ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

6/13/2019 11:03:29 AM

(ਕਿਸ਼ਤ 6ਵੀਂ)
ਪਾਂਧੇ ਨੂੰ ਪੜ੍ਹਨੇ ਪਾਇਆ

ਨੰਨ੍ਹੇ ਸ਼ਾਗਿਰਦ ਨਾਨਕ ਜੀ ਨੇ ਉਸਤਾਦ ਗੋਪਾਲ ਜੀ ਦੀ ਗੱਲ ਧਿਆਨਪੂਰਵਕ ਸੁਣੀ। ਉਪਰੰਤ ਜਵਾਬ ਦਿੱਤਾ, ਸਤਿਕਾਰਤ ਉਸਤਾਦ ਜੀ ਮੈਂ ਮੰਨਦਾ ਹਾਂ ਕਿ ਸੰਸਾਰ ਵਿਚ ਰਹਿੰਦਿਆਂ ਹਰ ਮਨੁੱਖ ਨੂੰ ਸੰਸਾਰੀ ਕਾਰ-ਵਿਹਾਰ ਅਤੇ ਹਿਸਾਬ-ਕਿਤਾਬ ਸਿੱਖਣਾ ਅਤਿ ਲੋੜੀਂਦਾ ਹੈ ਪਰ ਕੀ ਤੁਹਾਨੂੰ ਉਹ ਲੇਖਾ ਵੀ ਆਉਂਦਾ ਹੈ, ਜਿਸ ਦੀ ਮੈਨੂੰ ਲੋੜ ਹੈ। ਉਸਤਾਦ ਗੋਪਾਲ ਜੀ ਨੇ ਜਵਾਬ ਦਿੱਤਾ, ਪਿਆਰੇ ਨਾਨਕ! ਆਪਣੀ ਪਾਠਸ਼ਾਲਾ ਅੰਦਰ ਮੈਂ ਇਸੇ ਲੇਖੇ ਦੀ ਸਿਖਲਾਈ ਹੀ ਤਾਂ ਦਿੰਦਾ ਹਾਂ। ਨਾਨਕ ਜੀ ਨੇ ਜਵਾਬ ਦਿੱਤਾ, ਮੈਂ ਇਹ ਲੇਖਾ ਨਹੀਂ ਸਿੱਖਣਾ ਕਿਉਂਕਿ ਇਹ ਮੇਰੇ ਕਿਸੇ ਕੰਮ ਦਾ ਨਹੀਂ। ਮੈਨੂੰ ਤਾਂ ਉਹ ਲੇਖਾ, ਉਹ ਵਿੱਦਿਆ ਸਿੱਖਣ ਦੀ ਚਾਹਨਾ ਹੈ, ਜਿਹੜੀ ਉਸ ਸਮੇਂ ਮੇਰੇ ਕੰਮ ਆਵੇ, ਜਦੋਂ ਰੱਬ ਦੀ ਦਰਗਾਹੇ ਮੈਨੂੰ ਇਸ ਜੀਵਨ ਦਾ ਲੇਖਾ ਦੇਣਾ ਪੈਣਾ ਹੈ। ਉਸਤਾਦ ਆਖਿਆ, ਉਹ ਲੇਖਾ ਤਾਂ ਮੈਂ ਨਹੀਂ ਜਾਣਦਾ। ਤੁਸੀਂ ਹੀ ਦੱਸੋ ਕਿ ਅਜਿਹਾ ਲੇਖਾ-ਗਿਆਨ ਕਿਹੜਾ ਹੈ।

ਮਾਸੂਮੀਅਤ ਦੇ ਅਮੋਲਕ ਸਰਮਾਏ ਨਾਲ ਸਰਸ਼ਾਰ ਸ਼ਾਗਿਰਦ (ਗੁਰੂ) ਨਾਨਕ ਨੇ ਪਿਆਰ, ਕਰੁਣਾ ਅਤੇ ਤਰਸ ਭਰੀਆਂ ਨਜ਼ਰਾਂ ਨਾਲ ਉਸਤਾਦ ਗੋਪਾਲ ਜੀ ਨੂੰ ਤੱਕਿਆ। ਉਪਰੰਤ ਬੇਹੱਦ ਮਿੱਠੀ ਸੁਰ ਅਤੇ ਆਵੇਸ਼ਮਈ ਅੰਦਾਜ਼ ਵਿਚ ਉਸਤਾਦ ਗੋਪਾਲ (ਬਾਬਾ) ਜੀ ਨੂੰ ਸੰਬੋਧਨ ਕਰਦਿਆਂ ਜੋ ਕੁੱਝ ਫੁਰਮਾਇਆ, ਉਹ ਉਨ੍ਹਾਂ ਦੇ ਸਿਰੀ ਰਾਗ ਦੇ ਇਕ ਮਹੱਤਵਪੂਰਨ ਸ਼ਬਦ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 16 'ਤੇ ਅੰਕਿਤ ਹੈ। ਇਸ ਪੂਰੇ ਸ਼ਬਦ ਦੇ ਕੇਂਦਰੀ-ਭਾਵ ਨੂੰ ਸੂਤਰਿਕ ਪੱਧਰ 'ਤੇ ਦਰਸਾਉਂਦੇ ਮੁੱਢਲੇ ਪਦ ਹੇਠ ਲਿਖੇ ਅਨੁਸਾਰ ਹਨ :

ਜਾਲਿ ਮੋਹੁ, ਘਸਿ ਮਸੁ ਕਰਿ, ਮਤਿ ਕਾਗਦੁ ਕਰਿ ਸਾਰ£ ਭਾਉ ਕਲਮ, ਕਰਿ ਚਿਤੁ ਲਿਖਾਰੀ, ਗੁਰ ਪੁਛਿ ਲਿਖੁ ਬੀਚਾਰੁ£ ਲਿਖੁ ਨਾਮੁ, ਸਾਲਾਹ ਲਿਖੁ, ਅੰਤੁ ਨ ਪਾਰਾਵਾਰੁ£ ਬਾਬਾ, ਏਹੁ ਲੇਖਾ ਲਿਖ ਜਾਣ£ ਜਿਥੈ ਲੇਖਾ ਮੰਗੀਐ, ਤਿਥੈ ਹੋਇ ਸਚਾ ਨੀਸਾਣੁ।। ਰਹਾਉ।।

ਮੁਰੀਦ ਨਾਨਕ ਦਾ ਉਪਰੋਕਤ ਸ਼ਬਦ (ਠੁੱਕਦਾਰ ਜਵਾਬ) ਸੁਣ ਪਾਂਧਾ ਗੋਪਾਲ ਜੀ ਦੀ ਨਿਸ਼ਾ ਹੋ ਗਈ। ਰੂਹ ਖਿੜ ਗਈ। “ਮੋਹ ਦਾ ਜਾਲ ਇਕ ਵਿਰ ਤਾਂ ਜਲਕੇ ਢਹਿ ਪਿਆ, ਦੁਨੀਆ ਦੀ ਨਾਪਾਇਦਾਰੀ, ਬੰਧਨਾਂ ਦੇ ਕਲੇਸ਼, ਉੱਚ ਜੀਵਨ, ਬੰਦਗੀ ਤੇ ਅੱਗੋਂ ਦੇ ਸੁੱਖਾਂ ਦਾ ਨਕਸ਼ਾ ਦਿਲ 'ਤੇ ਫਿਰ ਗਿਆ।” ਪ੍ਰਸੰਨਤਾ, ਤ੍ਰਿਪਤੀ ਅਤੇ ਤਸੱਲੀ ਦੇ ਘਰ ਆਏ ਉਸਤਾਦ ਗੋਪਾਲ ਜੀ ਨੇ ਸ਼ਾਗਿਰਦ ਨਾਨਕ ਦੇ ਚਰਨੀਂ ਸੀਸ ਨਿਵਾਇਆ ਅਤੇ ਆਖਿਆ, ਹੇ ਨਾਨਕ! ਤੂੰ ਪੂਰਨ ਪੁਰਖ ਹੈਂ। ਮੈਂ ਅਲਪੱਗ ਜੋ ਕੁੱਝ ਤੈਨੂੰ ਸਿਖਾ ਸਕਦਾ ਸਾਂ, ਉਹ ਮੈਂ ਸਿਖਾ ਚੁੱਕਾ ਹਾਂ। ਹੁਣ ਤੇਰੇ ਅੰਤਰ-ਆਤਮੇ ਜੋ ਆਵੇ, ਸੋ ਕਰ। ਪਰ ਮੇਰੀ ਅਰਜ਼ੋਈ ਹੈ ਕਿ ਭਵਿੱਖ ਵਿਚ ਮੇਰਾ ਖ਼ਿਆਲ ਜ਼ਰੂਰ ਰੱਖੀਂ। ਆਪਣੇ ਇਸ ਉਸਤਾਦ ਨੂੰ ਭੁੱਲ ਨਾ ਜਾਵੀਂ, ਮੇਰੇ 'ਤੇ ਆਪਣੀ ਸਵੱਲੀ ਨਜ਼ਰ ਹਮੇਸ਼ਾ ਬਣਾਈ ਰੱਖੀਂ।

ਗੁਰੂ ਨਾਨਕ ਸਾਹਿਬ ਦੇ ਮਨ, ਵਿਅਕਤੀਤਵ, ਸੋਚਣ ਦੇ ਢੰਗ, ਆਚਾਰ-ਵਿਵਹਾਰ ਅਤੇ ਜੀਵਨ ਦੀ ਇਹ ਇਕ ਬੜੀ ਵੱਡੀ ਅਤੇ ਉਭਰਵੀਂ ਵਿਸ਼ੇਸ਼ਤਾਈ ਸੀ ਕਿ ਉਹ ਸੰਵਾਦ, ਗੋਸ਼ਟਿ, ਕੁੱਝ ਸੁਣਨ ਅਤੇ ਕਹਿਣ ਅਰਥਾਤ ਵਿਚਾਰ-ਵਟਾਂਦਰਾ ਜਾਂ ਵਿਚਾਰ-ਮੰਥਨ ਕਰਨ ਦੇ ਬੇਹੱਦ ਸ਼ੌਕੀਨ ਸਨ। ਇਸ ਕਾਰਜ ਵਿਚ ਉਹ ਬਹੁਤ ਵੱਡੀ ਮੁਹਾਰਤ ਅਤੇ ਕਾਰਜ਼-ਕੁਸ਼ਲਤਾ ਰੱਖਦੇ ਸਨ। ਉਸਤਾਦ ਗੋਪਾਲ ਜੀ ਨਾਲ ਹੋਏ ਉਨ੍ਹਾਂ ਦੇ ਉਪਰੋਕਤ ਸੰਵਾਦ ਨੂੰ, ਉਨ੍ਹਾਂ ਦੇ ਜੀਵਨ-ਕਾਲ ਦਾ ਪਲੇਠਾ ਰੌਚਿਕ ਸੰਵਾਦ ਮੰਨਿਆ ਜਾ ਸਕਦਾ ਹੈ। ਹੋਏ ਇਸ ਪਹਿਲੇ ਸੂਤਰਿਕ ਪਰ ਬਹੁਤ ਹੀ ਭਾਵਪੂਰਤ ਸੰਵਾਦ ਸਮੇਂ ਉਨ੍ਹਾਂ ਦੀ ਆਰਜ਼ਾ ਅੰਦਾਜ਼ਨ 08 ਸਾਲਾਂ ਦੀ ਸੀ। ਇਸ ਪ੍ਰਸੰਗ ਵਿਚ ਗੁਰਮਤਿ ਦੀ ਕੀਮਤੀ ਅੰਤਰ-ਦ੍ਰਿਸ਼ਟੀ ਨਿਰਣਾ ਦਿੰਦੀ ਹੈ ਕਿ 'ਗੁਣਵੱਤਾ', 'ਪ੍ਰਤਿਭਾ', ਅਤੇ 'ਚਮਕ' ਦਾ ਉਮਰਾਂ ਅਤੇ ਗਿਣਤੀਆਂ-ਮਿਣਤੀਆਂ ਨਾਲ ਕੋਈ ਸਬੰਧ ਨਹੀਂ ਹੁੰਦਾ।

ਇੱਥੇ ਇਹ ਨੁਕਤਾ ਜਾਂ ਤੱਥ ਵਿਸ਼ੇਸ਼ ਤੌਰ 'ਤੇ ਉਲੇਖਯੋਗ ਹੈ ਕਿ (ਗੁਰੂ) ਨਾਨਕ ਸਾਹਿਬ ਵੱਲੋਂ ਲਿਖੀ ਫੱਟੀ (ਰਾਗੁ ਆਸਾ ਮਹਲਾ ਪਹਿਲਾ ਪਟੀ ਲਿਖੀ), ਉਹ ਮਹੱਤਵਪੂਰਨ ਰਚਨਾ ਹੈ, ਜੋ ਪੰਜਾਬੀ ਸੰਸਾਰ ਅੰਦਰ ਪਏ ਇਕ ਵੱਡੇ ਟਪਲੇ ਜਾਂ ਭੁਲੇਖੇ ਦਾ ਬੜੀ ਸਪਸ਼ਟਤਾਈ ਨਾਲ ਨਿਵਾਰਣ ਕਰਦੀ ਹੈ। ਉਹ ਭੁਲੇਖਾ ਇਹ ਹੈ ਕਿ ਪੰਜਾਬੀ ਦੀ ਮੌਜੂਦਾ ਲਿਪੀ (ਗੁਰਮੁਖੀ) ਗੁਰੂ ਅੰਗਦ ਦੇਵ ਜੀ ਨੇ ਬਣਾਈ ਸੀ ਜਾਂ ਇਹ ਪਹਿਲਾਂ ਹੀ ਮੌਜੂਦ ਸੀ। 'ਪਟੀ' ਦੇ ਨਿਕਟ ਅਧਿਐਨ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰਮੁੱਖੀ ਵਰਣਮਾਲਾ ਗੁਰੂ ਅੰਗਦ ਪਾਤਸ਼ਾਹ ਨੇ ਨਹੀਂ ਸੀ ਬਣਾਈ। ਇਹ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੀ ਮੌਜੂਦ ਸੀ ਪਰ ਇਸ ਦਾ ਅੱਖਰ-ਕ੍ਰਮ ਨਿਰਸੰਦੇਹ ਅੱਜ ਵਾਲੇ ਅੱਖਰ-ਕ੍ਰਮ ਤੋਂ ਕੁੱਝ ਵੱਖਰਾ ਸੀ। (ਗੁਰੂ) ਨਾਨਕ ਸਾਹਿਬ ਦੀ ਰਚਨਾ 'ਪਟੀ' ਵਿਚ ਗੁਰਮੁਖੀ ਲਿਪੀ ਜਾਂ ਵਰਣਮਾਲਾ ਦੇ ਅੱਖਰਾਂ ਦੀ ਤਰਤੀਬ ਹੇਠ ਲਿਖੇ ਅਨੁਸਾਰ ਅੰਕਿਤ ਹੈ :

ਸ, ੲ, ੳ, ਙ, ਕ, ਖ, ਗ, ਘ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ,

ਫ, ਬ, ਭ, ਮ, ਯ, ਰ, ਲ, ਵ, ੜ, ਹ, ਅ”

ਇਸ ਅੱਖਰ-ਕ੍ਰਮ ਨੂੰ ਵੇਖਦਿਆਂ ਇਸ ਸੰਭਾਵਨਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਗੁਰਮੁਖੀ ਦੇ ਮੌਜੂਦਾ ਪੈਂਤੀ ਅੱਖਰਾਂ ਦਾ ਕ੍ਰਮ (ੳ ਤੋਂ ੜ ਤੱਕ), ਸ੍ਰੀ ਗੁਰੂ ਅੰਗਦ ਸਾਹਿਬ ਵੱਲੋਂ ਦਿੱਤਾ ਗਿਆ ਹੋਵੇ ਅਤੇ ਸ਼ਾਇਦ ਇਸੇ ਕਾਰਣ ਹੀ ਕੁੱਝ ਵਿਦਵਾਨਾਂ ਨੂੰ, ਉਨ੍ਹਾਂ ਦੇ ਗੁਰਮੁਖੀ ਲਿਪੀ ਦੇ ਰਚਨਹਾਰ ਹੋਣ ਦਾ ਭੁਲੇਖਾ ਪਿਆ ਹੋਵੇ ਪਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਰਚਨਾ 'ਪਟੀ' ਨਾ ਕੇਵਲ ਅਜਿਹੇ ਭੁਲੇਖਿਆਂ ਅਤੇ ਅਜਿਹੀਆਂ ਸੰਭਾਵਨਾਵਾਂ ਨੂੰ ਦੂਰ ਅਤੇ ਰੱਦ ਕਰਦੀ ਹੈ, ਅਲਬੱਤਾ ਇਸ ਤੱਥ ਨੂੰ ਵੀ ਪੂਰੇ ਨਿਸ਼ਚੇ ਨਾਲ ਸਥਾਪਿਤ ਕਰਦੀ ਹੈ ਕਿ ਗੁਰਮੁਖੀ ਲਿਪੀ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੀ ਮੌਜੂਦ ਸੀ।

ਗੁਰੂ ਇਤਿਹਾਸ ਦੇ ਵੱਖ-ਵੱਖ ਪ੍ਰਮਾਣਿਕ ਸਰੋਤ ਦੱਸਦੇ ਹਨ ਕਿ ਰਾਇ ਭੋਇ ਦੀ ਤਲਵੰਡੀ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਅੰਦਰ, ਬਾਲ ਨਾਨਕ ਦੇ ਪੈਗੰਬਰ, ਅਕਾਲ ਰੂਪ, ਅਵਤਾਰੀ ਪੁਰਸ਼, ਮਹਾਨ ਤਪੱਸਵੀ, ਤੇਜਸਵੀ, ਚਮਤਕਾਰੀ ਅਤੇ ਅਸਾਧਾਰਣ ਪ੍ਰਤਿਭਾ ਵਾਲਾ ਮਹਾਪੁਰਸ਼ ਹੋਣ ਬਾਰੇ ਚਰਚਾ ਦੋ ਪੱਧਰਾਂ 'ਤੇ ਅਕਸਰ ਹੀ ਚਲਦੀ ਰਹਿੰਦੀ ਸੀ। ਇਕ ਚਰਚਾ ਰਾਇ ਭੋਇ ਦੀ ਤਲਵੰਡੀ ਅਤੇ ਨਾਲ ਲਗਦੇ ਹੋਰਨਾਂ ਪਿੰਡਾਂ ਦੀਆਂ ਸੱਥਾਂ ਵਿਚ ਆਮ ਜਨ ਸਾਧਾਰਨ ਲੋਕਾਂ ਵੱਲੋਂ ਕੀਤੀ ਜਾਂਦੀ ਸੀ ਜਦੋਂਕਿ ਇਕ-ਦੂਜੀ ਕਿਸਮ ਦੀ ਵਿਸ਼ੇਸ਼ ਚਰਚਾ ਪਿੰਡ ਅਤੇ ਇਲਾਕੇ ਦੇ ਗੁਣੀ-ਜਨਾਂ/ਵਿਦਵਾਨਾਂ ਅਤੇ ਵੱਖ-ਵੱਖ ਖੇਤਰਾਂ ਅੰਦਰ ਮਰਾਤਬਾ ਰੱਖਣ ਵਾਲੇ ਸੂਝਵਾਨ ਮੋਹਤਬਰ ਸੱਜਣਾਂ ਵੱਲੋਂ ਉਨ੍ਹਾਂ ਦਰਮਿਆਨ ਸਮੇਂ-ਸਮੇਂ ਹੋਣ ਵਾਲੀਆਂ ਖ਼ਾਸ ਮਿਲਣੀਆਂ ਅਤੇ ਚਰਚਾਵਾਂ ਮੌਕੇ ਕੀਤੀ ਜਾਂਦੀ ਸੀ।

ਜਗਜੀਵਨ ਸਿੰਘ (ਡਾ.)
ਫੋਨ: 99143-01328