ਮੁਟਿਆਰਾਂ ਦਾ ਸ਼ਗਨਾਂ ਭਰਿਆ ਤਿਉਹਾਰ ''ਹਰਿਆਲੀ ਤੀਆਂ'', ਜਾਣੋ ਇਸ ਦਾ ਮਹੱਤਵ ਤੇ ਪੂਜਾ ਵਿਧੀ

7/23/2020 1:53:02 PM

ਜਲੰਧਰ (ਬਿਊਰੋ) — ਦੇਸ਼ ਭਰ 'ਚ ਅੱਜ ਹਰਿਆਲੀ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਸੁਹਾਗਣਾਂ ਲਈ ਇਸ ਦਿਨ ਦਾ ਬਹੁਤ ਖ਼ਾਸ ਮਹੱਤਵ ਹੁੰਦਾ ਹੈ। ਇਸ ਦਿਨ ਜਨਾਨੀਆਂ ਪੂਰਾ ਸ਼ਿੰਗਾਰ ਕਰਕੇ ਆਪਣੇ ਪਤੀ ਦੀ ਲੰਬੀ ਉਮਰ ਤੇ ਸੁੱਖ-ਸ਼ਾਂਤੀ ਲਈ ਵਰਤ ਰੱਖਦੀਆਂ ਹਨ। ਸੁੰਦਰਤਾ ਤੇ ਪਿਆਰ ਦੇ ਇਸ ਖ਼ਾਸ ਤਿਉਹਾਰ ਨੂੰ ਸ਼ਰਵਾਨੀ ਤੀਜ ਵੀ ਕਿਹਾ ਜਾਂਦਾ ਹੈ। ਇਸ ਦਿਨ ਜਨਾਨੀਆਂ ਪੂਰੀ ਸ਼ਰਧਾ ਨਾਲ ਭਗਵਾਨ ਸ਼ਿਵ-ਪਾਰਵਤੀ ਦੀ ਪੂਜਾ ਕਰਦੀਆਂ ਹਨ। ਹਰਿਆਲੀ ਤੀਜ ਭਗਵਾਨ ਸ਼ਿਵ ਜੀ ਅਤੇ ਮਾਂ ਪਾਰਵਤੀ ਦੇ ਪੁਨਰ ਮਿਲਾਪ ਦੀ ਯਾਦ 'ਚ ਮਨਾਇਆ ਜਾਂਦਾ ਹੈ।

ਹਰਿਆਲੀ ਤੀਜ ਦੀ ਪੂਜਾ ਵਿਧੀ :-
ਸ਼ਿਵ ਪੁਰਾਣ ਮੁਤਾਬਕ, ਹਰਿਆਲੀ ਤੀਆਂ ਦੇ ਦਿਨ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦਾ ਪੁਨਰ ਮਿਲਾਪ ਹੋਇਆ ਸੀ, ਇਸ ਲਈ ਸੁਹਾਗਣਾਂ ਲਈ ਇਸ ਵਰਤ ਦਾ ਬਹੁਤ ਮਹੱਤਵ ਹੈ। ਇਸ ਦਿਨ ਮਹਿਲਾਵਾਂ ਮਹਾਦੇਵ ਤੇ ਮਾਤਾ ਪਾਰਵਤੀ ਦੀ ਪੂਜਾ ਕਰਦੀਆਂ ਹਨ।
1. ਇਸ ਦਿਨ ਸਾਫ਼-ਸਫ਼ਾਈ ਕਰਕੇ ਘਰ ਨੂੰ 'ਤੋਰਣ ਮੰਡਪ' ਨਾਲ ਸਜਾਓ। ਮਿੱਟੀ 'ਚ ਗੰਗਾਜਲ ਮਿਲਾ ਕੇ ਸ਼ਿਵਲਿੰਗ, ਭਗਵਾਨ ਗਣੇਸ਼ ਤੇ ਮਾਤਾ ਪਾਰਵਤੀ ਦੀ ਮੂਰਤੀ ਬਣਾਓ ਅਤੇ ਇਸ ਨੂੰ ਚੌਕੀ 'ਤੇ ਸਥਾਪਿਤ ਕਰੋ।
2. ਹਰਿਆਲੀ ਤੀਆਂ ਵਰਤ ਦੀ ਪੂਜਾ ਸਾਰਾ ਦਿਨ ਚੱਲਦੀ ਹੈ। ਇਸ ਦੌਰਾਨ ਜਨਾਨੀਆਂ ਜਾਗਰਣ (ਜਰਾਤੇ) ਤੇ ਕੀਰਤਨ ਵੀ ਕਰਦੀਆਂ ਹਨ।
3. ਇਸ ਦਿਨ ਜਨਾਨੀਆਂ ਪੂਰਾ ਸ਼ਿੰਗਾਰ ਕਰਕੇ ਨਿਰਜਲਾ ਵਰਤ ਰੱਖਦੀਆਂ ਹਨ ਤੇ ਪੂਰੀ ਵਿਧੀ ਨਾਲ ਮਾਂ ਪਾਰਵਤੀ ਤੇ ਭਗਵਾਨ ਸ਼ਿਵ ਜੀ ਦੀ ਪੂਜਾ ਕਰਦੀਆਂ ਹਨ।

ਹਰਿਆਲੀ ਤੀਆਂ 'ਤੇ ਹੋਣ ਵਾਲੀ ਪਰੰਪਰਾ :-
- ਨਵ-ਵਿਆਹੀਆਂ ਕੁੜੀਆਂ ਲਈ ਵਿਆਹ ਤੋਂ ਬਾਅਦ ਆਉਣ ਵਾਲੇ ਸਾਉਣ ਦੇ ਤਿਉਹਾਰ ਦਾ ਖ਼ਾਸ ਮਹੱਤਵ ਹੁੰਦਾ ਹੈ। ਜ਼ਿਆਦਾਤਰ ਹਰਿਆਲੀ ਤੀਜ ਦੇ ਮੌਕੇ 'ਤੇ ਕੁੜੀਆਂ ਨੂੰ ਸਹੁਰੇ ਘਰ ਤੋਂ ਪੇਕੇ ਘਰ ਬੁਲਾ ਲਿਆ ਜਾਂਦਾ ਹੈ।

- ਇਸ ਦਿਨ ਮਹਿੰਦੀ ਲਾਉਣ ਦਾ ਵੀ ਖ਼ਾਸ ਮਹੱਤਵ ਹੈ। ਇਸ ਨੂੰ ਜਨਾਨੀਆਂ ਦੀ ਸੁਹਾਗ ਦੀ ਨਿਸ਼ਾਨੀ ਮੰਨੀ ਜਾਂਦੀ ਹੈ।

- ਹਰਿਆਲੀ ਤੀਆਂ 'ਤੇ ਸੁਹਾਗਣਾਂ ਸੱਸ ਦੇ ਪੈਰ ਛੂਹ ਕੇ ਉਨ੍ਹਾਂ ਤੋਂ ਆਸ਼ੀਰਵਾਦ ਲੈਂਦੀਆਂ ਹਨ।

- ਇਸ ਦਿਨ ਜਨਾਨੀਆਂ ਸ਼ਿੰਗਾਰ ਤੇ ਨਵੇਂ ਕੱਪੜੇ ਪਹਿਨ ਕੇ ਮਾਂ ਪਾਰਵਤੀ ਦੀ ਪੂਜਾ ਕਰਦੀਆਂ ਹਨ।

- ਚੰਗੇ ਵਰ ਦੀ ਮਨੋਕਾਮਨਾ ਲਈ ਇਸ ਦਿਨ ਕੁਆਰੀਆਂ ਕੁੜੀਆਂ ਵੀ ਵਰਤ ਰੱਖਦੀਆਂ ਹਨ।

ਹਰਿਆਲੀ ਤੀਆਂ ਦਾ ਮਹੱਤਵ
ਉੱਤਰ ਭਾਰਤੀ ਸੂਬਿਆਂ 'ਚ ਤੀਆਂ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸ਼ਿਵ ਪੁਰਾਣ ਮੁਤਾਬਕ, ਇਸੇ ਦਿਨ ਭਗਵਾਨ ਸ਼ਿਵ ਤੇ ਦੇਵੀ ਪਾਰਵਤੀ ਦਾ ਪੁਨਰ ਮਿਲਾਪ ਹੋਇਆ ਸੀ। ਮੰਨਿਆ ਜਾਂਦਾ ਹੈ ਕਿ ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਪਤੀ ਦੇ ਰੂਪ 'ਚ ਪਾਉਣ ਲਈ ਕਠੋਰ ਤਪ ਕੀਤਾ ਸੀ। ਇਸ ਸਖ਼ਤ ਤਪੱਸਿਆ ਤੇ 108ਵੇਂ ਜਨਮ ਤੋਂ ਬਾਅਦ ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਪਤੀ ਦੇ ਰੂਪ 'ਚ ਪ੍ਰਾਪਤ ਕੀਤਾ। ਮੰਨਿਆ ਜਾਂਦਾ ਹੈ ਕਿ ਸਾਉਣ ਦੇ ਮਹੀਨੇ ਨੂੰ ਹੀ ਭਗਵਾਨ ਸ਼ੰਕਰ ਨੇ ਮਾਤਾ ਪਾਰਵਤੀ ਨੂੰ ਆਪਣੀ ਪਤਨੀ ਦੇ ਰੂਪ 'ਚ ਸਵੀਕਾਰ ਕੀਤਾ ਸੀ।


sunita

Content Editor sunita