ਗਨੀ ਖਾਂ-ਨਬੀ ਖਾਂ ਅਤੇ ਸਨਾਖ਼ਤ ਕਰਨ ਵਾਲ਼ੇ ਕਾਜ਼ੀ

7/12/2020 2:11:33 PM

ਅਲੀ ਰਾਜਪੁਰਾ
9417679302

ਗੁਰੂ ਸਾਹਿਬ ਜੀ ਚਮਕੌਰ ਦੀ ਗੜ੍ਹੀ ਛੱਡਣ ਉਪਰੰਤ ਜੰਗਲਾਂ ’ਚੋਂ ਹੁੰਦੇ ਹੋਏ ਮਾਛੀਵਾੜੇ ਆਣ ਪਹੁੰਚੇ। ਉਸ ਵੇਲੇ ਮੁਗ਼ਲ ਫੌਜਾਂ ਗੁਰੂ ਜੀ ਨੂੰ ਭਾਲਦੀਆਂ ਫਿਰ ਰਹੀਆਂ ਸਨ। ਜਨਤਾ ਡਰੀ ਹੋਈ ਸੀ। ਕੋਈ ਵੀ ਗੁਰੂ ਜੀ ਨੂੰ ਆਪਣੇ ਕੋਲ਼ ਰੱਖਣ ਦੀ ਜੁਅਰਤ ਨਹੀਂ ਸੀ ਕਰ ਰਿਹਾ। ਉਸ ਵਕਤ ਗੁਰੂ ਜੀ ਨੇ ਗੁਲਾਬਾ ਮਸੰਦ ਪਾਸ ਠਹਿਰ ਕੀਤੀ ਪਰ ਗੁਲਾਬਾ ਵੀ ਸ਼ਾਹੀ ਫ਼ੌਜਾਂ ਤੋਂ ਭੈਅ ਖਾ ਗਿਆ ਸੀ। ਉਸ ਨੇ ਅੰਤ ਨੂੰ ਗੁਰੂ ਜੀ ਨੂੰ ਆਪਣੇ ਕੋਲ਼ ਠਹਿਰਣ ਤੋਂ ਨਾਂਹ ਕਰ ਦਿੱਤੀ ਸੀ। ਜ਼ਿਲ੍ਹਾ ਲੁਧਿਆਣਾ ਦੇ ਕਸਬਾ ਮਾਛੀਵਾੜਾ ਦੇ ਵਸਨੀਕ ਦੇ ਰੁਹੇਲੇ ਪਠਾਣ ਭਰਾ ਗਨੀ ਖ਼ਾਂ ਤੇ ਨਬੀ ਖ਼ਾਂ, ਜਿਨ੍ਹਾਂ ਨੇ ਗੁਰੂ ਜੀ ਦੀ ਸੇਵਾ ਦੀ ਜ਼ਿੰਮੇਵਾਰੀ ਆਪਣੇ ਜ਼ਿੰਮੇ ਲੈ ਲਈ ਸੀ। ਉਂਝ ਇਨ੍ਹਾਂ ਦਾ ਗੁਰੂ ਜੀ ਨਾਲ ਬਹੁਤ ਸਨੇਹ ਸੀ। ਇਹ ਅਕਸਰ ਹੀ ਗੁਰੂ ਜੀ ਕੋਲ਼ ਅਨੰਦਪੁਰ ਸਾਹਿਬ ਆਉਂਦੇ-ਜਾਂਦੇ ਰਹਿੰਦੇ ਸਨ। ਜਦੋਂ ਮੁਗ਼ਲਾਂ ਨੇ ਘੇਰਾਬੰਦੀ ਕੀਤੀ ਸੀ ਤਾਂ ਇਨ੍ਹਾਂ ਦੀ ਸਲਾਹ ਨਾਲ ਹੀ ਮਾਈ ਗੁਰਦਈ ਵੱਲੋਂ ਭੇਂਟ ਕੀਤੇ ਨੀਲੇ ਰੰਗ ਦੇ ਖੱਦਰ ਦੀਆਂ ਪੋਸ਼ਾਕਾਂ ਬਣਾਈਆਂ ਗਈਆਂ। ਗੁਰੂ ਜੀ ਅਤੇ ਉਨ੍ਹਾਂ ਦੇ ਸਾਥੀ ਮਾਨ ਸਿੰਘ, ਦਇਆ ਸਿੰਘ, ਧਰਮ ਸਿੰਘ ਨੇ ਇਹ ਪੋਸ਼ਾਕਾਂ ਪਹਿਣ ਲਈਆਂ ਤੇ ਕੇਸਾਂ ਨੂੰ ਪਿਛਾਂਹ ਵੱਲ ਨੂੰ ਖੋਲ੍ਹ ਲਏ ਤੇ ਇਨ੍ਹਾਂ ਨੇ ਆਪਣਾ ਭੇਖ ਫਕੀਰਾਂ ਵਾਲ਼ਾ ਬਣਾ ਲਿਆ ਤੇ ਤਿੰਨ ਸਿੰਘਾਂ ਅਤੇ ਦੋ ਪਠਾਣ ਭਰਾ ( ਗਨੀ ਖਾਂ, ਨਬੀ ਖ਼ਾਂ) ਗੁਰੂ ਜੀ ਨੂੰ ਮੰਜੀ ’ਤੇ ਬਿਠਾ ਕੇ ਤੁਰ ਪਏ। ਰਾਹਗੀਰ ਜਦੋਂ ਗੁਰੂ ਜੀ ਬਾਰੇ ਪੁੱਛਦਾ ਸੀ ਤਾਂ ਇਹ ਆਖਦੇ, “ ਇਹ ਉੱਚ ਦਾ ਪੀਰ ਐ। ” ਪਿੰਡ ਦੇ ਨੇੜੇ ਇਕ ਸ਼ੱਕੀ ਮੁਗ਼ਲ ਫ਼ੌਜੀ ਸਰਦਾਰ ਦਲੇਲ ਖ਼ਾਂ ਨੇ ਸੱਚ ਝੂਠ ਨਿਤਾਨਰ ਲਈ ਗੁਰੂ ਜੀ ਨੂੰ ਆਪਣੇ ਘਰ ਖਾਣੇ ਦੀ ਦਾਅਵਤ ਦਿੱਤੀ ਪਰ ਗੁਰੂ ਜੀ ਨੇ ਰੋਜ਼ਾ ਰੱਖਿਆ ਹੋਣ ਦਾ ਪੱਚ ਲਾ ਕੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ। ਪਰ ਇਨ੍ਹਾਂ ਦੇ ਬਾਕੀ ਸਾਥੀਆਂ ਨੇ ਪ੍ਰਸ਼ਾਦਾ ਛਕ ਲਿਆ ਸੀ। ਦਲੇਲ ਖ਼ਾਨ ਦੀ ਫਿਰ ਵੀ ਤਸੱਲੀ ਨਾ ਹੋਈ ਤਾਂ ਉਸ ਨੇ ਆਪਣੇ ਇਕ ਵਿਸ਼ਵਾਸਪਾਤਰ ਕਾਜ਼ੀ ਚਿਰਾਗ਼ਦੀਨ ਸ਼ਾਹ ਅਜਨੇਰੀਆ, ਅਨਾਇਤ ਅਲੀ ਨੂਰਪੁਰੀਆ, ਕਾਜ਼ੀ ਪੀਰ ਮੁਹੰਮਦ ਸਲੋਹ ਵਾਲ਼ਾ ਨੂੰ ਮਾਛੀਵਾੜੇ ਸੱਦ ਲਿਆ। ਇਹ ਸਾਰੇ ਹੀ ਕਾਜ਼ੀ ਗੁਰੂ ਜੀ ਕੋਲ਼ ਅਨੰਦਪੁਰ ਸਾਹਿਬ ਵਿਖੇ ਆਉਂਦੇ-ਜਾਂਦੇ ਰਹਿੰਦੇ ਸਨ। ਗੁਰੂ ਜੀ ਨੂੰ ਦੇਖ ਕੇ ਇਨ੍ਹਾਂ ਕਾਜ਼ੀਆਂ ਨੇ ਪਹਿਚਾਨਣੋਂ ਸਾਫ਼ ਇਨਕਾਰ ਕਰ ਦਿੱਤਾ। ਜਦ ਕਿ ਕਾਜ਼ੀਆਂ ਨੂੰ ਇਹ ਵੀ ਪਤਾ ਸੀ ਕਿ ਜੇ ਕਰ ਮੁਗ਼ਲ ਫੌਜੀ ਨੂੰ ਇਹ ਪਤਾ ਲੱਗ ਗਿਆ ਕਿ ਇਹ ਸਿੱਖਾਂ ਦਾ ਗੁਰੂ ਐ ਤੇ ਅਸੀਂ ਜਾਣ ਬੁੱਝ ਕੇ ਝੂਠ ਬੋਲਿਆ ਹੈ ਤਾਂ ਫਿਰ ਮੁਗ਼ਲ ਸਾਨੂੰ ਜਾਨੋਂ ਮਾਰ ਦੇਣਗੇ ਪਰ ਕਾਜ਼ੀਆਂ ਨੇ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਗੁਰੂ ਜੀ ਦਾ ਸਾਥ ਦਿੱਤਾ। ਗੁਰੂ ਜੀ ਨੇ ਕਾਜ਼ੀਆਂ ਦੇ ਅੰਦਰਲੇ ਡਰ ਨੂੰ ਸਮਝਦੇ ਹੋਇਆਂ ਵਰ ਦਿੱਤਾ ਸੀ ਕਿ ਇਹ ਫ਼ੌਜਾਂ ਤੁਹਾਡਾ ਕੁਝ ਨਹੀਂ ਵਿਗਾੜ ਸਕਣਗੀਆਂ। ਤੁਸੀਂ ਜਿਨ੍ਹਾਂ ਥਾਵਾਂ ਦੇ ਰਹਿਣ ਵਾਲੇ ਓਂ ਉਹ ਥਾਵਾਂ ਨੂੰ ਕਦੇ ਤੱਤੀ ਵਾ ਨ੍ਹੀ ਲੱਗੇਗੀ ਅਤੇ ਚੜਦੀ ਕਲਾ ’ਚ ਰਹਿਣਗੀਆਂ।

PunjabKesari

ਜਦੋਂ ਮੁਗ਼ਲ ਫ਼ੌਜੀ ਦੀ ਤਸੱਲੀ ਹੋ ਗਈ ਅਤੇ ਕਾਜ਼ੀਆਂ ਦੀ ਸਨਾਖਤ ’ਤੇ ਭਰੋਸਾ ਹੋਇਆ ਤਾਂ ਉਸ ਨੇ ਗੁਰੂ ਜੀ ਤੋਂ ਅਦਬ ਸਤਿਕਾਰ ਨਾਲ ਮਾਫ਼ੀ ਮੰਗੀ ਤੇ ਵਿਦਾਈ ਦੇ ਦਿੱਤੀ। ਇਸ ਘਟਨਾ ਤੋਂ ਬਾਅਦ ਬਹੁਤੇ ਸ਼ਰਧਾਲੂ ਸ਼ਰਧਾਪੂਰਵਕ ਸਹਿਤ ਨਾਲ ਗੁਰੂ ਜੀ ਨੂੰ ਉੱਚ ਦਾ ਪੀਰ ਵੀ ਆਖਦੇ ਹਨ। ਇਨ੍ਹਾਂ ਭਾਰਾਵਾਂ ਦੀ ਕੁਰਬਾਨੀ ਨੂੰ ਸਿੱਖ ਇਤਿਹਾਸ ਵਿਚ ਵੀ ਆਦਰ ਸਹਿਤ ਯਾਦ ਕੀਤਾ ਜਾਂਦਾ ਹੈ, ਕਿਉਂਕਿ ਗੁਰੂ ਜੀ ਨੇ ਇਨ੍ਹਾਂ ਭਰਾਵਾਂ ਨੂੰ ਆਪਣੇ ਪੁੱਤਰਾਂ ਬਰਾਬਰ ਮੰਨਿਆ ਸੀ, ਤੇ ਉਦੋਂ ਖੁਸ਼ ਹੋ ਕੇ ਇਨ੍ਹਾਂ ਨੂੰ ਸੋਨੇ ਦੇ ਕੜਿਆਂ ਦੀ ਜੋੜੀ ਵੀ ਭੇਂਟ ਕੀਤੀ ਅਤੇ ਨਾਲ਼ ਹੁਕਮਨਾਮਾਂ ਜਾਰੀ ਕੀਤਾ ਸੀ ‘ਸਰਬ ਸਿੱਖ ਸੰਗਤ ਦੇ ਨਾਮ’। ਗਨੀ ਖਾਂ ਦੀ ਧੀ ਨੂੰ ਗੁਰੂ ਜੀ ਨੇ ਆਪਣੀ ਪੋਤੀ ਮੰਨਿਆ ਤੇ ਇਹ ਲੜਕੀ ਗੁਰੂ ਜੀ ਦੀ ਪੋਤੀ ਨਾਮ ਕਰਕੇ ਪ੍ਰਸਿੱਧ ਹੋਈ। ਸਮੂਹ ਸਿੱਖਾਂ ਵੱਲੋਂ ਇਨ੍ਹਾਂ ਭਰਾਵਾਂ ਅਤੇ ਇਨ੍ਹਾਂ ਦੀਆਂ ਪੀੜੀਆਂ ਨੂੰ ਬੇਅੰਤ ਸਤਿਕਾਰ ਦਿੱਤਾ ਜਾਂਦਾ ਹੈ। ਜਿਵੇਂ ਸਿੱਖ ਰਿਆਸਤਾਂ ਸਮੇਂ ਇਨ੍ਹਾਂ ਦੇ ਨਾਮ ਜ਼ਮੀਨ ਆਦਿ ਲੱਗੀ ਰਹੀ ਹੈ। ਦੇਸ਼ ਦੀ ਵੰਡ ਮਗਰੋਂ ਭਾਵੇਂ ਇਨ੍ਹਾਂ ਦੇ ਪਰਿਵਾਰ ਪਾਕਿਸਤਾਨ ਜਾ ਵਸੇ ਪਰ ਇਨ੍ਹਾਂ ਭਰਾਵਾਂ ਦੇ ਨਾਮ ’ਤੇ ਮਾਛੀਵਾੜੇ ਵਿੱਚ ਯਾਦਗਾਰੀ ਦਰਸ਼ਨੀ ਗੇਟ ਹੈ ਅਤੇ ਪੁਰਾਤਨ ਘਰ ਵਿੱਚ ਗੁਰੂ ਘਰ ਉਸਰਿਆ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਇਨ੍ਹਾਂ ਦੀ ਪੁਸਤਕ ਨੂੰ ਇੱਕ ਜਗੀਰ ਵੀ ਦਿੱਤੀ ਸੀ। ਇਨ੍ਹਾਂ ਦੇ ਪਰਿਵਾਰ ਕੋਲ਼ ਅੱਜ ਵੀ ਉਹ ਹੁਕਮਨਾਮਾ ਸਾਂਭਿਆ ਪਿਆ ਹੈ। ਦੱਸਿਆ ਜਾਂਦਾ ਹੈ।

ਜਿਵੇਂ ਪਿੱਛੋਂ ਪੜ੍ਹ ਆਏ ਹਾਂ ਕਿ ਉਚ ਦੇ ਪੀਰ ਦੀ ਸਨਾਖਤ ਲਈ ਮੁਗ਼ਲ ਫ਼ੌਜੀ ਤਿੰਨ ਕਾਜ਼ੀ ਸੱਦੇ ਸਨ..

1. ਕਾਜ਼ੀ ਚਿਰਾਗ ਦੀਨ ਸ਼ਾਹ ਅਜਨੇਰੀਆ
2. ਅਨਾਇਤ ਅਲੀ ਨੂਰਪੁਰੀਆ
3. ਕਾਜ਼ੀ ਪੀਰ ਮੁਹੰਮਦ ਸਲੋਹ ਵਾਲਾ

ਇਨ੍ਹਾਂ ਕਾਜੀਆਂ ਦਾ ਪਿਛੋਕੜ ਕੁਝ ਇਸ ਤਰ੍ਹਾਂ ਹੈ।

PunjabKesari

ਕਾਜ਼ੀ ਚਿਰਾਗ ਦੀਨ ਸ਼ਾਹ
ਫਤਹਿਗੜ੍ਹ ਸਾਹਿਬ ਦਾ ਮਸ਼ਹੂਰ ਪਿੰਡ ਐ “ਅਜਨੇਰ” ਜਿਸ ਨੂੰ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਛੋਹ ਪ੍ਰਾਪਤ ਹੈ। ਇਹ ਖੰਨਾ ਤੋਂ ਲਗਭਗ 7-8 ਕਿਲੋ ਮੀਟਰ ਦੂਰੀ ’ਤੇ ਸਥਿਤ ਹੈ। ਛੇਵੀ ਪਾਤਸ਼ਾਹੀ ਯਾਦ ’ਚ ਗੁਰੂ ਘਰ ਉਸਰਿਆ ਹੈ, ਜਿਸ ਨੂੰ ਨਾਂ ਦਿੱਤਾ ਗਿਆ ਹੈ, “ ਗੁਰਦੁਆਰਾ ਸ੍ਰੀ ਰਜਾਣਾ ਸਾਹਿਬ ਪਾਤਸ਼ਾਹੀ ਛੇਵੀ ” ਹੈ। ਇਸੇ ਪਿੰਡ ਦਾ ਵਾਸੀ ਕਾਜ਼ੀ ਚਿਰਾਗ ਸ਼ਾਹ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਪਿੰਡ ਵਿਚ ਫੇਰੀ ਪਾਈ ਸੀ। ਕਾਜ਼ੀ ਚਿਰਾਗ ਦੀਨ ਸ਼ਾਹ ਗੁਰੂ ਸਾਹਿਬ ਜੀ ਪ੍ਰਤੀ ਬੇਅੰਤ ਸ਼ਰਧਾ ਰੱਖਦਾ ਸੀ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਹਾਜ਼ਰੀ ਭਰਦਾ ਹੁੰਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਛੱਡਣ ਦੀ ਘਟਨਾ ਅਤੇ ਚਮਕੌਰ ਸਾਹਿਬ ਦੇ ਘੇਰੇ ਬਾਰੇ ਸੁਣ ਕੇ ਡਾਢਾ ਦੁੱਖ ਲੱਗਾ ਅਤੇ ਇਹ ਗਨੀ ਖਾਂ ਤੇ ਨਬੀ ਖ਼ਾਂ ਕੋਲ ਪਹੁੰਚੇ ਸੀ। ਜਦੋਂ ਗੁਰੂ ਸਾਹਿਬ ਜੀ ਨੂੰ ਪੀਰ ਬਣਾ ਕੇ ਲੈ ਜਾਇਆ ਜਾ ਰਿਹਾ ਸੀ ਤਾਂ ਚੌਰ ਦੀ ਸੇਵਾ ਭਾਈ ਮਾਨ ਸਿੰਘ ਜੀ ਨੇ ਕੀਤੀ ਸੀ। ਓਦੋਂ ਹੀ ਇਹ ਗੁਰੂ ਸਾਹਿਬ ਜੀ ਨੂੰ ਪਿੰਡ ‘ ਅਜਨੇਰ ’ ਲੈ ਕੇ ਆਏ ਸੀ ਤੇ ਗੁਰੂ ਜੀ ਨੇ ਇਸ ਪਿੰਡ ਰਾਤ ਬਿਤਾਈ ਸੀ। ਮਾਛੀਵਾੜੇ ਤੋਂ ਘੁੰਗਰਾਲੀ,ਅਜਨੇਰ, ਮਾਨੂੰਪੁਰਾ, ਕਟਾਣਾ ਸਾਹਿਬ ਤੋਂ ਰਾਮਪੁਰ ਹੁੰਦੇ ਅੱਗੇ ਵੱਲ ਨਿਕਲੇ ਸਨ। ਕਾਜ਼ੀ ਸਾਹਿਬ ਗੁਰੂ ਜੀ ਨਾਲ ਆਲਮਗੀਰ ਤੱਕ ਗਏ। ਜਦੋਂ ਇਸ ਗੱਲ ਦਾ ਸੂਬਾ ਸਰਹਿੰਦ ਨੂੰ ਪਤਾ ਲੱਗਾ ਤਾਂ “ ਫ਼ਜ਼ਰ ” ਦੀ ਨਮਾਜ਼ ਪੜ੍ਹਦੇ ਕਾਜ਼ੀ ਸਾਹਿਬ ਦਾ ਕਤਲ ਕਰਵਾ ਦਿੱਤਾ ਗਿਆ। ਅਜਨੇਰ ਪਿੰਡ ’ਚ ਅੱਜ ਵੀ ਕਾਜ਼ੀ ਸਾਹਿਬ ਦੀ ਕਬਰ ਬਣੀ ਹੋਈ ਹੈ। ਇਨ੍ਹਾਂ ਨੂੰ ਬਹੁਤੇ ਲੋਕ ਇਮਲੀ ਵਾਲ਼ਾ ਪੀਰ ਕਹਿ ਕੇ ਸਤਿਕਾਰ ਦਿੰਦੇ ਹਨ। ਕਿਉਂਕਿ ਇਨ੍ਹਾਂ ਦੇ ਘਰ ਕੋਲ ਇਮਲੀ ਦਾ ਬੂਟਾ ਹੁੰਦਾ ਸੀ। ਅੱਜ ਵੀ ਲੋਕ ਇਨ੍ਹਾਂ ਦੀ ਕਬਰ ’ਤੇ ਵੀਰਵਾਰ ਨੂੰ ਸਲਾਮ ਕਰਨ ਪੁੱਜਦੇ ਹਨ ਤੇ ਜੇਠ ਦੇ ਮਹੀਨੇ ਮੇਲਾ ਭਰਦਾ ਹੈ। ਇਸ ਕਬਰ ਦੁਆਲ਼ੇ ਲਗਭਗ 25 ਕਿੱਲੇ ਜ਼ਮੀਨ ਹੈ, ਜਿਸ ਨੂੰ ਕੋਈ ਵੀ ਵਰਤੋਂ ਅਧੀਨ ਨਹੀਂ ਲੈ ਸਕਦਾ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਜੇ ਕਰ ਕੋਈ ਇਸ ਜ਼ਮੀਨ ਵਿਚ ਜੰਗਲ-ਪਾਣੀ ਚਲਾ ਵੀ ਜਾਵੇ ਤਾਂ ਉਸ ਦੀ ਸਿਹਤ ਵਿਚ ਵਿਗਾੜ ਆ ਜਾਂਦਾ ਹੈ। ਇਸ ਕਬਰ ਦੀ ਦੇਖ-ਰੇਖ ਇਕ ਸਿੱਖ ਪਰਿਵਾਰ ਸ. ਗੁਰਮੇਲ ਸਿੰਘ ਕਰ ਰਿਹਾ ਹੈ। ਇਹੋ ਜਿਹੀ ਇਤਿਹਾਸਕ ਹਸਤੀ ਨੂੰ ਸਾਂਭਣ ਲਈ ਯੋਗ ਯਤਨ ਹੋਣੇ ਚਾਹੀਦੇ ਹਨ, ਜਿਨ੍ਹਾਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ਼ ਵਫ਼ਾ ਨਿਭਾ ਦੇ ਸਾਥ ਦਿੱਤਾ ਸੀ।

PunjabKesari

ਅਨਾਇਤ ਅਲੀ ਨੂਰਪੁਰੀਆ
ਮਾਛੀਵਾੜਾ ਦੇ ਨੇੜਲੇ ਪਿੰਡ ਨੂਰਪੁਰਾ ਦਾ ਵਾਸੀ ਸੀ ਕਾਜ਼ੀ ਅਨਾਇਤ ਅਲੀ, ਜਿਨ੍ਹਾਂ ਨੂੰ ਲੋਕ ਜ਼ਿਆਦਾ ਕਾਜ਼ੀ ਨੂਰਪੁਰੀਆ ਆਖਦੇ ਸਨ। ਦੱਸਿਆ ਜਾਂਦਾ ਹੈ ਕਿ “ ਜਦੋਂ ਮੁਗ਼ਲ ਸਿਪਾਹੀ ਨੇ ਕਾਜ਼ੀ ਨੂਰਪੁਰੀ ਨੂੰ ਸੱਦਿਆ ਕਿ ਸੱਖਾਂ ਦੇ ਦਸਵੇਂ ਗੁਰੂ ਦੀ ਭਾਲ ਵਿਚ ਇਕ ਉੱਚ ਦੇ ਪੀਰ ਦੀ ਸ਼ਨਾਖ਼ਤ ਕਰਨੀ ਹੈ ਤਾਂ ਇੰਨਾ ਸੁਣ ਕੇ ਕਾਜ਼ੀ ਜੀ ਦੇ ਹੱਥੋਂ ਪਾਣੀ ਦਾ ਲੋਟਾ ਡਿੱਗ ਪਿਆ ਸੀ। ” ਇਨ੍ਹਾਂ ਨੇ ਭਾਵੇਂ ( ਕਾਜ਼ੀ ਜੀ ਨੇ) ਗੁਰੂ ਜੀ ਨੂੰ ਪਛਾਣ ਲਿਆ ਸੀ ਪਰ ਫੇਰ ਵੀ ਕਿਹਾ ਸੀ ਕਿ, “ ਉਹ ਉੱਚ ਦਾ ਪੀਰ ਐ। ਕਾਜ਼ੀ ਜੀ ਦੀ ਯਾਦ ’ਚ ਪਿੰਡ ਵਾਸੀਆਂ ਨੇ “ ਗਵਾਹੀ ਸਾਹਿਬ” ਪਾਤਸ਼ਾਹੀ ਦਸਵੀਂ ਗੁਰੂ ਘਰ ਉਸਾਰਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੇ ਪਿੰਡ ਕਾਜ਼ੀ ਜੀ ਦੀ ਯਾਦ ਵਿਚ ਕੋਈ ਮਜ਼ਾਰ ਜਾਂ ਯਾਦਗਾਰ ਨਹੀਂ ਸੀ ਉਸਰੀ। ਬਹੁਤੇ ਪਿੰਡ ਵਾਸੀ ਇਸ ਮਹਾਨ ਸ਼ਖ਼ਸੀਅਤ ਤੋਂ ਅਣਜਾਣ ਹਨ। ਕੁਝ ਇਤਿਹਾਸਕ ਪੁਸਤਕਾਂ ਦੇ ਤੱਥਾਂ ਦੇ ਆਧਾਰ ’ਤੇ ਇਨ੍ਹਾਂ ਸਤਰਾਂ ਨੂੰ ਲਿਖਿਆ ਜਾ ਰਿਹਾ ਹੈ।

ਕਾਜ਼ੀ ਪੀਰ ਮੁਹੰਮਦ
ਪਿੰਡ ਸਲੋਹ ਦੇ ਬਸ਼ਿੰਦੇ ਸਨ ਕਾਜ਼ੀ ਪੀਰ ਮੁਹੰਦਮ ਜੀ। ਇਹ ਪਿੰਡ ਨਵਾਂ ਸ਼ਹਿਰ ਤੋਂ ਦੱਖਣ ਵੱਲ ਨੂੰ ਕਰੀਬ ਦੋ ਕਿਲੋਮੀਟਰ ’ਤੇ ਵਸਿਆ ਹੈ। ਇਹ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਅਰਬੀ ਫ਼ਾਰਸੀ ਦੇ ਉਸਤਾਦ ਸਨ, ਜਿਨ੍ਹਾਂ ਗੁਰੂ ਜੀ ਨੂੰ ਅਰਬੀ ਅਤੇ ਫ਼ਾਰਸੀ ਦਾ ਗਿਆਨ ਗ੍ਰਹਿਣ ਕਰਵਾਇਆ। ਕਾਜ਼ੀ ਸਾਹਿਬ ਗੁਰੂ ਜੀ ਨੂੰ ਪੜ੍ਹਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਜਾਇਆ ਕਰਦੇ ਸਨ। ਇਨ੍ਹਾਂ ਨੇ ਆਖ਼ਰੀ ਸਾਹ ਵੀ ਆਪਣੇ ਪਿੰਡ ਸਲੋਹ ਵਿਖੇ ਲਿਆ ਤੇ ਇਨ੍ਹਾਂ ਨੂੰ ਖ਼ਾਕ-ਏ-ਸਪੁਰਦ ਵੀ ਸਲੋਹ ਵਿਚ ਹੀ ਕੀਤਾ ਗਿਆ ਸੀ। ਪਰ ਇਸ ਦੀ ਪੱਕੀ ਜਾਣਕਾਰੀ ਕਿਤੋਂ ਨਹੀਂ ਮਿਲਦੀ। ਉਂਝ ਪਿੰਡ ਦੇ ਬਜ਼ੁਰਗਾਂ ਦਾ ਮੰਨਣਾ ਹੈ ਕਿ ਇਹ ਸਾਰਾ ਪਿੰਡ ਮੁਸਲਮਾਨਾਂ ਦੀ ਸੀ। ਇਸ ਪਿੰਡ ਅੱਜ ਵੀ ਤਿੰਨ ਮਸੀਤਾਂ ਜਿਉਂ ਦੀ ਤਿਉਂ ਸਾਭ ਸੰਭਾਲ ਹੇਠ ਹਨ ਭਾਵੇਂ ਇੱਥੇ ਇਕ ਵੀ ਘਰ ਮੁਸਲਮਾਨਾਂ ਦਾ ਨਹੀਂ। ਇਨ੍ਹਾਂ ਤਿੰਨ ਮਸੀਤਾਂ ’ਚੋਂ ਦੋ ਮਸੀਤਾਂ ਨੂੰ ਬਹੁਤ ਖ਼ੂਬਸੂਰਤ ਦਿੱਖ ਵਿਚ ਸਾਂਭਿਆ ਹੋਇਆ ਹੈ। ਇਨ੍ਹਾਂ ਦੋ ਮਸੀਤਾਂ ’ਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਜਤਿੰਦਰ ਸਿੰਘ ਗਿੱਲ ਜਿਹੜੇ ਪੱਕੇ ਤੌਰ ’ਤੇ ਕੈਨੇਡਾ ਵਾਸੀ ਹੋਣ ਕਰਕੇ ਇਕ ਮਸੀਤ ਦੀ ਦੇਖ-ਰੇਖ ਇਕ ਪੱਕੇ ਸੇਵਾਦਾਰ ਰਾਹੀਂ ਕਰਵਾ ਰਹੇ ਹਨ। ਪਿੰਡ ਵਾਸੀਆਂ ਅਨੁਸਾਰ ਕਾਜ਼ੀ ਪੀਰ ਮੁਹੰਮਦ ਵਾਲੀ ਥਾਂ ਉਸ ਵੇਲੇ ਪਾਠਸ਼ਾਲਾ ਬਣੀ ਹੋਈ ਸੀ ਜੋ ਅੱਜ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ। ਇਸ ਥਾਂ ਦੀ ਸਾਂਭ ਸੰਭਾਲ ਸ. ਜਗਜੀਤ ਸਿੰਘ ਕਰ ਰਿਹਾ ਹੈ।


rajwinder kaur

Content Editor rajwinder kaur