ਮੇਰੇ ਅੰਦਰੋਂ? ਦੋਵਾਂ ਹੀ ਸਵਾਲਾਂ 'ਚ ਜਵਾਬ ਪਿਆ ਹੈ। ਜੇ ਪਤਾ ਹੀ ਲੱਗ ਗਿਆ, ਹੰਕਾਰ ਤਾਂ ਉਸ ਪਤਾ ਲੱਗਣ 'ਚ ਪਿਆ ਹੈ। ਹੁਣ ਇੱਥੇ ਫਿਰ ਅਸਗਾਹੁ ਨੂੰ ਖਾਕ ਹੋ ਜਾਣ ਦੇ ਪਤਾ ਲੱਗ ਜਾਣ ਨੂੰ ਸਮਝਣ ਦੀ ਜ਼ਰੂਰਤ ਹੈ। ਖਾਕ ਹੀ ਹੈ। ਮਿੱਟੀ ਹੈ। ਮੋਢੇ 'ਤੇ ਸਮਾਨ ਰੱਖ-ਰੱਖ ਕੰਧਾਂ ਉਸਾਰ ਰਿਹੈਂ? ਤੇਰੀਆਂ ਨੇ ਇਹ? ਰਵਿਦਾਸ ਜੀ ਮਹਾਰਾਜ ਕੋਲ ਚੱਲਦੇ ਹਾਂ- ਰਾਖਹੁ ਕੰਧ ਉਸਾਰਹੁ ਨੀਵਾਂ£ ਸਾਢੇ ਤੀਨਿ ਹਾਥ ਤੇਰੀ ਸੀਵਾਂ।।।੨।।। ਬੰਕੇ ਬਾਲ ਪਾਗ ਸਿਰਿ ਡੇਰੀ।। ਇਹੁ ਤਨੁ ਹੋਇਗੋ ਭਸਮ ਕੀ ਢੇਰੀ।।।੩।।।ਕੰਧਾੜੇ ਰੱਖ ਨੀਹਾਂ ਉਸਾਰ ਰਿਹੈਂ, ਤੇਰੇ ਹਿੱਸੇ 'ਚ ਤਾਂ ਕੁੱਝ ਵੀ ਨਹੀਂ। ਸ਼ਮਲੇ ਛੱਡ ਰਿਹੈਂ, ਤੂੰ ਤਾਂ ਮਿੱਟੀ ਦੀ ਢੇਰੀ ਏਂ। ਹੋਸ਼ ਕਰ। ਖਬਰ ਰੱਖ। ਖਾਕ ਏਂ, ਅਸਗਾਹੁ। ਇਹ ਖਬਰ ਹੋ ਗਈ ਤਾਂ ਕਿਤੇ ਜਾ ਕੇ ਨਬੇੜਾ ਹੋਣਾ ਹੈ। ਨਹੀਂ ਤਾਂ ਅੰਧੇ ਵਾਲੇ ਰਾਹ ਤੁਰਿਆ ਰਹਿ। ਗਿਆਨ ਹਾਸਲ ਕਰ। ਕੁਦਰਤਿ ਨੂੰ ਸਮਝ। ਉਹਦਾ ਕੋਈ ਪਾਰਾਵਾਰ ਨਹੀਂ ਹੈ। ਕੁਦਰਤ ਦਾ ਇਹ ਜੋ ਪਾਸਾਰ ਹੈ ਸੰਤ ਨਾਮਦੇਵ ਜੀ ਦੇ ਇਕ ਸ਼ਬਦ 'ਚ ਕਮਾਲ ਬੱਝਾ ਹੈ- ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ।। ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ।।।੧।।। ਰੀ ਬਾਈ ਬੇਢੀ ਦੇਨੁ ਨ ਜਾਈ£ ਦੇਖੁ ਬੇਢੀ ਰਹਿਓ ਸਮਾਈ।। ਹਮਾਰੈ ਬੇਢੀ ਪ੍ਰਾਨ ਅਧਾਰਾ।।।।੧।।।। ਰਹਾਉ।। ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ।। ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ।।।੨।।। ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ।। ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ।।।੩।।। ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ£ ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ।।।੪।। ਇਸ ਸ਼ਬਦ ਵਿਚ-'ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ£' ਇਹ ਜੋ ਸਤਰ ਹੈ, ਬਹੁਤ ਮਹੱਤਵਪੂਰਨ ਹੈ। ਇਸੇ ਸਤਰ ਨੂੰ ਸਮਝਦਿਆਂ ਅਸੀਂ ਗੁਰਬਾਣੀ ਦੀ ਸਮਝ ਬਣਾ ਸਕਦੇ ਹਾਂ। ਸਾਰਾ ਜਲ ਉਸੇ ਨੇ ਮੁੱਠੀ 'ਚ ਬੰਨ੍ਹ ਕੇ ਰੱਖਿਆ ਹੈ। ਮੁੱਠੀ ਖੋਲ੍ਹ ਦੇਵੇ ਤਾਂ ਪਰਲੈ ਆ ਜਾਵੇ। ਇਹ ਜੋ ਬੈਲੇਂਸ ਹੈ, ਇਹ ਜੋ ਸੰਤੁਲਨ ਹੈ, ਕਾਇਮ ਰੱਖਿਆ ਹੋਇਆ, ਇਸੇ ਦੇ ਦਵੰਦ ਨੂੰ ਸਮਝਣਾ ਹੈ। ਸਾਰੀ ਬਾਣੀ ਇਸੇ ਦਵੰਦ ਦੇ ਦੀਦਾਰ ਕਰ ਰਹੀ ਹੈ। ਇਸੇ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਧਰੂ ਥਾਪਿਆ ਹੋਇਆ ਹੈ ਜੋ। ਉਸੇ ਦੀ ਸਮਝ ਬਣਾਉਣੀ ਹੈ। ਇਸ ਪਾਸਾਰ ਨੂੰ ਸਮਝਣਾ ਹੈ।

ਨਾਨਕ ਭਗਤਾ ਸਦਾ ਵਿਗਾਸ।। ਸੁਣਿਐ ਦੂਖ ਪਾਪ ਕਾ ਨਾਸ।।।।੧੧।।।।ਦੁਵੱਲੀ ਖਿੱਚ ਹੈ। ਭਗਤ ਵੀ ਉਹਦੇ ਰਾਹੀਂ ਵਿਗਸਦੇ ਨੇ ਤੇ ਉਹਦਾ ਵਿਗਾਸੁ ਵੀ ਭਗਤਾ ਰਾਹੀਂ ਹੀ ਹੈ। ਕਿਸੇ ਵੀ ਸਿਧਾਂਤ ਨੂੰ, ਸੰਕਲਪ ਨੂੰ, ਵਿਚਾਰ ਨੂੰ, ਫਲਸਫੇ ਨੂੰ, ਗੁਰਬਾਣੀ ਰਾਹੀਂ ਸਮਝਣਾ ਹੈ ਤਾਂ ਦਵੰਦ ਰਾਹੀਂ ਫੜਨ ਦੀ ਕੋਸ਼ਿਸ਼ ਕਰਨੀ ਹੈ। ਨੂਰ ਅਰਸ਼ ਤੋਂ ਕੁਰਸ ਵੱਲ ਜੇਕਰ ਹੈ, ਤਾਂ ਕੁਰਸ ਤੋਂ ਅਰਸ ਵੱਲ ਵੀ ਹੈ। ਦਵੰਦਾਤਮਕ ਰਿਸ਼ਤਾ ਹੈ। ਇਸ ਦਵੰਦਾਤਮਕ ਰਿਸ਼ਤੇ ਨੂੰ ਜਾਣਨਾ ਹੈ। ਇਹਦੀ ਹੀ ਖੋਜ ਕਰਨੀ ਹੈ। ਫਿਰ ਜੇਕਰ ਉਸ ਖਸਮ ਦੀ ਸਿਫਤ ਹੋ ਜਾਵੇ, ਮਿਹਰ ਹੋ ਜਾਵੇ, ਕਿਰਪਾ ਹੋ ਜਾਵੇ ਤਾਂ ਸਮਝੋ ਕੁਰਸ ਤੋਂ ਅਰਸ ਵੱਲ ਜਾਂਦਾ ਨੂਰ ਵੀ ਦ੍ਰਿਸ਼ਮਾਨ ਹੋ ਜਾਵੇਗਾ। ਫਿਰ ਸਾਰੇ ਦੁੱਖ ਕਲੇਸ਼ ਕੱਟੇ ਜਾਣਗੇ। ਉਹਦੀ ਕਿਰਪਾ ਹੋ ਜਾਵੇ ਬੱਸ। ਨਦਰਿ ਜ਼ਰੂਰੀ ਹੈ। ਨਦਰਿ ਨਾਲ ਹੀ ਮੁਕਤੀ ਹੈ।