ਅੰਗ ਸੰਗ ਸ੍ਰੀ ਗੁਰੂ ਨਾਨਕ ਦੇਵ ਜੀ

7/9/2019 12:23:12 PM

ਗੁਰੂ ਨਾਨਕ ਨਾਮ ਲੇਵਾ ਦੇ ਚੇਤਿਆਂ ਵਿਚ ਗੁਰੂ ਅੰਗ ਸੰਗ ਦਾ ਸਿੱਖ-ਅਹਿਸਾਸ ਡੂੰਘਾ ਵਸਿਆ ਹੋਇਆ ਹੈ। ਇਹ ਜਗਿਆਸੂਆਂ ਦੀ ਰੀਝ ਵੀ ਰਹੀ ਹੈ ਅਤੇ ਅਰਦਾਸ ਵੀ ਰਹੀ ਹੈ। ਸਿਆਸਤ ਪ੍ਰਧਾਨ ਵਰਤਮਾਨ ਯੁੱਗ ਵਿਚ ਧਰਮ ਨੂੰ ਧਰਮੀਆਂ ਦੇ ਹੱਥੋਂ ਨਾਕਾਮ ਕਰਣ ਜਾਂ ਕਰਵਾਉਣ ਵਾਲੇ ਰਾਹ ਪਾਉਣ ਦੀ ਸਿਆਸਤ ਦਾ ਬੋਲਬਾਲਾ ਬੇਸ਼ੱਕ ਹੋ ਗਿਆ ਹੈ, ਪਰ ਇਸ ਨਾਲ ਸੁੱਚੀ ਸਿੱਖ-ਆਸਥਾ ਨਿਭਣ ਦੀ ਕੋਸ਼ਿਸ਼ ਲਗਾਤਾਰ ਕਰ ਰਹੀ ਹੈ। ਇਸਦਾ ਇਹ ਅਸਰ ਜ਼ਰੂਰ ਹੋਇਆ ਹੈ ਕਿ ਇਸ ਨਾਲ ਧਰਮ ਨੂੰ ਵੀ ਲੋੜਵੰਦ ਓਸੇ ਤਰ੍ਹਾਂ ਹਾਸਲ ਕਰਣਾ ਚਾਹੁਣ ਲੱਗ ਪਏ ਹਨ, ਜਿਵੇਂ ਲੋੜ ਪੈਣ ਤੇ ਬਣੀਆਂ ਬਨਾਈਆਂ ਚੀਜ਼ਾਂ ਹੱਟੀਆਂ ਤੋਂ ਖਰੀਦ ਲਈਆਂ ਜਾਂਦੀਆਂ ਹਨ। ਇਕ ਪਾਸੇ ਜਿਹੜੇ ਇਸ ਤਰ੍ਹਾਂ ਕਰੀ ਜਾ ਰਹੇ ਹਨ,  ਓਹੀ ਇਹ ਇਤਰਾਜ਼ ਵੀ ਕਰੀ ਜਾ ਰਹੇ ਹਨ ਕਿ ਧਰਮ ਦੇ ਨਾਮ ਤੇ ਦੁਕਾਨਾਂ ਖੁਲ੍ਹ ਗਈਆਂ ਹਨ। ਇਹ ਯੁੱਗ ਮੰਡੀਕਰਣ ਦਾ ਯੁੱਗ ਹੈ ਅਤੇ ਇਸ ਵਿਚ ਲਾਹਾ ਲੈਣ ਦੇ ਮੌਕੇ ਚਾਲਾਕ ਲੋਕ ਪੈਦਾ ਕਰ ਲੈਂਦੇ ਹਨ। ਇਸ ਦ੍ਰਿਸ਼ਟੀ ਤੋਂ ਜਿਵੇਂ ਜਿਵੇਂ ਹੱਟੀਆਂ ਨੂੰ ਸ਼ੋਅ ਰੂਮ ਬਨਣਾ ਪੈ ਰਿਹਾ ਹੈ ਉਵੇਂ ਉਵੇਂ ਧਾਰਮਿਕ ਸਥਾਨਾਂ ਨੂੰ ਏਸੇ ਵਿਧੀ ਵਿਚ ਡੇਰੇ ਬਨਣਾ ਪੈ ਰਿਹਾ ਹੈ। ਧਰਮ ਨੂੰ ਧੰਦਾ ਸਮਝਣ ਵਾਲਿਆਂ ਤੋਂ ਗੁਰੂ ਨਾਨਕ ਦੇਵ ਜੀ ਨੇ ਆਮ ਬੰਦੇ ਨੂੰ ਛੁਡਾਇਆ ਵੀ ਸੀ ਅਤੇ ਛੁੱਟੇ ਰਹਿਣ ਦੀ ਵਿਧੀ ਵੀ ਦੱਸੀ ਸੀ। ਇਸ ਨਾਲ ਖਿਲਵਾੜ ਕਰਣ ਦੀਆਂ ਕੋਸ਼ਿਸ਼ਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ ਸਾਹਮਣੇ ਆਉਂਦੀਆਂ ਰਹੀਆਂ ਸਨ। ਗੁਰੂ ਜੀ ਨੇ ਧਰਮ ਦੇ ਨਾਮ ਤੇ ਖਿੱਚੀਆਂ ਹੋਈਆਂ ਲਕੀਰਾਂ ਨੂੰ ਮਿਟਾਉਣ ਦੀ ਥਾਂ ਤੇ ਆਪਣੀ ਸੁਤੰਤਰ ਲਕੀਰ ਖਿੱਚ ਦਿੱਤੀ ਸੀ। ਇਹ ਲਕੀਰ ਚੇਲੇ ਬਨਾਉਣ ਵਾਲੇ ਧਰਮ ਦੀ ਥਾਂ ਧਰਮ ਰਾਹੀਂ ਚੇਤਨਾਂ ਲਹਿਰ ਚਲਾਉਣ ਦੀ ਲਕੀਰ ਸੀ। ਵੇਖਣ ਨੂੰ ਤਾਂ ਚੇਤਨਾਂ ਲਹਿਰ ਬੌਧਿਕ ਲਹਿਰ ਲੱਗਦੀ ਹੈ, ਪਰ ਆਮ ਬੰਦੇ ਲਈ ਕੋਈ ਵੀ ਲਹਿਰ ਬੌਧਿਕ ਲਹਿਰ ਨਹੀਂ ਹੁਮਦਿ ਕਿਉਂਕਿ ਆਮ ਬੰਦਾ ਤਾਂ ਆਸਥਾ ਦੀ ਭਾਸ਼ਾ ਵਿਚ ਹੀ ਲਹਿਰ ਦੇ ਵਹਿਣ ਵਿਚ ਵਹਿ ਸਕਦਾ ਹੈ। ਕਿਸੇ ਵੀ ਲਹਿਰ ਵਾਸਤੇ ਆਮ ਬੰਦੇ ਦੀ ਭਾਸ਼ਾ ਸਭ ਨਾਲੋਂ ਵੱਧ ਕੰਮ ਆ ਸਕਦੀ ਹੈ। ਸਭ ਤੋਂ ਪਹਿਲਾਂ ਗੁਰੂ ਜੀ ਨੇ ਆਪਣੀਆਂ ਗੱਲਾਂ ਆਮ ਬੰਦੇ ਦੀ ਭਾਸ਼ਾ ਵਿਚ ਕਹਿਣੀਆਂ ਸ਼ੁਰੂ ਕੀਤੀਆਂ ਸਨ ਅਤੇ ਏਸੇ ਨਾਲ ਆਮ ਬੰਦੇ ਨੇ ਗੁਰੂ ਜੀ ਨਾਲ ਜੁੜਣਾ ਸ਼ੁਰੂ ਕਰ ਦਿੱਤਾ ਸੀ। ਜੋ ਕੁਝ ਸਾਡੇ ਤੱਕ ਸਾਖੀ ਸਾਹਿਤ ਰਾਹੀਂ ਪਹੁੰਚਿਆ ਹੈ, ਉਸ ਵਿਚੋਂ ਗੁਰੂ ਜੀ ਦੇ ਸਥਾਪਤ ਹੋ ਰਹੇ ਸਰੂਪ ਦੇ ਓਹਲੇ ਵਿਚ ਬਹੁਤ ਕੁਝ ਅਜਿਹਾ ਵੀ ਪਿਆ ਹੋਇਆ ਹੈ, ਜਿਸਨੂੰ ਲੱਭੇ, ਸਮਝੇ ਅਤੇ ਸਮਝਾਏ ਜਾਣ ਦੀ ਲੋੜ ਸਦਾ ਹੀ ਰਹਿਣੀ ਹੈ। ਇਹੀ ਗੱਲਾਂ ਜਦੋਂ ਚੇਤਨਾ ਵਿਚ ਉਤਰਦੀਆਂ ਹਨ ਤਾਂ ਗੁਰਮਤਿ ਦੇ ਅੰਗ ਸੰਗ ਰਹਿਕੇ ਨਿਭਣ ਵਾਲੇ ਰਾਹ ਆਮ ਬੰਦੇ ਨੂੰ ਪਾ ਲੈਂਦੀਆਂ ਹਨ। ਲੋਕ ਸਿਆਣਪ ਵਿਚ ਉਤਰੇ ਹੋਏ ਬਾਬਾ ਜੀ ਦੇ ਕਈ ਬਿੰਬ ਹਨ, ਜਿਵੇਂ ਨਾਨਕੀ ਦਾ ਵੀਰ, ਵੈਦ ਰੋਗੀਆਂ ਦਾ ਅਤੇ ਜਗਤ ਗੁਰੂ ਬਾਬਾ ਆਦਿ। ਇਨ੍ਹਾਂ ਬਿੰਬਾਂ ਦੁਆਰਾ ਸਥਾਪਤ ਹੋ ਜਾਂਦਾ ਹੈ ਕਿ ਆਮ ਲੋਕਾਂ ਨਾਲ ਸੁਤੇ ਅੰਗ ਸੰਗ ਰਹਿਣ ਦੀ ਗਵਾਹੀ ਭਰਦੇ ਹਨ। ਲੋਕਾਂ ਦੀ ਵਿਰਾਸਤ ਵਿਚ ਇਹੋ ਜਿਹੀਆਂ ਸਦਾ ਸੱਚੀਆਂ ਪਈਆਂ ਹੋਈਆਂ ਹਨ ਅਤੇ ਇਹੀ ਹੌਲੀ ਹੌਲੀ ਨਾਨਕ ਨਾਮ ਲੇਵਿਆਂ ਦੇ ਲਹੂ ਵਿਚ ਉਤਰਦੀਆਂ ਰਹੀਆਂ ਹਨ। ਏਸੇ ਨੂੰ ਧਨੀ ਰਾਮ ਚਾਤ੍ਰਿਕ ਨੇ ਨਾਨਕ ਨਾਨਕ ਗਾਇਆ ਈ, ਦੁਨੀਆਂ ਤਾਰਨ ਆਇਆ ਈ ਅਤੇ ਧੰਨ ਗੁਰੂ ਨਾਨਕ ਗਾਇਆ ਈ, ਰਾਹੀਂ ਪ੍ਰਗਟ ਕਰਣ ਦੀ ਕੋਸ਼ਿਸ਼ ਕੀਤੀ ਹੋਈ ਹੈ।

ਅੰਗ ਸੰਗ ਰਹਿਣ ਵਾਲੀਆਂ ਸਚਾਈਆਂ ਕਿਸੇ ਦੀ ਮਲਕੀਅਤ ਨਹੀਂ ਹੋ ਸਕਦੀਆਂ ਕਿਉਂਕਿ ਇਹ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਹਨ। ਏਸੇ ਕਰਕੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਗੁਰੁ ਨਾਨਕ ਦੇਵ ਜੀ ਜਿਸ ਤਰ੍ਹਾਂ ਆਪਣੇ ਪਰਿਵਾਰ ਦੇ ਸਨ, ਓਸੇ ਤਰ੍ਹਾਂ ਸੱਜਣ ਠੱਗ ਵਰਗਿਆ ਦੇ ਵੀ ਸਨ। ਇਸ ਨਾਲ ਜਿਸ ਸਰਬੱਤ ਦੇ ਭਲੇ ਦੀ ਨੀਂਹ ਗੁਰੂ ਜੀ ਨੇ ਰੱਖ ਦਿੱਤੀ ਸੀ, ਓਹੀ ਇਸ ਵੇਲੇ ਸਿੱਖ-ਅਰਦਾਸ ਦਾ ਹਿੱਸਾ ਹੋ ਗਈ ਹੈ: 

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਇਸ ਵੇਲੇ ਦੁਸ਼ਵਾਰੀਆਂ ਵਿਚ ਘਿਰਿਆ ਹੋਇਆ ਆਮ ਬੰਦਾ ਗੁਰੂ ਜੀ ਨੂੰ ਅੰਗ ਸੰਗ ਨ ਸਮਝ ਸਕਣ ਕਰਕੇ ਚੜ੍ਹਦੀ ਕਲਾ ਵਾਲੇ ਸੁਭਾ ਦੀ ਥਾਂ ਢਹਿੰਦੀ ਕਲਾ ਵਾਲੇ ਸੁਭਾ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਇਸ ਨਾਲ ਪੈਦਾ ਹੋ ਰਿਹਾ ਖੁਦਕਸ਼ੀਆਂ ਅਤੇ ਨਸ਼ਿਆਂ ਵਾਲਾ ਰਾਹ ਸਾਰਿਆਂ ਦੇ ਸਾਹਮਣੇ ਹੈ। ਦਰਪੇਸ਼ ਚੁਣੌਤੀਆਂ ਨੂੰ ਭਾਣੇ ਵਿਚ ਲੈ ਕੇ ਸੰਘਰਸ਼ ਦੇ ਸਿੱਖ-ਰਾਹ ਨੇ ਪੰਜਾਬੀਆਂ ਨੂੰ ਭਾਰਤ ਦੇ ਇਕ ਨੰਬਰ ਦੇ ਸ਼ਹਿਰੀਆਂ ਵਿਚ ਸ਼ਾਮਲ ਕਰਵਾ ਦਿੱਤਾ ਸੀ। ਜਿਵੇਂ ਜਿਵੇਂ ਪੰਜਾਬੀਆਂ ਦੇ ਸੁਭਾ ਵਿਚੋਂ ਸਿੱਖ-ਸੁਭਾ ਕਮਜ਼ੋਰ ਪੈਂਦਾ ਜਾ ਰਿਹਾ ਹੈ, ਤਿਵੇਂ ਤਿਵੇਂ ਸਿੱਖੀ ਵੀ ਕਮਜ਼ੋਰ ਪੈਂਦੀ ਜਾ ਰਹੀ ਹੈ। ਸਿਆਸੀ, ਧਾਰਮਿਕ ਅਤੇ ਬਿਉਪਾਰੀ ਡੇਰੇਦਾਰੀਆਂ ਨੂੰ ਜਿਹੋ ਜਿਹੇ ਸੁਭਾ ਦੀ ਲੋੜ ਹੁੰਦੀ ਹੈ, ਓਸੇ ਵਿਚੋਂ ਤਾਂ ਗੁਰੂ ਜੀ ਨੇ ਬਾਹਰ ਕੱਢਿਆ ਸੀ। ਪਿੱਛਲ ਪੈਰੀਂ ਤੁਰੀ ਹੋਈ ਪੰਜਾਬੀ-ਮਾਨਸਿਕਤਾ ਆਪਣੇ ਅਸਲੇ ਨਾਲੋਂ ਟੁੱਟਣ ਵਾਲੇ ਰਾਹ ਪਈ ਹੋਈ ਹੈ। ਏਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਜਗਿਆਸੂ ਸਿੱਖਾਂ ਨੂੰ ਆਪਣੇ ਨਾਲ ਜੋੜਣ ਦੀ ਥਾਂ, ਬਾਣੀ ਨਾਲ ਜੋੜਿਆ ਸੀ। ਇਸ ਨਾਲ ਇਹ ਸੱਚ ਸਿੱਖ ਦੀ ਮਾਨਸਿਕਤਾ ਵਿਚ ਉਤਾਰ ਦਿੱਤਾ ਗਿਆ ਸੀ ਕਿ ਗੁਰੂ ਨੂੰ ਅੰਗ ਸੰਗ ਰੱਖਣ ਦਾ ਰਸਤਾ ਬਾਣੀ ਦੇ ਅੰਗ ਸੰਗ ਰਹਿਣਾ ਹੈ। ਏਸੇ ਨਾਲ ਇਹ ਸੱਚ ਸਾਹਮਣੇ ਆ ਗਿਆ ਹੈ ਕਿ ਜਿਵੇਂ ਜੋਤਿ ਵਿਹੂਣ ਮਾਨਵ ਨਹੀਂ ਹੋ ਸਕਦਾ (ਹਰਿ ਤੁਮ ਮਹਿ ਜੋਤਿ ਰਖੀ…), ਓਸੇ ਤਰ੍ਹਾਂ ਪ੍ਰਭੂ ਵਿਹੂਣ ਬੰਦਾ ਵੀ ਨਹੀਂ ਹੋ ਸਕਦਾ (ਸੋ ਕਿਉ ਵੀਸਰੈ….)। ਏਸੇ ਦਾ ਇਕ ਪ੍ਰਸੰਗ ਇਹ ਵੀ ਹੈ ਕਿ ਅਸਲੇ ਨਾਲੋਂ ਟੁੱਟਣ ਨਾਲ ਪੱਕੇ ਰੋਗੀ ਵਰਗੀ ਦਿਸ਼ਾ ਅਤੇ ਦਸ਼ਾ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ (ਜਿਸ ਤਨ ਬਾਣੀ ਵਿਸਰ ਜਾਏ ਜਿਉ ਪਕਾ ਰੋਗੀ ਬਿਲ ਲਾਇ॥)। ਗੁਰੂ ਜੀ ਨੇ ਇਹ ਨਹੀਂ ਆਖਿਆ ਸੀ ਕਿ ਉਨ੍ਹਾਂ ਵਰਗੇ ਹੋਵੋ। ਉਨ੍ਹਾਂ ਨੇ ਤਾਂ ਇਹੀ ਚਾਹਿਆ ਸੀ ਕਿ ਉਨ੍ਹਾਂ ਨੂੰ ਆਪਣੇ ਅੰਗ ਸੰਗ ਸਮਝੋ। ਏਸੇ ਦਾ ਇਕ ਰੰਗ ਇਹ ਹੈ ਕਿ ਗੁਰੂ ਜੀ ਦੇ ਦਰਸ਼ਨ ਗੁਰੂ ਜੀ ਦੀ ਬਾਣੀ ਦੁਆਰਾ ਹੋ ਸਕਦੇ ਹਨ। ਇਹੀ "ਗੁਰੂਮਾਨਿਓਗ੍ਰੰਥ"  ਦੁਆਰਾ ਸਥਾਪਤ ਕਰ ਦਿੱਤਾ ਗਿਆ ਹੈ। ਇਹੀ ਕਾਰਣ ਸੀ ਕਿ ਗੁਰੂ ਨਾਨਕ ਦੇਵ ਜੀ ਕਿਸੇ ਇਕ ਵਰਗ ਦੇ ਪ੍ਰਤੀਨਿਧ ਨਹੀਂ ਰਹੇ ਸਨ ਅਤੇ ਉਹ ਸਾਰੇ ਸਮਿਆਂ ਵਾਸਤੇ ਸਾਰਿਆ ਦੇ ਹੋ ਗਏ ਸਨ ਅਤੇ ਹਨ। ਲੋਕ ਮਾਨਸਿਕਤਾ ਵਿਚ ਇਹੀ ਇਸ ਤਰ੍ਹਾਂ ਉਤਰਿਆ ਹੋਇਆ ਹੈ:

ਧੰਨ ਬਾਬਾ ਨਾਨਕਾ ਤੂੰ ਸਚਖੰਡ ਰਹਿਨਾ ਏਂ।
ਜਿਹੜਾ ਤੇਰਾ ਨਾਮ ਜਪੇ ਉਹਦਾ ਬਣ ਬਹਿਨਾ ਏਂ।
ਕੋਈ ਤੈਨੂੰ ਸਾਧੂ ਆਖੇ ਕੋਈ ਆਖੇ ਪੀਰ ਜੀ।
ਦੁਖੀਆਂ ਦੇ ਦੁਖ ਕਟੇ ਨਾਨਕੀ ਦਾ ਵੀਰ ਜੀ।

ਅੰਗ ਸੰਗ ਦੇ ਇਸ ਪ੍ਰਸੰਗ ਨੂੰ ਪ੍ਰੋ. ਪੂਰਨ ਸਿੰਘ ਦੀ ਇਸ ਤੁਕ ਨਾਲ ਇਸ ਕਰਕੇ ਸੰਤੋਖਿਆ ਜਾ ਸਕਦਾ ਹੈ, ਕਿਉਂਕਿ ਗੁਰੂ ਜੀ ਦੀ ਮਹਿਮਾ ਵੀ ਗੁਰੂ ਜੀ ਨੂੰ ਅੰਗ ਸੰਗ ਰੱਖਣ ਦੀ ਇਕ ਵਿਧਾ ਹੀ ਹੈ:

ਇਹ ਨਾਮ ਰਹਿਤ ਅਨਾਮ ਹੈ, ਰੂਪ ਰਹਿਤ ਅਰੂਪ ਹੈ,
ਜਾਤ ਰਹਿਤ ਅਜਾਤ ਹੈ, ਸੁਆਦ ਰਹਿਤ ਸੁਆਦ ਹੈ।
ਹੇ ਮੇਰੇ ਮਨ! ਜਾਗਤੇ ਬੋਲ: ਗੁਰੂ ਨਾਨਕ ਤੇਰੀ ਜੈ ਹੋਵੇ!

ਬਲਕਾਰ ਸਿੰਘ ਪ੍ਰੋਫੈਸਰ
9316301328