ਗੁਰਦਵਾਰਾ ਸੱਚਾ ਸੌਦਾ ਸਾਹਿਬ ਪਾਕਿਸਤਾਨ

7/5/2019 3:36:39 PM

ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੇਖਿਆ ਕਿ ਸੰਸਾਰ ਝੂਠ ਅਤੇ ਪਾਖੰਡ ਵਿੱਚ ਡੁੱਬਿਆ ਹੋਇਆ ਹੈ ਤਾਂ ਉਨ੍ਹਾਂ ਨੇ ਲੋਕਾਂ ਨੂੰ ਸਹੀ ਰਸਤੇ ਤੇ ਲਿਆਉਣ ਲਈ ਦੇਸ਼, ਪ੍ਰਦੇਸਾਂ ਦੀਆਂ ਯਾਤਰਾਵਾਂ ਕਰਕੇ  ਵੱਡੇ-ਵੱਡੇ ਸਾਧੂਆਂ ਦੇ ਮੱਠਾਂ, ਤਕੀਏ, ਜਿੱਥੇ-ਜਿੱਥੇ ਵੀ ਅਖੌਤੀ ਸਾਧੂ ਰਹਿੰਦੇ ਸਨ, ਉਨ੍ਹਾਂ ਤੱਕਪੁੱਜ ਕੇ ਗੁਰੂ ਜੀ ਨੇ ਉਨ੍ਹਾਂ ਦੇ ਮਨਾ ਵਿਚੋਂ ਹਨ੍ਹੇਰਾ ਦੂਰ ਕੀਤਾ। ਲਾਹੌਰ ਵਿਖੇ ਦੁਨੀ ਚੰਦ ਨੂੰ ਗੁਰੂ ਜੀ ਨੇ ਸਮਝਾਇਆ ਸੀ ਕਿ ਪਿਤਰ ਲੋਕ ਨਾਮ ਦੀ ਕੋਈ ਨਗਰੀ ਨਹੀਂ ਤੇ ਸਰਾਧ ਕਰਨੇ ਕਰਾਉਣੇ ਵਿਅਰਥ ਕੰਮ ਹੈ। ਬ੍ਰਾਹਮਣਾਂ ਭਾਈਆਂ ਦਾ ਖਾਧਾ ਹੋਇਆ ਭੋਜਨ ਤੇ ਦਾਨ ਪੁੰਨ ਦੀਆਂ ਵਸਤੂਆਂ ਮਰ ਚੁੱਕੇ ਪ੍ਰਾਣੀ ਨੂੰ ਨਹੀਂ ਮਿਲਦੀਆਂ। ਜੀਵ ਸੰਸਾਰ ਵਿੱਚ ਆਇਆ ਤੇ ਤਰ ਗਿਆ। ਉਸ ਦੇ ਮਰਨ ਪਿੱਛੋ ਪੱਤਲਾਂ ਉੱਤੇ ਪਿੰਡ ਭਰਾ ਕੇ ਕਾਵਾਂ ਨੂੰ ਹੀ ਸੱਦੀਦਾ ਹੈ। ਉਸ ਪ੍ਰਾਣੀ ਨੂੰ ਕੁਝ ਨਹੀਂ ਪਹੁੰਚਦਾ। ਗੁਰੂ ਜੀ ਫੁਰਮਾਉਂਦੇ ਹਨ :

ਆਇਆ ਗਾਇਆ ਮੁਇਆ ਨਾਉ
ਪਿਛੈ ਪਤਲਿ ਸਦਿਹੁ ਕਾਵ
ਨਾਨਕ ਮਨਮੁਖਿ ਅੰਧ ਪਿਆਰ
ਬਾਝ ਗੁਰੂ ਡੂਬਾ ਸੰਸਾਰ । ( ਅੰਗ ੧੩੭ ਮ:੧)


ਸਭੇ ਸਾਝੀਵਾਲ ਸਦਾਇਨਿ’ ਦਾ ਇਲਾਹੀ ਨਾਦ ਦੁਨੀਆ ਵਿਚ ਗੂੰਜਾ ਕੇ ਮਨੁੱਖਤਾ ਦੇ ਆਲੇ-ਦੁਆਲੇ ਖੜ੍ਹੀਆਂ ਕੀਤੀਆਂ ਵਲਗਣਾਂ ਨੂੰ ਖਤਮ ਕਰਕੇ ਲੱਖਾਂ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕੀਤਾ। ਗੁਰੂ ਸਾਹਿਬ ਨੇ ਜੋ ਵੀ ਸੰਦੇਸ਼ ਦਿੱਤੇ, ਉਹ ਸਰਬਕਾਲੀਨ ਹਨ। ਉਨ੍ਹਾਂ ਦੇ ਮਹਾਨ ਸੰਦੇਸ਼ ਦਾ ਅਧਿਐਨ ਜੇਕਰ ਅੱਜ ਦੀਆਂ ਸਮਾਜਿਕ, ਰਾਜਨੀਤਕ ਤੇ ਆਰਥਿਕ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਕੀਤਾ ਜਾਵੇ ਤਾਂ ਵੀ ਉਹ ਪ੍ਰੇਰਣਾਦਾਇਕ ਹੈ। ਗੁਰੂ ਨਾਨਕ ਦੇਵ ਜੀ ਜਗਤ ਗੁਰੂ ਸਨ, ਉਨ੍ਹਾਂ ਨੇ ਮਨੁੱਖਾ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਗਹਿਰਾ ਅਧਿਐਨ ਕੀਤਾ ਅਤੇ ਆਪਣਾ ਸਾਰਾ ਜੀਵਨ ਲੋਕਾਂ ਨੂੰ ਜੀਵਨ-ਜਾਚ ਸਿਖਾਉਣ ਲਈ ਅਰਪਣ ਕਰ ਦਿੱਤਾ।  ।


ਗੁਰੂ ਸਾਹਿਬ ਇਕ ਮਹਾਨ ਮਾਨਵਤਾਵਾਦੀ ਸਨ । ਉਨ੍ਹਾਂ ਦੇ ਮਾਨਵਤਾਵਾਦ ਵਿਚ ਸਾਰੀ ਮਨੁੱਖਤਾ ਦੇ ਕਲਿਆਣ ਦੀ ਭਾਵਨਾ ਮੁੱਖ ਸਥਾਨ ਰਖਦੀ ਹੈ । ਉਹ ਜਾਤਿ-ਭੇਦ-ਭਾਵ ਦੇ ਕਠੋਰ ਵਿਰੋਧੀ ਸਨ  । ਉਨ੍ਹਾਂ ਦੇ ਮਾਨਵਤਾਵਾਦੀ ਹੋਣ ਦਾ ਮੁੱਖ ਕਾਰਣ ਇਹ ਸੀ ਕਿ ਉਹ ਖ਼ੁਦ ਇਕ ਆਦਰਸ਼ ਮਨੁੱਖ ਸਨ ਅਤੇ ਬਾਕੀਆਂ ਨੂੰ ਵੀ ਚੰਗਾ ਮਨੁੱਖ ਬਣਨ ਲਈ ਪ੍ਰੇਰਣਾ ਦਿੰਦੇ ਸਨ । ਉਹ ਸੰਸਾਰ ਵਿਚ ਰਹਿੰਦੇ ਹੋਇਆਂ ਵੀ ਸੰਸਾਰਿਕ ਜੀਵਨ ਤੋਂ ਨਿਰਲੇਪ ਸਨ।
ਸੰਸਾਰਿਕ ਪ੍ਰਪੰਚਾਂ ਵਿਚ ਫਸਣ ਦੀ ਥਾਂ ਪਰਮਾਤਮਾ ਦੇ ਪ੍ਰੇਮ-ਜਾਲ ਵਿਚ ਸਥਾਈ ਤੌਰ ’ ਤੇ ਫਸੇ ਹੋਏ ਸਨ । ਉਹ ਆਪਣੇ ਆਪ ਨੂੰ ਸਦਾ ਤੁਛ ਸਮਝਦੇ ਸਨ । ਸਾਰਾ ਜੀਵਨ ਉਹ ਸਚੇ ਧਰਮ ਦੇ ਪ੍ਰਚਾਰ ਲਈ ਯਤਨ ਕਰਦੇ ਰਹੇ ।

ਇਸੇ ਤਰ੍ਹਾਂ  ਗੁਰੂ ਨਾਨਕ ਦੇਵ ਜੀ ਨੂੰ ਪਿਆ ਕਲਿਆਣ ਦਾਸ ਜੀ ਨੇ 20 ਰੁਪਏ ਦੇ ਕੇ ਕੋਈ ਸੱਚ ਦਾ ਸੌਦਾ  ਕਰਨ ਲਈ ਭੇਜਿਆ । ਉਸ ਵੇਲੇ ਗੁਰੂ ਨਾਨਕ ਜੀ ਦੀ ਉਮਰ 18 ਵਰ੍ਹੇ ਦੱਸੀ ਜਾਂਦੀ ਹੈ। ਆਪ ਭਾਈ ਮਰਦਾਨਾ ਜੀ ਨਾਲ ਵਪਾਰ ਕਰਨ ਨਿਕਲੇ।
ਅਜੇ ਤਲਵੰਡੀ ਤੋਂ ਬਾਰ੍ਹਾਂ ਕੋਹ ਹੀ ਗਏ ਸਨ ਮੰਡੀ ਚੂਹੜਕਾਣੇ ਤੋਂ ਬਾਹਰ ਉਹਨਾਂ ਦੇਖਿਆ ਕਿ ਜੰਗਲ ਵਿੱਚ ਕੁਝ ਸਾਧੂ ਭੁੱਖੇ ਭਾਣੇ ਬੈਠੇ ਸਨ, ਜਿਨ੍ਹਾਂ ਦਾ ਮੁਖੀ ਸੰਤਰੇਣ ਸੀ । ਗੁਰੂ ਜੀ ਨੇ ਉਨ੍ਹਾਂ ਦੀ ਹਾਲਤ ਵੇਖ ਕੇ ਮਰਦਾਨੇ ਨਾਲ ਸਲਾਹ ਕੀਤੀ ਕਿ ਉਨ੍ਹਾਂ ਨੂੰ , ਵੀਹ ਰੁਪਏ ਦੀ ਰਕਮ ਖ਼ਰਚ ਕੇ , ਭੋਜਨ ਕਰਾਉਣ ਤੋਂ ਵਧ ਹੋਰ ਕਿਹੜਾ ਖਰਾ ਜਾਂ ਸੱਚਾ ਸੌਦਾ ਹੋ ਸਕਦਾ ਹੈ ? ਫਲਸਰੂਪ 20 ਰੁਪਇਆਂ ਦਾ ਘਿਉ ਅਤੇ ਹੋਰ ਖਾਧ ਸਾਮਗ੍ਰੀ ਮੰਵਾ ਕੇ ਸਾਧਾਂ ਨੂੰ ਭੋਜਨ ਕਰਾਇਆ ।
ਜਦੋਂ ਦੋਵੇਂ ਘਰ ਪਰਤੇ ਤਾਂ ਪਿਤਾ ਜੀ ਬਹੁਤ ਨਾਰਾਜ਼ ਹੋਏ । ਜਦੋਂ ਇਸ ਗੱਲ ਦਾ ਰਾਇ ਬੁਲਾਰ ਨੂੰ ਪਤਾ ਲਗਾ ਤਾਂ ਉਸ ਨੇ ਬਾਬੇ ਕਾਲੂ ਨੂੰ ਅਜਿਹਾ ਕਰਨ ਤੋਂ ਵਰਜਿਆ ਅਤੇ 20 ਰੁਪਏ ਦੀ ਰਕਮ ਆਪਣੇ ਕੋਲੋਂ ਭਰ ਦਿੱਤੀ । ਰਾਇ ਨੇ ਬਾਬੇ ਕਾਲੂ ਨੂੰ ਸਮਝਾਇਆ ਕਿ ਬਾਲਕ ਨਾਨਕ ਆਪ ਪਰਮੇਸ਼ਰ ਰੂਪ ਹੈ । ਇਹ ਘਟਨਾ-ਸਥਾਨ ਚੂਹੜਕਾਣਾ ਕਸਬੇ ਦੇ ਨੇੜੇ ਹੈ ।

ਜਿਸ ਥਾਂ ਤੇ ਗੁਰੂ ਨਾਨਕ ਦੇਵ ਜੀ ਨੇ ਸਾਧੂਆਂ ਨੂੰ ਲੰਗਰ ਛਕਾਇਆ ਸੀ, ਉਸ ਥਾਂ ਗੁਰਦੁਆਰਾ ਸੱਚਾ ਸੌਦਾ  ਬਣਿਆ ਹੋਇਆ ਹੈ। ਇਹ ਕਿਲੇ ਵਰਗਾ ਸੁੰਦਰ ਤੇ ਵਿਸ਼ਾਲ ਗੁਰਦੁਆਰਾ, ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਸ਼ਾਹੀ ਹੁਕਮ ਤੇ ਬਣਿਆ।
ਪਹਿਲਾਂ ਇਹ ਸਥਾਨ ਉਦਾਸੀ ਸਾਧਾਂ ਦੇ ਪ੍ਰਬੰਧ ਅਧੀਨ ਸੀ , ਪਰ ਜੱਥੇਦਾਰ ਕਰਤਾਰ ਸਿੰਘ ਝਬਰ ਨੇ 30 ਦਸੰਬਰ 1920 ਈ. ਨੂੰ ਇਸ ਨੂੰ ਆਜ਼ਾਦ ਕਰਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਕੀਤਾ । ਦੇਸ਼ ਵੰਡ ਤੋਂ ਬਾਦ ਇਸ ਦਾ ਪ੍ਰਬੰਧ ਵਕਫ਼ ਬੋਰਡ , ਪਾਕਿਸਤਾਨ ਪਾਸ ਹੈ ।
_________________________________
ਅਵਤਾਰ ਸਿੰਘ ਆਨੰਦ
98770-92505