ਗੁਰਮਤਿ ਦਰਸ਼ਨ ਵਿਚ ਸਮਾਜ ਦਾ ਸਰੂਪ

5/18/2020 12:49:51 PM

ਜਸਵੰਤ ਸਿੰਘ ਜ਼ਫ਼ਰ

ਗੁਰਮਤਿ ਦਰਸ਼ਨ ਕੋਈ ਇਕਹਿਰਾ ਇਲਹਾਮ ਜਾਂ ਇਕਹਿਰਾ ਉਪਦੇਸ਼ ਨਹੀਂ। ਇਹ ਅਜਿਹਾ ਪ੍ਰਵਚਨ ਹੈ, ਜਿਸ ਦੀਆਂ ਜੜ੍ਹਾਂ ਸਮੇਂ ਅਤੇ ਸਥਾਨ ਦੇ ਲਿਹਾਜ਼ ਨਾਲ ਬਹੁਤ ਦੂਰ-ਦੂਰ ਤੱਕ ਅਤੇ ਬਹੁਤ ਡੂੰਘੀਆਂ ਫੈਲੀਆਂ ਹੋਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਵਰ੍ਹੇ ਨੂੰ ਸਮੇਂ ਦਾ ਅਤੇ ਪੰਜਾਬ ਦੀ ਧਰਤੀ ਨੂੰ ਸਥਾਨ ਦਾ ਰੈਫਰੈਂਸ ਬਿੰਦੂ ਮੰਨ ਲਈਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਬਾਣੀਕਾਰਾਂ ਵਿਚੋਂ ਬਾਬਾ ਫਰੀਦ, ਭਗਤ ਜੈ ਦੇਵ ਅਤੇ ਭਗਤ ਸਧਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਤਕਰੀਬਨ ਤਿੰਨ ਸਦੀਆਂ ਪਹਿਲਾਂ ਪੈਦਾ ਹੋਏ ਅਤੇ ਆਖਰੀ ਬਾਣੀਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਤਕਰੀਬਨ ਦੋ ਸਦੀਆਂ ਬਾਅਦ ਸ਼ਹੀਦ ਹੋਏ। ਭਗਤ ਜੈਦੇਵ ਜੀ ਭਾਰਤ ਦੇ ਧੁਰ ਪੂਰਬ ਦੇ ਇਲਾਕੇ ਬੰਗਾਲ ਵਿਚ ਆਪਣੀ ਪਤਨੀ ਨਾਲ ਗਾਉਂਦੇ ਹਨ। ਭਗਤ ਪੀਪਾ ਜੀ ਗੁਜਰਾਤ ਦੇ ਦਵਾਰਕਾ ਇਲਾਕੇ ਦਾ ਭਰਮਣ ਕਰਦੇ ਸਨ। ਸਧਨਾ ਜੀ ਸਿੰਧ ਦੇ ਵਾਸੀ ਸਨ। ਨਾਮਦੇਵ ਜੀ, ਤ੍ਰਿਲੋਚਨ ਜੀ ਅਤੇ ਪਰਮਾਨੰਦ ਜੀ ਮਹਾਰਾਸ਼ਟਰ ਨਾਲ ਸਬੰਧਤ ਸਨ। ਬਾਬਾ ਫਰੀਦ ਜੀ ਨੇ ਤੁਰਕੀ ਭਾਵ ਮੱਧ ਏਸ਼ੀਆ ਤੱਕ ਘੁੰਮਦਿਆਂ ਜੋ ਬਾਣੀ ਰਚੀ ਉਹ ਸ੍ਰੀ ਆਦਿ ਗ੍ਰੰਥ ਸਾਹਿਬ ਦਾ ਹਿੱਸਾ ਬਣੀ।

ਇਸ ਤਰ੍ਹਾਂ ਗੁਰਮਤਿ ਦਰਸ਼ਨ ਦੀ ਉਤਪਤੀ ਦਾ ਸਥਾਨ ਜਿਥੇ ਏਸ਼ੀਆ ਦੇ ਵੱਡੇ ਖੇਤਰਫਲ ਵਿਚ ਫੈਲਿਆ ਹੋਇਆ ਹੈ, ਉਥੇ ਇਸ ਦੇ ਉਦੈ ਅਤੇ ਸੰਯੁਕਤ ਹੋਣ ਦਾ ਸਮਾਂ ਲਗਪਗ ਪੰਜ ਸਦੀਆਂ ਬਣਦਾ ਹੈ। ਸਮੇਂ ਅਤੇ ਸਥਾਨ ਦੀ ਏਨੀ ਵਿਭਿੰਨਤਾ ਦੇ ਨਾਲ-ਨਾਲ ਗੁਰਮਤਿ ਵਿਚਾਰਧਾਰਾ ਦੀ ਉਤਪਤੀ ਕਿਸੇ ਇਕ ਵਰਗ, ਜਾਤ ਜਾਂ ਜਮਾਤ ਵਿਚ ਨਹੀਂ ਹੋਈ। ਇਹ ਬਾਣੀਕਾਰ ਵੱਖ-ਵੱਖ ਕਿੱਤਿਆਂ, ਜਾਤਾਂ ਅਤੇ ਵੰਨ-ਸੁਵੰਨੇ ਸਮਾਜਕ ਪਿਛੋਕੜ ਵਾਲੇ ਸਨ। ਕੋਈ ਰਾਜ-ਘਰਾਣੇ ਨਾਲ ਸਬੰਧਤ ਸੀ, ਕੋਈ ਬ੍ਰਾਹਮਣ, ਕੋਈ ਖੱਤਰੀ, ਕੋਈ ਜੱਟ, ਕੋਈ ਜੁਲਾਹਾ, ਕੋਈ ਛੀਂਬਾ, ਕੋਈ ਚਮਾਰ, ਕੋਈ ਨਾਈ ਆਦਿ ਸੀ। ਇਸ ਤਰ੍ਹਾਂ ਵੱਖ-ਵੱਖ ਕਿੱਤਿਆਂ ਅਤੇ ਖਿੱਤਿਆਂ, ਜਾਤਾਂ ਅਤੇ ਜਮਾਤਾਂ, ਵਿਭਿੰਨ ਸਮਾਜਾਂ ਅਤੇ ਰਿਵਾਜਾਂ ਨਾਲ ਸਬੰਧਤ ਵਿਭਿੰਨ ਵਕਤਾਂ ਅਤੇ ਵਕਤਿਆਂ ਦੇ ਅਨੁਭਵ ਅਤੇ ਸੁਪਨਿਆਂ ਦੇ ਅਧਾਰਿਤ ਵਿਚਾਰਾਂ ਦੀ ਰਗੜ ਅਤੇ ਸੰਯੁਕਤੀ ਨਾਲ ਗੁਰਮਤਿ ਦਰਸ਼ਨ ਜਾਂ ਗੁਰਮਤਿ ਵਿਚਾਰਧਾਰਾ ਸਾਹਮਣੇ ਆਈ ਹੈ। 

ਵਿਚਾਰਾਂ ਦੀ ਰਗੜ ਅਤੇ ਸੰਯੁਕਤੀ ਲਈ ਸਾਂਝਾ ਸ਼ਬਦ ਹੈ 'ਸੰਵਾਦ'। ਕਬੀਰ ਜੀ ਨੇ ਦੋ ਸਲੋਕਾਂ ਰਾਹੀਂ ਆਪਣੇ ਤੋਂ ਇਕ ਸਦੀ ਪਹਿਲਾਂ ਪੈਦਾ ਹੋਏ ਦੋ ਬਾਣੀਕਾਰਾਂ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੇ ਸੰਵਾਦ ਦੇ ਰੂਪ ਵਿਚ ਗੁਰਮਤਿ ਵਿਚਾਰਧਾਰਾ ਦੇ ਦੋ ਬੁਨਿਆਦੀ ਤੱਤਾਂ 'ਕਿਰਤ ਕਰਨ' ਅਤੇ 'ਨਾਮ ਜਪਣ' ਨੂੰ ਸਥਾਪਤ ਕੀਤਾ ਹੈ। ਇਸ ਸਬੰਧੀ ਗੁਰੂ ਗਰੰਥ ਸਾਹਿਬ ਦੇ ਪੰਨਾ 1375 ਦੇ ਅਖੀਰ ਤੇ ਦਰਜ ਪਹਿਲੇ ਸਲੋਕ ਵਿਚ ਭਗਤ ਤ੍ਰਿਲੋਚਨ ਜੀ ਆਪਣੇ ਮਿੱਤਰ ਭਗਤ ਨਾਮਦੇਵ ਜੀ ਨੂੰ ਸੰਬੋਧਤ ਹੋ ਆਖਦੇ ਹਨ ਕਿ ਤੂੰ ਹਮੇਸ਼ਾ ਕੱਪੜੇ ਛਾਪਣ ਦੇ ਆਹਰ ਵਿਚ ਲੱਗਿਆ ਰਹਿੰਦਾ ਹੈਂ, ਤੇਰਾ ਪ੍ਰਮਾਤਮਾ ਵੱਲ ਕੋਈ ਧਿਆਨ ਨਹੀਂ ਹੈ:

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ 
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥
ਦੂਸਰੇ ਸਲੋਕ ਵਿਚ ਨਾਮਦੇਵ ਜੀ ਵਲੋਂ ਇਸ ਦਾ ਉਤਰ ਦਿੱਤਾ ਗਿਆ ਹੈ:
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ ॥ 
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥

ਤਿੰਨ ਬਾਣੀਕਾਰਾਂ ਦੇ ਇਸ ਸੰਵਾਦ ਵਿਚ ਕਿਰਤ ਕਰਨ ਅਤੇ ਨਾਮ ਜਪਣ ਦਾ ਮਹਿਜ਼ ਸ਼ਖ਼ਸੀ ਉਪਦੇਸ਼ ਨਹੀਂ ਸਗੋਂ ਅਜਿਹੇ ਸਮਾਜ ਦਾ ਮਾਡਲ ਪ੍ਰਸਤੁਤ ਹੋ ਰਿਹਾ ਹੈ, ਜਿਸ ਵਿਚ ਸਭ ਨੇ ਆਪਣੇ ਵਰਤਣ-ਖਰਚਣ ਜੋਗੀ ਹੱਥੀਂ ਕਮਾਈ ਕਰਨੀ ਹੈ। ਹਰੇਕ ਨੇ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਆਪਣੀ ਕਿਰਤ ਨਾਲ ਪੂਰਾ ਕਰਨਾ ਹੈ ਨਾ ਕਿ ਹੋਰਾਂ ਦੀ ਲੁੱਟ-ਖਸੁੱਟ ਜਾਂ ਸੋਸ਼ਨ ਨਾਲ। ਜ਼ਿੰਦਗੀ ਨੂੰ ਸੋਹਣਾ, ਸੁਹਾਵਨਾ ਅਤੇ ਰੰਗੀਨ ਬਣਾਉਣ ਲਈ ਸਭ ਨੇ ਬਣਦੀ ਜ਼ਿੰਮੇਵਾਰੀ ਨਿਭਾਉਣੀ ਹੈ। ਪਰ ਆਪੋ-ਆਪਣਾ ਕੰਮ-ਧੰਦਾ ਅਤੇ ਰੁਝੇਵਾਂ ਕਿਸੇ ਨੂੰ ਨਿੱਜ-ਮੁਖੀ ਜਾਂ ਕੇਵਲ ਆਪਣੇ-ਆਪ ਦਾ ਫਿਕਰ ਕਰਨ ਜਾਂ ਸੋਚਣ ਵਾਲਾ ਨਾ ਬਣਾਵੇ ਸਗੋਂ ਚਿੱਤ ਨਿਰੰਜਨ ਨਾਲ ਰਹੇ ਭਾਵ ਸਾਂਝੀਵਾਲਤਾ ਦਾ ਖਿਆਲ ਰਹੇ। ਬੰਦੇ ਨੇ ਆਪਣੇ-ਆਪ ਨੂੰ ਜੀਵ ਤੇ ਤੌਰ ਤੇ ਪੂਰੀ ਸ੍ਰਿਸ਼ਟੀ ਦਾ ਅਤੇ ਮਨੁੱਖ ਦੇ ਤੌਰ ਤੇ ਮਾਨਵੀ ਸਮਾਜ ਦਾ ਅੰਗ ਸਮਝਣਾ ਹੈ। ਗੁਰਮਤਿ ਵਿਚ ਦ੍ਰਿੜ ਕਰਾਏ ਗਏ ਇਸ 'ਇਕ ਨਿਰੰਜਨ' ਦੇ ਸੰਕਲਪ ਨੂੰ ਅਸੀਂ ਕੇਵਲ ਅਧਿਆਤਮਕ ਦ੍ਰਿਸ਼ਟੀ ਤੋਂ ਹੀ ਵਿਚਾਰਦੇ ਰਹੇ ਹਾਂ, ਇਸ ਦੇ ਮਹੱਤਵ ਨੂੰ ਸਮਾਜਿਕ ਦ੍ਰਿਸ਼ਟੀ ਤੋਂ ਸਮਝਣਾ, ਵਿਚਾਰਨਾ ਅਤੇ ਮੰਨਣਾ ਵੀ ਬਹੁਤ ਜ਼ਰੂਰੀ ਹੈ। 

ਗੁਰਮਤਿ ਦਰਸ਼ਨ ਸਮਾਜ ਨਾਲ ਗਹਿਰੀ ਤਰ੍ਹਾਂ ਜੁੜ੍ਹੇ ਹੋਏ, ਸਮਾਜ ਨੂੰ ਸਮਝਣ ਅਤੇ ਸੁਪਨਣ ਵਾਲੇ ਬਾਣੀਕਾਰਾਂ ਦੇ ਵਿਚਾਰਾਂ ਦੇ ਸੰਵਾਦ ਨਾਲ ਪੈਦਾ ਹੋਇਆ ਹੈ। ਇਸ ਲਈ ਨਵੀਂ ਤਰ੍ਹਾਂ ਦੇ ਸਮਾਜ ਦੀ ਸਿਰਜਨਾ ਇਸ ਦਾ ਮੂਲ ਸਰੋਕਾਰ ਬਣਦਾ ਹੈ। ਜੋ ਲੋਕ ਸਮਾਜ ਦੇ ਚਲਨ-ਵਿਚਰਨ, ਆਚਾਰ-ਵਿਹਾਰ, ਮੁੱਲ-ਪ੍ਰਬੰਧ ਨੂੰ ਵੱਡੇ ਪੱਧਰ ਤੇ ਰੁਪਾਂਤਰ ਕਰਕੇ ਪੂਰਾ ਪੈਰਾਡਾਈਮ ਤਬਦੀਲ ਕਰਨਾ ਚਾਹੁੰਦੇ ਹੋਣ ਭਾਵ ਸਮਾਜ ਦੀ ਤਾਸੀਰ ਬਦਲਨਾ ਲੋੜਦੇ ਹੋਣ ਉਨ੍ਹਾਂ ਲਈ ਲੋਕਾਈ ਦੀਆਂ ਸਮੂਹਿਕ ਮਨੌਤਾਂ, ਰਵਾਇਤਾਂ, ਧਾਰਨਾਵਾਂ ਆਦਿ ਨੂੰ ਵਿਸਥਾਪਤ ਕਰਨਾ ਲਾਜ਼ਮੀ ਹੁੰਦਾ ਹੈ। ਲੋਕਾਈ ਨੇ ਰਾਜੇ, ਬ੍ਰਾਹਮਣ ਅਤੇ ਦੇਵੀ-ਦੇਵਤਿਆਂ ਦੀ ਸੱਤਾ ਨੂੰ ਅਟੱਲ ਸਚਾਈ ਵਾਂਗ ਮੰਨਿਆਂ ਹੋਇਆ ਸੀ। ਲੋਕਾਂ ਦਾ ਵਿਸ਼ਵਾਸ ਸੀ ਕਿ ਰਾਜੇ ਨੂੰ ਰੱਬ ਜਾਂ ਦੇਵਤਿਆਂ ਵਲੋਂ ਲੋਕਾਂ ਤੇ ਰਾਜ ਕਰਨ ਦਾ ਅਧਿਕਾਰ ਜਿਸ ਵਿਚ ਜ਼ੁਲਮ ਕਰਨ ਦਾ ਅਧਿਕਾਰ ਵੀ ਸ਼ਾਮਲ ਹੈ, ਪ੍ਰਾਪਤ ਹੈ। ਬ੍ਰਾਹਮਣ ਨੂੰ ਉਸ ਦੀ ਜਾਤ ਕਾਰਨ ਸਮਾਜ 'ਤੇ ਚੌਧਰ ਦਾ ਅਧਿਕਾਰ ਹੈ। ਲੋਕਾਂ ਦੇ ਦੁੱਖ-ਸੁੱਖ, ਅਮੀਰੀ-ਗਰੀਬੀ, ਖੁਸ਼ੀ-ਗ਼ਮੀ, ਬਿਮਾਰੀ-ਤੰਦਰੁਸਤੀ, ਤਰੱਕੀ-ਬਰਬਾਦੀ ਆਦਿ ਸਭ ਦੇਵੀ ਦੇਵਤੇ ਨਿਰਧਾਰਤ ਕਰਦੇ ਹਨ। ਗੁਰਮਤਿ ਦਰਸ਼ਨ ਜਾਂ ਵਿਚਾਰਧਾਰਾ ਨੇ ਇਨ੍ਹਾਂ ਤਿੰਨਾਂ ਭਾਵ ਰਾਜੇ, ਬ੍ਰਾਹਮਣ ਅਤੇ ਦੇਵੀ-ਦੇਵਤਿਆਂ ਦੀ ਸੱਤਾ ਨੂੰ ਸਾਂਝੀਵਾਲਤਾ ਦੀ ਦੁਸ਼ਮਨ ਤਸਲੀਮ ਕੀਤਾ। ਬਾਣੀਕਾਰਾਂ ਨੇ ਇਕ ਨਿਰੰਕਾਰ ਦੀ ਸੱਤਾ ਸਥਾਪਤ ਕਰਕੇ ਇਹਨਾਂ ਤਿੰਨਾਂ ਦੀ ਸੱਤਾ ਨੂੰ ਮਿੱਟੀ 'ਚ ਮਿਲਾਉਣ ਦਾ ਕਾਰਜ ਆਰੰਭ ਕੀਤਾ। ਇਸ ਇਕ ਦੇ ਆਵਾਜ਼ੇ ਨਾਲ ਸਭ ਦੇਵੀ ਦੇਵਤਿਆਂ ਦੀ ਸੱਤਾ ਨੂੰ ਇਸ ਪਰਮ–ਸੱਤਾ ਵਿਚ ਵਲੀਨ ਕਰ ਦਿੱਤਾ। ਪਰਮ ਸੱਤਾ ਦੇ ਮੰਨੇ ਜਾਂਦੇ ਤਿੰਨ ਅੰਗਾਂ ਬ੍ਰਹਮਾਂ ਵਿਸ਼ਨੂੰ ਮਹੇਸ਼ ਨੂੰ ਵੀ ਅਲਹਿਲਾ ਅਲਹਿਲਾ ਨਹੀਂ ਰਹਿਣ ਦਿੱਤਾ। ਇਸ ਸਬੰਧੀ ਇਕੱਲੇ ਕਬੀਰ ਸਾਹਿਬ ਦੀਆਂ ਕੁਝ ਤੁਕਾਂ ਹੀ ਦੇਖ ਲੈਂਦੇ ਹਾਂ:

ਨਾ ਓਹੁ ਬਢੈ ਨ ਘਟਤਾ ਜਾਇ॥ ਅਕੁਲ ਨਿਰੰਜਨ ਏਕੈ ਭਾਇ॥ (343)
ਤੀਨਿ ਦੇਵ ਏਕ ਸੰਗਿ ਲਾਇ॥ (344) 
ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ॥ (483)
ਪੂਜਹੁ ਰਾਮੁ ਏਕੁ ਹੀ ਦੇਵਾ॥ (484)
ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ॥ (692)

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਰੰਭ ਓਅੰਕਾਰ ਦੇ ਅੱਗੇ ਏਕਾ ਲਗਾ ਕੇ ਪੂਰੀ ਸ੍ਰਿਸ਼ਟੀ ਅੰਦਰ ਉਸ ਦੀ ਇਕਲੌਤੀ ਸੱਤਾ ਦੇ ਐਲਾਨ ਨਾਲ ਹੁੰਦਾ ਹੈ। ਇਹ ਇਕ ਓਅੰਕਾਰ ਨਿਰੰਕਾਰ ਹੈ, ਪਾਰ-ਭੌਤਿਕ ਹੈ, ਬੇਅੰਤ ਹੈ, ਸਭ ਦਾ ਮਾਲਕ ਵੀ ਹੈ, ਸਭ ਵਿਚ ਬਰਾਬਰ ਦਾ ਰਸਿਆ ਵਸਿਆ ਵੀ ਹੈ। ਇਸ ਕੇਂਦਰੀ ਸੱਤਾ ਨਾਲ ਸਭ ਦਾ ਬਰਾਬਰੀ ਵਾਲਾ ਸਬੰਧ ਹੈ। ਸਭ ਉਸ ਦੀ ਕਿਰਪਾ ਅਤੇ ਪਿਆਰ ਦੇ ਬਰਾਬਰ ਦੇ ਪਾਤਰ ਹਨ। ਉਹ ਆਪ ਨਿਰਭਉ, ਨਿਰਵੈਰ ਅਤੇ ਕਰਤਾ ਹੈ। ਉਸ ਦੇ ਸਾਰੇ ਧੀਆਂ ਪੁੱਤਰ ਵੀ ਨਿਰਭਉ, ਨਿਰਵੈਰ ਅਤੇ ਸਿਰਜਕ ਹੋਣੇ ਚਾਹੀਦੇ ਹਨ। ਕਿਸੇ ਦਾ ਕਿਸੇ ਨਾਲ ਸੱਤਾ ਪ੍ਰਾਪਤੀ ਜਾਂ ਸੱਤਾ ਦੀ ਊਚ-ਨੀਚ ਕਰਕੇ ਵੈਰ-ਵਿਰੋਧ ਨਹੀਂ ਹੋ ਸਕਦਾ ਜਾਂ ਹੋਣਾ ਚਾਹੀਦਾ:

ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ॥ (485, ਨਾਮਦੇਵ ਜੀ)
ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ॥ (485, ਨਾਮਦੇਵ ਜੀ)
ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੋਗਵੈ ਸੋਈ॥ (658, ਰਵਿਦਾਸ ਜੀ)
ਜੀਉ ਏਕੁ ਅਰੁ ਸਗਲ ਸਰੀਰਾ॥ (330, ਕਬੀਰ ਜੀ)
ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੁ॥ (1104, ਕਬੀਰ ਜੀ)

ਓਅੰਕਾਰ ਦੀ ਇਕਲੌਤੀ ਸੱਤਾ ਸਭ ਅੰਦਰ ਬਰਾਬਰ ਵਿਦਮਾਨ ਹੈ। ਸਭ ਅੰਦਰ ਉਸ ਦੀ ਮੌਜੂਦਗੀ ਕਾਰਨ ਸਭ ਬਰਾਬਰ ਦੇ ਸੱਤਾਵਾਨ ਹਨ। ਇਸ ਤਰ੍ਹਾਂ ਜਿਥੇ ਨਿਰੰਜਨ ਜਾਂ ਓਅੰਕਾਰ ਦੀ ਇਕਲੌਤੀ ਹਸਤੀ ਨਾਲ ਸੱਤਾ ਦਾ ਕੇਂਦਰੀਕਰਨ ਕੀਤਾ ਗਿਆ ਉਥੇ ਇਸ ਦੇ ਘਟ ਘਟ ਅੰਤਰ ਸਰਬ ਨਿਰੰਤਰ ਹੋਣ ਨਾਲ ਇਸ ਸੱਤਾ ਨੂੰ ਸਭਨਾਂ ਦਰਮਿਆਨ ਬਰਾਬਰ ਵਰਤਾਅ ਕੇ ਸੱਤਾ ਦਾ ਵਿਆਪਕ ਅਤੇ ਇਕਸਾਰ ਵਿਕੇਂਦਰੀਕਰਨ ਕੀਤਾ ਗਿਆ। ਇਸ ਤਰ੍ਹਾਂ ਜਿਥੇ ੴ ਦੇ ਅੱਗੇ ਲੱਗਿਆ ਏਕਾ ਨਿਰੰਕਾਰ ਦੀ ਇਕਲੌਤੀ ਸੱਤਾ ਦਾ ਚਿੰਨ੍ਹ ਹੈ ਉਥੇ ਇਹ ਮਨੁੱਖੀ ਸਮਾਜ ਅੰਦਰ ਏਕਤਾ, ਇਕਸੁਰਤਾ ਅਤੇ ਸਾਂਝੀਵਾਲਤਾ ਦਾ ਵੀ ਲਿਖਾਇਕ ਹੈ:

ਸਭੁ ਕੋ ਆਸੈ ਤੇਰੀ ਬੈਠਾ॥ ਘਟ ਘਟ ਅੰਤਰਿ ਤੂੰਹੈ ਵੁਠਾ॥ 
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (97, ਮ. 5)

ਅਜਿਹੇ ਸਾਂਝੀਵਾਲਤਾ ਵਾਲੇ ਸਮਾਜ ਦੇ ਲੋਕ ਸੰਪੂਰਨ ਸੁਤੰਤਰ ਹਨ, ਬਰਾਬਰ ਦੇ ਸੱਤਾਵਾਨ ਹਨ, ਕਿਸੇ ਰਾਜੇ ਦੇ ਅਧੀਨ ਨਹੀਂ ਹਨ। ਗੁਰਮਤਿ ਵਲੋਂ ਰਾਜੇ, ਰਾਣਿਆਂ, ਖਾਨਾਂ, ਨਬਾਬਾਂ ਦੀ ਸੱਤਾ ਨੂੰ ਤਾਂ ਨਿਰਾਥਕ ਦੱਸਿਆ ਗਿਆ। ਉਨ੍ਹਾਂ ਦੇ ਹੁਕਮਾਂ-ਹਦਾਇਤਾਂ ਨੂੰ ਝੂਠੀ ਅਬਾ-ਤਬਾ ਕਹਿ ਕੇ ਖਿੱਲੀ ਉਡਾਈ ਗਈ:

ਖਾਨੁ ਮਲੂਕੁ ਕਹਾਵਉ ਰਾਜਾ॥ ਅਬੇ ਤਬੇ ਕੂੜੇ ਹੈ ਪਾਜਾ॥ (225, ਮ. 1)

ਕਬੀਰ ਜੀ ਨੇ ਉਨ੍ਹਾਂ ਦੇ ਰੋਹਬ, ਸ਼ਕਤੀ ਆਦਿ ਸਭ ਨੂੰ ਪਰਮਾਤਮਾ ਦੀ ਹਸਤੀ ਸਾਹਮਣੇ ਨਿਗੂਣੇ ਕਿਹਾ। ਇਨ੍ਹਾਂ 'ਹੁਕਮਰਾਨਾਂ' ਨੂੰ ਪ੍ਰਮਾਤਮਾ ਦੀ ਹਸਤੀ ਜਾਂ ਸੱਤਾ ਨਾਲ ਤੁਲਨਾਉਣਯੋਗ ਵੀ ਨਹੀਂ ਸਮਝਿਆ ਗਿਆ:

ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ॥ (336)
ਤੀਨਿ ਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ॥ (92)
ਕੋਊ ਹਰਿ ਸਮਾਨਿ ਨਹੀ ਰਾਜਾ॥
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥ (856)

ਕਬੀਰ ਜੀ ਤੋਂ ਮਗਰਲੇ ਬਾਣੀਕਾਰਾਂ ਨੇ ਵੀ ਕੇਵਲ ਪ੍ਰਮਾਤਮਾ ਦੇ ਸੱਤਾਵਾਨ ਹੋਣ ਦੇ ਵਿਚਾਰ ਨੂੰ ਕਈ ਵਾਰ ਦੁਹਰਾ ਕੇ ਪੁਸ਼ਟ ਕੀਤਾ:

ੜਾੜੈ ਰੂੜਾ ਹਰਿ ਜੀਉ ਸੋਈ॥ ਤਿਸੁ ਬਿਨੁ ਰਾਜਾ ਅਵਰੁ ਨ ਕੋਈ॥ (936, ਮ. 1)
ਤਿਸੁ ਬਿਨੁ ਅਵਰੁ ਨ ਕੋਈ ਰਾਜਾ ਕਰਿ ਤਪਾਵਸੁ ਬਣਤ ਬਣਾਈ॥ (912, ਮ. 3)
ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ॥ (993, ਮ. 3)

ਇਸ ਤਰ੍ਹਾਂ ਇਨ੍ਹਾਂ ਰਾਜਿਆਂ ਨੂੰ ਸਥਾਪਤ ਸੱਤਾ ਤੋਂ ਹੇਠਾਂ ਖਿੱਚ ਕੇ ਆਮ ਬੰਦੇ ਦੀ ਪੱਧਰ ਤੇ ਲਿਆਂਦਾ ਗਿਆ ਜਾਂ ਆਮ ਬੰਦੇ ਨੂੰ ਰਾਜਿਆਂ ਬਰਾਬਰ ਹੋਣ ਦਾ ਵਿਸ਼ਵਾਸ ਦਿੱਤਾ ਗਿਆ:

ਤੈਸਾ ਰੰਕੁ ਤੈਸਾ ਰਾਜਾਨੁ॥ (275, ਮ. 5)

ਅਸਲ ਰਾਜਾ ਤਾਂ ਸਿਰਫ ਸਭੈ ਘਟ ਬੋਲਣ ਵਾਲੇ ਰਾਮ ਨੂੰ ਕਿਹਾ ਗਿਆ:

ਅਬ ਮੋ ਕਉ ਭਏ ਰਾਜਾ ਰਾਮ ਸਹਾਈ॥ (331, ਕਬੀਰ ਜੀ)
ਕਹਿ ਕਬੀਰ ਰਾਜਾ ਰਾਮ ਨ ਛੋਡਉ ਸਗਲ ਊਚ ਤੇ ਊਚਾ॥ (338, ਕਬੀਰ ਜੀ)
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ॥ (659, ਰਵਿਦਾਸ ਜੀ)
ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ॥ (694, ਰਵਿਦਾਸ ਜੀ)
ਮੰਗਲਾ ਹਰਿ ਮੰਗਲਾ॥ ਨਿਤ ਮੰਗਲੁ ਰਾਜਾ ਰਾਮ ਰਾਇ ਕੋ॥ (695, ਸੈਣ ਜੀ)
ਰਾਜਾ ਰਾਮ ਜਪਤ ਕੋ ਕੋ ਨ ਤਰਿਓ॥ (1105, ਨਾਮਦੇਵ ਜੀ)

ਇਸ ਤਰ੍ਹਾਂ ਗੁਰਮਤਿ ਵਿਚਾਰਧਾਰਾ ਨੇ ਆਮ ਬੰਦੇ ਨੂੰ ਆਪਣੇ-ਆਪ ਦਾ ਰਾਜਾ ਹੋਣ ਦਾ ਗੌਰਵ ਪ੍ਰਦਾਨ ਕੀਤਾ ਅਤੇ ਰਾਜੇ ਦੇ ਅਧਿਕਾਰਾਂ ਨੂੰ ਖਤਮ ਕਰਕੇ ਰਾਜ ਸੱਤਾ ਸਿਰਫ ਇਕ ਨਿਰੰਜਨ ਦੀ ਮੰਨੀ ਗਈ ਜਿਸ ਵਿਚ ਸਭ ਬਰਾਬਰ ਦੇ ਹਿੱਸੇਦਾਰ ਹਨ। 

ਸੱਤਾ ਸਿਰਫ ਰਾਜਿਆਂ ਕੋਲ ਜਾਂ ਰਾਜਧਾਨੀਆਂ ਵਿਚ ਹੀ ਕੇਂਦਰਤ ਨਹੀਂ ਹੁੰਦੀ। ਸਮਾਜ ਦੀ ਇਕਾਈ ਪਰਿਵਾਰ ਵਿਚ ਸੱਤਾ ਪੁਰਸ਼ਾਂ ਦੇ ਹੱਥ ਹੁੰਦੀ ਹੈ। ਪਰਿਵਾਰ ਨਾਲ ਸਬੰਧਤ ਫੈਸਲੇ ਸਿਰਫ ਪੁਰਸ਼ ਕਰਦੇ ਹਨ। ਔਰਤਾਂ ਅਤੇ ਬੱਚੇ ਉਨ੍ਹਾਂ ਦੀ ਪਰਜਾ ਹੁੰਦੇ ਹਨ। ਪਰਿਵਾਰ ਦਾ ਪੁਰਸ਼ ਮੁਖੀ ਕੇਵਲ ਆਪਣੀ ਪਤਨੀ ਜਾਂ ਨੂੰਹਾਂ, ਧੀਆਂ, ਭੈਣਾਂ, ਭਰਜਾਈਆਂ ਦਾ ਹੀ ਹੁਕਮਰਾਨ ਨਹੀਂ ਹੁੰਦਾ ਸਗੋਂ ਉਸ ਦੀ ਮਾਂ ਵੀ ਸਿੱਧੇ ਜਾਂ ਅਸਿੱਧੇ ਰੂਪ ਵਿਚ ਉਸ ਦੀ ਮਰਜ਼ੀ ਦੀ ਗੁਲਾਮ ਹੁੰਦੀ ਹੈ। ਗੁਰਮਤਿ ਨੇ ਕੇਵਲ ਪ੍ਰਮਾਤਮਾ ਨੂੰ ਇਕੋ ਇਕ ਸੱਚਾ ਪੁਰਸ਼ ਕਹਿ ਕੇ ਅਤੇ ਸਭ ਜੀਵਾਂ ਨੂੰ ਬਰਾਬਰ ਦੀਆਂ ਇਸਤਰੀਆਂ ਆਖ ਕੇ ਸਮਾਜ ਵਿਚੋਂ ਪੁਰਸ਼ਾਂ ਦੀ ਸੱਤਾ ਨੂੰ ਮਲੀਆਮੇਟ ਕਰਨ ਦਾ ਯਤਨ ਕੀਤਾ। ਇਸ ਇਕੋ ਸੱਚੇ ਪੁਰਸ਼ ਦੀ ਪੁਰਸ਼ਈ ਸੱਤਾ ਵੀ ਸਾਰਿਆਂ ਅੰਦਰ ਬਰਾਬਰ ਵਿਦਮਾਨ ਹੈ। ਭਾਵ ਜੋ ਸੱਤਾ ਪੁਰਸ਼ ਨੂੰ ਪਰਿਵਾਰ ਜਾਂ ਸਮਾਜ ਵਿਚ ਪੁਰਸ਼ ਹੋਣ ਕਾਰਨ ਪ੍ਰਾਪਤ ਹੈ ਉਹ ਦੀਆਂ ਇਸਤਰੀਆਂ ਵੀ ਬਰਾਬਰ ਦੀਆਂ ਹੱਕਦਾਰ ਹਨ। ਜੋ ਪਰਿਵਾਰਕ ਜਾਂ ਸਮਾਜਕ ਜ਼ਿੰਮੇਵਾਰੀਆਂ ਇਸਤਰੀ ਨੂੰ ਇਸਤਰੀ ਹੋਣ ਕਰਕੇ ਨਿਭਾਉਣੀਆਂ ਪੈਂਦੀਆਂ ਹਨ ਉਹ ਮਰਦ ਦੁਆਰਾ ਵੀ ਨਿਭਾਈਆਂ ਜਾਣੀਆਂ ਬਣਦੀਆਂ ਹਨ:

ਨਾਰੀ ਪੁਰਖ ਸਬਾਈ ਲੋਇ॥ (223, ਮ. 1)
ਸਤਿ ਪੁਰਖ ਤੇ ਭਿੰਨ ਨ ਕੋਊ॥ (250, ਮ. 5)
ਨਾਨਕ ਤੁਮਰੀ ਸਰਨਿ ਪੁਰਖ ਭਗਵਾਨ॥ (290, ਮ. 5)
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ॥ (11, 348, ਮ. 4)
ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ ਭਗਵਾਨਾ॥ (482, ਕਬੀਰ ਜੀ) 
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ (591, ਮ. 3)
ਸਭਿ ਘਟ ਆਪੇ ਭੋਗਵੈ ਪਿਆਰਾ ਵਿਚਿ ਨਾਰੀ ਪੁਰਖ ਸਭੁ ਸੋਇ॥ (605, ਮ. 4)

ਪੁਰਸ਼ ਦੀ ਸੱਤਾ ਨੂੰ ਤੋੜਨ ਲਈ ਦੂਸਰੇ ਕੋਨ ਤੋਂ ਵੀ ਸੱਟ ਮਾਰੀ ਗਈ। ਪ੍ਰਚਲਤ ਸਮਾਜੀ ਨਿਯਮ ਅਨੁਸਾਰ ਪੁਰਸ਼ ਪਿਤਾ ਦੇ ਰੂਪ ਵਿਚ ਵੀ ਸੱਤਾ-ਕੇਂਦਰ ਹੈ। ਬੱਚੇ ਉਸ ਦੇ ਅਧੀਨ ਹਨ। ਗੁਰਮਤਿ ਦਰਸ਼ਨ ਨੇ ਪੁਰਸ਼ਾਂ ਅੰਦਰਲੀ ਪਿਤਾ ਦੇ ਰੂਪ ਵਿਚ ਵਿਦਮਾਨ ਸੱਤਾ ਨੂੰ ਖੋਹ ਕੇ ਉਸ ਦਾ ਵੀ ਪ੍ਰਮਾਤਮਾ ਦੇ ਰੂਪ ਵਿਚ ਕੇਂਦਰੀਕਰਨ ਕੀਤਾ:

ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ (97, ਮ. 5)
ਹਉ ਪੂਤੁ ਤੇਰਾ ਤੂੰ ਬਾਪੁ ਮੇਰਾ॥ ਏਕੈ ਠਾਹਰ ਦੁਹਾ ਬਸੇਰਾ॥ (476, ਕਬੀਰ ਜੀ)
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ (611, ਮ. 5)
ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸਿ ਮਿਲਾਇ ॥ (881, ਮ. 4)
ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ॥ (988, ਨਾਮਦੇਵ ਜੀ)
ਤੂ ਪਿਤਾ ਸਭਿ ਬਾਰਿਕ ਥਾਰੇ॥ ਜਿਉ ਖੇਲਾਵਹਿ ਤਿਉ ਖੇਲਣਹਾਰੇ ॥ (1081, ਮ. 5)

ਪੁਰਾਣੇ ਸਮਾਜੀ ਨਿਯਮ ਮੁਤਾਬਕ ਮਾਤਾ-ਪਿਤਾ ਦੇ ਹੁਕਮਾਂ, ਇਛਾਵਾਂ ਅਤੇ ਸੁਪਨਿਆਂ ਦਾ ਪਾਲਨ ਕਰਨਾ ਬੱਚਿਆਂ ਦਾ ਫਰਜ਼ ਹੈ। ਸੰਤਾਨ ਨੇ ਪੁਰਖਿਆਂ ਦੇ ਕੰਮ-ਧੰਦੇ ਨੂੰ ਅਪਨਾਉਣ ਦੇ ਨਾਲ-ਨਾਲ ਪੁਰਖਿਆਂ ਦੁਆਰਾ ਸਥਾਪਤ ਨਿਯਮਾਂ, ਮਰਿਆਦਾਵਾਂ, ਰਿਵਾਜਾਂ ਨੂੰ ਵੀ ਅੱਗੋਂ ਜਾਰੀ ਰੱਖਣ ਦਾ ਕਰਤਵ ਪਾਲਣਾ ਹੁੰਦਾ ਹੈ। ਗੁਰਮਤਿ ਨੇ ਪ੍ਰਮਾਤਮਾ ਨੂੰ ਸਭ ਦਾ ਮਾਂ-ਬਾਪ ਕਹਿ ਕੇ ਸਮਾਜੀ ਰਿਵਾਜਾਂ ਅਤੇ ਪ੍ਰੰਪਰਾਵਾਂ ਦੀ ਜੜ੍ਹਤਾ ਨੂੰ ਤੋੜਦੇ ਹੋਏ ਸੰਤਾਨ ਨੂੰ ਆਪਣੇ ਕੰਮਾਂ, ਵਿਚਾਰਾਂ, ਵਿਹਾਰਾਂ ਅਤੇ ਵਿਸ਼ਵਾਸਾਂ ਨੂੰ ਨਵਿਆਉਣ ਦੀ ਸੁਤੰਤਰਤਾ ਦਿੰਦੇ ਹੋਏ ਮਾਤਾ-ਪਿਤਾ ਦੀ ਸੱਤਾ ਨੂੰ ਖਤਮ ਕੀਤਾ ਹੈ। ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਵਰਗੀ 'ਸਿਆਣਪ' ਦੇ ਗੁਲਾਮ ਬਣਾਉਣ ਦੀ ਬਜਾਏ ਖੁਦ ਉਨ੍ਹਾਂ ਵਰਗੀਆਂ ਆਜ਼ਾਦ ਸੋਚਾਂ ਨਾਲ ਜੀਵਨ ਨੂੰ ਬੇਅੰਤ ਸੰਭਾਵਨਾਵਾਂ ਨਾਲ ਜੋੜਨ ਵਾਲੇ ਬਣਨਾ ਚਾਹੀਦਾ ਹੈ। ਬਹੁਤ ਸਾਰੇ ਬਾਣੀਕਾਰਾਂ ਨੇ ਇਹ ਗੱਲ ਆਪੋ-ਆਪਣੇ ਢੰਗ ਨਾਲ ਕੀਤੀ ਹੈ, ਪਰ ਅਸੀਂ ਇਕੱਲੇ ਗੁਰੂ ਅਰਜਨ ਸਾਹਿਬ ਦੀਆਂ ਤੁਕਾਂ ਹੀ ਦੇਖ ਲੈਂਦੇ ਹਾਂ:

ਕਾ ਕੀ ਮਾਈ ਕਾ ਕੋ ਬਾਪ॥ ਨਾਮ ਧਾਰੀਕ ਝੂਠੇ ਸਭਿ ਸਾਕ॥ (188)
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ (268)
ਆਪਨ ਆਪੁ ਆਪਹਿ ਉਪਾਇਓ॥ ਆਪਹਿ ਬਾਪ ਆਪ ਹੀ ਮਾਇਓ॥ (250)
ਹਾਥ ਦੇਇ ਰਾਖੇ ਜਨ ਅਪਨੇ ਹਰਿ ਹੋਏ ਮਾਈ ਬਾਪ ॥ (714)
ਪ੍ਰਭ ਰਖਵਾਲੇ ਮਾਈ ਬਾਪ॥ (1183)
ਨਾਨਕੁ ਬਾਰਿਕੁ ਕਛੂ ਨ ਜਾਨੈ ਰਾਖਨ ਕਉ ਪ੍ਰਭੁ ਮਾਈ ਬਾਪ॥ (1341)
ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ॥ (51)

ਜਿਥੇ ਲੋਕਾਂ ਉਤੇ ਰਾਜਸੀ ਚੌਧਰ ਰਾਜੇ ਦੀ, ਪਰਿਵਾਰ ਉਤੇ ਚੌਧਰ ਪੁਰਸ਼ ਦੀ ਅਤੇ ਘਰਾਂ ਵਿਚ ਬੱਚਿਆਂ ਉਤੇ ਚੌਧਰ ਮਾਤਾ-ਪਿਤਾ ਦੀ ਸੀ ਉਥੇ ਸਮਾਜ ਉਤੇ ਸੱਭਿਆਚਾਰਕ ਚੌਧਰ ਅਤੇ ਜਾਂ ਸਮਾਜਕ ਧੌਂਸ ਬ੍ਰਾਹਮਣ ਦੀ ਸੀ। ਗੁਰਮਤਿ ਨੇ ਬ੍ਰਾਹਮਣ ਦੀ ਸਮਾਜਕ ਸੱਤਾ 'ਤੇ ਬਹੁਤ ਜ਼ੋਰਦਾਰ ਹਮਲਾ ਕੀਤਾ। ਬ੍ਰਾਹਮਣ ਨੂੰ ਬਾਕੀ ਲੋਕਾਂ ਵਾਂਗ ਹੀ ਪੈਦਾ ਹੋਇਆ ਅਤੇ ਬਾਕੀ ਲੋਕਾਂ ਵਾਂਗ ਹੀ ਲਹੂ ਮਾਸ ਦਾ ਬਣਿਆਂ ਆਖ ਕੇ ਉਸ ਨੂੰ ਹੋਰਾਂ ਵਾਂਗ ਸਧਾਰਨ ਹੋਣਾ ਯਾਦ ਕਰਾਇਆ ਗਿਆ। ਉਸ ਕੋਲ ਕੇਵਲ ਜਾਤ ਕਾਰਨ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਣ ਨੂੰ ਕਬੀਰ ਸਾਹਿਬ ਨੇ ਨਜਾਇਜ਼ ਦੱਸਿਆ:

ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ (324, ਕਬੀਰ ਜੀ)

ਕਬੀਰ ਸਾਹਿਬ ਵਾਂਗ ਉਨ੍ਹਾਂ ਤੋਂ ਮਗਰਲੇ ਬਾਣੀਕਾਰਾਂ ਨੇ ਵੀ ਬ੍ਰਾਹਮਣ ਦੀ ਸੱਤਾ ਤੇ ਲਗਾਤਾਰ ਹਮਲਾ ਜਾਰੀ ਰੱਖਿਆ। ਪਰ ਬ੍ਰਾਹਮਣ ਦਾ ਇਹ ਵਿਰੋਧ ਉਸ ਦੀ ਜਾਤ ਕਰਕੇ ਨਹੀਂ ਸਗੋਂ ਉਸ ਕੋਲ ਸਮਾਜੀ ਸੱਤਾ ਹੋਣ ਕਰਕੇ ਕੀਤਾ ਗਿਆ। ਉਸ ਦੇ ਗਿਆਨ ਅਤੇ ਵਿਦਿਆ ਕਰਕੇ ਤਾਂ ਉਸ ਦਾ ਆਦਰ ਹੈ। ਜਨਮ ਅਧਾਰਤ ਜਾਤੀ ਦੀ ਬਜਾਏ ਸ਼ੁਭ ਗੁਣ, ਸ਼ੁਭ ਕਰਮ ਅਤੇ ਸ਼ੁਭ ਵਿਚਾਰ ਅਧਾਰਤ ਜਾਤੀ ਨਿਧਾਰਨ ਦੀ ਵਕਾਲਤ ਕਰਦਿਆਂ ਅਸਲ ਬ੍ਰਾਹਮਣ ਨੂੰ ਪੁਨਰ-ਪਰਿਭਾਸ਼ਤ ਕੀਤਾ ਗਿਆ। ਬ੍ਰਾਹਮਣ ਹੋਣ ਦਾ ਮਤਲਬ ਸਮਾਜਕ ਚੌਧਰ, ਧੌਂਸ ਜਾਂ ਸੋਸ਼ਨ ਦੀ ਬਜਾਏ ਵਿਦਿਆ, ਗਿਆਨ, ਸਰਬ ਕਲਿਆਣਕਾਰੀ ਸਿਆਣਪ ਜਾਂ ਅਧਿਆਪਨ ਨਾਲ ਜੋੜਿਆ:

ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥ (324, ਕਬੀਰ ਜੀ)
ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥ ਆਪਿ ਤਰੈ ਸਗਲੇ ਕੁਲ ਤਾਰੈ॥ (662, ਮ. 1)
ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ ਹਰਿ ਸੇਤੀ ਰੰਗਿ ਰਾਤਾ॥ (68, ਮ. 3)
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ॥ (512, ਮ. 3)
ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ॥ (1093, ਮ. 3)

ਜਿਥੇ ਜਾਤ ਪਾਤ ਪ੍ਰਬੰਧ ਕਾਰਨ ਭੇਦ ਭਾਵ ਨੂੰ ਖਤਮ ਕਰਨ ਲਈ ਇਸ ਪ੍ਰਬੰਧ ਦੇ ਸਿਖਰਲੇ ਡੰਡੇ ਉਤੇ ਬੈਠੇ ਬ੍ਰਾਹਮਣ ਦੀ ਸੱਤਾ ਨੂੰ ਸਿੱਧਾ ਚੈਲੇਂਜ ਕਰਨਾ ਹੀ ਕਾਫੀ ਨਹੀਂ ਸਮਝਿਆ ਗਿਆ ਸਗੋਂ ਵੱਖ-ਵੱਖ ਜਾਤਾਂ ਨਾਲ ਜੋੜੀ ਹੋਈ ਊਚ-ਨੀਚ ਦੀ ਭਾਵਨਾ ਬਹੁਤ ਵੱਡਾ ਸਮਾਜਕ ਵਿਕਾਰ ਜਾਂ ਵਿਗਾੜ ਮੰਨਿਆਂ ਗਿਆ। ਜਾਤ ਪ੍ਰਬੰਧ ਦੀ ਖੜ੍ਹੇ-ਰੁਖ ਪਈ ਪੌੜੀ ਨੂੰ ਲੇਟਵੇਂ-ਰੁਖ ਕਰਨ ਲਈ ਕਿਹਾ ਗਿਆ। ਜਾਤ-ਪਾਤ ਨਾਲ ਜੁੜੀ ਉਸ ਸਮਝ ਨੂੰ ਨਿਕਾਰਿਆ ਗਿਆ ਜੋ ਸਮਾਜ ਅੰਦਰ ਬਰਾਬਰੀ ਅਤੇ ਸਾਂਝੀਵਾਲਤਾ ਦੇ ਭਾਵ ਦੇ ਪ੍ਰਵਾਹ ਵਿਚ ਅੜਿੱਕਾ ਬਣਦੀ ਹੈ:

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥
ਚਾਰੇ ਵਰਨ ਆਖੈ ਸਭੁ ਕੋਈ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ॥
ਮਾਟੀ ਏਕ ਸਗਲ ਸੰਸਾਰਾ॥ ਬਹੁ ਬਿਧਿ ਭਾਂਡੇ ਘੜੈ ਕੁਮਾਰਾ॥ (1127, ਮ. 3)

ਸਾਂਝੀਵਾਲਤਾ ਅਤੇ ਬਰਾਬਰੀ ਅਧਾਰਤ ਸਮਾਜ ਦੀ ਸਿਰਜਨਾ ਲਈ ਸਭ ਨੂੰ ਵਿਦਿਆ ਦਾ ਬਰਾਬਰ ਅਧਿਕਾਰ ਅਤੇ ਅਵਸਰ ਮਿਲਨਾ ਚਾਹੀਦਾ ਹੈ। ਜਾਤ ਪਾਜਾਤ ਕਾਰਨ ਵਿਦਿਆ ਅਤੇ ਗਿਆਨ ਪ੍ਰਾਪਤੀ ਦਾ ਅਧਿਕਾਰ ਕੇਵਲ ਬ੍ਰਾਹਮਣ ਨੂੰ ਸੀ। ਪਰ ਗੁਰਮਤਿ ਵਿਚਾਰਧਾਰਾ ਅਨੁਸਾਰ ਵਿਦਿਆ ਅਤੇ ਗਿਆਨ ਕੇਵਲ ਕਿਸੇ ਕੁਲੀਨ ਵਰਗ ਲਈ ਹੀ ਨਹੀਂ ਹੈ। ਇਸ ਨੇ ਸਭ ਵਰਗਾਂ, ਜਾਤਾਂ, ਜਮਾਤਾਂ ਦੇ ਲੋਕਾਂ ਨੂੰ ਗਿਆਨ ਦੇ ਬਰਾਬਰ ਦੇ ਅਧਿਕਾਰੀ ਮੰਨਿਆਂ। 

ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (747, ਮ. 5)

ਬਰਾਬਰੀ ਵਾਲੇ ਜਾਂ ਸਾਂਝੀਵਾਲਤਾ ਵਾਲੇ ਸਮਾਜ ਦੇ ਨਿਰਮਾਣ ਅਤੇ ਸੰਚਾਲਨ ਲਈ ਹਰ ਬੰਦੇ ਦਾ ਗਿਆਨੀ ਹੋਣਾ ਜ਼ਰੂਰੀ ਹੈ। ਇਸ ਲਈ ਵਿਦਿਆ ਪ੍ਰਾਪਤੀ ਦਾ ਸਭ ਨੂੰ ਬਰਾਬਰ ਅਧਿਕਾਰ ਹੋਣਾ ਚਾਹੀਦਾ ਹੈ। ਵਿਦਿਆ ਸਾਰੇ ਲੋਕਾਂ ਲਈਹਵਾ ਪਾਣੀ ਵਾਂਗ ਉਪਲਭਦ ਹੋਣੀ ਚਾਹੀਦੀ ਹੈ। ਇਹ ਤਾਂ ਹੀ ਸੰਭਵ ਹੈ ਜੇ ਵਿਦਿਆ ਕੋਈ ਮੰਡੀ ਦੀ ਵਿਕਾਊ ਵਸਤੂ ਨਹੀਂ ਹੋਵੇਗੀ। ਮਾਨਵੀ ਜੀਵਨ ਦੀ ਸੱਚੀ ਸਫਲਤਾ ਅਤੇ ਵਿਕਾਸ ਲਈ ਵਿਦਿਆ ਨੂੰ ਵਪਾਰ ਦੇ ਤਹਿਤ ਵੇਚਣ ਖਰੀਦਣ ਵਾਲਾ ਧੰਦਾ ਨਹੀਂ ਬਣਾਇਆ ਜਾ ਸਕਦਾ:

ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ॥ (1103, ਕਬੀਰ ਜੀ)
ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ॥ 
ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ॥
ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ॥ 
ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ॥ (938, ਮ. 1)

ਖਲਕਤ ਦਾ ਗਿਆਨ ਵਿਹੂਣੀ ਹੋਣਾ ਤਾਂ ਅੰਨ੍ਹਿਆਂ ਦਾ ਹਜੂਮ ਹੋਣ ਬਰਾਬਰ ਹੈ। ਜੇ ਅਗਿਆਨਤਾ ਦਾ ਪਸਾਰਾ ਹੋਵੇ ਤਾਂ ਲੋਕਾਈ ਅੰਦਰ ਜੀਵਨ ਤਰੰਗ ਨਹੀਂ ਹੁੰਦੀ। ਅਜਿਹੇ ਲੋਕਾਂ ਲਈ ਗੀਤ, ਸੰਗੀਤ, ਸ਼ਿੰਗਾਰ ਅਤੇ ਹੋਰ ਕਲਾਵਾਂ ਨਿਰਾਰਥਕ ਹੋ ਜਾਂਦੀਆਂ ਹਨ। ਜੀਵਨ ਲਿਸ਼ਕਾਰਣ ਵਾਲੇ ਸੁੰਦਰਤਾ, ਬਹਾਦਰੀ ਅਤੇ ਚੜ੍ਹਦੀ ਕਲਾ ਵਰਗੇ ਮੂਲ ਤੱਤ ਅਲੋਪ ਹੋ ਜਾਂਦੇ ਹਨ। ਥੋੜ੍ਹੇ ਜਿਹੇ ਚਤਰ ਲੋਕ ਆਪਣੀਆਂ ਚਲਾਕੀਆਂ ਨਾਲ ਲੋਕਾਂ ਨੂੰ ਬੁੱਧੂ ਬਣਾ ਕੇ ਉਨ੍ਹਾਂ ਦਾ ਸ਼ੋਸ਼ਨ ਕਰਕੇ ਧੰਨ ਇਕੱਠਾ ਕਰਨ ਦੇ ਆਹਰ ਵਿਚ ਲੱਗ ਜਾਂਦੇ ਹਨ:

ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥ 
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ॥ 
ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ॥ 
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ॥ (469, ਮ. 1) 

#27 ਬਸੰਤ ਵਿਹਾਰ, ਜਵੱਦੀ, ਲੁਧਿਆਣਾ
9646101116


rajwinder kaur

Content Editor rajwinder kaur