ਅਸੰਖ ਜੋਗ ਮਨਿ ਰਹਹਿ ਉਦਾਸ
7/31/2019 9:29:07 AM

ਨਿਰਗੁਣ ਸ਼ਬਦ ਵੀਚਾਰ
ਸਤਾਰਵੀਂ ਪਉੜੀ
ਅਸੰਖ ਜਪ ਅਸੰਖ ਭਾਉ।। ਅਸੰਖ ਪੂਜਾ ਅਸੰਖ ਤਪਤਾਉ।। ਅਸੰਖ ਗਰੰਥ ਮੁਖਿ ਵੇਦ ਪਾਠ।। ਅਸੰਖ ਜੋਗ ਮਨਿ ਰਹਹਿ ਉਦਾਸ।।ਅਸੰਖ ਭਗਤ ਗੁਣ ਗਿਆਨ ਵੀਚਾਰ।। ਅਸੰਖ ਸਤੀ ਅਸੰਖ ਦਾਤਾਰ।। ਅਸੰਖ ਸੂਰ ਮੁਹ ਭਖਸਾਰ।। ਅਸੰਖ ਮੋਨਿ ਲਿਵ ਲਾਇ ਤਾਰ।। ਕੁਦਰਤਿ ਕਵਣ ਕਹਾ ਵਿਚਾਰੁ।। ਵਾਰਿਆ ਨ ਜਾਵਾ ਏਕ ਵਾਰ।। ਜੋ ਤੁਧੁ ਭਾਵੈ ਸਾਈ ਭਲੀ ਕਾਰ।। ਤੂ ਸਦਾ ਸਲਾਮਤਿ ਨਿਰੰਕਾਰ।। ੧੭।।
ਉਸ ਨਿਰੰਕਾਰ ਦੀ ਸਲਾਮਤੀ ਦੀ ਸੈਲੀਬ੍ਰੇਸ਼ਨ ਚੱਲ ਰਹੀ ਹੈ। ਸੋਲ੍ਹਵੀਂ ਪਉੜੀ ਤੋਂ ਸ਼ੁਰੂ ਹੋਈ। ਸਤਾਰਵੀਂ ਤੋਂ ਅਗਾਂਹ ਤੱਕ ਚੱਲੇਗੀ। ਨਾਲ ਦੀ ਨਾਲ ਉਸ ਨਿਰੰਕਾਰ ਦਾ ਜੋ ਚਿਹਨ ਚੱਕਰ ਹੈ, ਉਸ ਨੂੰ ਸਮਝਣ ਦੀ ਕੋਸ਼ਿਸ਼ ਹੋਵੇਗੀ। ਉਸ ਚਿਹਨ ਚੱਕਰ ਦੀ ਧਾਰਾ ’ਚ ਮਨੁੱਖ ਨੇ ਕਿਵੇਂ ਪਹੁੰਚਣਾ ਹੈ, ਕਿਵੇਂ ਪ੍ਰਵੇਸ਼ ਕਰਨਾ ਹੈ, ਕਿਵੇਂ ਇਕਮਿੱਕ ਹੋਣਾ ਹੈ, ਇਸ ਸਾਰੇ ਗਿਆਨ ਨੂੰ ਖੰਗਾਲਿਆ ਜਾਵੇਗਾ। ਉਸ ਚਿਹਨ ਚੱਕਰ ਦੇ ਜੋ ਅਗਨ ਸੰਸਾਰ ਨੇ, ਜੋ ਜਲ ਸੰਸਾਰ ਨੇ, ਵਾਯੂ ਸੰਸਾਰ ਨੇ, ਜੋ ਧਰਤ ਨੇ, ਆਕਾਸ਼ ਨੇ ਜੋ, ਸਭ ਸੰਸਾਰਾਂ ਦੀ ਯਾਤਰਾ ਹੋਵੇਗੀ। ਉਸ ਦੀ ਰਿਦਮ ਦੀ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਹੋਵੇਗੀ। ਕਸ਼ਿਸ਼ ਹੋਵੇਗੀ। ਇਹ ਯਾਤਰਾ ਅਨੰਦ ਵਿਭੋਰ ਹੈ। ਗਿਆਨ ਵਰਧਕ ਹੈ। ਇਸ ਯਾਤਰਾ ਦੇ ਵਿਰਲੇ ਯਾਤਰੀ ਹੁੰਦੇ ਨੇ। ਵਡਭਾਗੇ ਲੋਕ ਹੀ। ਜਿਨ੍ਹਾਂ ਉੱਪਰ ਕੁਦਰਤ ਦੀ ਕਿਰਪਾ ਹੋ ਜਾਵੇ। ਉਹਦੀ ਨਦਰਿ ਸਵੱਲੀ ਹੋ ਜਾਵੇ। ਉਹ ਜ਼ਮੀਨ ਤੋਂ ਕਈ ਫੁੱਟ ਉਤਾਂਹ ਵਿਚਰਦੇ ਨੇ। ਉਹ ਗੁਰੂ ਨਾਨਕ ਵਿਚਰਦੇ ਨੇ, ਕਬੀਰ ਵਿਚਰਦੇ ਨੇ, ਗੋਰਖ ਵਿਚਰਦੇ ਨੇ, ਸਤਿਗੁਰੂ ਲੋਕ ਵਿਚਰਦੇ ਨੇ। ਉਨ੍ਹਾਂ ਦਾ ਵਿਚਰਨਾ ਹੋਰ ਢੰਗ ਦਾ ਹੈ। ਇਕ ਸੂਫੀ ਕਵੀ ਮਾਧੋ ਦਾਸ ਹੋਏ ਨੇ, ਬਾਬਾ ਬੁੱਲ੍ਹੇ ਸ਼ਾਹ ਦੀ ਵਿਰਾਸਤ ਦੇ ਆਖਰੀ ਕਵੀ, ਉਨ੍ਹਾਂ ਦੀ ਇਕ ਕਾਫੀ ਦੇ ਬੋਲ ਨੇ-
ਅੱਗੇ ਰੋਜ਼ ਹੀ ਜਹਾਨ ਇੱਥੋਂ ਲੰਘਦਾ,
ਉਹਦਾ ਲੰਘਣਾ ਤਾਂ ਹੋਰ ਕਿਸੇ ਢੰਗ ਦਾ,
ਉਹਦੀ ਅੱਡੀ ਵੱਜੇ ਸੀਨੇ ਠੱਕ-ਠੱਕ ਨੀ
ਗਲੀ ਦੇ ਵਿਚੋਂ ਕੌਣ ਲੰਘਿਆ।
ਇਹ ਜੋ ਸੂਫੀ ਲੋਕ ਨੇ, ਇਹ ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਵੱਲ ਯਾਤਰਾ ਕਰਦੇ ਨੇ। ਸੁਣਨ/ਪੜ੍ਹਨ ਨੂੰ ਇਹ ਦੁਨਿਆਵੀ ਗੱਲ ਲੱਗਦੀ ਹੈ ਪਰ ਉਹ ਜੋ ਇਸ਼ਾਰਾ ਕਰ ਗਏ ਨੇ, ਉਹ ਕਮਾਲ ਹੈ। ਉਹ ਇਸ਼ਾਰਾ ਉਨ੍ਹਾਂ ਰੂਹਾਂ ਪ੍ਰਤੀ ਹੀ ਹੈ, ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਧਰਤੀ ਤੋਂ ਉਤਾਂਹ ਹੀ ਵਿਚਰਦੀਆਂ ਨੇ। ਉਨ੍ਹਾਂ ਦਾ ਲੰਘਣਾ ਹੋਰ ਢੰਗ ਦਾ ਹੁੰਦਾ ਹੈ। ਉਨ੍ਹਾਂ ਦੀ ਅੱਡੀ ਕਿਸੇ ਪਿਆਰੇ ਦੇ ਸੀਨੇ ਠੱਕ-ਠੱਕ ਵੱਜ ਸਕਦੀ ਹੈ/ਵੱਜਦੀ ਹੈ। ਉਨ੍ਹਾਂ ਦਾ ਲੰਘਣਾ ਇੰਨਾ ਸੌਖਾਲਾ ਨਹੀਂ ਹੈ। ਨਾਮਦੇਵ ਦੀ ਜੋ ਛੰਨ ਹੈ, ਉਹ ਆਹਲਾ ਕਿਸਮ ਦੀ ਹੈ। ਲੋਕ ਉਸ ਨੂੰ ਦੇਖਣ ਆ ਰਹੇ ਨੇ। ਕਿਉਂ? ਕਿਉਂਕਿ ਜੋ ਛੰਨ ਹੈ, ਉਹ ਸੰਤ ਦੀ ਹੈ, ਉਹ ਨਾਮਦੇਵ ਦੀ ਹੈ। ਉਹ ਕਿਸੇ ਹੋਰ ਢੰਗ ਦੀ ਹੀ ਹੋਵੇਗੀ। ਉਸ ਛੰਨ ਨੂੰ ਬਣਾਉਣ ਵਾਲਾ ਜੋ ਬੇਢੀ ਹੈ, ਉਹ ਹਰਿ ਸੋ ਰਿਹਾ ਸਮਾਈ। ਉਹ ਕਣ-ਕਣ ਵਿਚ ਵੱਸਦਾ ਹੈ। ਇਸ ਕਰ ਕੇ ਨਾਮਦੇਵ ਦੀ ਛੰਨ ਜੋ ਹੈ, ਉਹ ਵੱਖਰੀ ਹੋਵੇਗੀ। ਉਹਦੀ ਅੱਡੀ ਠੱਕ-ਠੱਕ ਵੱਜੇਗੀ ਹੀ। ਇਹ ਜਿੱਥੇ ਜਾਣਗੇ, ਉਹ ਸਥਾਨ ਸੁਹਾਵਣਾ ਹੋਵੇਗਾ।
ਅਸੰਖ ਜਪ ਅਸੰਖ ਭਾਉ।। ਅਸੰਖ ਪੂਜਾ ਅਸੰਖ ਤਪਤਾਉ।। ਜਪ ਹੈ। ਭਾਉ ਹੈ। ਪੂਜਾ ਹੈ। ਤਪ ਹੈ। ਜਪ ਹੋ ਰਿਹੈ, ਅਸੰਖ। ਅਣਗਿਣਤ। ਹੋ ਰਿਹੈ ਜਾਪ। ਪਰ ਗੁਰੂ ਸਾਹਬ ਕਿਸ ਜਾਪ ਵੱਲ ਲਿਜਾਣਾ ਚਾਹੁੰਦੇ ਨੇ? ਉਹ ਅਜਪਾ ਜਾਪ ਹੈ। ਜੋ ਜਪਿਆ ਨਹੀਂ ਜਾ ਸਕਦਾ। ਜਪਣਾ ਤਾਂ ਹੈ ਹੀ ਨਹੀਂ। ਜਪਿਆ ਜਾ ਹੀ ਨਹੀਂ ਸਕਦਾ। ਸਮਝਣੀ ਹੈ ਗੱਲ। ਜੋ ਅਸੰਖ ਵਾਪਰ ਰਿਹਾ ਹੈ, ਉਹ ਜਾਪ ਹੈ। ਇਹ ਕੂੜ ਹੈ। ਭਾਉ ਹੈ। ਪਰ ਗੁਰੂ ਸਾਹਿਬ ਕਿਹੜੇ ਭਉ ਦੀ ਗੱਲ ਕਰਦੇ ਨੇ, ਭਗਤੀ ਭਾਉ ਦੀ। ਵਿਲੀਨਤਾ ਵਾਲੀ ਭਗਤੀ। ਕੁਦਰਤ ’ਚ ਵਿਲੀਨਤਾ। ਅਸੰਖ ਪੂਜਾ ਹੋ ਰਹੀ ਹੈ। ਸਤਿਗੁਰੂ ਰਵਿਦਾਸ ਕਹਿੰਦੇ ਨੇ ‘ਦੂੱਧ ਤ ਬਛਰੈ ਥਨਹੁ ਬਿਟਾਰਿਓ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ। ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ਅਵਰੁ ਨ ਫੂਲੁ ਅਨੂਪੁ ਨ ਪਾਵਉ' ਔਰ ਗੁਰੂ ਨਾਨਕ ਦੇਵ ਕਹਿ ਰਹੇ ਨੇ ਅਸੰਖ ਪੂਜਾ ਹੋ ਰਹੀ ਹੈ। ਪੂਜਾ ਲਈ ਸਭ ਕੁੱਝ ਜੂਠਾ ਹੈ, ਕੂੜ ਹੈ। ਫਿਰ ਗੁਰੂ ਰਵਿਦਾਸ ਕਿਸ ਪੂਜਾ ਵੱਲ ਇਸ਼ਾਰਾ ਕਰਦੇ ਨੇ, ਇਹ ਇਸ਼ਾਰਾ ਕਿਤੇ ਲੁਕਵਾਂ ਸਤਿਗੁਰ ਨਾਨਕ ਦੇਵ ਜੀ ਦੀ ਅਸੰਖ ਪੂਜਾ ਦੇ ਪਿੱਛੇ ਪਿਆ ਹੈ। ਗੁਰੂ ਰਵਿਦਾਸ ਕਹਿੰਦੇ ਨੇ ‘ਤਨੁ ਮਨੁ ਅਰਪਉ ਪੂਜ ਚਰਾਵਓ ਗੁਰ ਪ੍ਰਸਾਦਿ ਨਿਰੰਜਨ ਪਾਵਊ ਜਿਸ ਨਿਰੰਕਾਰ ਦੀ ਗੱਲ ਗੁਰੂ ਨਾਨਕ ਦੇਵ ਜੀ ਕਰ ਰਹੇ ਨੇ, ਗੂਰੂ ਰਵਿਦਾਸ ਉਸੇ ਨੂੰ ਨਿਰੰਜਨ ਕਹਿ ਰਹੇ ਨੇ। ਉਸ ਦੀ ਪ੍ਰਾਪਤੀ ਗੁਰੂ ਦੇ ਪ੍ਰਸਾਦਿ ਤੋਂ ਬਿਨਾਂ ਸੰਭਵ ਨਹੀਂ ਹੈ। ਗੁਰ ਪ੍ਰਸਾਦਿ। ਅਸੰਖ ਤਪ ਨੇ। ਵਿਚਾਰ ਦੀ ਸਾਣ ਇੰਨੀ ਹੀ ਤਿੱਖੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਦੇ ਵਿਚਾਰ ਦੀ ਸਾਣ ਜੋ ਹੈ, ਉਹ ਬਹੁਤ ਤਿੱਖੀ ਹੈ। ਉਹ ਨਿੱਕੇ-ਨਿੱਕੇ ਵੇਰਵੇ ਦੇਣਗੇ। ਉਨ੍ਹਾਂ ਰਾਹੀਂ ਵਿਚਾਰ ਦੀ ਚੜ੍ਹਤ ਹੋਵੇਗੀ ਤੇ ਨਿੱਤਰ ਕੇ ਸਾਫ ਸਾਹਮਣੇ ਆ ਜਾਵੇਗਾ। ਜਪ ਨੇ, ਤਪ ਨੇ। ਅਸੰਖ ਨੇ। ਕੂੜ ਨੇ।
ਅਸੰਖ ਗ੍ਰੰਥ ਮੁਖਿ ਵੇਦ ਪਾਠ ਅਸੰਖ ਜੋਗ ਮਨਿ ਰਹਹਿ ਉਦਾਸ ਲਿਖ ਲਿਖ ਥੱਕ ਗਏ ਨੇ, ਗ੍ਰੰਥ ਥੱਕ ਗਏ ਨੇ, ਵੇਦ ਥੱਕ ਗਏ ਨੇ। ਕਿਹਾ ਨਹੀਂ ਜਾ ਸਕਦਾ। ਸਤਿਗੁਰੂ ਕਬੀਰ ਕਹਿੰਦੇ ਨੇ, ‘ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ ਸਰਿ ਨਰ ਗਣ ਗੰਧ੍ਰਵ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ਰਾਜਾ ਰਾਮ ਅਨਹਦ ਕਿੰਗੁਰੀ ਬਾਜੈ’ ਕਿਆ ਬਾਤ ਹੈ। ਅਨਹਦ ਕਿੰਗੁਰੀ ਬਾਜੈ। ਇਹ ਹੈ ਸਤਿਗੁਰੂ ਨਾਨਕ ਦੀ ਥੌਟ, ਸਤਿਗੁਰੂ ਕਬੀਰ ਦੀ ਥੌਟ। ਅਨਹਦ ਕਿੰਗੁਰੀ ਬਾਜੈ। ਇਹ ਜੋ ਅਸੰਖ ਗ੍ਰੰਥ ਨੇ, ਵੇਦ ਨੇ, ਇਹ ਅਨਹਦ ਕਿੰਗੁਰੀ ’ਤੇ ਅਟਕ ਗਏ ਨੇ, ਉਹ ਗੁਰ ਪ੍ਰਸਾਦਿ ਨਾਲ ਵੱਜਣੀ ਹੈ। ਹੁਣ ਬਹੁਤੇ ਲੋਕ ਅਗਿਆਨ ਵਸ ਕਰਮ ਕਾਂਡ ’ਚ ਨੇ। ਇੱਥੇ ਕਿੰਗੁਰੀ ਵੱਜ ਨਹੀਂ ਸਕਦੀ। ਜੇਕਰ ਅਜਿਹੀ ਬਹੁਤਾਤ ਹੈ ਤਾਂ ਫਿਰ ਜਿਹੜਾ ਜੋਗੀ ਹੋਵੇਗਾ, ਜਾਗਦਾ ਹੋਵੇਗਾ, ਸਤਿਗੁਰੂ ਨਾਨਕ ਹੋਵੇਗਾ, ਉਹ ਉਦਾਸ ਹੋ ਜਾਵਗਾ। ਅਸੰਖ ਜੋਗ ਮਨਿ ਰਹਹਿ ਉਦਾਸ£ ਉਦਾਸੀ ਆ ਗਈ ਹੈ। ਇਹ ਵੀ ਅਵਸਥਾ ਹੈ, ਕਿੰਗੁਰੀ ਵਾਲੀ ਹੀ ਅਵਸਥਾ ਹੈ। ਉਦਾਸ ਹੈ ਜੋਗੀ। ਅਸੰਖ ਉਦਾਸ ਨੇ। ਲਗਭਗ ਵੀਹਵੀਂ ਸਦੀ ਦੀ ਸ਼ੁਰੂਆਤ ’ਚ ਇਕ ਸੰਤ ਹੋਏ ਨੇ ਹੀਰਾ ਦਾਸ ਜੀ। ਫਗਵਾੜੇ ਲਾਗੇ ਚੱਕ ਹਕੀਮ ਪਿੰਡ ’ਚ। ਉਨ੍ਹਾਂ ਇਕ ਪੁਸਤਕ ਲਿਖੀ ‘ਨਰਾਸਰੇ’ ਨਾਮਕ। ਉਹਦੇ ’ਚ ਉਹ ਇਕ ਦੋਹਾ ਲਿਖਦੇ ਨੇ ਕਿ ‘ਭਾਗ ਭਲੇ ਜਿਸ ਨਗਰ ਕੇ ਜਾਂ ਮਹ ਸੰਤ ਨਿਵਾਸ। ਮੰਦ ਭਾਗ ਹਾਨੀ ਅਧਕ ਸਾਧੂ ਭਏ ਉਦਾਸ।’ ਸਾਧੂ ਜੇਕਰ ਉਦਾਸ ਹੈ, ਤਾਂ ਮੰਦੇ ਭਾਗ ਨੇ। ਇਸੇ ਉਦਾਸੀ ਵੱਲ ਇਸ਼ਾਰਾ ਹੋ ਰਿਹਾ ਹੈ। ਅਸੰਖ ਜੋਗ ਮਨਿ ਰਹਹਿ ਉਦਾਸ।।
ਫਿਰ ਗੁਰੂ ਸਾਹਿਬ ਅਗਾਂਹ ਹੋਰ ਅਸੰਖ ਗਿਣਾ ਰਹੇ ਨੇ। ਅਸੰਖ ਦੀ ਗਿਣਤੀ ਹੋ ਰਹੀ ਹੈ। ਕਿਆ ਕਾਵਿ-ਉਸਾਰ ਹੈ। ਕਿਆ ਜੁਗਤ ਹੈ। ਕਾਵਿ ਜੁਗਤ। ਅਸੰਖ ਭਗਤ, ਗੁਣ ਗਿਆਨ ਵੀਚਾਰ£ ਅਸੰਖ ਸਤੀ, ਅਸੰਖ ਦਾਤਾਰ ਬਹੁਤ ਨੇ। ਭਾਉ ਭਗਤੀ ਵਾਲੇ ਵੀ। ਗੁਣੀ ਲੋਕ। ਵਿਚਾਰਵਾਨ। ਗਿਆਨੀ ਲੋਕ। ਗੋਸ਼ਠੀਆਂ ਚੱਲ ਰਹੀਆਂ ਨੇ। ਵਿਚਾਰਾਂ ਹੋ ਰਹੀਆਂ ਨੇ। ਕਬੀਰ ਸਾਹਬ ਵਾਲਾ ਇਸ਼ਾਰਾ, ‘ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ£’ ਕੁੱਝ ਨਹੀਂ ਕਹਿ ਪਾ ਰਹੇ। ਅਚਰਜ ਹੈ, ਜੋ ਹੈ। ਉਸ ਅਚਰਜ ਨੂੰ ਹੁਣ ਕਹਿ ਨਹੀਂ ਸਕਣਾ। ਅਸੰਖ ਲੱਗੇ ਹੋਏ ਨੇ। ਫਿਰ ਇਹ ਨਹੀਂ ਹੈ ਕਿ ਇਹ ਸਧਾਰਨ ਲੋਕ ਨੇ। ਗੁਣੀ ਲੋਕ ਨੇ। ਸਤੀ ਨੇ। ਪਿਆਰ ਕਰਨ ਵਾਲੇ। ਵਾਤਸਲਯ ਵਾਲੇ। ਮਮਤਾ ਨਾਲ ਭਰੇ ਹੋਏ। ਦਾਤੇ ਲੋਕ ਨੇ। ਦਾਨੀ ਲੋਕ ਨੇ। ਪਰ ਕੁੱਝ ਹੈ ਜੋ ਪਕੜ ’ਚ ਨਹੀਂ ਆ ਰਿਹਾ। ਸਮਝ ਤੋਂ ਪਾਰ ਹੈ। ਉਹ ਹੈ, ਜੋ ਗੁਰ ਪ੍ਰਸਾਦਿ ਨਾਲ ਹੀ ਮਿਲਣਾ ਹੈ। ਇੱਥੇ ਹੀ ਕਿਤੇ ਕੋਈ ਅੜਾਉਣੀ ਹੈ, ਜੋ ਸਮਝ ਨਹੀਂ ਪੈ ਰਹੀ। ਇਸ ਅੜਾਉਣੀ ਬਾਰੇ ਹੀ ਅਗਾਂਹ ਗੁਰੂ ਨਾਨਕ ਦੇਵ ਜੀ ਨੇ ਸਫ਼ਰ ਜਾਰੀ ਰੱਖਣਾ ਹੈ।
ਪਾਉੜੀ ਅੱਗੇ ਵਿਸਤਾਰ ਲੈ ਰਹੀ ਹੈ, ਅਸੰਖ ਸੂਰ, ਮੁਹ ਭਖਸਾਰ£ ਅਸੰਖ ਮੋਨਿ, ਲਿਵ ਲਾਇ ਤਾਰ ਸੂਰਮੇ ਨੇ। ਬਹਾਦੁਰ ਨੇ। ਮੱਲਾਂ ਮਾਰੀਆਂ ਨੇ ਜਿਨ੍ਹਾਂ ਨੇ। ਸਿੱਧੇ-ਸਿੱਧੇ ਟੱਕਰੇ ਨੇ ਜਿਹੜੇ। ਮੋਨਿ ਲੋਕ ਨੇ। ਲਿਵ ਲੱਗੀ ਹੋਈ ਹੈ। ਜੁੜੇ ਹੋਏ ਨੇ ਤਾਰ। ਪਰ ਕੀ ਉਹ ਵੀ ਉਸ ਅਨਹਦ ਨੂੰ ਸੁਣ ਪਾ ਰਹੇ ਨੇ। ਉਹ ਅਣ ਆਹਟ ਜੋ ਹੈ, ਜੋ ਚਿਰਾਗ ਕੀ ਜੋਤੀ ਮਾਹੇ ਨਿਕਲ ਰਹੀ ਹੈ, ਸੁਣ ਪਾ ਰਹੇ ਨੇ? ਨਹੀਂ। ਉਹੀ ਅਡਾਉਣੀ ਹੈ। ਇਸ ਵਾਸਤੇ ਕੀ ਹੈ ਕਿ ਚੁੱਪ ਹੀ ਭਲੀ ਹੈ। ਕਬੀਰ ਕਹਿ ਦਿੰਦੇ ਨੇ ਕਿ ਕਿਹਾ ਨਹੀਂ ਜਾ ਸਕਣਾ। ਗੁਰੂ ਨਾਨਕ ਕਹਿੰਦੇ ਨੇ, ਜੋ ਤੈਨੂੰ ਭਾਉਂਦਾ ਹੈ, ਉਹੀ ਭਲੀ ਕਾਰ ਹੈ। ਬੋਲਣ ਨਾਲੋਂ ਚੁੱਪ ਚੰਗੇਰੀ। ਕੁਦਰਤਿ ਕਵਣ ਕਹਾ ਵੀਚਾਰੁ£ ਵਾਰਿਆ ਨ ਜਾਵਾ ਏਕ ਵਾਰ£ ਜੋ ਤੁਧੁ ਭਾਵੈ ਸਾਈ ਭਲੀ ਕਾਰ£ ਤੂ ਸਦਾ ਸਲਾਮਤਿ ਨਿਰੰਕਾਰ£
ਤੇਰਾ ਵੀਚਾਰ ਕੌਣ ਕਰ ਸਕਦਾ ਹੈ? ਤੇਰੇ ਤੋਂ ਤਾਂ ਵਾਰੀ ਵੀ ਨਹੀਂ ਜਾਇਆ ਜਾ ਸਕਦਾ। ਇਸ ਵਾਸਤੇ ਜੋ ਤੈਨੂੰ ਭਾਉਂਦਾ ਹੈ, ਜੋ ਤੇਰੀ ਰਜ਼ਾ ਹੈ, ਉਹੀ ਭਲੀ ਹੈ। ਔਰ ਤੂੰ ਹੀ ਸਦਾ ਸਲਾਮਤ ਏਂ।
ਇਸ ਪਉੜੀ ’ਚ ਗੁਰੂ ਨਾਨਕ ਦੇਵ ਜੀ ਨੇ ਕੁੱਝ ਇਸ਼ਾਰੇ ਜੋ ਕੀਤੇ ਨੇ, ਉਨ੍ਹਾਂ ਵੱਲ ਗਹੁ ਨਾਲ ਧਿਆਨ ਦਿੰਦੇ ਹਾਂ ਤਾਂ ਮੂਲ ਮੰਤਰ ’ਚ ਜੋ ਗੁਰ ਪ੍ਰਸਾਦਿ ਵਾਲਾ ਸੰਕਲਪ ਹੈ, ਉਹਦੇ ਦੀਦਾਰੁ ਹੋ ਜਾਂਦੇ ਨੇ। ਉਹ ਕਹਿ ਰਹੇ ਨੇ, ਬੱਲ ਦੇ ਰਹੇ ਨੇ ਕਿ ਜਪਣ ਨਾਲ, ਤਪ ਕਰਨ ਨਾਲ, ਮੌਨ ਰਹਿਣ ਨਾਲ, ਲਿਵ ਲਾਉਣ ਨਾਲ, ਦਾਨ ਦੇਣ ਨਾਲ, ਚੁੱਪ ਰਹਿਣ ਨਾਲ, ਕੁੱਝ ਨਹੀਂ ਸੌਰਨਾ। ਇਨ੍ਹਾਂ ਤੋਂ ਹੀ ਤਾਂ ਛੁਟਕਾਰਾ ਪਾਉਣ ਦੀ ਲੋੜ ਹੈ। ਇੱਥੇ ਕੋਈ ਗਿਆਨ ਕੰਮ ਨਹੀਂ ਆਉਣਾ, ਕੋਈ ਭਗਤੀ ਕੰਮ ਨਹੀਂ ਆਉਣੀ, ਇਸ ਵਾਸਤੇ ਉਹਦੇ ਸਾਹਵੇਂ ਖ਼ਾਮੋਸ਼ੀ ਹੀ ਭਲੀ ਹੈ, ਸਮਰਪਣ ਹੀ ਭਲਾ ਹੈ। ਇਹਨੂੰ ਜਿੰਨਾ ਸਮਝਣ ਦੀ ਕੋਸ਼ਿਸ਼ ਹੋਵੇਗੀ, ਭਰਮ ਓਨਾ ਵਧਦਾ ਜਾਵੇਗਾ ਤੇ ਮਾਰਗ ਤੋਂ ਪਰਾਂ ਦਾ ਜੋ ਭਟਕਾਅ ਹੈ, ਉਹ ਫਿਰ ਲਾਜ਼ਮੀ ਹੋ ਜਾਵੇਗਾ। ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਇਸ ਭਟਕਾਅ ਤੋਂ ਬਚਾਉਣਾ ਚਾਹੁੰਦੇ ਨੇ, ਭਰਮ ’ਚੋਂ ਕੱਢਣਾ ਚਾਹੁੰਦੇ ਨੇ। ਬੱਸ ਇਸ ਭਟਕਾਅ ’ਚੋਂ ਨਿਕਲ ਗਏ, ਮੰਜ਼ਿਲ ਸਰ ਕਰ ਲਈ। ਇਸੇ ਮੰਜ਼ਿਲ ਦੀਆਂ ਪੌੜੀਆਂ ਨੇ। ਇਹ ਸਤਾਰਵੀਂ ਪਉੜੀ ਹੈ।
-ਦੇਸ ਰਾਜ ਕਾਲੀ
੭੯੮੬੭-੦੨੪੯੩
79867-02493