ਜੀਵਨ ਨੂੰ ਦੇਖਣ ਦਾ ਨਜ਼ਰੀਆ

10/13/2019 5:03:41 PM

ਪ੍ਰੋਫੈਸਰ ਸੰਜੇ ਹਮੇਸ਼ਾ ਆਪਣੀ ਜਮਾਤ ਵਿਚ ਬੱਚਿਆਂ ਨੂੰ ਕੋਈ ਨਾ ਕੋਈ ਨਵੀਂ ਸਿੱਖਿਆ ਦਿੰਦੇ ਸਨ। ਇਕ ਦਿਨ ਉਨ੍ਹਾਂ ਜਮਾਤ ਵਿਚ ਵੜਦਿਆਂ ਹੀ ਕਿਹਾ,‘‘ਅੱਜ ਮੈਂ ਤੁਹਾਡੀ ਸਾਰਿਆਂ ਦੀ ਪ੍ਰੀਖਿਆ ਲਵਾਂਗਾ।’’ ਸਾਰੇ ਵਿਦਿਆਰਥੀ ਡਰ ਗਏ। ਪ੍ਰੋਫੈਸਰ ਨੇ ਇਕ ਚਿੱਟਾ ਲਿਫਾਫਾ ਕੱਢਿਆ ਅਤੇ ਉਸ ਵਿਚੋਂ ਸਾਰੇ ਵਿਦਿਆਰਥੀਆਂ ਨੂੰ ਇਕ-ਇਕ ਪ੍ਰਸ਼ਨ ਪੱਤਰ ਦੇਣਾ ਸ਼ੁਰੂ ਕਰ ਦਿੱਤਾ।
ਉਹ ਪ੍ਰਸ਼ਨ ਪੱਤਰ ਨੂੰ ਉਲਟਾ ਕੇ ਸਾਰਿਆਂ ਦੇ ਟੇਬਲ 'ਤੇ ਰੱਖਣ ਲੱਗੇ ਤਾਂ ਜੋ ਕੋਈ ਸਵਾਲ ਨਾ ਪੜ੍ਹ ਸਕੇ। ਜਦੋਂ ਸਾਰੇ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਮਿਲ ਗਿਆ ਤਾਂ ਪ੍ਰੋਫੈਸਰ ਬੋਲੇ,‘‘ਹੁਣ ਤੁਸੀਂ ਸਾਰੇ ਸ਼ੁਰੂ ਕਰ ਸਕਦੇ ਹੋ।’’
ਸਾਰੇ ਵਿਦਿਆਰਥੀਆਂ ਨੇ ਪ੍ਰਸ਼ਨ ਪੱਤਰ ਦੇ ਸਵਾਲ  ਦੇਖਣ ਲਈ ਉਸ ਨੂੰ ਉਲਟਾਇਆ ਅਤੇ ਹੈਰਾਨੀ ਨਾਲ ਇਕ-ਦੂਜੇ ਵੱਲ ਦੇਖਣ ਲੱਗੇ। ਪ੍ਰੋਫੈਸਰ ਬੋਲੇ,‘‘ਕੀ ਹੋਇਆ, ਤੁਸੀਂ ਸਾਰੇ ਇੰਨੇ ਹੈਰਾਨ ਕਿਉਂ ਹੋ?’’
ਇਕ ਵਿਦਿਆਰਥੀ ਬੋਲਿਆ,‘‘ਸਰ, ਇਸ ਵਿਚ ਤਾਂ ਕੋਈ ਪ੍ਰਸ਼ਨ ਹੈ ਹੀ ਨਹੀਂ। ਬਸ ਇਕ ਸਾਦਾ ਕਾਗਜ਼ ਹੈ ਅਤੇ ਵਿਚਕਾਰ ਕਾਲਾ ਬਿੰਦੂ। ਅਸੀਂ ਕੀ ਜਵਾਬ ਦੇਣਾ ਹੈ?’’
ਪ੍ਰੋਫੈਸਰ ਬੋਲੇ,‘‘ਇਸ ਨੂੰ ਦੇਖ ਕੇ ਤੁਹਾਡੇ ਮਨ ਵਿਚ ਜੋ ਵੀ ਆਵੇ, ਉਹ ਪਿੱਛੇ ਲਿਖ ਦਿਓ। ਤੁਹਾਡੇ ਕੋਲ ਸਿਰਫ 10 ਮਿੰਟਾਂ ਦਾ ਸਮਾਂ ਹੈ।’’
ਸਾਰੇ ਵਿਦਿਆਰਥੀਆਂ ਨੇ ਲਿਖਣਾ ਸ਼ੁਰੂ ਕੀਤਾ। 10 ਮਿੰਟਾਂ ਬਾਅਦ ਪ੍ਰੋਫੈਸਰ ਨੇ ਸਾਰਿਆਂ ਦੇ ਉੱਤਰ ਇਕੱਠੇ ਕੀਤੇ ਅਤੇ ਪੂਰੀ ਜਮਾਤ ਸਾਹਮਣੇ ਇਕ-ਇਕ ਕਰ ਕੇ ਪੜ੍ਹਨ ਲੱਗੇ। ਹਰ ਵਿਦਿਆਰਥੀ ਨੇ ਉਸ ਕਾਲੇ ਬਿੰਦੂ ਦੀ ਵਿਆਖਿਆ ਲਿਖੀ ਸੀ।
ਕਿਸੇ ਨੇ ਲਿਖਿਆ ਸੀ—ਉਹ 2 ਬਿੰਦੂਆਂ ਨੂੰ ਮਿਲਾ ਕੇ ਬਣਾਇਆ ਗਿਆ ਹੈ। ਕਿਸੇ ਨੇ ਲਿਖਿਆ ਸੀ—ਉਹ ਪਹਿਲਾਂ ਚੌਰਸ ਸੀ, ਬਾਅਦ 'ਚ ਗੋਲ ਬਣਾਇਆ ਗਿਆ ਹੈ।
ਪ੍ਰੋਫੈਸਰ ਬੋਲੇ,‘‘ਜ਼ਰਾ ਸੋਚੋ ਕਿ ਤੁਸੀਂ ਸਾਰਿਆਂ ਨੇ ਆਪਣਾ ਜਵਾਬ ਸਿਰਫ ਕਾਲੇ ਬਿੰਦੂ ਉੱਪਰ ਦਿੱਤਾ ਹੈ। ਕਿਸੇ ਨੇ ਵੀ ਉਸ ਖਾਲੀ ਸਫੈਦ ਹਿੱਸੇ ਬਾਰੇ ਕੁਝ ਨਹੀਂ ਲਿਖਿਆ।’’
ਪ੍ਰੋਫੈਸਰ ਬੋਲੇ,‘‘ਕੁਝ ਅਜਿਹਾ ਹੀ ਅਸੀਂ ਆਪਣੀ ਜ਼ਿੰਦਗੀ ਨਾਲ ਵੀ ਕਰਦੇ ਹਾਂ। ਕਾਲੇ ਦਾਗਾਂ ਵਿਚ ਇੰਨਾ ਗੁਆਚ ਜਾਂਦੇ ਹਾਂ ਕਿ ਜ਼ਿੰਦਗੀ ਦੇ ਸਫੈਦ ਸਫਿਆਂ 'ਤੇ ਨਜ਼ਰ ਹੀ ਨਹੀਂ ਜਾਂਦੀ। ਇੱਥੇ ਕਾਲੇ ਦਾਗ ਤੋਂ ਮੇਰਾ ਭਾਵ ਸਾਡੀ ਜ਼ਿੰਦਗੀ ਦੀਆਂ ਤਕਲੀਫਾਂ, ਬੀਮਾਰੀਆਂ ਤੇ ਦੁੱਖ ਤੋਂ ਹੈ ਪਰ ਸਾਡੀ ਜ਼ਿੰਦਗੀ ਵਿਚ ਇੰਨਾ ਕੁਝ ਚੰਗਾ ਹੈ, ਜਿਸ ਪਾਸੇ ਸਾਡਾ ਧਿਆਨ ਨਹੀਂ ਜਾਂਦਾ, ਜਿਵੇਂ ਸਾਡਾ ਪਰਿਵਾਰ, ਦੋਸਤ, ਛੋਟੀਆਂ-ਛੋਟੀਆਂ ਖੁਸ਼ੀਆਂ।’’
ਉਹ ਅੱਗੇ ਬੋਲੇ,‘‘ਕਦੇ ਸੋਚਿਆ ਹੈ, ਸਾਡੇ ਕੋਲ ਪ੍ਰੇਸ਼ਾਨ ਤੇ ਦੁਖੀ ਹੋਣ ਲਈ ਕਿੰਨੇ ਕਾਰਨ ਹਨ ਅਤੇ ਖੁਸ਼ ਰਹਿਣ ਲਈ ਕਿੰਨੇ? ਸ਼ਾਇਦ ਜੇ ਅਸੀਂ ਗਿਣੀਏ ਤਾਂ ਖੁਸ਼ੀ ਦੇ ਕਾਰਨ ਦੁੱਖ ਦੇ ਕਾਰਨਾਂ ਤੋਂ ਕਈ ਗੁਣਾ ਜ਼ਿਆਦਾ ਮਿਲਣਗੇ। ਮਤਲਬ ਖੁਸ਼ ਰਹਿਣ ਲਈ ਸਾਡੇ ਕੋਲ ਬਹੁਤ ਸਾਰੇ ਕਾਰਨ ਹਨ।’’
ਪ੍ਰੋਫੈਸਰ ਨੇ ਵਿਦਿਆਰਥੀਆਂ ਨੂੰ ਜੀਵਨ ਨੂੰ ਦੇਖਣ ਦਾ ਨਵਾਂ ਨਜ਼ਰੀਆ ਦਿੱਤਾ ਸੀ। ਦੋਸਤੋ, ਕਾਲੇ ਦਾਗਾਂ ਤੋਂ ਨਜ਼ਰ ਹਟਾਓ, ਫਿਰ ਦੇਖਣਾ ਖੁਸ਼ ਰਹਿਣ ਦੇ ਹਜ਼ਾਰ ਕਾਰਨ ਤੁਹਾਨੂੰ ਮਿਲ ਜਾਣਗੇ।


manju bala

Edited By manju bala