ਦੂਜਿਆਂ ਦੇ ਗੁਣਾਂ ਨੂੰ ਦੇਖੋ

7/30/2019 4:55:52 PM

ਜਲੰਧਰ(ਬਿਊਰੋ)— ਇਕ ਵਿਅਕਤੀ ਅਕਸਰ ਰਾਤ ਵੇਲੇ ਚੰਦਰਮਾ ਨੂੰ ਨਿਹਾਰਦਾ ਰਹਿੰਦਾ ਸੀ। ਉਹ ਚੰਦਰਮਾ ਦੀ ਸੁੰਦਰਤਾ ਤੇ ਸੀਤਲਤਾ ਦੀ ਬਜਾਏ ਉਸ ਦੇ ਦਾਗ-ਧੱਬਿਆਂ ਨੂੰ ਦੇਖ ਕੇ ਸੋਚਦਾ ਕਿ ਚੰਦਰਮਾ ਵਿਚ ਦਾਗ-ਧੱਬੇ ਕਿਉਂ ਹਨ? ਇਸੇ ਤਰ੍ਹਾਂ ਇਕ ਦਿਨ ਜਦੋਂ ਉਸ ਦੀ ਪਤਨੀ ਨੇ ਰਾਤ ਵੇਲੇ ਘਰ ਵਿਚ ਦੀਵਾ ਬਾਲਿਆ ਤਾਂ ਉਸ ਨੇ ਦੀਵਾ ਚੁੱਕਿਆ ਅਤੇ ਬੋਲਿਆ, ‘‘ਦੀਵੇ ਹੇਠ ਹਨੇਰਾ ਕਿਉਂ ਹੈ?’’ ਉਹ ਕਈ ਲੋਕਾਂ ਨੂੰ ਇਹ ਸਵਾਲ ਕਰਦਾ। ਸਾਰੇ ਉਸ ਦਾ ਇਹ ਸਵਾਲ ਸੁਣ ਕੇ ਚੁੱਪ ਹੋ ਜਾਂਦੇ ਸਨ। ਉਹ ਵਿਅਕਤੀ ਸੋਚਦਾ ਜਦੋਂ ਤਕ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਮਿਲ ਜਾਵੇਗਾ, ਚੈਨ ਨਾਲ ਨਹੀਂ ਬੈਠਾਂਗਾ। ਇਕ ਦਿਨ ਉਸ ਨੇ ਸੁਕਰਾਤ ਦਾ ਨਾਂ ਸੁਣਿਆ। ਉਹ ਆਪਣੇ ਸਵਾਲਾਂ ਦਾ ਜਵਾਬ ਲੈਣ ਲਈ ਉਨ੍ਹਾਂ ਕੋਲ ਗਿਆ ਅਤੇ ਬੋਲਿਆ, ‘‘ਭਲਾ ਚੰਦਰਮਾ ’ਤੇ ਦਾਗ-ਧੱਬੇ ਕਿਉਂ ਅਤੇ ਦੀਵੇ ਹੇਠ ਹਨੇਰਾ ਕਿਉਂ? ਕੁਦਰਤ ਨੇ ਜਦੋਂ ਇਨ੍ਹਾਂ ਨੂੰ ਬਣਾਇਆ ਤਾਂ ਇਨ੍ਹਾਂ ਵਿਚ ਕਮੀ ਕਿਉਂ ਪੈਦਾ ਕੀਤੀ?’’ ਉਸ ਦੀ ਇਸ ਗੱਲ ’ਤੇ ਸੁਕਰਾਤ ਬੋਲੇ, ‘‘ਭਲੇ ਮਨੁੱਖ, ਇਹ ਦੱਸ ਕਿ ਰੱਬ ਨੇ ਇਨਸਾਨ ਬਣਾਇਆ ਤਾਂ ਉਸ ਵਿਚ ਕਮੀ ਕਿਉਂ ਹੈ? ਤੂੰ ਦੀਵੇ ਤੇ ਚੰਦਰਮਾ ਦੀ ਕਮੀ ਨੂੰ ਦੇਖ ਰਿਹਾ ਏਂ।
ਉਨ੍ਹਾਂ ਦੀ ਕਮੀ ਦਾ ਰੋਣਾ ਰੋ ਰਿਹਾ ਏਂ। ਕੀ ਤੂੰ ਆਪਣੇ ਅੰਦਰ ਦੀ ਕਮੀ ਦਾ ਰੋਣਾ ਵੀ ਇਸੇ ਤਰ੍ਹਾਂ ਘੁੰਮ-ਘੁੰਮ ਕੇ ਸਾਰਿਆਂ ਸਾਹਮਣੇ ਰੋ ਸਕਦਾ ਏਂ?’’ ਉਸ ਦੀ ਗੱਲ ਬਾਰੇ ਵਿਅਕਤੀ ਕੁਝ ਸੋਚਣ ਲੱਗਾ। ਉਸ ਨੂੰ ਸੋਚ ਵਿਚ ਪਿਆ ਦੇਖ ਕੇ ਸੁਕਰਾਤ ਬੋਲੇ, ‘‘ਜਿਸ ਦੀ ਜਿਸ ਤਰ੍ਹਾਂ ਦੀ ਨਜ਼ਰ ਹੁੰਦੀ ਹੈ, ਉਸ ਨੂੰ ਉਸੇ ਤਰ੍ਹਾਂ ਦਾ ਦਿਖਾਈ ਦਿੰਦਾ ਹੈ। ਹਰ ਚੀਜ਼ ਦੀ ਚੰਗਿਆਈ ਦੇਖਣ ਦਾ ਸੁਭਾਅ ਬਣਾ। ਬੁਰਾਈ ਵੱਲ ਧਿਆਨ ਹੀ ਨਾ ਦੇ। ਜਿਸ ਤਰ੍ਹਾਂ ਤੂੰ ਦੀਵੇ ਤੇ ਚੰਦਰਮਾ ਦੀ ਕਮੀ ਦੇਖ ਰਿਹਾ ਏਂ, ਉਸੇ ਤਰ੍ਹਾਂ ਉਨ੍ਹਾਂ ਦੇ ਗੁਣਾਂ ਨੂੰ ਦੇਖ। ਚੰਦਰਮਾ ਦਾਗ-ਧੱਬਿਆਂ ਵਾਲਾ ਹੋ ਕੇ ਵੀ ਸੀਤਲਤਾ ਤੇ ਰੌਸ਼ਨੀ ਦਿੰਦਾ ਹੈ, ਉਸੇ ਤਰ੍ਹਾਂ ਦੀਵੇ ਹੇਠ ਹਨੇਰਾ ਰਹਿਣ ’ਤੇ ਵੀ ਉਹ ਸਾਰਿਆਂ ਨੂੰ ਰੌਸ਼ਨੀ ਦਿੰਦਾ ਹੈ, ਆਪਣੀ ਗਰਮੀ ਤੇ ਜੋਤੀ ਨਾਲ ਭਟਕੇ ਲੋਕਾਂ ਨੂੰ ਰਸਤਾ ਦਿਖਾਉਂਦਾ ਹੈ।’’ਇਹ ਸੁਣ ਕੇ ਵਿਅਕਤੀ ਸੁਕਰਾਤ ਅੱਗੇ ਨਤਮਸਤਕ ਹੋ ਕੇ ਬੋਲਿਆ, ‘‘ਹਾਂ, ਮਹਾਰਾਜ, ਵਾਕਈ ਮੈਂ ਸਾਰਿਆਂ ਵਿਚ ਬੁਰਾਈ ਹੀ ਦੇਖਣ ਦੀ ਕੋਸ਼ਿਸ਼ ਕਰਦਾ ਸੀ ਪਰ ਹੁਣ ਮੈਂ ਚੰਗਿਆਈ ਹੀ ਦੇਖਾਂਗਾ।’’ਉਸ ਨੂੰ ਆਪਣੇ ਸਵਾਲਾਂ ਦਾ ਜਵਾਬ ਮਿਲ ਗਿਆ ਸੀ।


manju bala

Edited By manju bala