ਬੋਲ-ਬਾਣੀ ''ਤੇ ਰੱਖੋ ਹਮੇਸ਼ਾ ਹੀ ਕਾਬੂ

10/31/2019 4:56:28 PM

ਇਕ ਵਾਰ ਇਕ ਬੁੱਢੇ ਆਦਮੀ ਨੇ ਅਫਵਾਹ ਫੈਲਾਈ ਕਿ ਉਸ ਦੇ ਗੁਆਂਢ 'ਚ ਰਹਿਣ ਵਾਲਾ ਨੌਜਵਾਨ ਚੋਰ ਹੈ। ਇਹ ਗੱਲ ਦੂਰ-ਦੂਰ ਤਕ ਫੈਲ ਗਈ। ਆਲੇ-ਦੁਆਲੇ ਦੇ ਲੋਕ ਉਸ ਨੌਜਵਾਨ ਤੋਂ ਬਚਣ ਲੱਗੇ। ਨੌਜਵਾਨ ਪਰੇਸ਼ਾਨ ਹੋ ਗਿਆ। ਕੋਈ ਉਸ 'ਤੇ ਵਿਸ਼ਵਾਸ ਨਹੀਂ ਸੀ ਕਰਦਾ। ਉਦੋਂ ਹੀ ਚੋਰੀ ਦੀ ਇਕ ਵਾਰਦਾਤ ਹੋਈ ਤੇ ਸ਼ੱਕ ਉਸ ਨੌਜਵਾਨ 'ਤੇ ਹੋਇਆ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਕੁਝ ਦਿਨਾਂ ਬਾਅਦ ਸਬੂਤ ਨਾ ਹੋਣ ਕਰਕੇ ਉਹ ਬੇਕਸੂਰ ਸਾਬਿਤ ਹੋ ਗਿਆ। ਬੇਕਸੂਰ ਸਾਬਿਤ ਹੋਣ ਤੋਂ ਬਾਅਦ ਉਹ ਨੌਜਵਾਨ ਚੁੱਪ ਨਹੀਂ ਬੈਠਿਆ। ਉਸ ਨੇ ਬਜ਼ੁਰਗ ਆਦਮੀ 'ਤੇ ਗਲਤ ਦੋਸ਼ ਲਾਉਣ ਦਾ ਕੇਸ ਦਰਜ ਕਰ ਦਿੱਤਾ। ਅਦਾਲਤ 'ਚ ਬੁੱਢੇ ਆਦਮੀ ਨੇ ਆਪਣੇ ਬਚਾਅ 'ਚ ਜੱਜ ਨੂੰ ਕਿਹਾ ਕਿ ਮੈਂ ਜੋ ਕੁਝ ਕਿਹਾ ਸੀ, ਉਹ ਇਕ ਟਿੱਪਣੀ ਤੋਂ ਜ਼ਿਆਦਾ ਹੋਰ ਕੁਝ ਨਹੀਂ ਸੀ। ਕਿਸੇ ਨੂੰ ਨੁਕਸਾਨ ਪਹੁੰਚਾਉਣਾ ਮੇਰਾ ਮਕਸਦ ਨਹੀਂ ਸੀ। ਜੱਜ ਨੇ ਬੁੱਢੇ ਆਦਮੀ ਨੂੰ ਕਿਹਾ ਕਿ ਤੁਸੀਂ ਇਕ ਕਾਗਜ਼ ਦੇ ਟੁਕੜੇ ਉੱਤੇ ਉਹ ਸਾਰੀਆਂ ਗੱਲਾਂ ਲਿਖੋ, ਜੋ ਤੁਸੀਂ ਉਸ ਨੌਜਵਾਨ ਬਾਰੇ ਕਹੀਆਂ ਸਨ ਅਤੇ ਜਾਂਦੇ ਸਮੇਂ ਉਸ ਕਾਗਜ਼ ਦੇ ਟੁਕੜੇ-ਟੁਕੜੇ ਕਰ ਕੇ ਘਰ ਦੇ ਰਸਤੇ 'ਚ ਸੁੱਟ ਦਿਓ। ਤੁਸੀਂ ਕੱਲ ਫੈਸਲਾ  ਸੁਣਨ ਲਈ ਆ ਜਾਓ। ਬੁੱਢੇ ਵਿਅਕਤੀ ਨੇ ਅਜਿਹਾ ਹੀ ਕੀਤਾ।
 
ਅਗਲੇ ਦਿਨ ਜੱਜ ਨੇ ਬੁੱਢੇ ਆਦਮੀ ਨੂੰ ਕਿਹਾ ਕਿ ਫੈਸਲਾ ਸੁਣਨ ਤੋਂ ਪਹਿਲਾਂ ਤੁਸੀਂ ਬਾਹਰ ਜਾਓ ਅਤੇ ਉਹ ਸਾਰੇ ਟੁਕੜੇ ਇਕੱਠੇ ਕਰ ਕੇ ਲੈ ਆਓ, ਜੋ ਕੱਲ ਤੁਸੀਂ ਬਾਹਰ ਸੁੱਟ ਦਿੱਤੇ ਸੀ। ਬੁੱਢੇ ਆਦਮੀ ਨੇ ਕਿਹਾ ਕਿ ਮੈਂ ਅਜਿਹਾ ਨਹੀਂ ਕਰ ਸਕਦਾ। ਉਨ੍ਹਾਂ ਟੁਕੜਿਆਂ ਨੂੰ ਤਾਂ ਹਵਾ ਕਿਥੋਂ ਦੀ ਕਿੱਥੇ ਉਡਾ ਕੇ ਲੈ ਗਈ ਹੋਵੇਗੀ। ਹੁਣ ਉਹ ਨਹੀਂ ਮਿਲ ਸਕਣਗੇ। ਮੈਂ ਕਿੱਥੇ-ਕਿੱਥੇ ਉਨ੍ਹਾਂ ਨੂੰ ਲੱਭਣ ਜਾਵਾਂਗਾ। ਜੱਜ ਨੇ ਕਿਹਾ ਕਿ ਠੀਕ ਇਸੇ ਤਰ੍ਹਾਂ ਇਕ ਮਾਮੂਲੀ ਜਿਹੀ ਟਿੱਪਣੀ ਵੀ ਕਿਸੇ ਦਾ ਮਾਣ-ਸਨਮਾਨ ਉਸ ਹੱਦ ਤਕ ਖਤਮ ਕਰ ਸਕਦੀ ਹੈ, ਜਿਸ ਨੂੰ ਉਹ ਵਿਅਕਤੀ ਕਿਸੇ ਵੀ ਹਾਲ 'ਚ ਦੁਬਾਰਾ ਪ੍ਰਾਪਤ ਕਰਨ 'ਚ ਸਫਲ ਨਹੀਂ ਹੋ ਸਕਦਾ। ਇਸ ਲਈ ਜੇਕਰ ਕਿਸੇ ਬਾਰੇ ਚੰਗਾ ਨਹੀਂ ਕਹਿ ਸਕਦੇ ਤਾਂ ਚੁੱਪ ਰਹੋ। ਸਾਡੀ ਬੋਲ-ਬਾਣੀ ਉੱਤੇ ਹਮੇਸ਼ਾ ਕਾਬੂ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਸ਼ਬਦਾਂ ਦੇ ਗੁਲਾਮ ਨਾ ਬਣੀਏ।


manju bala

Edited By manju bala