ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

7/24/2020 12:31:17 PM

(ਕਿਸ਼ਤ ਅਠੱਤੀਵੀਂ)
ਭੈਣ ਨਾਨਕੀ ਦਾ ਆਪਣੇ ਦਰਵੇਸ਼ ਵੀਰ ਨੂੰ ਬਚਾਉਣਾ

ਉੱਧਰ ਕ੍ਰੋਧ ਵਿੱਚ ਲਾਲ-ਪੀਲੇ ਹੋਏ ਮਹਿਤਾ ਕਾਲੂ ਜੀ ਜਦੋਂ ਪਿੰਡੋਂ ਬਾਹਰ ਤਾਲ ਵਾਲੀ ਨੀਵੀਂ ਥਾਂ ’ਤੇ ਸਥਿਤ ਵਾਣ ਦੇ ਘਣੇ ਦਰਖ਼ਤ ਲਾਗੇ ਪੁੱਜੇ, ਤਾਂ ਕੀ ਵੇਖਦੇ ਹਨ ਕਿ ਪੁੱਤਰ ਨਾਨਕ, ਉਸ ਰੁੱਖ ਦੀਆਂ ਸੰਘਣੀਆਂ ਸ਼ਾਖਾਵਾਂ ਦੇ ਓਹਲੇ, ਆਸਣ ਉੱਪਰ ਚੌਂਕੜਾ ਮਾਰੀ ਆਪਣੀ ਮੌਜ ਅੰਦਰ ਸਮਾਧੀਲੀਨ ਬੈਠੇ ਹਨ। ਪੁੱਤਰ ਨੂੰ ਆਪਣੀ ਮਸਤੀ ਅੰਦਰ ਆਰਾਮ ਨਾਲ ਇਵੇਂ ਬੈਠਾ ਵੇਖ ਕਿ ਜਿਵੇਂ ਕੁੱਝ ਹੋਇਆ ਹੀ ਨਾ ਹੋਵੇ, ਪਿਤਾ ਮਹਿਤਾ ਕਾਲੂ ਜੀ ਆਪਾ ਖੋਹ ਬੈਠੇ। ਹੁਣ ਸਮਾਧੀਆ ਲਾ ਲੁਕਿਆ ਬੈਠਾ ਹੈਂ, ਉਜਾੜੂਆ ! ਕਿੱਥੇ ਨੇ 20 ਰੁਪਏ? ਦੱਸ ਕਿੱਥੇ ਹੈ ਤੇਰਾ ਵਪਾਰ? ਤੂੰ ਤਾਂ ਕਹਿੰਦਾ ਸੀ ਕਿ ਤੁਸੀਂ ਜੋ ਕਹੋਗੇ, ਸੋ ਮੈਂ ਕਰਾਂਗਾ। ਕਿੱਥੇ ਗਏ ਤੇਰੇ ਕੌਲ ਇਕਰਾਰ? ਐਸੇ ਕੌੜੇ-ਕੁਸੈਲੇ ਦੁਰਬਚਨਾਂ ਅਤੇ ਸਵਾਲਾਂ ਦੀ ਵਾਛੜ ਕਰਦਿਆਂ, ਉਨ੍ਹਾਂ ਨਾਨਕ ਸਾਹਿਬ ਜੀ ਨੂੰ ਬਾਹੋਂ ਫੜ ਲਿਆ ਅਤੇ ਬੜੀ ਬੇਰਹਿਮੀ ਨਾਲ ਧਰੂੰਹਦੇ ਹੋਏ, ਟਾਹਣੀਆਂ ਹੇਠੋਂ ਬਾਹਰ ਖਿੱਚ ਲਿਆਏ।

ਅੱਗੋਂ ਨਾਨਕ ਸਾਹਿਬ ਜੀ ਸਿਰ ਝੁਕਾ, ਚੁੱਪ-ਚਾਪ ਖੜੇ ਰਹੇ। ਮਹਿਤਾ ਕਾਲੂ ਜੀ ਦੇ ਕ੍ਰੋਧ ਦੀ ਜਵਾਲਾ ਹੋਰ ਭੜਕਦੀ ਹੈ। ਉਨ੍ਹਾਂ ਦੀ ਸੱਜੀ ਬਾਂਹ ਉਤਾਂਹ ਹਵਾ ਵਿੱਚ ਉਲਰਦੀ ਹੈ ਅਤੇ ਇੱਕ ਜ਼ੋਰਦਾਰ ਚਪੇੜ, ਨਾਨਕ ਸਾਹਿਬ ਜੀ ਦੀ ਖੱਬੀ ਗੱਲ੍ਹ ’ਤੇ ਵੱਜਦੀ ਹੈ। ਫੇਰ ਉਨ੍ਹਾਂ ਦਾ ਖੱਬਾ ਹੱਥ ਉਤਾਂਹ ਉਲਰਦਾ ਹੈ ਅਤੇ ਇੱਕ ਹੋਰ ਕੜਾਕੇਦਾਰ ਚਪੇੜ ਮੂੰਹ ਦੇ ਦੂਜੇ ਪਾਸੇ, ਸੱਜੀ ਗੱਲ੍ਹ ’ਤੇ ਪੈਂਦੀ ਹੈ। ਚਪੇੜਾਂ ਦਾ ਇਹ ਸਿਲਸਲਾ ਤਾਬੜਤੋੜ ਚੱਲਦਾ ਹੈ। ਇੱਕ ਗੱਲ੍ਹ ਤੋਂ ਬਾਅਦ ਦੂਜੀ ਗੱਲ੍ਹ ’ਤੇ ਮਾਰਨ ਲੱਗਿਆਂ ਮਹਿਤਾ ਕਾਲੂ ਜੀ ਦਾ ਕ੍ਰੋਧ ਅਤੇ ਜ਼ੋਰ ਹੋਰ ਵੱਧਦਾ ਹੈ। 

ਜਵਾਨੀ ਦੀ ਦਹਿਲੀਜ਼ ’ਤੇ ਢੁੱਕੇ ਅਰਥਾਤ ਕੁਮਾਰ ਅਵਸਥਾ ਨੂੰ ਪੁੱਜੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਪਿਓ ਦੀ ਇਹ ਮਾਰ, ਚੁੱਪ-ਚਾਪ ਅਡੋਲ ਖੜੇ ਝੱਲਦੇ ਰਹੇ। ਅੱਗੋਂ ਉਭਾਸਰੇ ਨਹੀਂ। ਮਾਰ ਤੋਂ ਬਚਣ, ਪਰ੍ਹੇ ਹਟਣ ਜਾਂ ਹੱਥਾਂ ਅਤੇ ਬਾਹਾਂ ਨਾਲ ਗੱਲ੍ਹਾਂ ਨੂੰ ਕੱਜਣ ਦਾ ਉਨ੍ਹਾਂ ਕੋਈ ਯਤਨ ਨਾ ਕੀਤਾ। ਅੱਖਾਂ ’ਚੋਂ ਨੀਰ, ਮੋਤੀ ਬਣ ਵਗਦਾ ਰਿਹਾ ਅਤੇ ਬੁਲ੍ਹਾਂ ’ਤੇ ਚੁੱਪ ਪਸਰੀ ਰਹੀ। ਮਨ ਅੰਦਰ ਕਿਸੇ ਪ੍ਰਕਾਰ ਦੇ ਸ਼ਿਕਵੇ-ਸ਼ਿਕਾਇਤ ਅਤੇ ਵਿਰੋਧ ਦਾ ਭਾਵ ਉਤਪੰਨ ਨਾ ਹੋਇਆ।

ਕ੍ਰੋਧ ਨਾਲ ਉਬਲ ਰਹੇ ਪਿਤਾ ਜੀ ਦੀ ਇਹ ਕੁੱਟ ਮਾਰ ਪਤਾ ਨਹੀਂ ਹੋਰ ਕਿੰਨਾ ਚਿਰ ਜਾਰੀ ਰਹਿੰਦੀ ਜੇਕਰ ਐਨ ਮੌਕੇ ’ਤੇ ਬੇਬੇ ਨਾਨਕੀ ਜੀ ਉੱਥੇ ਨਾ ਪੁੱਜਦੇ। ਉਨ੍ਹਾਂ ਆਉਂਦਿਆਂ ਹੀ ਪਿਤਾ ਜੀ ਨੂੰ ਕਲਾਵੇ ਵਿੱਚ ਲੈ ਲਿਆ ਅਤੇ ਵੀਰ ਤੋਂ ਦੂਰ ਲੈ ਗਏ। ਉਪਰੰਤ ਅਰਜ਼ ਗੁਜ਼ਾਰਦਿਆਂ ਅਤੇ ਤਰਲਾ ਮਾਰਦਿਆਂ ਬੇਨਤੀ ਕੀਤੀ, ਪਿਤਾ ਜੀਓ ! ਮੇਰੇ ਵੀਰ ਨੇ ਭੁੱਖੇ ਗਿਆਨਵਾਨ ਸਾਧੂਆਂ ਨੂੰ ਭੋਜਨ ਛਕਾ ਕੇ, ਕੋਈ ਗ਼ਲਤ ਕੰਮ ਨਹੀਂ ਕੀਤਾ ਹੈ। ਉਨ੍ਹਾਂ ਨੇ ਵੀਹ ਰੁਪਏ ਉਜਾੜੇ ਨਹੀਂ। ਸਗੋਂ ਲੋੜਵੰਦਾਂ ਦੇ ਭਲੇ ਲਈ ਵਰਤ ਕੇ, ਵੱਡਾ ਨੇਕੀ ਵਾਲਾ ਕਾਰਜ (ਸੱਚਾ ਸੌਦਾ) ਕੀਤਾ ਹੈ। ਤੁਸੀਂ ਅਮੀਰ ਹੋ ਅਤੇ ਸੁੱਖ ਨਾਲ ਸਾਡੇ ਘਰ ਰੱਬ ਦਾ ਦਿੱਤਾ ਬਹੁਤ ਕੁੱਝ ਹੈ। ਨਿਗੂਣੇ ਵੀਹਾਂ ਰੁਪਈਆਂ ਪਿੱਛੇ ਤੁਸੀਂ ਮੇਰੇ ਮਾਸੂਮ ਵੀਰ ਨੂੰ ਨਾ ਮਾਰੋ। ਰੱਬ ਦਾ ਵਾਸਤਾ ਜੇ, ਨਾ ਮਾਰੋ।

ਧੀ ਦੀ ਠੰਢੀ-ਠਾਰ ਜੱਫ਼ੀ, ਪਿਓ ਦੇ ਕ੍ਰੋਧ ਨਾਲ ਤਪਦੇ ਸੀਨੇ ਉੱਪਰ, ਮੀਂਹ ਬਣ ਕੇ ਵਰ੍ਹੀ। ਏਨੇ ਨੂੰ ਪਿੰਡ ਦੇ ਕੁੱਝ ਬੰਦਿਆਂ ਨੇ ਮਹਿਤਾ ਕਾਲੂ ਜੀ ਨੂੰ ਸੰਭਾਲ ਲਿਆ। ਪਿਓ ਨੂੰ ਛੱਡ, ਹੁਣ ਭੈਣ ਨਾਨਕੀ ਆਪਣੇ ਵੀਰ ਵੱਲ ਅਹੁਲੀ। ਧਾਹ ਗਲਵਕੜੀ ਪਾਈ। ਪਿਓ ਦੀ ਮਾਰ ਦਾ ਕਸ਼ਟ ਝੱਲ ਰਹੇ ਵੀਰ ਦੇ ਸਰੀਰਕ ਸਪਰਸ਼ ਨਾਲ, ਉਨ੍ਹਾਂ ਦੇ ਲੂੰ ਲੂੰ ਨੂੰ, ਰੱਬੀ ਝਰਨਾਹਟਾਂ ਛਿੜਨ ਦਾ ਸ਼ਿੱਦਤੀ ਅਹਿਸਾਸ ਹੋਇਆ। ਵੀਰ ਦੀ ਚੁੰਬਕੀ ਸਰੀਰਕ ਛੋਹ ਤੋਂ ਪੈਦਾ ਹੋਏ ਇਲਾਹੀ ਝੂਟੇ ਦਾ ਆਨੰਦ ਮਾਣਨ ਉਪਰੰਤ ਜਦੋਂ ਉਨ੍ਹਾਂ ਦੀ ਨਿਗਾਹ ਵੀਰ ਦੇ ਡੁਲ੍ਹਦੇ ਨੈਣਾਂ ਅਤੇ ਨੀਲੀਆਂ ਹੋਈਆਂ ਗੱਲ੍ਹਾਂ ’ਤੇ ਪਈ ਤਾਂ ਵੀਰ ਨੂੰ ਦੁਬਾਰਾ ਕਲਾਵੇ ਵਿੱਚ ਘੁਟਦਿਆਂ, ਉਨ੍ਹਾਂ ਦੀਆਂ ਭੁੱਬਾਂ ਨਿਕਲ ਗਈਆਂ।

ਜਦੋਂ ਭੈਣ ਨੂੰ ਜ਼ਾਰੋ-ਜ਼ਾਰ ਰੋਂਦਿਆਂ ਤੱਕਿਆਂ ਤਾਂ ਨਾਨਕ ਸਾਹਿਬ ਜੀ ਨੇ ਆਪਣੇ ਆਪ ਨੂੰ ਸੰਭਾਲਦਿਆਂ ਅਤੇ ਭੈਣ ਦੇ ਹੰਝੂ ਪੂਝਦਿਆਂ ਬਚਨ ਕੀਤਾ, ਬੇਬੇ ਜੀਓ ! ਤੁਸਾਂ ਕਿਉਂ ਪਏ ਰੋਂਦੇ ਹੋ? ਤੁਹਾਨੂੰ ਤਾਂ ਪਤਾ ਹੀ ਹੈ ਕਿ ਰੱਬ, ਸੱਚ ਅਤੇ ਨੇਕੀ ਦੇ ਰਾਹ ’ਤੇ ਤੁਰਨ ਵਾਲਿਆਂ ਨੂੰ ਦੁੱਖ ਝੱਲਣੇ ਹੀ ਪੈਂਦੇ ਹਨ। ਹਿੰਮਤ ਰੱਖੋ। ਵੀਰ ਦੇ ਐਸੇ ਸੂਤਰਿਕ, ਬੇਸ਼ਕੀਮਤੀ ਅਤੇ ਵੱਡਾ ਧਰਵਾਸ ਦੇਣ ਵਾਲੇ ਬੋਲ ਸੁਣ, ਭੈਣ ਨਾਨਕੀ ਜੀ ਨੇ ਉਨ੍ਹਾਂ ਨੂੰ ਦੁਬਾਰਾ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ। ਮੱਥਾ ਚੁੰਮਿਆ ਅਤੇ ਫੇਰ ਬੜੇ ਅਪਣੱਤ ਅਤੇ ਅਦਬ ਦੇ ਭਾਵ ਨਾਲ ਆਪਣੀ ਸੱਜੀ ਬਾਂਹ, ਵੀਰ ਦੀ ਧੌਣ ਅਤੇ ਪਿੱਠ ਦੁਆਲੇ ਵਲਾ, ਉਨ੍ਹਾਂ ਨੂੰ ਆਪਣੀ ਵੱਖੀ ਨਾਲ ਲਾ, ਰਵਾਂ-ਰਵੀਂ ਘਰ ਵੱਲ ਤੁਰ ਪਏ।

ਇਲਾਹੀ ਵਿਸਮਾਦ ਅੰਦਰ, ਹੰਸਾਂ ਵਾਂਗ ਆਪਣੇ ਘਰ ਨੂੰ ਤੁਰੀ ਜਾਂਦੀ ਭੈਣ-ਭਰਾ ਦੀ ਇਸ ਜੋੜੀ ਦੀ ਤੋਰ ਸਚਮੁੱਚ ਨਿਰਾਲੀ ਸੀ। ਅਨੋਖੀ ਸੀ। ਸੰਸਾਰ ਦੀ ਚਾਲ ਤੋਂ ਬਿਲਕੁਲ ਨਿਰਲੇਪ ਅਤੇ ਬੇਨਿਆਜ਼ ਸੀ। ਉਨ੍ਹਾਂ ਨੂੰ ਆਪਣੇ ਵੱਖਰੇ ਰੰਗ ਵਿੱਚ, ਠੁਮਕ-ਠੁਮਕ ਤੁਰੇ ਜਾਂਦੇ ਵੇਖ, ਵੇਖਣ ਵਾਲਿਆਂ ਦੀ ਭੁੱਖ ਲਹਿੰਦੀ ਸੀ। ਦੌਲਤਾਂ, ਘਰ ਦੀ ਇੱਕ ਹੋਰ ਟਹਿਲਣ, ਇੱਕ ਨੌਕਰ ਅਤੇ ਪਿੰਡ ਦੇ ਅੱਠ-ਦਸ ਜਣਿਆਂ ਦਾ ਇੱਕ ਕਾਫ਼ਲਾ, ਇਸ ਅਨੋਖੀ ਜੋੜੀ ਦੇ ਪਿੱਛੇ-ਪਿੱਛੇ ਤਲਵੰਡੀ ਪਿੰਡ ਵੱਲ ਨੂੰ ਤੁਰਿਆ ਜਾ ਰਿਹਾ ਸੀ। ਦੂਜੇ ਬੰਨ੍ਹੇ ਮੌਕੇ ਦੀ ਨਜ਼ਾਕਤ ਅਨੁਸਾਰ, ਠੰਢ-ਠਢੌਰਾ ਕਰਨ ਹਿਤ, ਪਿੰਡ ਦੇ ਕੁੱਝ ਸਿਆਣੇ ਬੰਦੇ ਮਹਿਤਾ ਕਾਲੂ ਜੀ ਨੂੰ ਸਮਝਾ-ਬੁਝਾ ਕੇ, ਉਨ੍ਹਾਂ ਦੇ ਖੂਹ ਵੱਲ ਲਿਜਾ ਰਹੇ ਸਨ।

ਓਧਰ ਕਮਲੇ ਹੋਏ ਮਾਤਾ ਤ੍ਰਿਪਤਾ ਜੀ, ਧੀ, ਦਾਸੀ ਅਤੇ ਨੌਕਰ ਨੂੰ ਘੱਲਣ ਦੇ ਬਾਵਜੂਦ ਘੋਰ ਚਿੰਤਾ, ਬੇਚੈਨੀ ਅਤੇ ਬੇਵਸੀ ਦੀ ਹਾਲਤ ਵਿੱਚ ਘਰ ਖੁੱਲ੍ਹਾ ਛੱਡ, ਪਿੰਡੋਂ ਬਾਹਰ ਨੂੰ ਤੁਰੇ ਆ ਰਹੇ ਹਨ। ਪਿੰਡੋਂ ਬਾਹਰ ਆ ਗਿਆਂ ਨੂੰ ਅੱਗੋਂ ਧੀ-ਪੁੱਤਰ ਮਿਲੇ। ਉਡਦੀ ਨਜ਼ਰੇ ਸਭ ਕੁੱਝ ਠੀਕ-ਠਾਕ ਵੇਖ, ਇੱਕ ਵਾਰ ਤਾਂ ਸੀਨੇ ਠੰਢ ਪੈ ਗਈ ਪਰ ਜਿਉਂ ਹੀ ਪੁੱਤਰ ਦੀਆਂ ਗੱਲ੍ਹਾਂ ’ਤੇ ਪਏ ਨੀਲ ਵੇਖੇ ਤਾਂ ਮਾਂ ਦੀਆਂ ਭੁੱਬਾਂ ਨਿਕਲ ਗਈਆਂ। ਪੁੱਤਰ ਨੂੰ ਘੁੱਟ ਕੇ ਗਲ ਨਾਲ ਲਾਇਆ, ਸਿਰ ’ਤੇ ਹੱਥ ਫੇਰਿਆ। ਘਰ ਲੈ ਆਏ। ਕੋਲ ਬਿਠਾਇਆ, ਮੱਥਾ ਚੁੰਮਿਆ, ਖਵਾਇਆ, ਪਿਆਇਆ, ਬਲਾਵਾਂ ਲਈਆਂ। ਪਿੱਛੇ ਜੋ ਕੁੱਝ ਹੋਇਆ, ਜੋ ਦੁੱਖ ਪਹੁੰਚਿਆ, ਉਸ ਲਈ ਇੱਕ ਪ੍ਰਕਾਰ ਨਾਲ ਮਨ ਹੀ ਮਨ ਖ਼ਿਮਾ-ਜਾਚਨਾ ਕਰਦਿਆਂ ਅਤੇ ਨੈਣ ਭਰਦਿਆਂ ਹਦਾਇਤ ਅਤੇ ਵਾਅਦਾਨੁਮਾ ਤਸੱਲੀ ਦਿੱਤੀ, ਮੇਰੇ ਲਾਲ ਜੀ ! ਹੁਣ ਤੁਸੀਂ ਰੱਤੀ ਫ਼ਿਕਰ ਨਾ ਕਰੋ, ਚੁੱਪ ਕਰਕੇ ਘਰ ਬੈਠੇ ਰਹੋ। ਅੱਜ ਤੋਂ ਬਾਅਦ ਤੁਹਾਨੂੰ ਕੰਮ-ਕਾਜ ਲਈ ਕੋਈ ਕੁੱਝ ਨਹੀਂ ਆਖੇਗਾ। ਤੁਸੀਂ ਜਿਵੇਂ ਚਾਹੇ ਰਹੋ। ਬਸ ਹੱਸੋ, ਖੇਡੋ ਅਤੇ ਖ਼ੁਸ਼ ਰਵੋ।

                          ਚਲਦਾ...........
                                                                                                                                           
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com


rajwinder kaur

Content Editor rajwinder kaur